......ਜੁਆਨੀ ਵਿੱਚ ਪੈਰ ਰੱਖਦੀਆਂ ਇੱਕੋ ਜਿੱਡੀਆਂ ਤਿੰਨ ਧੀਆਂ..!..... |
|
|
ਜੁਆਨੀ ਵਿੱਚ ਪੈਰ ਰੱਖਦੀਆਂ ਇੱਕੋ ਜਿੱਡੀਆਂ ਤਿੰਨ ਧੀਆਂ..!
ਉਹ
ਨਿੱਤ ਸੁਵੇਰੇ ਆਪ ਕੱਲੀ-ਕੱਲੀ ਨੂੰ ਸਕੂਟਰ ਦੇ ਪਿੱਛੇ ਬਿਠਾ ਉਸ ਢਾਬੇ ਕੋਲੋਂ ਅਗਾਂਹ
ਲੰਗਾਹ ਕਾਲਜ ਤੱਕ ਛੱਡ ਕੇ ਆਇਆ ਕਰਦਾ ਤੇ ਫੇਰ ਮੁੜ ਆਪ ਹੀ ਸਾਰੀਆਂ ਨੂੰ ਘਰ ਵਾਪਿਸ ਵੀ
ਲਿਆਉਂਦਾ!
ਢਾਬੇ ਤੇ ਹਰ ਵੇਲੇ ਬੈਠੀ ਰਹਿੰਦੀ ਮੁੰਡਿਆਂ ਦੀ ਢਾਣੀ ਅਤੇ ਮੁੱਛਾਂ
ਨੂੰ ਵੱਟ ਚਾੜਦੇ ਹੋਏ ਢਾਬੇ ਦੇ ਮਾਲਕ ਦੀਆਂ ਉਸਦੇ ਮਗਰ ਬੈਠੀਆਂ ਨੂੰ ਘੂਰਦੀਆਂ ਹੋਈਆਂ
ਜ਼ਹਿਰੀ ਅੱਖੀਆਂ..!
ਕਈ ਵਾਰ ਉੱਪਰ ਵਾਲੇ ਨਾਲ ਗਿਲਾ ਕਰਦਾ..ਅਖ਼ੇ ਕਿੰਨਾ ਜਰੂਰੀ
ਸੀ ਇਸ ਵੇਲੇ ਨਾਲਦੀ ਦਾ ਇਹਨਾਂ ਦੇ ਕੋਲ ਹੋਣਾ..ਮਾਵਾਂ ਤੇ ਧੀਆਂ ਦੇ ਲੱਖ ਓਹਲੇ..ਲੱਖ
ਸਲਾਹਾਂ ਅਤੇ ਅਨੇਕਾਂ ਨਸੀਹਤਾਂ..ਪਤਾ ਨੀ ਕਿਓਂ ਤੁਰ ਗਈ ਸੀ ਉਹ?
ਕਈ ਵਾਰ ਤਾਂ
ਉਸਦਾ ਜੀ ਕਰਦਾ ਕੇ ਉਹ ਆਵਦੀਆਂ ਧੀਆਂ ਦੇ ਵਜੂਦ ਨੂੰ ਚੀਰਦੀਆਂ ਹੋਈਆਂ ਅਨੇਕਾਂ ਗੰਦੀਆਂ
ਨਜਰਾਂ ਨੂੰ ਤੱਤੀਆਂ ਸਲਾਈਆਂ ਨਾਲ ਦਾਗ ਦੇਵੇ ਪਰ ਫੇਰ ਇਹ ਸੋਚ ਸਬਰ ਦਾ ਘੁੱਟ ਭਰ ਲੈਂਦਾ
ਕੇ ਜੇ ਉਸਨੂੰ ਖੁਦ ਨੂੰ ਕੁਝ ਹੋ ਗਿਆ ਤਾਂ ਇਹਨਾਂ ਵਿਚਾਰੀਆਂ ਦੀ ਸਾਰ ਲੈਣ ਵਾਲਾ ਕੌਣ
ਹੋਵੇਗਾ! ਫੇਰ ਕੁਝ ਦਿਨ ਮਗਰੋਂ ਉਸਨੂੰ ਅਚਾਨਕ ਇੱਕ ਫਰਕ ਜਿਹਾ ਲਗਿਆ..ਹੁਣ ਉਸ
ਢਾਬੇ ਤੇ ਮਹਿਫ਼ਿਲਾਂ ਲੱਗਣੀਆਂ ਬੰਦ ਹੋ ਗਈਆਂ ਸਨ..ਨਾ ਕੋਈ ਅਸ਼ਲੀਲ ਟਿੱਪਣੀ ਹੀ ਹੁੰਦੀ ਤੇ
ਨਾ ਹੀ ਕੋਈ ਛੇੜਖਾਨੀ ਹੀ ਕਰਦਾ..ਮੁੱਛਾਂ ਨੂੰ ਵੱਟ ਚਾੜਨ ਵਾਲਾ ਢਾਬੇ ਦਾ ਉਹ ਮਾਲਕ ਵੀ
ਹਮੇਸ਼ਾਂ ਧੌਣ ਨੀਵੀਂ ਕਰਕੇ ਆਪਣੇ ਕੰਮ ਵਿਚ ਲਗਿਆ ਰਹਿੰਦਾ! ਇਕ ਦਿਨ ਕੋਲੋਂ
ਲੰਘਦੇ ਹੋਏ ਨੇ ਬਹਾਨੇ ਜਿਹੇ ਨਾਲ ਉਸਦੇ ਕੋਲ ਜਾ ਗੱਲ ਛੇੜ ਹੀ ਲਈ ਕੇ ਪੁੱਤ ਪਹਿਲਾਂ ਇਥੇ
ਬੜਾ ਵੱਖਰਾ ਮਾਹੌਲ ਹੁੰਦਾ ਸੀ..ਮਹਿਫ਼ਿਲਾਂ ਢਾਣੀਆਂ ਕਸੀਦੇ ਅਤੇ ਹੋਰ ਵੀ ਕਿੰਨਾ
ਕੁਝ..ਇਹ ਸਭ ਕੁਝ ਅਚਾਨਕ ਬੰਦ ਕਿੱਦਾਂ ਹੋ ਗਿਆ ਤੇ ਨਾਲੇ ਤੇਰੀ ਤੱਕਣੀ ਵਿਚ ਵੀ ਏਡਾ
ਵੱਡਾ ਫਰਕ ਕਿਦਾਂ ਆ ਗਿਆ? ਉਹ ਅੱਗੋਂ ਧੌਣ ਨੀਵੀਂ ਜਿਹੀ ਕਰ ਆਪਣਾ ਕੰਮ ਕਰਦਾ ਰਿਹਾ
ਪਰ ਕੋਲ ਹੀ ਪਤੀਲਾ ਮਾਂਜਦਾ ਨਿੱਕਾ ਜਿਹਾ ਮੁੰਡਾ ਬੋਲ ਉਠਿਆ..ਜੀ ਕੁਝ ਦਿਨ ਪਹਿਲਾਂ ਹੀ
ਉਸਤਾਦ ਜੀ ਦੇ ਘਰ ਵੀ ਇੱਕ ਧੀ ਨੇ ਜਨਮ ਲਿਆ ਏ! ਫੇਰ ਅਚਾਨਕ ਚਾਰੇ ਪਾਸੇ ਪੱਸਰ
ਗਈ ਡੂੰਘੀ ਚੁੱਪ ਵਿਚੋਂ ਕਿੰਨੇ ਸਾਰੇ ਸਵਾਲ ਉਭਰ ਆਏ..ਪਤਾ ਨਹੀਂ ਉਹ ਢਾਬੇ ਵਾਲਾ ਅਤੀਤ
ਵਿੱਚ ਆਪਣੇ ਕੋਲੋਂ ਹੋ ਗਈਆਂ ਗਲਤੀਆਂ ਤੇ ਪਛਤਾ ਰਿਹਾ ਸੀ ਕੇ ਆਉਣ ਵਾਲਾ ਧੁੰਦਲਾ ਭਵਿੱਖ
ਉਸਦੇ ਘਰ ਨਵੀਂ ਜਨਮੀਂ ਨੂੰ ਡਰ ਬਣ ਕੇ ਸਤਾ ਰਿਹਾ ਸੀ! ਸੋ ਦੋਸਤੋ ਦੂਜੇ ਦੇ ਘਰ
ਲੱਗੀ ਅਕਸਰ ਹੀ ਜਦੋਂ ਬਸੰਤਰ ਬਣ ਸੋਹਣੀ ਜਿਹੀ ਲੱਗਣ ਲੱਗਦੀ ਏ ਤਾਂ ਬੰਦਾ ਅਕਸਰ ਹੀ ਏਨੀ
ਗੱਲ ਭੁੱਲ ਜਾਂਦਾ ਕੇ ਏਹੀ ਜਦੋਂ ਆਪਣੇ ਘਰ ਤੱਕ ਅੱਪੜੀ ਤਾਂ ਵਜੂਦ ਦੇ ਨਾਲ ਨਾਲ ਰੂਹ ਤੇ
ਵੀ ਛਾਲੇ ਤਾਂ ਜਰੂਰ ਪੈਣਗੇ..!
ਹਰਪ੍ਰੀਤ ਸਿੰਘ ਜਵੰਦਾ
|