.....ਗੀਤ - ਬਾਬੁਲ ਮੇਰਾ ਕਾਜ ਰਚਾਇਆ....... |
|
|
ਗੀਤ - ਬਾਬੁਲ ਮੇਰਾ ਕਾਜ ਰਚਾਇਆ ///////// ਕੁਲਜੀਤ ਕੌਰ ਗ਼ਜ਼ਲ
ਬਾਬੁਲ ਮੇਰਾ ਕਾਜ ਰਚਾਇਆ , ਮਾਂ ਮੇਰੀ ਨੇ ਸ਼ੁਕਰ ਮਨਾਇਆ
ਪੁੱਤਰਾਂ ਵਾਂਗਰ ਲਾਡ ਲਡਾਏ , ਪੈਣ ਨਾ ਦਿੱਤੇ ਗਮ ਦੇ ਸਾਏ
ਮਿਹਨਤ ਆਪਣੀ ਗਹਿਣੇ ਪਾ ਕੇ , ਮਾਪਿਆਂ ਮੈਨੂੰ ਖੂਬ ਪੜਾਇਆ
ਬਾਬੁਲ ਮੇਰਾ ਕਾਜ ਰਚਾਇਆ , ਮਾਂ ਮੇਰੀ ਨੇ ਸ਼ੁਕਰ ਮਨਾਇਆ
ਮੇਰੇ ਸਿਰ ਤੇ ਚੜੀ ਜਵਾਨੀ , ਖਾਬ 'ਚ ਆਵੇ ਦਿਲ ਦਾ ਜਾਨੀ
ਪੜਿਆ ਇੱਕ ਅਖ਼ਬਾਰ ਦੇ ਵਿੱਚੋਂ , ਸਾਕ ਕਨੇਡਾ ਵਾਲਾ ਭਾਇਆ
ਬਾਬੁਲ ਮੇਰਾ ਕਾਜ ਰਚਾਇਆ , ਮਾਂ ਮੇਰੀ ਨੇ ਸ਼ੁਕਰ ਮਨਾਇਆ
ਝੱਟ ਮੰਗਣੀ ਪਟ ਵਿਆਹ ਦੀ ਤਿਆਰੀ , ਫੋਨ ਤੇ ਸੱਦ ਲਈ ਰਿਸ਼ਤੇਦਾਰੀ
ਪੈਲਸ , ਖਾਣਾ , ਗਹਿਣਾ ,ਗੱਟਾ , ਸਭ ਖਰਚੇ ਨੇ ਨੰਗ ਕਰਾਇਆ
ਬਾਬੁਲ ਮੇਰਾ ਕਾਜ ਰਚਾਇਆ , ਮਾਂ ਮੇਰੀ ਨੇ ਸ਼ੁਕਰ ਮਨਾਇਆ
ਮਜ਼ਾ ਨਾ ਕੋਈ ਨਾ ਸੁਰ ਸੁਆਦ , ਢੁੱਕੀ ਜੰਝ ਦੁਪ਼ਿਹਰੋੰ ਬਾਅਦ
ਨਾਚ ਗਾਣਿਆਂ ਸ਼ੋਰ ਮਚਾਇਆ , ਤੀਜੇ ਪਹਿਰ ਅਨੰਦੁ ਪੜਾਇਆ
ਬਾਬੁਲ ਮੇਰਾ ਕਾਜ ਰਚਾਇਆ , ਮਾਂ ਮੇਰੀ ਨੇ ਸ਼ੁਕਰ ਮਨਾਇਆ
ਡੋਲੀ ਵੇਲੇ ਨਾ ਕੋਈ ਰੋਂਦਾ ਦਿਸਿਆ , ਕਰਜ਼ੇ ਵਿੰਨ੍ਹਿਆ ਬਾਬਲ ਫਿੱਸਿਆ
ਸਭ ਤੇ ਭਾਰੂ ਹੋਈ ਕਨੇਡਾ , ਵੀਰ ਨੇ ਹੱਸ ਕੇ ਡੋਲੀ ਪਾਇਆ
ਬਾਬੁਲ ਮੇਰਾ ਕਾਜ ਰਚਾਇਆ , ਮਾਂ ਮੇਰੀ ਨੇ ਸ਼ੁਕਰ ਮਨਾਇਆ
ਬਾਬਲ ਸਿਰ ਤੋਂ ਲਾਹਿਆ ਭਾਰ , ਪੈਲੀ ਵੇਚ ਕੇ ਦਿੱਤੀ ਕਾਰ
ਖੂਬ ਕਨੇਡਾ ਵਾਲੇ ਘੁੰਮੇ , ਆਖਿਰ ਆਪਣਾ ਰੰਗ ਵਿਖਾਇਆ
ਬਾਬੁਲ ਮੇਰਾ ਕਾਜ ਰਚਾਇਆ , ਮਾਂ ਮੇਰੀ ਨੇ ਸ਼ੁਕਰ ਮਨਾਇਆ
ਸੀ ਦੁਹਾਜੂ ਸਿਰ ਦਾ ਸਾਈਂ , ਵੱਡੀ ਉਮਰ ਤੇ ਘੱਟ ਪੜਾਈ
ਓਹਦੇ ਲਾਲਚ ਕਮਲੀ ਕੀਤਾ , ਬਾਬਲ ਮੇਰਾ ਸਮਝ ਨਾ ਪਾਇਆ
ਬਾਬੁਲ ਮੇਰਾ ਕਾਜ ਰਚਾਇਆ , ਮਾਂ ਮੇਰੀ ਨੇ ਸ਼ੁਕਰ ਮਨਾਇਆ
ਲੁੱਟ ਪੁੱਟ ਮੈਨੂੰ ਉੱਡ ਗਿਆ ਭੌਰਾ , ਜਿੰਦ ਮੇਰੀ ਨੂੰ ਲਗਿਆ ਝੋਰਾ
ਨਾਲ ਲਿਜਾਣ ਦਾ ਵਾਅਦਾ ਕਰਕੇ , ਐਸਾ ਉੱਡਿਆ ਫਿਰ ਨਾ ਆਇਆ
ਬਾਬੁਲ ਮੇਰਾ ਕਾਜ ਰਚਾਇਆ , ਮਾਂ ਮੇਰੀ ਨੇ ਸ਼ੁਕਰ ਮਨਾਇਆ
ਮੈਂ ਰੋ ਰੋ ਕੇ ਹੋ ਗਈ ਪਾਣੀ , ਓਹ ਨਹੀ ਸੀ ਮੇਰੀ ਰੂਹ ਦਾ ਹਾਣੀ
ਵਿੱਚ ਉਡੀਕਾਂ ਉਮਰ ਲੰਘਾਈ , ਰੂਹ ਦਾ ਹਾਣ ਵੀ ਗਿਆ ਵਿਆਹਿਆ
ਬਾਬੁਲ ਮੇਰਾ ਕਾਜ ਰਚਾਇਆ , ਮਾਂ ਮੇਰੀ ਨੇ ਸ਼ੁਕਰ ਮਨਾਇਆ
ਕੁਲਜੀਤ ਕੌਰ ਗ਼ਜ਼ਲ (ਆਸਟ੍ਰੇਲੀਆ )
|