ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ |
|
|
ਨਵੀਂ ਦਿੱਲੀ--08ਜਨਵਰੀ21-(ਮੀਡੀਆਦੇਸਪੰਜਾਬ)--ਕੌਮੀ ਰਾਜਧਾਨੀ ਦੀ ਤਿਹਾੜ ਜੇਲ ਤੋਂ ਵੱਡੀ ਖਬਰ
ਸਾਹਮਣੇ ਆਈ ਹੈ। ਇਥੇ ਜੇਲ ’ਚ ਬੰਦ ਇਕ ਕੈਦੀ ਨੂੰ ਮੋਬਾਇਲ ਫੋਨ ਨਿਗਲਣ ਤੋਂ ਬਾਅਦ
ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜੇਲ ਨੰਬਰ ਇਕ ਤਿਹਾੜ ਦੇ ਇਕ ਕੈਦੀ
ਨੇ ਉਸ ਵੇਲੇ ਮੋਬਾਇਲ ਨਿਗਲ ਲਿਆ ਜਦੋਂ ਜੇਲ ਦੇ ਸਟਾਫ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ
ਤਲਾਸ਼ੀ ਦੇਣ ਲਈ ਕਿਹਾ। ਕੈਦੀ ਨੂੰ ਤੁਰੰਤ ਸ਼ਹਿਰ ਦੇ ਦੀਨਦਿਆਲ ਹਸਪਤਾਲ ਲਿਜਾਇਆ ਗਿਆ।
ਹਾਲਾਂਕਿ ਹੁਣ ਤਕ ਉਸ ਦੀ ਹਾਲਤ ਠੀਕ ਹੈ ਪਰ ਮੋਬਾਇਲ ਅਜੇ ਵੀ ਉਸ ਦੇ ਸਰੀਰ ਦੇ ਅੰਦਰ ਹੀ
ਹੈ। ਤਿਹਾੜ ਦੇ ਸੀਨੀਅਰ ਅਧਿਕਾਰੀ ਮੁਤਾਬਕ, ਇਹ ਪਤਾ ਨਹੀਂ ਲੱਗ ਸਕਿਆ ਕਿ ਕੈਦੀ ਕੋਲ
ਮੋਬਾਇਲ ਕਿੱਥੋਂ ਆਇਆ। ਡੀ.ਜੀ. ਸੰਦੀਪ ਗੋਇਲ ਨੇ ਦੱਸਿਆ ਕਿ ਘਟਨਾ 5 ਜਨਵਰੀ ਦੀ ਹੈ।
ਵਾਰਡਰ ਨੂੰ ਹੋਇਆ ਸ਼ੱਕ
ਜੇਲ ਦੇ ਕਰਮਚਾਰੀ ਜਾਂਚ ਕਰ ਰਹੇ ਸਨ ਕਿ ਕੋਈ ਕੈਦੀ ਫੋਨ ਦਾ ਇਸਤੇਮਾਲ ਤਾਂ ਨਹੀਂ ਕਰ
ਰਿਹਾ। ਇਸ ਦੌਰਨ ਵਾਰਡਰ ਨੇ ਵੇਖਿਆ ਕਿ ਇਕ ਕੈਦੀ ਕੁਝ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਵਾਰਡਰ ਨੂੰ ਸ਼ੱਕ ਹੋਇਆ ਕਿ ਉਸ ਕੋਲ ਫੋਨ ਨਾ ਹੋਵੇ। ਜਦੋਂ ਤਕ ਉਹ ਕੈਦੀ ਕੋਲ ਪਹੁੰਚਦਾ,
ਕੈਦੀ ਨੇ ਮੋਬਾਇਲ ਨਿਗਲ ਲਿਆ। ਇਹ ਵੇਖ ਕੇ ਜੇਲ ਕਰਮਚਾਰੀ ਅਤੇ ਹੋਰ ਕੈਦੀ ਹੈਰਾਨ ਹੋ
ਗਏ।
ਛੋਟੇ ਸਾਈਜ਼ ਦਾ ਸੀ ਫੋਨ
ਦੱਸਿਆ ਜਾ ਰਿਹਾ ਹੈ ਕਿ ਫੋਨ ਛੋਟੇ ਸਾਈਜ਼ ਦਾ ਸੀ। ਫੋਨ ਨਿਗਲਣ ਤੋਂ ਬਾਅਦ ਕੈਦੀ ਨੂੰ
ਪਰੇਸ਼ਾਨੀ ਸ਼ੁਰੂ ਹੋ ਗਈ। ਪਹਿਲਾਂ ਉਸ ਨੂੰ ਜੇਲ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਦੋਂ
ਹਾਲਤ ਵਿਗੜਨ ਲੱਗੀ ਤਾਂ ਕੈਦੀ ਨੂੰ ਤੁਰੰਤ ਦੀਨਦਿਆਲ ਉਪਾਧਿਆਏ ਹਸਪਤਾਲ ਭੇਜਿਆ ਗਿਆ।
ਡੀ.ਡੀ.ਯੂ. ’ਚ ਪਹਿਲਾਂ ਉਸਦਾ ਐਕਸਰੇ ਹੋਇਾ। ਹੁਣ ਡਾਕਟਰਾਂ ਦੀ ਟੀਮ ਪੇਟ ’ਚੋਂ ਫੋਨ ਨੂੰ
ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।
|