ਬਿਜਲੀ ਗੁੱਲ ਤਾਂ ਬਦਲ ਗਈਆਂ ਲਾੜੀਆਂ, ਵਿਦਾਈ ਮਗਰੋਂ ਪੰਡਤ ਨੇ ਮੁੜ ਕਰਵਾਏ ਸੱਤ ਫੇਰੇ |
|
|
ਉੱਜੈਨ -10ਮਈ-(MDP)-- ਮੱਧ ਪ੍ਰਦੇਸ਼ ’ਚ ਬਿਜਲੀ ਸੰਕਟ ਲਗਾਤਾਰ ਡੂੰਘਾ ਹੁੰਦਾ
ਜਾ ਰਿਹਾ ਹੈ। ਜੇਕਰ ਬਿਜਲੀ ਗੁੱਲ ਹੋ ਜਾਵੇ ਤਾਂ ਪਰੇਸ਼ਾਨੀਆਂ ਚਾਹੇ ਉਹ ਲਾੜਾ ਪੱਖ ਹੋਵੇ
ਜਾਂ ਲਾੜੀ ਪੱਖ ਦੋਹਾਂ ਨੂੰ ਹੀ ਝੱਲਣੀਆਂ ਪੈਂਦੀਆਂ ਹਨ। ਮੱਧ ਪ੍ਰਦੇਸ਼ ਦੇ ਉੱਜੈਨ
ਜ਼ਿਲ੍ਹੇ ’ਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ।
ਦਰਅਸਲ ਇੱਥੇ ਵਿਆਹ ਹੋ ਰਿਹਾ ਸੀ ਤਾਂ ਬਿਜਲੀ ਨੇ ਖਲਲ ਪਾ ਦਿੱਤਾ। ਬਿਜਲੀ ਚੱਲੇ ਜਾਣ
ਕਾਰਨ ਲਾੜੀਆਂ ਬਦਲ ਗਈਆਂ। ਇਸ ਗੱਲ ਦੀ ਜਾਣਕਾਰੀ ਹੋਣ ’ਤੇ ਮੰਦਰ ’ਚ ਪੰਡਤ ਨੇ ਸਹੀ ਲਾੜੀ
ਨਾਲ ਸੱਤ ਫੇਰੇ ਲਗਵਾਏ ਅਤੇ ਇਸ ਗਲਤੀ ਨੂੰ ਸੁਧਾਰਿਆ।
ਇਹ ਹੈ ਮਾਮਲਾ-
ਦੱਸ ਦੇਈਏ ਕਿ ਉੱਜੈਨ ਦੇ ਨੇੜੇ ਪਿੰਡ ਦੰਗਵਾੜਾ ਦੇ ਦੋ ਸਕੇ ਭਰਾਵਾਂ ਦੀ ਬਰਾਤ ਅਸਲਾਨਾ
ਪਿੰਡ ਪਹੁੰਚੀ ਸੀ। ਰਾਤ ਨੂੰ ਅਚਾਨਕ ਬਿਜਲੀ ਗੁੱਲ ਹੋ ਗਈ। ਲਾੜੀ ਦੀ ਡਰੈੱਸ ਇਕੋ ਜਿਹੀ
ਹੋਣ ਦੀ ਵਜ੍ਹਾ ਕਰ ਕੇ ਦੰਗਵਾੜਾ ਦੇ ਭਰਾਵਾਂ ਦੀਆਂ ਲਾੜੀਆਂ ਬਦਲ ਗਈਆਂ। ਵਿਆਹ ਸਮਾਰੋਹ
ਤੋਂ ਬਾਅਦ ਜਦੋਂ ਬਰਾਤ ਦੰਗਵਾੜਾ ਪਹੁੰਚੀ ਤਾਂ ਉੱਥੇ ਖਲਬਲੀ ਮਚ ਗਈ। ਜਿਸ ਲਾੜੀ ਦਾ ਵਿਆਹ
ਵੱਡੇ ਭਰਾ ਨਾਲ ਹੋਣਾ ਸੀ, ਉਸ ਲਾੜੀ ਨੇ ਛੋਟੇ ਭਰਾ ਨਾਲ ਫੇਰੇ ਲੈ ਲਏ ਸਨ। ਜਦੋਂ ਛੋਟੇ
ਭਰਾ ਨੇ ਵੱਡੇ ਭਰਾ ਲਈ ਪਸੰਦ ਕੀਤੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ।
ਇਸ ਗੱਲ ਦਾ ਖ਼ੁਲਾਸਾ ਹੋਣ ਮਗਰੋਂ ਇਕ ਵਾਰ ਫਿਰ ਦੋਵੇਂ ਜੋੜੇ ਦੰਗਵਾੜਾ ਸਥਿਤ ਮੰਦਰ
ਪਹੁੰਚੇ। ਉੱਥੇ ਪੰਡਤ ਨਾਲ ਗੱਲ ਕਰ ਕੇ ਲਾੜੀ ਬਦਲ ਕੇ ਮੁੜ ਤੋਂ ਸਾਰੇ ਰੀਤੀ-ਰਿਵਾਜ ਨਾਲ
ਸੱਤ ਫੇਰੇ ਕਰਵਾਏ ਗਏ। ਇਸ ਮਾਮਲੇ ’ਚ ਪਰਿਵਾਰਾਂ ਨੇ ਕਿਹਾ ਕਿ ਹਨ੍ਹੇਰਾ ਹੋਣ ਅਤੇ
ਲਾੜੀਆਂ ਦੀ ਇਕੋ ਜਿਹੀ ਡਰੈੱਸ ਹੋਣ ਕਾਰਨ ਇਹ ਸਥਿਤੀ ਬਣ ਗਈ ਸੀ। ਓਧਰ ਪਿੰਡ ਵਾਸੀਆਂ ਨੇ
ਦੱਸਿਆ ਕਿ ਦੋ ਭਰਾਵਾਂ ਦੀ ਬਰਾਤ ਇਕ ਹੀ ਘਰ ’ਚ ਪਹੁੰਚੀ ਸੀ। ਉਨ੍ਹਾਂ ਦਾ ਵਿਆਹ ਸਕੀਆਂ
ਭੈਣਾਂ ਨਾਲ ਹੋਣਾ ਸੀ ਪਰ ਬਿਜਲੀ ਗੁੱਲ ਹੋ ਜਾਣ ਨਾਲ ਲਾੜੀਆਂ ਦੀ ਅਦਲਾ-ਬਦਲੀ ਹੋ ਗਈ।
ਬਾਅਦ ’ਚ ਇਕ ਵਾਰ ਫਿਰ ਮੰਦਰ ’ਚ ਫੇਰੇ ਲਗਵਾ ਕੇ ਗਲਤੀ ਨੂੰ ਠੀਕ ਕੀਤਾ ਗਿਆ।
|