ਕਾਂਗਰਸ ਦੇ ਮੈਨੀਫੈਸਟੋ ’ਚ ਸਿਰਫ ਚੋਣਵੇਂ ਐਲਾਨ ਹੋਣਗੇ, ਜਿਨ੍ਹਾਂ ਨੂੰ ਕੀਤਾ ਜਾਵੇਗਾ ਪੂਰਾ : ਸਿੱਧੂ |
|
|
ਚੰਡੀਗੜ੍ਹ --10ਜਨਵਰੀ21-(ਮੀਡੀਆਦੇਸਪੰਜਾਬ)--ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ
ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ
ਉਮੀਦਵਾਰਾਂ ਦਾ ਐਲਾਨ ਛੇਤੀ ਕੀਤਾ ਜਾਵੇਗਾ। ਅਸੀਂ ਸੋਚ-ਸਮਝ ਕੇ ਫ਼ੈਸਲਾ ਲਵਾਂਗੇ। ਉਂਝ
ਵੀ ਕਾਂਗਰਸ ਹਮੇਸ਼ਾ ਆਖਿਰ ’ਚ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਦੀ ਹੈ। ਐਤਵਾਰ ਨੂੰ
ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਦਿਆਂ ਸਿੱਧੂ ਨੇ ਇਹ ਵੀ ਕਿਹਾ ਕਿ ਇਸ ਵਾਰ ਪੰਜਾਬ
ਕਾਂਗਰਸ ਦਾ ਚੋਣ ਮੈਨੀਫੈਸਟੋ ਕੁਝ ਚੋਣਵੇਂ ਐਲਾਨਾਂ ਤਕ ਸੀਮਤ ਰਹੇਗਾ। ਇਸ ਮੈਨੀਫੈਸਟੋ ’ਚ
ਪੰਜਾਬ ਮਾਡਲ ਦੀ ਵੀ ਝਲਕ ਦੇਖਣ ਨੂੰ ਮਿਲੇਗੀ।
ਇਸ ਵਾਰ ਮੈਨੀਫੈਸਟੋ ’ਚ 250 ਵਾਅਦੇ ਨਹੀਂ ਕੀਤੇ ਜਾਣਗੇ, ਸਗੋਂ ਕੁਝ ਚੋਣਵੇਂ ਐਲਾਨ
ਹੋਣਗੇ, ਜਿਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ
ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਪੰਜਾਬ ’ਚ ਕਾਂਗਰਸ ਨੇ ਲੋਕਾਂ ਦਾ ਵਿਸ਼ਵਾਸ
ਦੁਬਾਰਾ ਪ੍ਰਾਪਤ ਕੀਤਾ ਹੈ। ਪੰਜਾਬ ਕਾਂਗਰਸ ਜ਼ਿਲ੍ਹਾ, ਬੂਥ ਪੱਧਰ ’ਤੇ ਵਰਕਰਾਂ ਅਤੇ
ਨੇਤਾਵਾਂ ਨਾਲ ਤਾਲਮੇਲ ਕਰ ਕੇ ਇਕ ਆਨਲਾਈਨ ਪ੍ਰਚਾਰ ਮੁਹਿੰਮ ਲਈ ਤਿਆਰ ਹੈ। ਅੱਜ ਤੋਂ ਇਸ
ਦਾ ਆਗਾਜ਼ ਵੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸਿੱਧੂ ਨੇ ਪ੍ਰਸ਼ਾਸਨਿਕੀ ਸੁਧਾਰ ਦੇ ਏਜੰਡੇ
ਦਾ ਐਲਾਨ ਕਰਦੇ ਹੋਏ ਸਰਕਾਰੀ ਸੇਵਾਵਾਂ ਨੂੰ ਡਿਜੀਟਲ ਕਰ ਕੇ ਇਕ ਡਿਜੀਟਲ ਪੰਜਾਬ ਬਣਾਉਣ
ਸਬੰਧੀ ਆਪਣਾ ਨਜ਼ਰੀਆ ਪੇਸ਼ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੋਸ਼ਲ ਮੀਡੀਆ ਵਾਰ ਰੂਮ ਵਿਚ ਪਹਿਲਾਂ ਹੀ 10 ਹਜ਼ਾਰ ਤੋਂ
ਜ਼ਿਆਦਾ ਵ੍ਹਟਸਐਪ ਗਰੁੱਪ ਹਨ ਅਤੇ ਅਸੀਂ ਫੇਸਬੁੱਕ ਸਮੇਤ ਹੋਰ ਡਿਜੀਟਲ ਪਲੇਟਫਾਰਮਾਂ
ਜ਼ਰੀਏ ਬੂਥ ਪੱਧਰ ਤੱਕ ਆਪਣੀ ਗੱਲ ਲੋਕਾਂ ਤੱਕ ਪਹੁੰਚਾਵਾਂਗੇ। ਸਿੱਧੂ ਨੇ ਇਹ ਵੀ ਕਿਹਾ
ਕਿ ਛੇਤੀ ਹੀ ਇਕ ਵ੍ਹਟਸਐਪ ਸੇਵਾ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਪੰਜਾਬ ਮਾਡਲ ਬਾਰੇ
ਜਾਣਕਾਰੀ ਪ੍ਰਦਾਨ ਕਰਨ ਅਤੇ ਸੁਝਾਅ ਮੰਗਣ ਦਾ ਪਲਾਨ ਜਾਰੀ ਕੀਤਾ ਜਾਵੇਗਾ। ਪੰਜਾਬ ਮਾਡਲ
ਛੇਤੀ ਹੀ ਪ੍ਰਸ਼ਾਸਨਿਕ ਸੁਧਾਰ ਸਾਹਮਣੇ ਲਿਆਵੇਗਾ। ਇਕ ਡਿਜੀਟਲ ਪੰਜਾਬ ਬਣਾਉਣ ਦਾ ਟੀਚਾ
ਰੱਖਿਆ ਜਾਵੇਗਾ, ਜਿੱਥੇ 150 ਤੋਂ ਜ਼ਿਆਦਾ ਸਰਕਾਰੀ ਸੇਵਾਵਾਂ ਡਿਜੀਟਲ ਮਾਧਿਅਮ ਨਾਲ
ਉਪਲੱਬਧ ਕਰਵਾਈਆਂ ਜਾਣਗੀਆਂ।
|