PM ਮੋਦੀ ਨੇ ਗੁਜਰਾਤ ਦੇ ਆਪਣੇ ਬੇਰੁਜ਼ਗਾਰੀ ਮਾਡਲ ਨੂੰ ਪੂਰੇ ਦੇਸ਼ ਚ ਫੈਲਾਇਆ : ਰਾਹੁਲ ਗਾਂਧੀ |
|
|
 ਨਵੀਂ ਦਿੱਲੀ --11ਜੂਨ-(MDP)-- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ 'ਚ
ਬੇਰੁਜ਼ਗਾਰੀ ਦੀ ਸਥਿਤੀ ਨਾਲ ਜੁੜੀ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਨੂੰ ਦੋਸ਼
ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 'ਬੇਰੁਜ਼ਗਾਰੀ ਮਾਡਲ' ਨੂੰ ਪੂਰੇ ਦੇਸ਼
'ਚ ਫ਼ੈਲਾ ਦਿੱਤਾ ਹੈ। ਉਨ੍ਹਾਂ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ ਉਸ 'ਚ ਕਿਹਾ ਗਿਆ ਹੈ
ਕਿ ਗੁਜਰਾਤ 'ਚ 3400 ਅਹੁਦਿਆਂ ਲਈ 17 ਲੱਖ ਤੋਂ ਵੱਧ ਲੋਕਾਂ ਨੇ ਅਪਲਾਈ ਕੀਤਾ।
ਰਾਹੁਲ ਗਾਂਧੀ ਨੇ ਫੇਸਬੁੱਕ ਪੋਸਟ 'ਚ ਕਿਹਾ,''ਅਹੁਦੇ-ਗ੍ਰਾਮ ਪੰਚਾਇਤ ਸਕੱਤਰ, ਖ਼ਾਲੀ
ਅਹੁਦਿਆਂ ਦੀ ਗਿਣਤੀ- 3400, ਤਨਖਾਹ- 19,950 ਰੁਪਏ ਪ੍ਰਤੀ ਮਹੀਨਾ, ਸਿੱਖਿਆ ਯੋਗਤਾ-
ਜਮਾਤ 10, ਸਥਾਨ- ਗੁਜਰਾਤ, 3400 ਅਹੁਦਿਆਂ ਲਈ 17,00,000 ਨੌਜਵਾਨਾਂ ਦਾ ਅਪਲਾਈ, ਜਿਸ
'ਚ ਗਰੈਜੂਏਟ, ਪੋਸਟ ਗਰੈਜੂਏਟ, ਡਾਕਟਰ ਅਤੇ ਇੰਜੀਨੀਅਰ ਤੱਕ ਲਾਈਨ 'ਚ ਲੱਗ ਗਏ।''
ਉਨ੍ਹਾਂ ਨੇ ਦੋਸ਼ ਲਗਾਇਆ,''ਗੁਜਰਾਤ ਦੇ ਸਾਬਕਾ ਮੁੱਖ ਮੰਤਰੀ, ਆਪਣੇ ਗੁਜਰਾਤ ਮਾਡਲ ਦੀਆਂ
ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ ਅਤੇ ਹੁਣ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨੇ ਇਸੇ
'ਬੇਰੁਜ਼ਗਾਰੀ ਮਾਡਲ' ਨੂੰ ਪੂਰੇ ਦੇਸ਼ 'ਚ ਫੈਲਾ ਦਿੱਤਾ ਹੈ।'' ਕਾਂਗਰਸ ਨੇਤਾ ਨੇ ਇਹ
ਸਵਾਲ ਵੀ ਕੀਤਾ,''ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਦਾਅਵੇ ਦਾ ਕੀ ਹੋਇਆ? ਮੋਦੀ ਸਰਕਾਰ
ਹੁਣ ਇਸ ਵਿਸ਼ੇ 'ਤੇ ਗੱਲ ਕਿਉਂ ਨਹੀਂ ਕਰਦੀ?''
|