ਮੈਂ ਅਜ਼ਲਾਂ ਤੋਂ ਦਿਲ ਦੇ ਬੂਹੇ, ਫੁੱਲ ਸਰੀਂਹ ਦੇ ਟੰਗੇ ਨੇ । |
|
|
 ਮੇਰੇ ਦਿਲ ਦੇ ਚਾਅ ਜਦੋਂ ਵੀ, ਦੁਨੀਆਂ ਕੋਲੋਂ ਸੰਗੇ ਨੇ ।
ਮੈਂ ਸਤਰੰਗੀ ਪੀਂਘ ਦੇ ਕੋਲੋਂ, ਰੰਗ ਉਧਾਰੇ ਮੰਗੇ ਨੇ ।
ਮੈਂ ਚਾਹਤ ਦੀ ਸਰਦਲ ਉੱਤੇ, ਤੇਰਾ ਨਾਮ ਉਲੀਕ ਲਿਆ,
ਮੇਰੀਆਂ ਗ਼ਜ਼ਲਾਂ ਵਾਲੇ ਸ਼ੇਅਰ, ਤਦੇ ਸੰਧੂਰੀ ਰੰਗੇ ਨੇ ।
ਤੂੰ ਖ਼ਾਬਾਂ ਨੂੰ ਸ਼ਬਦਾਂ ਦੇ ਵਿਚ, ਕੈਦ ਨਾ ਐਵੇਂ ਕਰਿਆ ਕਰ,
ਮੈਨੂੰ ਲੱਗਦੈ, ਏਦਾਂ ਕਰਕੇ, ਸੁਫ਼ਨੇ ਹੁੰਦੇ ਨੰਗੇ ਨੇ ।
ਬੀਤੇ ਸਮਿਆਂ ਦੇ ਵਿਚ ਜਿਹੜੇ, ਵਕਤ ਹੰਢਾਉਣੇ ਔਖੇ ਸੀ,
ਖਵਰੇ ਮੈਨੂੰ ਕੀ ਹੋਇਆ ਏ, ਹੁਣ ਉਹ ਲੱਗਦੇ ਚੰਗੇ ਨੇ ।
ਆਖਣ ਨੂੰ ਤਾਂ ਮੇਰੇ ਦੇਸ਼ ਦੀ, ਧਰਤੀ ਰਿਸ਼ੀਆਂ ਮੁਨੀਆਂ ਦੀ
ਪਰ ਉਹਨਾਂ ਦੇ ਨਾਂ ਤੇ ਲੜਦੇ, ਲੋਕ ਬੜੇ ਬੇਢੰਗੇ ਨੇ।
ਚੁੱਪ ਦੀ ਬੋਲੀ ਸਮਝਣ ਵਾਲਾ, ਏਥੇ ਕੋਈ ਦਿਸਦਾ ਨਹੀਂ,
ਦਰਦਾਂ ਮਾਰੇ ਬਿਰਖ ਕੀ ਦੱਸਣ, ਜ਼ਹਿਰੀ ਪੌਣ ਦੇ ਡੰਗੇ ਨੇ ।
ਸਾਡੀ ਸੋਚਣ ਸ਼ਕਤੀ ਅੱਜਕਲ੍ਹ, ਏਸੇ ਕਰਕੇ ਡੋਲ ਰਹੀ ,
ਅਹਿਸਾਸਾਂ ਦੀ ਧਰਤੀ ਉੱਤੇ, ਅਕਸਰ ਹੁੰਦੇ ਦੰਗੇ ਨੇ।
ਕਰਦੇ ਕਰਦੇ 'ਜੀਤ' ਉਡੀਕਾਂ, ਉਮਰੋਂ ਲੰਮੀਆਂ ਹੋ ਗਈਆਂ,
ਮੈਂ ਅਜ਼ਲਾਂ ਤੋਂ ਦਿਲ ਦੇ ਬੂਹੇ, ਫੁੱਲ ਸਰੀਂਹ ਦੇ ਟੰਗੇ ਨੇ ।
|