ਦੋਆਬਾ ਦੇ ਲੋਕਾਂ ਲਈ ਅਹਿਮ ਖ਼ਬਰ, ਕੈਨੇਡਾ ਸਰਕਾਰ ਨੇ ਜਲੰਧਰ ’ਚ ਦਿੱਤੀ ਪਾਸਪੋਰਟ ਜਮ੍ਹਾ ਕਰਵਾਉਣ ਦੀ ਸਹੂਲਤ |
|
|
 ਜਲੰਧਰ --18ਜੂਨ-(MDP)-- ਕੋਵਿਡ ਤੋਂ ਬਾਅਦ ਜਿਵੇਂ-ਜਿਵੇਂ ਵਿਦੇਸ਼ ਜਾਣ ਦੇ ਰਸਤੇ ਖੁੱਲ੍ਹ
ਰਹੇ ਹਨ, ਕੈਨੇਡਾ ਸਰਕਾਰ ਨੇ ਪੰਜਾਬ ਖ਼ਾਸ ਤੌਰ ’ਤੇ ਦੁਆਬੇ ਦੇ ਲੋਕਾਂ ਲਈ ਆਪਣੀਆਂ
ਯਾਤਰਾ ਸਹੂਲਤਾਂ ਦਾ ਵਿਸਤਾਰ ਕੀਤਾ ਹੈ। ਇਸ ਦੇ ਤਹਿਤ ਕੈਨੇਡਾ ਜਾਣ ਵਾਲੇ ਬਿਨੈਕਾਰ,
ਜਿਨ੍ਹਾਂ ਦੇ ਵੀਜ਼ਾ ਕੈਨੇਡਾ ਸਰਕਾਰ ਵੱਲੋਂ ਅਪਰੂਵ ਹੋ ਗਏ ਹਨ, ਨੂੰ ਆਪਣੇ ਪਾਸਪੋਰਟ
ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਵਿਚ ਜਮ੍ਹਾ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਜਲੰਧਰ ’ਚ ਸਥਿਤ ਵੀ. ਐੱਫ਼. ਐੱਸ (ਵੀਜ਼ਾ ਫ਼ੈਸਿਲੀਟੇਸ਼ਨ ਸੈਂਟਰ ਗਲੋਬਲ) ਵਿਚ 18
ਜੂਨ ਤੋਂ ਹਰ ਸ਼ਨੀਵਾਰ ਨੂੰ ਅਜਿਹੇ ਬਿਨੈਕਾਰ ਆਪਣੇ ਪਾਸਪੋਰਟ ਅਤੇ ਅਪਰੂਵਲ ਦਸਤਾਵੇਜ਼
ਜਮ੍ਹਾ ਕਰਵਾ ਸਕਦੇ ਹਨ। ਸਿਰਫ਼ ਉਹੀ ਬਿਨੈਕਾਰ ਆਪਣੇ ਪਾਸਪੋਰਟ ਜਮ੍ਹਾ ਕਰਵਾ ਸਕਣਗੇ,
ਜਿਨ੍ਹਾਂ ਨੂੰ ਅੰਬੈਸੀ ਵੱਲੋਂ ਮਨਜ਼ੂਰੀ ਪ੍ਰਾਪਤ ਹੋਵੇਗੀ। ਬਿਨੈਕਾਰ ਆਪਣੇ ਪਾਸਪੋਰਟ
ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਵੀ. ਐੱਫ਼. ਐੱਸ. ਦਫ਼ਤਰ ’ਚ ਜਮ੍ਹਾ ਕਰਵਾ ਸਕਦੇ
ਹਨ। ਇਸ ਦੇ ਨਾਲ ਹੀ ਟੂ-ਵੇਅ ਕੋਰੀਅਰ ਸੇਵਾ ਪਹਿਲਾਂ ਵਾਂਗ ਹੀ ਚੱਲਦੀ ਰਹੇਗੀ ਅਤੇ
ਬਾਇਓ-ਮੈਟ੍ਰਿਕ ਸੇਵਾ ਸੋਮਵਾਰ ਤੋਂ ਸ਼ੁੱਕਰਵਾਰ ਤਕ ਅਪੁਆਇੰਟਮੈਂਟ ਅਨੁਸਾਰ ਚੱਲਦੀ
ਰਹੇਗੀ।
ਸ਼ੈਨਜੇਨ ਲਈ ਦੇ ਰਿਹਾ ਸੇਵਾ
ਯੂਰਪੀਅਨ ਯੂਨੀਅਨ ਲਈ ਜਾਰੀ ਹੋਣ ਵਾਲਾ ਵੀਜ਼ਾ ‘ਸ਼ੈਨਜੇਨ’ ਲਈ ਵੀ. ਐੱਫ਼. ਐੱਸ. ਸੇਵਾ
ਪ੍ਰਦਾਨ ਕਰ ਰਿਹਾ ਹੈ, ਜਿਸ ਵਿਚ ਆਸਟ੍ਰੀਆ ਲਈ ਮੰਗਲਵਾਰ ਅਤੇ ਵੀਰਵਾਰ, ਚੈੱਕ ਗਣਰਾਜ ਲਈ
ਸੋਮਵਾਰ ਅਤੇ ਬੁੱਧਵਾਰ, ਫਰਾਂਸ ਲਈ ਮੰਗਲਵਾਰ ਅਤੇ ਵੀਰਵਾਰ, ਨੀਦਰਲੈਂਡਜ਼ ਲਈ ਸੋਮਵਾਰ ਤੇ
ਬੁੱਧਵਾਰ, ਸਲੋਵੇਨੀਆ ਲਈ ਮੰਗਲਵਾਰ ਅਤੇ ਵੀਰਵਾਰ, ਲਗਜ਼ਮਬਰਗ ਲਈ ਮੰਗਲਵਾਰ ਅਤੇ ਵੀਰਵਾਰ
ਅਤੇ ਮਾਲਟਾ (ਸਿਰਫ਼ ਮਿਸ਼ਨ ਰਾਹੀਂ ਅਪਰੂਵਡ ਕੇਸ) ਲਈ ਮੰਗਲਵਾਰ ਅਤੇ ਵੀਰਵਾਰ
ਅਪੁਆਇੰਟਮੈਂਟ ਅਨੁਸਾਰ ਵੀਜ਼ਾ ਦਸਤਾਵੇਜ਼ ਸਵੀਕਾਰ ਕੀਤੇ ਜਾਂਦੇ ਹਨ।
ਤੁਰਕੀ ਲਈ ਜਲਦ ਜਮ੍ਹਾ ਹੋਣਗੇ ਦਸਤਾਵੇਜ਼
ਤੁਰਕੀ ਜਾਣ ਦੇ ਚਾਹਵਾਨ ਬਿਨੈਕਾਰਾਂ ਨੂੰ ਵੀਜ਼ਾ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਪਹਿਲਾਂ
ਦਿੱਲੀ ਜਾਣਾ ਪੈਂਦਾ ਸੀ ਪਰ ਤੁਰਕੀ ਸਰਕਾਰ ਨੇ ਪੰਜਾਬ ਵਾਸੀਆਂ ਲਈ ਇਹ ਸਹੂਲਤ ਜਲੰਧਰ,
ਚੰਡੀਗੜ੍ਹ ਤੇ ਜੈਪੁਰ ’ਚ ਵੀ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਦੀ ਸ਼ੁਰੂਆਤ
ਜਲਦੀ ਹੀ ਕਰ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ ਤੁਰਕੀ ਲਈ ਦਸਤਾਵੇਜ਼ ਜਮ੍ਹਾ ਕਰਵਾਉਣ ਦੀ
ਇਹ ਸਹੂਲਤ ਹਫ਼ਤੇ ਵਿਚ 5 ਦਿਨ ਦਿੱਤੀ ਜਾਵੇਗੀ।
ਡ੍ਰਾਪ ਬਾਕਸ ਸੇਵਾ ਵੀ ਮੁਹੱਈਆ
ਵੀ. ਐੱਫ. ਐੱਸ. ਅਮਰੀਕਾ ਦੇ ਵੀਜ਼ਾ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਡ੍ਰਾਪ ਬਾਕਸ ਸੇਵਾ ਪਹਿਲਾਂ ਤੋਂ ਹੀ ਅਪੁਆਇੰਟਮੈਂਟ ਅਨੁਸਾਰ ਲਾਗੂ ਹੈ।
|