ਅੱਜ, ਮੈਂ ਅਾਪਣੀ ਖੁਸ਼ੀ, ਅਾਪਣੀ ਕਿਸਮਤ, ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ।
ਮੇਰੀ ਮਾਂ, ਸ਼੍ਰੀਮਤੀ ਹੀਰਾਬਾ ਅੱਜ 18 ਜੂਨ ਨੂੰ 100ਵੇਂ ਵਰ੍ਹੇ ’ਚ ਪ੍ਰਵੇਸ਼ ਕਰ ਗਈ
ਹੈ। ਭਾਵ ਉਨ੍ਹਾਂ ਦਾ ਜਨਮ ਸ਼ਤਾਬਦੀ ਵਰ੍ਹਾ ਅਾਰੰਭ ਹੋਣ ਜਾ ਰਿਹਾ ਹੈ। ਪਿਤਾ ਜੀ ਜੇਕਰ
ਜ਼ਿੰਦਾ ਹੁੰਦੇ ਤਾਂ ਉਹ ਵੀ 100 ਸਾਲ ਦੇ ਹੋ ਗਏ ਹੁੰਦੇ। ਭਾਵ 2022 ਇਕ ਅਜਿਹਾ ਵਰ੍ਹਾ
ਹੈ ਜਦ ਮੇਰੀ ਮਾਂ ਦਾ ਜਨਮ ਸ਼ਤਾਬਦੀ ਵਰ੍ਹਾ ਸ਼ੁਰੂ ਹੋ ਰਿਹਾ ਹੈ ਅਤੇ ਇਸੇ ਸਾਲ ਮੇਰੇ
ਪਿਤਾ ਜੀ ਦਾ ਜਨਮ ਜਨਮ ਸ਼ਤਾਬਦੀ ਵਰ੍ਹਾ ਪੂਰਾ ਹੋਇਅਾ।
ਅੱਜ ਮੇਰੀ ਜ਼ਿੰਦਗੀ ਵਿਚ ਜੋ ਕੁਝ ਵੀ ਚੰਗਾ ਹੈ ਅਤੇ ਮੇਰੇ ਚਰਿੱਤਰ ਵਿਚ ਜੋ ਵੀ ਚੰਗਾ
ਹੈ, ਉਹ ਸਭ ਮੇਰੇ ਮਾਤਾ-ਪਿਤਾ ਦੀ ਦੇਣ ਹੈ। ਮੇਰੀ ਮਾਂ ਜਿੰਨੀ ਸਾਦੀ ਹੈ ਓਨੀ ਹੀ ਉਹ
ਅਸਾਧਾਰਨ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਹਰ ਮਾਂ ਹੁੰਦੀ ਹੈ! ਮਾਂ ਦੀ ਤਪੱਸਿਆ ਹੀ
ਆਪਣੀ ਸੰਤਾਨ ਨੂੰ ਇਕ ਚੰਗਾ ਇਨਸਾਨ ਬਣਾਉਂਦੀ ਹੈ। ਮਾਂ ਦੀ ਮਮਤਾ ਬੱਚੇ ਨੂੰ ਮਾਨਵੀ
ਕਦਰਾਂ-ਕੀਮਤਾਂ ਅਤੇ ਹਮਦਰਦੀ ਨਾਲ ਭਰਦੀ ਹੈ। ਮਾਂ ਇਕ ਵਿਅਕਤੀ ਜਾਂ ਸ਼ਖ਼ਸੀਅਤ ਨਹੀਂ
ਹੁੰਦੀ, ਮਾਂ ਗੁਣਾਂ ਨਾਲ ਭਰਪੂਰ ਇਕ ਸਵਰੂਪ ਹੁੰਦਾ ਹੈ। ਆਪਣੇ ਸੁਭਾਅ ਅਤੇ ਮਾਨਸਿਕਤਾ ਦੇ
ਅਨੁਸਾਰ ਅਸੀਂ ਮਾਂ ਦੇ ਸਰੂਪ ਨੂੰ ਅਨੁਭਵ ਕਰ ਸਕਦੇ ਹਾਂ।
ਮੇਰੀ ਮਾਂ ਦਾ ਜਨਮ ਮੇਹਸਾਣਾ ਜ਼ਿਲੇ ਦੇ ਵਿਸਨਗਰ ਵਿਚ ਹੋਇਆ ਸੀ। ਵਡਨਗਰ ਦੇ ਕਾਫ਼ੀ
ਨਜ਼ਦੀਕ ਹੈ। ਉਨ੍ਹਾਂ ਨੂੰ ਆਪਣੀ ਮਾਂ ਯਾਨੀ ਮੇਰੀ ਨਾਨੀ ਦਾ ਪਿਆਰ ਨਸੀਬ ਨਹੀਂ ਹੋਇਆ। ਇਕ
ਸਦੀ ਪਹਿਲਾਂ ਆਈ ਸਪੈਨਿਸ਼ ਫਲੂ ਮਹਾਮਾਰੀ ਦੌਰਾਨ, ਇਕ ਛੋਟੀ ਕੋਮਲ ਉਮਰ ਵਿਚ, ਉਨ੍ਹਾਂ
ਨੇ ਮੇਰੀ ਨਾਨੀ ਨੂੰ ਗੁਆ ਦਿੱਤਾ। ਉਨ੍ਹਾਂ ਨੂੰ ਮੇਰੀ ਨਾਨੀ ਦਾ ਚਿਹਰਾ ਜਾਂ ਉਨ੍ਹਾਂ ਦੀ
ਗੋਦੀ ਦਾ ਅਾਰਾਮ ਵੀ ਯਾਦ ਨਹੀਂ ਹੈ। ਉਨ੍ਹਾਂ ਨੇ ਆਪਣਾ ਪੂਰਾ ਬਚਪਨ ਆਪਣੀ ਮਾਂ ਤੋਂ ਬਿਨਾ
ਗੁਜ਼ਾਰਿਆ। ਉਹ ਆਪਣੀ ਮਾਂ ਨਾਲ ਜ਼ਿੱਦ ਨਹੀਂ ਕਰ ਸਕੀ, ਜਿਵੇਂ ਅਸੀਂ ਸਾਰੇ ਕਰਦੇ ਹਾਂ।
ਉਹ ਆਪਣੀ ਮਾਂ ਦੀ ਗੋਦ ਵਿਚ ਸਾਡੇ ਸਾਰਿਆਂ ਵਾਂਗ ਅਾਰਾਮ ਨਹੀਂ ਕਰ ਸਕੀ। ਉਹ ਸਕੂਲ ਜਾ ਕੇ
ਪੜ੍ਹਨਾ-ਲਿਖਣਾ ਵੀ ਨਹੀਂ ਸਿੱਖ ਸਕੀ। ਉਨ੍ਹਾਂ ਨੇ ਬਚਪਨ ਵਿਚ ਆਪਣੇ ਘਰ ਵਿਚ ਹਰ ਪਾਸੇ
ਗ਼ਰੀਬੀ ਅਤੇ ਕਮੀ ਹੀ ਦੇਖੀ।
ਸੰਘਰਸ਼ਾਂ ਕਾਰਨ ਮਾਂ ਦਾ ਬਚਪਨ ਬਹੁਤਾ ਨਹੀਂ ਸੀ-ਉਹ ਆਪਣੀ ਉਮਰ ਤੋਂ ਪਹਿਲਾਂ ਹੀ
ਵੱਡਾ ਹੋਣ ਲਈ ਮਜਬੂਰ ਹੋ ਗਈ ਸੀ। ਉਹ ਆਪਣੇ ਪਰਿਵਾਰ ਦੀ ਸਭ ਤੋਂ ਵੱਡੀ ਬੱਚੀ ਸੀ ਅਤੇ
ਵਿਆਹ ਤੋਂ ਬਾਅਦ ਵੀ ਸਭ ਤੋਂ ਵੱਡੀ ਨੂੰਹ ਬਣੀ। ਬਚਪਨ ਵਿਚ ਉਹ ਪੂਰੇ ਪਰਿਵਾਰ ਦੀ
ਦੇਖ-ਭਾਲ ਕਰਦੀ ਸੀ ਅਤੇ ਸਾਰਾ ਕੰਮ ਸੰਭਾਲਦੀ ਰਹੀ।
ਵਡਨਗਰ ਵਿਚ, ਸਾਡਾ ਪਰਿਵਾਰ ਇਕ ਛੋਟੇ ਜਿਹੇ ਘਰ ਵਿਚ ਰਹਿੰਦਾ ਸੀ ਜਿਸ ਵਿਚ ਕੋਈ
ਖਿੜਕੀ ਨਹੀਂ ਸੀ, ਇਕ ਟਾਇਲਟ ਜਾਂ ਬਾਥਰੂਮ ਜਿਹੀ ਅਾਰਾਮ ਵਾਲੀ ਕੋਈ ਚੀਜ਼ ਨਹੀਂ ਸੀ।
ਮਿੱਟੀ ਦੀਆਂ ਕੰਧਾਂ ਅਤੇ ਛੱਤ ਲਈ ਮਿੱਟੀ ਦੀਆਂ ਖਪਰੈਲਾਂ ਵਾਲੇ ਇਸ ਇਕ ਕਮਰੇ ਦੇ ਮਕਾਨ
ਨੂੰ ਅਸੀਂ ਆਪਣਾ ਘਰ ਕਹਿੰਦੇ ਸਾਂ ਅਤੇ ਅਸੀਂ ਸਾਰੇ-ਮੇਰੇ ਮਾਤਾ-ਪਿਤਾ, ਮੇਰੇ ਭੈਣ-ਭਰਾ
ਅਤੇ ਮੈਂ, ਇਸ ਵਿਚ ਰਹਿੰਦੇ ਸੀ।
ਮੇਰੇ ਮਾਤਾ-ਪਿਤਾ ਦੀ ਖਾਸੀਅਤ ਇਹ ਸੀ ਕਿ ਉਨ੍ਹਾਂ ਨੇ ਕਮੀ ਦੇ ਬਾਵਜੂਦ ਕਦੇ ਤਣਾਅ
ਨੂੰ ਘਰ ’ਤੇ ਹਾਵੀ ਨਹੀਂ ਹੋਣ ਦਿੱਤਾ। ਦੋਵਾਂ ਨੇ ਆਪੋ-ਆਪਣੀਆਂ ਜ਼ਿੰਮੇਵਾਰੀਆਂ ਨੂੰ
ਵੰਡਿਆ ਅਤੇ ਬਾਖੂਬੀ ਨਿਭਾਇਆ।
ਘੜੀ ਦੇ ਕੰਮ ਵਾਂਗ, ਮੇਰੇ ਪਿਤਾ ਜੀ ਸਵੇਰੇ ਚਾਰ ਵਜੇ ਕੰਮ ਲਈ ਨਿਕਲ ਜਾਂਦੇ ਸਨ।
ਉਨ੍ਹਾਂ ਦੇ ਕਦਮਾਂ ਦੀ ਆਵਾਜ਼ ਤੋਂ ਗੁਆਂਢੀ ਸਮਝ ਜਾਂਦੇ ਸਨ ਕਿ ਸਵੇਰ ਦੇ 4 ਵੱਜ ਗਏ ਹਨ
ਅਤੇ ਦਮੋਦਰ ਕਾਕਾ ਕੰਮ ’ਤੇ ਜਾ ਰਹੇ ਹਨ। ਆਪਣੀ ਛੋਟੀ ਚਾਹ ਦੀ ਦੁਕਾਨ ਖੋਲ੍ਹਣ ਤੋਂ
ਪਹਿਲਾਂ ਸਥਾਨਕ ਮੰਦਿਰ ਵਿਚ ਪ੍ਰਾਰਥਨਾ ਕਰਨੀ ਉਨ੍ਹਾਂ ਦੀ ਇਕ ਹੋਰ ਰੋਜ਼ਾਨਾ ਦੀ ਰਸਮ ਸੀ।
ਮਾਂ ਵੀ ਓਨੀ ਹੀ ਸਮੇਂ ਦੀ ਪਾਬੰਦ ਸੀ। ਉਹ ਵੀ ਮੇਰੇ ਪਿਤਾ ਜੀ ਨਾਲ ਜਾਗ ਜਾਂਦੀ ਸੀ,
ਅਤੇ ਸਵੇਰੇ-ਸਵੇਰੇ ਹੀ ਕਈ ਕੰਮ ਮੁਕਾ ਲੈਂਦੀ ਸੀ। ਕੰਮ ਕਰਦਿਆਂ ਉਹ ਆਪਣੇ ਮਨਪਸੰਦ ਭਜਨ
ਅਤੇ ਪ੍ਰਭਾਤੀਆਂ ਗਾਉਂਦੀ ਰਹਿੰਦੀ ਸੀ।
ਮਾਂ ਨੇ ਕਦੇ ਵੀ ਆਪਣੇ ਬੱਚਿਆਂ ਤੋਂ ਇਹ ਉਮੀਦ ਨਹੀਂ ਕੀਤੀ ਸੀ ਕਿ ਅਸੀਂ ਆਪਣੀ
ਪੜ੍ਹਾਈ ਛੱਡ ਕੇ ਘਰ ਦੇ ਕੰਮਾਂ ਵਿਚ ਉਨ੍ਹਾਂ ਦੀ ਮਦਦ ਕਰੀਏ। ਉਨ੍ਹਾਂ ਨੇ ਕਦੇ ਸਾਡੇ ਤੋਂ
ਮਦਦ ਮੰਗੀ ਵੀ ਨਹੀਂ ਸੀ ਪਰ, ਉਨ੍ਹਾਂ ਨੂੰ ਮਿਹਨਤ ਕਰਦਿਆਂ ਦੇਖਦੇ ਹੋਏ, ਅਸੀਂ ਉਨ੍ਹਾਂ
ਦੀ ਮਦਦ ਕਰਨਾ ਆਪਣਾ ਸਭ ਤੋਂ ਵੱਡਾ ਫਰਜ਼ ਸਮਝਦੇ ਸਾਂ। ਘਰ ਦੇ ਖਰਚੇ ਪੂਰੇ ਕਰਨ ਲਈ ਮਾਂ
ਕੁਝ ਘਰਾਂ ਵਿਚ ਬਰਤਨ ਵੀ ਮਾਂਜਦੀ ਸੀ। ਚਰਖਾ ਕੱਤਣ ਲਈ ਵੀ ਸਮਾਂ ਕੱਢਦੀ ਕਿਉਂਕਿ ਉਸ ਤੋਂ
ਵੀ ਕੁਝ ਪੈਸੇ ਹਾਸਲ ਹੋ ਜਾਂਦੇ ਸਨ। ਉਸ ਨੂੰ ਡਰ ਰਹਿੰਦਾ ਸੀ ਕਿ ਕਪਾਹ ਦੇ ਛਿਲਕਿਆਂ ਦੇ
ਕੰਡੇ ਸਾਨੂੰ ਨਾ ਚੁੱਭ ਜਾਣ।
ਮੈਨੂੰ ਯਾਦ ਹੈ, ਵਡਨਗਰ ਦੇ ਕੱਚੇ ਘਰ ਨੂੰ ਬਰਸਾਤ ਦੇ ਮੌਸਮ ਕਾਰਨ ਬਹੁਤ ਕਠਿਨਾਈਆਂ
ਆਉਂਦੀਆਂ ਸਨ ਪਰ ਮਾਂ ਮੁਸੀਬਤ ਨੂੰ ਘੱਟ ਤੋਂ ਘੱਟ ਰੱਖਣ ਦੀ ਕੋਸ਼ਿਸ਼ ਕਰਦੀ ਸੀ। ਇਸ ਲਈ
ਜੂਨ ਦੇ ਮਹੀਨੇ ਤਪਦੀ ਧੁੱਪ ਵਿਚ ਮਾਂ ਘਰ ਦੀਆਂ ਛੱਤਾਂ ਦੀਆਂ ਖਪਰੈਲਾਂ ਠੀਕ ਕਰਨ ਲਈ
ਪੌੜੀਆਂ ਚੜ੍ਹ ਜਾਂਦੀ ਸੀ। ਪਰ ਸਾਡਾ ਘਰ ਏਨਾ ਪੁਰਾਣਾ ਹੋ ਗਿਆ ਸੀ ਕਿ ਇਸ ਦੀ ਛੱਤ ਭਾਰੀ
ਮੀਂਹ ਨੂੰ ਝੱਲ ਨਹੀਂ ਸਕਦੀ ਸੀ।
ਬਰਸਾਤ ਵਿਚ ਸਾਡੇ ਘਰ ਵਿਚ ਪਾਣੀ ਕਦੇ ਇਕ ਪਾਸਿਓਂ ਟਪਕਦਾ ਸੀ, ਕਦੇ ਦੂਸਰੇ ਪਾਸਿਓਂ।
ਸਾਰਾ ਘਰ ਪਾਣੀ ਨਾਲ ਨਾ ਭਰੇ, ਘਰ ਦੀਆਂ ਕੰਧਾਂ ਖਰਾਬ ਨਾ ਹੋਣ, ਇਸ ਲਈ ਮਾਂ ਜ਼ਮੀਨ ’ਤੇ
ਬਰਤਨ ਰੱਖ ਦਿੰਦੇ ਸਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਾਅਦ ਵਿਚ ਮਾਂ ਅਗਲੇ
ਕੁਝ ਦਿਨ ਘਰ ਦੇ ਕੰਮਾਂ ਲਈ ਉਸੇ ਪਾਣੀ ਦੀ ਵਰਤੋਂ ਕਰਦੇ ਸਨ। ਪਾਣੀ ਦੀ ਸੰਭਾਲ ਦੀ ਇਸ
ਤੋਂ ਵਧੀਆ ਮਿਸਾਲ ਕੀ ਹੋ ਸਕਦੀ ਹੈ?
ਮਾਂ ਨੂੰ ਘਰ ਸਜਾਉਣ ਦਾ ਵੀ ਬਹੁਤ ਸ਼ੌਕ ਸੀ। ਘਰ ਨੂੰ ਸੁੰਦਰ, ਸਾਫ਼-ਸੁਥਰਾ ਬਣਾਉਣ
ਲਈ ਉਹ ਦਿਨ ਭਰ ਕੰਮ ਕਰਦੇ ਸਨ। ਮੈਨੂੰ ਉਨ੍ਹਾਂ ਦਾ ਇਕ ਹੋਰ ਬਹੁਤ ਹੀ ਨਿਰਾਲਾ ਅਤੇ
ਅਨੋਖਾ ਤਰੀਕਾ ਯਾਦ ਹੈ। ਉਹ ਅਕਸਰ ਪੁਰਾਣੇ ਕਾਗਜ਼ਾਂ ਨੂੰ ਇਮਲੀ ਦੇ ਬੀਜਾਂ ਨਾਲ ਭਿਉਂ
ਕੇ, ਉਨ੍ਹਾਂ ਨੂੰ ਪੀਸ ਕੇ, ਬਿਲਕੁਲ ਗੋਂਦ ਜਿਹਾ ਇਕ ਪੇਸਟ ਬਣਾ ਦਿੰਦੇ। ਫਿਰ ਇਸ ਪੇਸਟ
ਦੀ ਮਦਦ ਨਾਲ ਉਹ ਕੱਚ ਦੇ ਟੁਕੜਿਆਂ ਨੂੰ ਕੰਧਾਂ ’ਤੇ ਚਿਪਕਾ ਕੇ ਖੂਬਸੂਰਤ ਤਸਵੀਰਾਂ
ਬਣਾਉਂਦੇ ਸਨ।
ਜਦੋਂ ਵੀ ਮੈਂ ਦਿੱਲੀ ਤੋਂ ਗਾਂਧੀਨਗਰ ਜਾਂਦਾ ਹਾਂ, ਮੈਂ ਉਨ੍ਹਾਂ ਨੂੰ ਮਿਲਣ ਪਹੁੰਚਦਾ
ਹਾਂ, ਉਹ ਮੈਨੂੰ ਆਪਣੇ ਹੱਥਾਂ ਨਾਲ ਮਠਿਆਈ ਜ਼ਰੂਰ ਖਵਾਉਂਦੇ ਹਨ ਅਤੇ ਜਿਸ ਤਰ੍ਹਾਂ ਇਕ
ਮਾਂ ਛੋਟੇ ਬੱਚੇ ਨੂੰ ਕੁਝ ਖੁਆਉਣ ਤੋਂ ਬਾਅਦ ਉਸ ਦਾ ਮੂੰਹ ਪੂੰਝਦੀ ਹੈ, ਉਸੇ ਤਰ੍ਹਾਂ
ਮੇਰੀ ਮਾਂ ਅੱਜ ਵੀ ਮੈਨੂੰ ਕੁਝ ਖੁਆਉਣ ਤੋਂ ਬਾਅਦ ਕਿਸੇ ਰੁਮਾਲ ਨਾਲ ਮੇਰਾ ਮੂੰਹ ਜ਼ਰੂਰ
ਪੂੰਝਦੇ ਹਨ। ਉਹ ਹਮੇਸ਼ਾ ਆਪਣੀ ਸਾੜੀ ਵਿਚ ਰੁਮਾਲ ਜਾਂ ਛੋਟਾ ਤੌਲੀਆ ਰੱਖਦੇ ਹਨ। ਭੋਜਨ
ਨੂੰ ਲੈ ਕੇ ਮਾਂ ਦੀ ਹਮੇਸ਼ਾ ਇਹ ਤਾਕੀਦ ਰਹੀ ਹੈ ਕਿ ਭੋਜਨ ਦਾ ਇਕ ਦਾਣਾ ਵੀ ਬਰਬਾਦ ਨਾ
ਕੀਤਾ ਜਾਵੇ। ਸਾਡੇ ਕਸਬੇ ਵਿਚ ਜਦੋਂ ਕਿਸੇ ਦੇ ਵਿਆਹ ਲਈ ਸਮੂਹਿਕ ਦਾਅਵਤ ਰੱਖੀ ਜਾਂਦੀ ਸੀ
ਤਾਂ ਉੱਥੇ ਜਾਣ ਤੋਂ ਪਹਿਲਾਂ ਮਾਂ ਸਭ ਨੂੰ ਯਾਦ ਕਰਵਾਉਂਦੇ ਸਨ ਕਿ ਖਾਣਾ ਖਾਂਦੇ ਸਮੇਂ
ਬਰਬਾਦ ਨਾ ਕਰਨਾ। ਘਰ ਵਿਚ ਵੀ ਉਨ੍ਹਾਂ ਨੇ ਇਹੀ ਨਿਯਮ ਬਣਾਇਆ ਹੋਇਆ ਸੀ ਕਿ ਥਾਲੀ ਵਿਚ
ਓਨਾ ਹੀ ਭੋਜਨ ਲਓ ਜਿੰਨੀ ਭੁੱਖ ਹੈ। ਅੱਜ ਵੀ ਮਾਂ ਜਿੰਨਾ ਖਾਣਾ ਹੋਵੇ ਆਪਣੀ ਥਾਲੀ ਵਿਚ
ਓਨਾ ਹੀ ਭੋਜਨ ਲੈਂਦੇ ਹਨ।
ਜਦੋਂ ਵੀ ਕੋਈ ਸਾਧੂ-ਸੰਤ ਸਾਡੇ ਘਰ ਆਉਂਦੇ ਸਨ ਤਾਂ ਮਾਂ ਜੀ ਉਨ੍ਹਾਂ ਨੂੰ ਘਰ ਬੁਲਾ
ਕੇ ਭੋਜਨ ਕਰਵਾਉਂਦੇ ਸਨ। ਜਦੋਂ ਉਹ ਜਾਣ ਲੱਗਦੇ ਤਾਂ ਮਾਂ ਆਪਣੇ ਲਈ ਨਹੀਂ ਸਗੋਂ ਸਾਡੇ
ਭੈਣ-ਭਰਾਵਾਂ ਲਈ ਅਸੀਸ ਮੰਗਦੇ ਸਨ। ਮੇਰੀ ਮਾਂ ਨੂੰ ਮੇਰੇ ਵਿਚ ਅਥਾਹ ਵਿਸ਼ਵਾਸ ਹੈ।
ਉਨ੍ਹਾਂ ਨੂੰ ਆਪਣੀਆਂ ਕਦਰਾਂ-ਕੀਮਤਾਂ ’ਤੇ ਪੂਰਾ ਭਰੋਸਾ ਰਿਹਾ ਹੈ।
ਤੁਸੀਂ ਵੀ ਦੇਖਿਆ ਹੋਵੇਗਾ, ਮੇਰੀ ਮਾਂ ਕਦੇ ਵੀ ਕਿਸੇ ਸਰਕਾਰੀ ਜਾਂ ਜਨਤਕ ਪ੍ਰੋਗਰਾਮ
ਵਿਚ ਮੇਰੇ ਨਾਲ ਨਹੀਂ ਜਾਂਦੇ। ਹੁਣ ਤੱਕ ਸਿਰਫ਼ ਦੋ ਵਾਰ ਅਜਿਹਾ ਹੋਇਆ ਹੈ ਜਦੋਂ ਉਹ ਕਿਸੇ
ਜਨਤਕ ਪ੍ਰੋਗਰਾਮ ਵਿਚ ਮੇਰੇ ਨਾਲ ਆਏ ਹੋਣ। ਇਕ ਵਾਰ ਜਦੋਂ ਮੈਂ ਏਕਤਾ ਯਾਤਰਾ ਤੋਂ ਬਾਅਦ
ਸ੍ਰੀਨਗਰ ਦੇ ਲਾਲ ਚੌਕ ਵਿਚ ਤਿਰੰਗਾ ਲਹਿਰਾ ਕੇ ਵਾਪਸ ਪਰਤਿਆ ਸੀ ਤਾਂ ਅਹਿਮਦਾਬਾਦ ਵਿਚ
ਹੋਏ ਨਾਗਰਿਕ ਸਨਮਾਨ ਪ੍ਰੋਗਰਾਮ ਦੌਰਾਨ ਮੇਰੀ ਮਾਂ ਸਟੇਜ ’ਤੇ ਆਏ ਅਤੇ ਮੇਰੇ ਮੱਥੇ ’ਤੇ
ਤਿਲਕ ਲਗਾਇਆ। ਮਾਂ ਲਈ ਇਹ ਬਹੁਤ ਭਾਵੁਕ ਪਲ ਵੀ ਸੀ ਕਿਉਂਕਿ ਏਕਤਾ ਯਾਤਰਾ ਦੌਰਾਨ ਫਗਵਾੜਾ
ਵਿਚ ਇਕਹਮਲਾ ਹੋਇਆ ਸੀ, ਜਿਸ ਵਿਚ ਕੁਝ ਲੋਕ ਮਾਰੇ ਵੀ ਗਏ ਸਨ। ਦੂਸਰੀ ਵਾਰ ਉਹ ਜਨਤਕ
ਤੌਰ ’ਤੇ ਮੇਰੇ ਨਾਲ ਉਦੋਂ ਆਏ ਸਨ ਜਦੋਂ ਮੈਂ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ
ਸਹੁੰ ਚੁੱਕੀ ਸੀ।
ਅੱਖਰ ਗਿਆਨ ਤੋਂ ਬਿਨਾ ਵੀ ਵਿਅਕਤੀ ਅਸਲ ਵਿਚ ਕਿਵੇਂ ਪੜ੍ਹਿਆ-ਲਿਖਿਆ ਹੁੰਦਾ ਹੈ, ਇਹ
ਮੈਂ ਹਮੇਸ਼ਾ ਆਪਣੀ ਮਾਂ ’ਚ ਦੇਖਿਆ। ਉਨ੍ਹਾਂ ਦੀ ਸੋਚਣ ਦੀ ਪਹੁੰਚ, ਉਨ੍ਹਾਂ ਦੀ
ਦੂਰ-ਦ੍ਰਿਸ਼ਟੀ, ਮੈਨੂੰ ਕਈ ਵਾਰ ਹੈਰਾਨ ਕਰ ਦਿੰਦੀ ਹੈ।
ਆਪਣੇ ਨਾਗਰਿਕ ਫਰਜ਼ਾਂ ਪ੍ਰਤੀ ਬਹੁਤ ਸੁਚੇਤ ਰਹੇ ਹਨ। ਜਦੋਂ ਤੋਂ ਚੋਣਾਂ ਸ਼ੁਰੂ
ਹੋਈਆਂ, ਉਨ੍ਹਾਂ ਨੇ ਪੰਚਾਇਤ ਤੋਂ ਲੈ ਕੇ ਸੰਸਦ ਤੱਕ ਦੀਆਂ ਚੋਣਾਂ ਵਿਚ ਵੋਟ ਪਾਉਣ ਦੀ
ਆਪਣੀ ਜ਼ਿੰਮੇਵਾਰੀ ਨਿਭਾਈ।
ਕਈ ਵਾਰ ਉਹ ਮੈਨੂੰ ਕਹਿੰਦੇ ਹਨ ਕਿ ਦੇਖੋ ਭਾਈ, ਜਨਤਾ ਦਾ, ਰੱਬ ਦਾ ਅਾਸ਼ੀਰਵਾਦ
ਤੁਹਾਡੇ ਨਾਲ ਹੈ, ਤੁਹਾਨੂੰ ਕਦੇ ਕੁਝ ਨਹੀਂ ਹੋਵੇਗਾ। ਉਹ ਕਹਿੰਦੇ ਹਨ ਕਿ ਆਪਣੇ ਸਰੀਰ
ਨੂੰ ਹਮੇਸ਼ਾ ਚੰਗਾ ਰੱਖੋ, ਆਪਣੇ ਆਪ ਨੂੰ ਤੰਦਰੁਸਤ ਰੱਖੋ ਕਿਉਂਕਿ ਸਰੀਰ ਚੰਗਾ ਹੋਵੇਗਾ
ਤਾਂ ਹੀ ਤੁਸੀਂ ਚੰਗੇ ਕੰਮ ਕਰ ਸਕੋਗੇ।
ਮਾਂ ਦੇ ਨਾਂ ’ਤੇ ਅੱਜ ਵੀ ਕੋਈ ਜਾਇਦਾਦ ਨਹੀਂ ਹੈ। ਮੈਂ ਉਸ ਦੇ ਸਰੀਰ ’ਤੇ ਕਦੇ ਸੋਨਾ
ਨਹੀਂ ਦੇਖਿਆ। ਉਨ੍ਹਾਂ ਨੂੰ ਸੋਨੇ, ਗਹਿਣਿਆਂ ਦਾ ਕੋਈ ਮੋਹ ਨਹੀਂ ਹੈ। ਉਹ ਪਹਿਲਾਂ ਵੀ
ਸਾਦਗੀ ਨਾਲ ਰਹਿੰਦੇ ਸਨ ਅਤੇ ਅੱਜ ਵੀ ਆਪਣੇ ਛੋਟੇ ਜਿਹੇ ਕਮਰੇ ਵਿਚ ਪੂਰੀ ਸਾਦਗੀ ਨਾਲ
ਰਹਿੰਦੇ ਹਨ।
ਮਾਂ ਦਾ ਰੱਬ ਵਿਚ ਅਟੁੱਟ ਵਿਸ਼ਵਾਸ ਹੈ ਪਰ ਉਹ ਅੰਧਵਿਸ਼ਵਾਸ ਤੋਂ ਕੋਹਾਂ ਦੂਰ ਰਹਿੰਦੇ
ਹਨ। ਉਹ ਸ਼ੁਰੂ ਤੋਂ ਹੀ ਕਬੀਰਪੰਥੀ ਰਹੇ ਹਨ ਅਤੇ ਅੱਜ ਵੀ ਉਹ ਉਸੇ ਪਰੰਪਰਾ ਨਾਲ ਆਪਣੀ
ਪੂਜਾ ਕਰਦੇ ਹਨ।
ਇੰਨੇ ਸਾਲਾਂ ਦੀ ਹੋ ਜਾਣ ਦੇ ਬਾਵਜੂਦ ਮਾਂ ਦੀ ਯਾਦਦਾਸ਼ਤ ਬਹੁਤ ਚੰਗੀ ਹੈ। ਉਨ੍ਹਾਂ
ਨੂੰ ਦਹਾਕਿਆਂ ਪਹਿਲਾਂ ਵਾਪਰੀਆਂ ਗੱਲਾਂ ਚੰਗੀ ਤਰ੍ਹਾਂ ਯਾਦ ਹਨ। ਅੱਜ ਵੀ ਜਦੋਂ ਕਦੀ ਕੋਈ
ਰਿਸ਼ਤੇਦਾਰ ਉਨ੍ਹਾਂ ਨੂੰ ਮਿਲਣ ਆਉਂਦਾ ਹੈ ਅਤੇ ਆਪਣਾ ਨਾਂ ਦੱਸਦਾ ਹੈ ਤਾਂ ਉਹ ਝੱਟ
ਉਨ੍ਹਾਂ ਦੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਦਾ ਨਾਂ ਲੈ ਕੇ ਕਹਿ ਦਿੰਦੇ ਹਨ ਕਿ ਚੰਗਾ
ਤੁਸੀਂ ਉਨ੍ਹਾਂ ਦੇ ਘਰੋਂ ਆਏ ਹੋ।
ਮਾਂ ਵਿਚ ਜਿੰਨੀ ਜ਼ਿਆਦਾ ਸੰਵੇਦਨਸ਼ੀਲਤਾ ਹੈ, ਸੇਵਾ ਹੈ, ਓਨੀ ਹੀ ਜ਼ਿਆਦਾ ਉਨ੍ਹਾਂ
ਦੀ ਨਜ਼ਰ ਪਾਰਖੀ ਵੀ ਰਹੀ ਹੈ। ਮਾਂ ਛੋਟੇ ਬੱਚਿਆਂ ਦੇ ਇਲਾਜ ਦੇ ਕਈ ਦੇਸੀ ਤਰੀਕੇ ਜਾਣਦੇ
ਹਨ। ਵਡਨਗਰ ਵਾਲੇ ਘਰ ਵਿਚ ਅਕਸਰ ਸਵੇਰ ਤੋਂ ਹੀ ਸਾਡੇ ਘਰ ਕਤਾਰ ਲੱਗ ਜਾਂਦੀ ਸੀ। ਲੋਕ
ਆਪਣੇ 6-8 ਮਹੀਨਿਆਂ ਦੇ ਬੱਚਿਆਂ ਨੂੰ ਮਾਂ ਕੋਲ ਦਿਖਾਉਣ ਲਈ ਲੈ ਕੇ ਆਉਂਦੇ ਸਨ।
ਦੂਸਰਿਆਂ ਦੀਆਂ ਇੱਛਾਵਾਂ ਦਾ ਸਤਿਕਾਰ ਕਰਨ ਦੀ ਭਾਵਨਾ, ਆਪਣੀ ਮਰਜ਼ੀ ਨੂੰ ਦੂਸਰਿਆਂ
’ਤੇ ਨਾ ਥੋਪਣ ਦੀ ਭਾਵਨਾ, ਮੈਂ ਬਚਪਨ ਤੋਂ ਆਪਣੀ ਮਾਂ ਵਿਚ ਦੇਖੀ ਹੈ। ਖਾਸ ਕਰਕੇ ਮੇਰੇ
ਬਾਰੇ ਤਾਂ ਉਹ ਬਹੁਤ ਖਿਆਲ ਰੱਖਦੇ ਸਨ ਕਿ ਉਹ ਕਦੇ ਵੀ ਮੇਰੇ ਅਤੇ ਮੇਰੇ ਫ਼ੈਸਲਿਆਂ ਦਰਮਿਆਨ
ਦੀਵਾਰ ਨਾ ਬਣ ਜਾਵੇ। ਮੇਰੇ ਨਿੱਤ ਦੇ ਕ੍ਰਮ ਕਾਰਨ, ਮੇਰੇ ਭਿੰਨ-ਭਿੰਨ ਅਨੁਭਵਾਂ ਕਾਰਨ,
ਕਈ ਵਾਰ ਮੇਰੀ ਮਾਂ ਨੂੰ ਮੇਰੇ ਲਈ ਵੱਖਰਾ ਪ੍ਰਬੰਧ ਕਰਨਾ ਪੈਂਦਾ ਸੀ ਪਰ ਉਨ੍ਹਾਂ ਦੇ
ਚਿਹਰੇ ’ਤੇ ਕਦੇ ਤਿਊੜੀਆਂ ਨਹੀਂ ਪਈਆਂ, ਮਾਂ ਨੇ ਕਦੇ ਇਸ ਨੂੰ ਬੋਝ ਨਹੀਂ ਸਮਝਿਆ।
ਮਾਂ ਨੂੰ ਲੱਗ ਰਿਹਾ ਸੀ ਕਿ ਮੈਂ ਕਿਸੇ ਹੋਰ ਦਿਸ਼ਾ ਵੱਲ ਜਾ ਰਿਹਾ ਹਾਂ। ਜਦੋਂ ਮੈਂ
ਘਰ ਛੱਡਣ ਦਾ ਫ਼ੈਸਲਾ ਕੀਤਾ ਤਾਂ ਮੇਰੀ ਮਾਂ ਨੂੰ ਬਹੁਤ ਦਿਨ ਪਹਿਲਾਂ ਹੀ ਇਹ ਗੱਲ ਸਮਝ ਆ
ਗਈ ਸੀ। ਮਾਂ ਮੇਰੇ ਬਾਰੇ ਸਭ ਕੁਝ ਜਾਣਦੇ ਸਨ। ਉਨ੍ਹਾਂ ਨੇ ਮੇਰੇ ਮਨ ਦਾ ਫਿਰ ਤੋਂ
ਸਤਿਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਵੇਂ ਤੇਰਾ ਮਨ ਕਰੇ, ਉਵੇਂ ਹੀ ਕਰ। ਘਰੋਂ ਨਿਕਲਣ
ਤੋਂ ਪਹਿਲਾਂ ਮਾਂ ਨੇ ਮੈਨੂੰ ਦਹੀਂ ਅਤੇ ਗੁੜ ਵੀ ਖੁਆਇਆ। ਉਹ ਜਾਣਦੇ ਸਨ ਕਿ ਹੁਣ ਮੇਰੀ
ਜ਼ਿੰਦਗੀ ਕਿਹੋ ਜਿਹੀ ਹੋਣ ਵਾਲੀ ਹੈ। ਘਰ ਛੱਡਣ ਤੋਂ ਬਾਅਦ ਦੇ ਵਰ੍ਹਿਆਂ ਵਿਚ, ਮੈਂ
ਜਿੱਥੇ ਵੀ ਰਿਹਾ, ਜਿਸ ਹਾਲ ਵਿਚ ਵੀ ਰਿਹਾ, ਮਾਂ ਦੀਆਂ ਅਸੀਸਾਂ ਦਾ ਅਹਿਸਾਸ ਹਮੇਸ਼ਾ
ਮੇਰੇ ਨਾਲ ਰਿਹਾ। ਮਾਂ ਮੇਰੇ ਨਾਲ ਗੁਜਰਾਤੀ ਵਿਚ ਹੀ ਗੱਲ ਕਰਦੀ ਹੈ।
ਮੇਰੀ ਮਾਂ ਨੇ ਮੈਨੂੰ ਹਮੇਸ਼ਾ ਆਪਣੇ ਸਿਧਾਂਤਾਂ ’ਤੇ ਡਟੇ ਰਹਿਣ, ਗ਼ਰੀਬਾਂ ਲਈ ਕੰਮ
ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਹੈ। ਮੈਨੂੰ ਯਾਦ ਹੈ, ਜਦੋਂ ਮੈਨੂੰ ਮੁੱਖ ਮੰਤਰੀ ਬਣਾਉਣ
ਦਾ ਫ਼ੈਸਲਾ ਕੀਤਾ ਗਿਆ ਤਾਂ ਮੈਂ ਗੁਜਰਾਤ ਵਿਚ ਨਹੀਂ ਸਾਂ। ਏਅਰਪੋਰਟ ਤੋਂ ਮੈਂ ਸਿੱਧਾ
ਆਪਣੀ ਮਾਂ ਨੂੰ ਮਿਲਣ ਗਿਆ। ਖੁਸ਼ ਹੋਈ ਮਾਂ ਦਾ ਪਹਿਲਾ ਸਵਾਲ ਸੀ, ਕੀ ਤੁਸੀਂ ਹੁਣ ਇੱਥੇ
ਹੀ ਰਿਹਾ ਕਰੋਗੇ? ਮਾਂ ਨੂੰ ਮੇਰਾ ਜਵਾਬ ਪਤਾ ਸੀ। ਫਿਰ ਉਨ੍ਹਾਂ ਨੇ ਮੈਨੂੰ ਕਿਹਾ -
‘‘ਮੈਨੂੰ ਸਰਕਾਰ ਵਿਚ ਤੁਹਾਡੇ ਕੰਮ ਦੀ ਸਮਝ ਨਹੀਂ ਆਉਂਦੀ ਪਰ ਮੈਂ ਸਿਰਫ਼ ਇਹ ਚਾਹੁੰਦੀ
ਹਾਂ ਕਿ ਤੁਸੀਂ ਕਦੇ ਰਿਸ਼ਵਤ ਨਾ ਲੈਣਾ।’’
ਇੱਥੇ ਦਿੱਲੀ ਆਉਣ ਤੋਂ ਬਾਅਦ ਮਾਂ ਨਾਲ ਮਿਲਣਾ ਹੋਰ ਵੀ ਘੱਟ ਹੋ ਗਿਆ ਹੈ। ਜਦੋਂ ਮੈਂ
ਗਾਂਧੀਨਗਰ ਜਾਂਦਾ ਹਾਂ ਤਾਂ ਕਦੇ-ਕਦਾਈਂ ਆਪਣੀ ਮਾਂ ਦੇ ਘਰ ਜਾਂਦਾ ਹਾਂ। ਮਾਂ ਨੂੰ ਮਿਲਣਾ
ਹੁੰਦਾ ਹੈ, ਬਸ ਕੁਝ ਹੀ ਪਲਾਂ ਲਈ ਪਰ ਮੈਂ ਅੱਜ ਤੱਕ ਆਪਣੀ ਮਾਂ ਦੇ ਮਨ ਵਿਚ ਕੋਈ
ਨਾਰਾਜ਼ਗੀ ਜਾਂ ਉਦਾਸੀ ਮਹਿਸੂਸ ਨਹੀਂ ਕੀਤੀ। ਮਾਂ ਅਕਸਰ ਪੁੱਛਦੇ-ਕੀ ਦਿੱਲੀ ਵਿਚ ਚੰਗਾ
ਲੱਗਦਾ ਹੈ? ਕੀ ਮਨ ਲੱਗਦਾ ਹੈ?
ਉਹ ਮੈਨੂੰ ਵਾਰ-ਵਾਰ ਯਾਦ ਕਰਵਾਉਂਦੇ ਹਨ ਕਿ ਮੇਰੀ ਚਿੰਤਾ ਨਾ ਕਰੋ, ਤੁਹਾਡੇ ਉੱਪਰ
ਵੱਡੀ ਜ਼ਿੰਮੇਵਾਰੀ ਹੈ। ਮਾਂ ਨਾਲ ਜਦੋਂ ਵੀ ਫ਼ੋਨ ’ਤੇ ਗੱਲ ਹੁੰਦੀ ਹੈ, ਤਾਂ ਉਹ ਇਹੀ
ਕਹਿੰਦੇ ਹਨ, ‘‘ਦੇਖ ਭਾਈ, ਕਦੇ ਕੋਈ ਗਲਤ ਕੰਮ ਨਾ ਕਰਨਾ, ਬੁਰਾ ਕੰਮ ਨਾ ਕਰਨਾ, ਗ਼ਰੀਬਾਂ
ਲਈ ਕੰਮ ਕਰਨਾ।’’
ਅੱਜ ਜੇਕਰ ਮੈਂ ਆਪਣੀ ਮਾਂ ਅਤੇ ਆਪਣੇ ਪਿਤਾ ਦੇ ਜੀਵਨ ਵਲ ਝਾਤ ਮਾਰਾਂ ਤਾਂ ਉਨ੍ਹਾਂ
ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਈਮਾਨਦਾਰੀ ਅਤੇ ਸਵੈ-ਮਾਣ ਹੈ। ਗ਼ਰੀਬੀ ਨਾਲ ਜੂਝਦੇ ਹੋਏ
ਹਾਲਾਤ ਭਾਵੇਂ ਜੋ ਮਰਜ਼ੀ ਰਹੇ ਹੋਣ, ਮੇਰੇ ਮਾਤਾ-ਪਿਤਾ ਨੇ ਕਦੇ ਵੀ ਈਮਾਨਦਾਰੀ ਦਾ ਰਾਹ
ਨਹੀਂ ਛੱਡਿਆ ਅਤੇ ਨਾ ਹੀ ਆਪਣੇ ਸਵੈ-ਮਾਣ ਨਾਲ ਸਮਝੌਤਾ ਕੀਤਾ। ਉਨ੍ਹਾਂ ਕੋਲ ਹਰ ਕਠਿਨਾਈ
ਵਿਚੋਂ ਨਿਕਲਣ ਦਾ ਇਕੋ-ਇਕ ਰਸਤਾ ਸੀ-ਮਿਹਨਤ, ਦਿਨ-ਰਾਤ ਮਿਹਨਤ।
ਮੇਰੀ ਮਾਂ ਅੱਜ ਵੀ ਇਸ ਕੋਸ਼ਿਸ਼ ਵਿਚ ਰਹਿੰਦੇ ਹਨ ਕਿ ਕਿਸੇ ’ਤੇ ਬੋਝ ਨਾ ਬਣਨ, ਜਿੰਨਾ ਹੋ ਸਕੇ, ਆਪਣਾ ਕੰਮ ਆਪ ਕਰਨ।
ਅੱਜ ਵੀ ਜਦੋਂ ਮੈਂ ਮਾਂ ਨੂੰ ਮਿਲਦਾ ਹਾਂ ਤਾਂ ਉਹ ਹਮੇਸ਼ਾ ਕਹਿੰਦੇ ਹਨ ਕਿ ‘‘ਮੈਂ
ਮਰਦੇ ਦਮ ਤੱਕ ਕਿਸੇ ਤੋਂ ਸੇਵਾ ਨਹੀਂ ਕਰਵਾਉਣਾ ਚਾਹੁੰਦੀ, ਬਸ ਇਸੇ ਤਰ੍ਹਾਂ ਹੀ
ਚਲਦੇ-ਫਿਰਦੇ ਚਲੇ ਜਾਣ ਦੀ ਇੱਛਾ ਹੈ।’’
ਮੈਂ ਆਪਣੀ ਮਾਂ ਦੀ ਇਸ ਜੀਵਨ ਯਾਤਰਾ ਵਿਚ ਦੇਸ਼ ਦੀ ਸਮੁੱਚੀ ਮਾਂ ਸ਼ਕਤੀ ਦੇ ਤਪ,
ਤਿਆਗ ਅਤੇ ਯੋਗਦਾਨ ਦੇ ਦਰਸ਼ਨ ਕਰਦਾ ਹਾਂ। ਮੈਂ ਜਦੋਂ ਆਪਣੀ ਮਾਂ ਅਤੇ ਉਨ੍ਹਾਂ ਜਿਹੀਆਂ
ਕਰੋੜਾਂ ਨਾਰੀਆਂ ਦੀ ਤਾਕਤ ਨੂੰ ਦੇਖਦਾ ਹਾਂ ਤਾਂ ਮੈਨੂੰ ਅਜਿਹਾ ਕੋਈ ਟੀਚਾ ਨਹੀਂ ਦਿਸਦਾ
ਜੋ ਭਾਰਤ ਦੀਆਂ ਭੈਣਾਂ ਅਤੇ ਬੇਟੀਆਂ ਲਈ ਅਸੰਭਵ ਹੋਵੇ।
‘‘ਅਭਾਵ ਕੀ ਹਰ ਕਥਾ ਸੇ ਬਹੁਤ ਉੱਪਰ, ਏਕ ਮਾਂ ਕੀ ਗੌਰਵ ਗਾਥਾ ਹੋਤੀ ਹੈ।
ਸੰਘਰਸ਼ ਕੇ ਹਰ ਪਲ ਸੇ ਬਹੁਤ ਉੱਪਰ, ਏਕ ਮਾਂ ਕੀ ਇੱਛਾਸ਼ਕਤੀ ਹੋਤੀ ਹੈ।’’
ਮਾਂ, ਤੁਹਾਨੂੰ ਜਨਮਦਿਨ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ।
ਤੁਹਾਡਾ ਜਨਮ ਸ਼ਤਾਬਦੀ ਵਰ੍ਹਾ ਸ਼ੁਰੂ ਹੋਣ ਵਾਲਾ ਹੈ।
ਜਨਤਕ ਤੌਰ ’ਤੇ ਕਦੇ ਤੁਹਾਡੇ ਲਈ ਇੰਨਾ ਲਿਖਣ, ਇੰਨਾ ਕਹਿਣ ਦੀ ਦਲੇਰੀ ਨਹੀਂ ਕਰ ਸਕਿਆ।
ਤੁਸੀਂ ਤੰਦਰੁਸਤ ਰਹੋ, ਤੁਹਾਡਾ ਆਸ਼ੀਰਵਾਦ ਸਾਡੇ ਸਾਰਿਆਂ ’ਤੇ ਬਣਿਆ ਰਹੇ, ਇਹੀ ਸਾਡੀ ਈਸ਼ਵਰ ਅੱਗੇ ਪ੍ਰਾਰਥਨਾ ਹੈ।
ਨਰਿੰਦਰ ਮੋਦੀ (ਮਾਣਯੋਗ ਪ੍ਰਧਾਨ ਮੰਤਰੀ, ਭਾਰਤ)