ਦਿੱਲੀ ਕਮੇਟੀ ਦੀ ਪ੍ਰਧਾਨਗੀ ਅਹੁਦੇ ਦੀ ਚੋਣ ਦਾ ਸੱਚ ਛੇਤੀ ਆਏਗਾ ਸਾਹਮਣੇ, ਅਦਾਲਤ ਹੋਈ ਸਖ਼ਤ : ਸਰਨਾ |
|
|
ਜਲੰਧਰ/ਨਵੀਂ ਦਿੱਲੀ --13ਮਈ-(MDP)-- ਸ਼੍ਰੋਮਣੀ ਅਕਾਲੀ ਦਲ (ਦਿੱਲੀ)
ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਚੋਣਾਂ ’ਚ ਹੋਈ ਧਾਂਦਲੀ ਛੇਤੀ
ਹੀ ਸੰਗਤਾਂ ਸਾਹਮਣੇ ਆਏਗੀ। ਕਾਰਜਕਾਰਨੀ ਚੋਣਾਂ ਦੇ ਦੌਰਾਨ ਹੋਈਆਂ ਭਾਰੀ ਗੜਬੜੀਆਂ ਨੂੰ
ਸਾਹਮਣੇ ਲੈ ਕੇ ਆਉਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਹਰਵਿੰਦਰ ਸਿੰਘ ਸਰਨਾ ਨੇ
ਸਾਂਝੇ ਤੌਰ ’ਤੇ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ।ਇਸ ਪਟੀਸ਼ਨ ’ਤੇ ਸੁਣਵਾਈ
ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ ਪਟੀਸ਼ਨ ਬਾਰੇ
ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਦਿੱਲੀ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਸਰਨਾ ਨੇ ਕਿਹਾ ਕਿ ਦਿੱਲੀ
ਗੁਰਦੁਆਰਾ ਡਾਇਰੈਕਟਰ ਵਲੋਂ ਕਰਵਾਈਆਂ ਗਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਦੀਆਂ ਕਾਰਜਕਾਰਨੀ ਚੋਣਾਂ ’ਚ ਨਿਯਮਾਂ ਦੀ ਭਾਰੀ ਅਣਦੇਖੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ
ਇਹ ਬਗੈਰ ਅਧਿਕਾਰੀਆਂ ਅਤੇ ਪੁਲਸ ਦੀ ਮਿਲੀਭੁਗਤ ਤੋਂ ਸੰਭਵ ਹੀ ਨਹੀਂ। ਸਰਨਾ ਨੇ ਕਿਹਾ
ਕਿ ਇਹ ਸਭ ਇਕ ਅਜਿਹੇ ਆਗੂ ਨੂੰ ਬਚਾਉਣ ਦੇ ਲਈ ਕੀਤਾ ਗਿਆ ਜੋ ਪਹਿਲਾਂ ਚੋਣ ਹਾਰਿਆਂ,
ਬਾਅਦ ਵਿਚ ਉਸ ਵਲੋਂ ਕੀਤੀ ਗਈ ਨਾਮਜ਼ਦ ਪ੍ਰਕਿਰਿਆ ’ਚ ਵੀ ਨਾਕਾਮ ਹੋਇਆ। ਇੰਨਾ ਹੀ ਨਹੀਂ
ਉਹ ਵਿਅਕਤੀ ਗੁਰੂ ਦੀ ਗੋਲਕ ਤੋਂ ਗਬਨ ਦੇ ਨਾਲ-ਨਾਲ ਕਈ ਅਪਰਾਧਿਕ ਮਾਮਲਿਆਂ ’ਚ ਵੀ ਅਦਾਲਤ
ਦੇ ਗੇੜੇ ਕਟ ਰਿਹਾ ਹੈ।
ਹਰਵਿੰਦਰ ਸਿੰਘ ਸਰਨਾ ਨੇ ਦੱਸਿਆ ਕਿ ਕੋਰਟ ਦੀ ਬੈਂਚ ਨੇ ਇਹ ਪਾਇਆ ਕਿ ਪਟੀਸ਼ਨ ਵੈਧ
ਆਧਾਰ ’ਤੇ ਦਾਇਰ ਕੀਤੀ ਗਈ ਹੈ। ਪਹਿਲੀ ਨਜ਼ਰ ’ਚ ਇਸ ਪਟੀਸ਼ਨ ਨੂੰ ਸਵੀਕਾਰ ਕਰ ਕੇ ਇਸ ’ਤੇ
ਸੁਣਵਾਈ ਕੀਤੀ ਜਾ ਸਕਦੀ ਹੈ। ਉਸੇ ਦੇ ਆਧਾਰ ’ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਦਾਇਰ
ਪਟੀਸ਼ਨ ’ਤੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਦਿੱਲੀ ਹਾਈ ਕੋਰਟ
ਦੀ ਬੈਂਚ ਨੇ ਇਹ ਵੀ ਪਾਇਆ ਕਿ ਹਰਵਿੰਦਰ ਸਿੰਘ ਸਰਨਾ ਖੁੱਦ ਕਾਰਜਕਾਰਨੀ ਚੋਣ ’ਚ
ਉਮੀਦਵਾਰ ਨਹੀਂ ਸਨ, ਅਜਿਹੇ ’ਚ ਤਕਨੀਕੀ ਰੂਪ ’ਚ ਉਨ੍ਹਾਂ ਨੂੰ ਪਟੀਸ਼ਨ ਨਿੱਜੀ ਤੌਰ ’ਤੇ
ਨਹੀਂ ਦਾਇਰ ਕਰਨੀ ਚਾਹੀਦੀ। ਸਾਰੇ ਪੱਖਾਂ ਨੂੰ ਵੇਖਦੇ ਹੋਏ ਅਦਾਲਤ ਨੇ ਹਰਵਿੰਦਰ ਸਿੰਘ
ਸਰਨਾ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿੱਤੀ ਹੈ। ਇਸ ਦੌਰਾਨ ਸਰਨਾ ਨੇ ਕਿਹਾ ਕਿ
ਸਾਡੇ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਦਾ ਮੁੱਖ ਮਕਸਦ ਦਿੱਲੀ ਦੀ ਸੰਗਤਾਂ ਸਹਿਤ ਪੂਰੀ
ਦੁਨੀਆ ਦੀਆਂ ਸੰਗਤਾਂ ਨੂੰ ਸੱਚ ਤੋਂ ਜਾਣੂ ਕਰਵਾਉਂਣਾ ਹੈ। ਇਸ ਦੇ ਨਾਲ ਹੀ ਗੋਲਕ-ਚੋਰ
ਅਤੇ ਉਸ ਦੇ ਸਹਿਯੋਗੀਆਂ ਵਲੋਂ ਫੈਲਾਏ ਗਏ ਝੂਠ ਅਤੇ ਗੁੰਮਰਾਹਕੁੰਨ ਪ੍ਰਚਾਰ ਦੀ ਝੂਠੀ
ਕਹਾਣੀ ਨੂੰ ਸਾਰਿਆਂ ਦੇ ਸਾਹਮਣੇ ਲਿਆਕੇ ਗਲਤ ਮਨਸੂਬਿਆਂ ਨੂੰ ਖਤਮ ਕਰਨਾ ਹੈ।
|