ਮੁੰਬਈ/ਅੰਮ੍ਰਿਤਸਰ --12ਮਈ-(MDP)-- ਮਹਾਰਾਸ਼ਟਰ ਦੀਆਂ ਸਿੱਖ
ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਇਕ ਮੰਗ-ਪੱਤਰ
ਦਿੰਦਿਆਂ ਸ਼ਹਿਰ ’ਚ ਮੁੰਬਈ ਪੀਸ ਫ਼ੈਸਟੀਵਲ 2022 ਦੀ ਆੜ ਹੇਠ ਇਕ ਫ਼ਿਰਕੇ ਵੱਲੋਂ
ਲੋਕਾਂ ਦਾ ਗੁੰਮਰਾਹਕੁਨ ਤੇ ਗ਼ੈਰ-ਕਾਨੂੰਨੀ ਧਰਮ ਪਰਿਵਰਤਨ ਕਰਾਉਣ ਦੀ ਸਾਜ਼ਿਸ਼ ਨੂੰ
ਸਖ਼ਤ ਕਦਮੀ ਰੋਕਣ, ਭਵਿੱਖ ਦੌਰਾਨ ਵੀ ਪੂਰੀ ਪਾਬੰਦੀ ਲਾਉਣ ਤੇ ਕੇਸ ਦਰਜ ਕਰਨ ਦੀ
ਪੁਰਜ਼ੋਰ ਮੰਗ
ਕੀਤੀ ਹੈ। ਸੁਪਰੀਮ ਕੌਂਸਲ ਨਵੀ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ
ਜਸਪਾਲ ਸਿੰਘ ਸਿੱਧੂ ਦੀ ਅਗਵਾਈ ’ਚ ਇਕ ਵਫ਼ਦ ਵੱਲੋਂ ਰਾਜਪਾਲ ਨੂੰ ਦੱਸਿਆ ਗਿਆ ਕਿ ਉਕਤ
ਅਖੌਤੀ ਪੀਸ ਫ਼ੈਸਟੀਵਲ ਦਾ ਵੱਖ-ਵੱਖ ਭਾਈਚਾਰਿਆਂ ਅਤੇ ਸੰਸਥਾਵਾਂ ਵੱਲੋਂ ਕਰੜਾ ਵਿਰੋਧ ਹੋ
ਰਿਹਾ ਹੈ, ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿ
ਫ਼ੈਸਟੀਵਲ ਦੇ ਪ੍ਰਬੰਧਕਾਂ ਵੱਲੋਂ ਮੁੱਖ ਤੌਰ ’ਤੇ ਉਸ ਵਿਵਾਦਿਤ ਪਾਸਟਰ ਬਜਿੰਦਰ ਸਿੰਘ ਦਾ
ਅੱਜ ਮਿਤੀ 12 ਮਈ ਨੂੰ ਸ਼ੋਅ ਕਰਾਇਆ ਜਾ ਰਿਹਾ ਹੈ, ਜੋ ਬਲਾਤਕਾਰ, ਅੰਧ-ਵਿਸ਼ਵਾਸ
ਫੈਲਾਉਣ ਅਤੇ ਬਾਲ ਅਧਿਕਾਰ ਅਧਿਨਿਯਮ ਦੇ ਤਹਿਤ ਅਪਰਾਧ ਦੇ ਆਰੋਪਾਂ ਦਾ ਸਾਹਮਣਾ ਕਰ ਰਿਹਾ
ਹੈ।
ਪ੍ਰੋ. ਸਰਚਾਂਦ ਸਿੰਘ ਅਨੁਸਾਰ ਜਨਤਕ ਡੋਮੇਨ ’ਚ ਖ਼ਬਰਾਂ ਦੀਆਂ ਰਿਪੋਰਟਾਂ ਦੇ ਹਵਾਲੇ
ਨਾਲ ਭਾਈ ਸਿੱਧੂ ਨੇ ਪਾਸਟਰ ਬਜਿੰਦਰ ਸਿੰਘ ਦੇ ਅਪਰਾਧਿਕ ਪਿਛੋਕੜ ਬਾਰੇ ਦੱਸਿਆ ਕਿ ਉਸ
’ਤੇ ਜਬਰੀ ਵਸੂਲੀ ਅਤੇ ਜਬਰ-ਜ਼ਿਨਾਹ ਸਮੇਤ ਗੰਭੀਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ
ਦੀਆਂ ਰਿਪੋਰਟਾਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਾਸਟਰ ਬਜਿੰਦਰ ਸਿੰਘ ਸੋਸ਼ਲ ਮੀਡੀਆ ਚੈਨਲ
’ਤੇ ਆਪਣੇ ਆਪ ਨੂੰ ‘ਨਬੀ’ ਪੈਗੰਬਰ (ਰੱਬ ਦਾ ਦੂਤ) ਅਖਵਾਉਂਦਾ ਹੈ। ਇਸ ਫ਼ੈਸਟੀਵਲ ਲਈ
ਉਸ ਵੱਲੋਂ ਸੋਸ਼ਲ ਮੀਡੀਆ ’ਤੇ ਆਪਣੇ ਆਪ ਨੂੰ ਇਕ ਜੀਵਤ ਰੱਬ ਅਤੇ ਇਕ ਪੈਗੰਬਰ ਵਜੋਂ
ਇਸ਼ਤਿਹਾਰ ਅਤੇ ਪ੍ਰਚਾਰ ਕਰ ਰਿਹਾ ਹੈ। ਕਈ ਵੀਡੀਓਜ਼ ‘ਚ ਕਮਜ਼ੋਰ ਤੇ ਬੀਮਾਰੀ ਤੋਂ ਪੀੜਤ
ਵਿਅਕਤੀ ਨੂੰ ਬਜਿੰਦਰ ਸਿੰਘ ਵੱਲੋਂ ਛੂਹਣ ਅਤੇ ਚਮਤਕਾਰੀ ਢੰਗ ਨਾਲ ਠੀਕ ਹੋਣਾ ਅਤੇ
‘ਬੁਰੀਆਂ ਆਤਮਾਵਾਂ’ ਦੇ ਕਬਜ਼ੇ ’ਚੋਂ ਲੋਕਾਂ ਨੂੰ ਠੀਕ ਕਰਦੇ ਹੋਏ ਵੀ ਦਿਖਾਇਆ ਗਿਆ ਹੈ।
ਉਸ ਵੱਲੋਂ ਜਾਣੂ ਟੂਣਾ, ਅੰਧ-ਵਿਸ਼ਵਾਸ ਅਤੇ ਚਮਤਕਾਰੀ ਹੋਣ ਦਾ ਝਾਂਸਾ ਦੇ ਕੇ ਗ਼ਰੀਬ ਅਤੇ
ਬੀਮਾਰੀ ਨਾਲ ਗ੍ਰਸਤ ਲੋਕਾਂ ਨੂੰ ਗੁੰਮਰਾਹ ਅਤੇ ਲਾਲਚ ’ਚ ਫਸਾਉਂਦਿਆਂ ਉਨ੍ਹਾਂ ਦਾ ਧਰਮ
ਪਰਿਵਰਤਨ ਕਰਨ ਬਾਰੇ ਕਈ ਵਾਰ ਵਿਵਾਦ ਸਾਹਮਣੇ ਆ ਚੁੱਕੇ ਹਨ। ਭਾਈ ਸਿੱਧੂ ਨੇ ਦੱਸਿਆ ਕਿ
ਇਸ ਵਿਵਾਦਿਤ ਪਾਦਰੀ ਦੇ ਮੁੰਬਈ ਆਉਣ ਦਾ ਸੁਣ ਕੇ ਸ਼ਾਂਤੀ-ਪਸੰਦ ਲੋਕਾਂ ਅਤੇ ਭਾਈਚਾਰਿਆਂ
’ਚ ਰੋਸ ਦੀ ਲਹਿਰ ਹੈ ਅਤੇ ਮੁੰਬਈ ਦਾ ਅਮਨ ਚੈਨ ਭੰਗ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।
ਪਾਸਟਰ ਬਜਿੰਦਰ ਸਿੰਘ ਅਤੇ ਮੁੰਬਈ ਪੀਸ ਫ਼ੈਸਟੀਵਲ ਦੇ ਆਯੋਜਕ ਆਪਣੇ ਮਨੋਰਥ ਨੂੰ ਅੱਗੇ
ਵਧਾਉਣ ਲਈ ਬਲੈਕ ਮੈਜਿਕ ਵਰਗਾ ਅਪਰਾਧ ਕਰੇਗਾ ਜਾਂ ਕਰਨ ਦੀ ਕੋਸ਼ਿਸ਼ ਕਰੇਗਾ। ਅਮਨ-ਪਸੰਦ
ਸ਼ਹਿਰੀਆਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਐੱਮ.ਐੱਮ.ਆਰ.ਡੀ.ਏ. ਗਰਾਊਂਡ ’ਚ
ਉਕਤ ਫ਼ੈਸਟੀਵਲ ਨਾ ਹੋਣ ਦੇਣ, ਅੱਗੇ ਵਾਸਤੇ ਵੀ ਇਨ੍ਹਾਂ ਅਨਸਰਾਂ ’ਤੇ ਪੂਰੀ ਪਾਬੰਦੀ
ਲਾਉਣ ਦੀ ਅਪੀਲ ਤੋਂ ਇਲਾਵਾ ਵਫ਼ਦ ਨੇ ਮਹਾਰਾਸ਼ਟਰ ਰੋਕਥਾਮ ਅਤੇ ਮਨੁੱਖੀ ਬਲੀਦਾਨ ਦੇ
ਖ਼ਾਤਮੇ ਅਤੇ ਹੋਰ ਅਣਮਨੁੱਖੀ, ਬੁਰਾਈ ਅਤੇ ਅਗੋਹਰੀ ਅਭਿਆਸਾਂ ਅਤੇ ਕਾਲਾ ਜਾਦੂ ਐਕਟ,
2013 ਦੀ ਧਾਰਾ 5 (2), ਭਾਰਤੀ ਦੰਡ ਵਿਧਾਨ ਦੀ ਜ਼ਾਬਤਾ ਫ਼ੌਜਦਾਰੀ ਧਾਰਾ 34, ਦੇ 149,
150 ਅਤੇ 151 ਦੇ ਅਧੀਨ ਪਾਦਰੀ ਬਜਿੰਦਰ ਸਿੰਘ ਅਤੇ ਮੁੰਬਈ ਪੀਸ ਫ਼ੈਸਟੀਵਲ ਦੇ
ਪ੍ਰਬੰਧਕਾਂ ਤੇ ਪ੍ਰਮੋਟਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ
ਤੋਂ ਪਹਿਲਾਂ ਵੱਖ-ਵੱਖ ਸੰਸਥਾਵਾਂ ਤੇ ਭਾਈਚਾਰਿਆਂ ਵੱਲੋਂ ਮੁੰਬਈ ਦੇ ਸਮੂਹ ਥਾਣਿਆਂ,
ਡੀ.ਸੀ.ਪੀ. ਅਤੇ ਪੁਲਸ ਕਮਿਸ਼ਨਰ ਕੋਲ ਫ਼ੈਸਟੀਵਲ ਦੇ ਪ੍ਰਬੰਧਕਾਂ ਖ਼ਿਲਾਫ਼ ਸ਼ਿਕਾਇਤ
ਦਿੱਤੀ ਗਈ। ਸੂਤਰਾਂ ਅਨੁਸਾਰ ਸਮਾਗਮ ਦੇ ਪ੍ਰਬੰਧਕਾਂ ਨੇ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ
ਅੱਜ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਇਸ ਮੌਕੇ ਸੁਪਰੀਮ ਕੌਂਸਲ ਨਵੀ ਮੁੰਬਈ
ਗੁਰਦੁਆਰਾ ਦੇ ਚੇਅਰਮੈਨ ਜਸਪਾਲ ਸਿੰਘ ਸਿੱਧੂ ਨਾਲ ਕੁਰਲਾ ਸੀ. ਐੱਸ. ਟੀ. ਗੁਰਦੁਆਰਾ ਦੇ
ਪ੍ਰਧਾਨ ਨਰਿੰਦਰ ਸਿੰਘ, ਚਰਨਦੀਪ ਸਿੰਘ ਪ੍ਰਧਾਨ ਕਮੋਠੇ ਗੁਰਦੁਆਰਾ, ਮਹਾਰਾਸ਼ਟਰ ਟੈਂਕਰ
ਯੂਨੀਅਨ ਦੇ ਜਨਰਲ ਸਕੱਤਰ ਸਤਨਾਮ ਸਿੰਘ ਬਾਜਵਾ, ਅਮਰਜੀਤ ਸਿੰਘ ਰੰਧਾਵਾ ਐਰੋਲੀ
ਗੁਰਦੁਆਰਾ, ਹੀਰਾ ਸਿੰਘ ਪੱਡਾ ਖਰਗੜ, ਬਲਦੇਵ ਸਿੰਘ ਸੰਧੂ, ਵਿੱਕੀ ਥਾਮਸ, ਐਡਵੋਕੇਟ
ਗਣੇਸ਼ ਚਵਾਨ, ਕਿਸ਼ੋਰ ਲਟੋ, ਆਸ਼ੂਤੋਸ਼ ਜੋਸ਼ੀ ਨਾਂਦੇੜ, ਗੋਬਿੰਦ ਸਿੰਘ ਸੈਣੀ ਕਲੀਨਾ
ਸਮੇਤ ਕਈ ਮੋਹਤਬਰ ਆਗੂ ਹਾਜ਼ਰ ਸਨ।