ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬ ’ਚ ਹੋਏ ਹਮਲੇ ਕਾਰਨ ਭਾਰਤ ਆ ਰਹੇ ਨੇ ਕਈ ਅਫ਼ਗਾਨੀ ਸਿੱਖ ਤੇ ਹਿੰਦੂ |
|
|
ਅੰਮ੍ਰਿਤਸਰ --22ਜੂਨ-(MDP)-- ਬੀਤੇ ਦਿਨੀਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ
'ਚ ਗੁਰਦੁਆਰਾ ਸਾਹਿਬ 'ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਕਾਰਨ ਬਹੁਤ ਸਾਰੇ ਅਫ਼ਗਾਨ
ਹਿੰਦੂ ਸਿੱਖ ਭਾਈਚਾਰੇ ਦੇ ਲੋਕ ਹੁਣ ਭਾਰਤ ਆਉਣਾ ਚਾਹੁੰਦੇ ਹਨ। ਸੂਤਰਾਂ ਅਨੁਸਾਰ
ਅਫ਼ਗਾਨਿਸਤਾਨ 'ਚ ਰਹਿ ਰਹੇ 109 ਅਫ਼ਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਭਾਰਤ ਸਰਕਾਰ ਤੋਂ
ਐਮਰਜੈਂਸੀ ਈ-ਵੀਜ਼ੇ ਮਿਲ ਚੁੱਕੇ ਹਨ। 57 ਹੋਰ ਲੋਕਾਂ ਨੇ ਵੀ ਇਸ ਲਈ ਅਪਲਾਈ ਕਰ ਦਿੱਤਾ
ਹੈ, ਜੋ ਇਕੱਠੇ ਭਾਰਤ ਆਉਣ ਦੀ ਥਾਂ 20-25 ਲੋਕਾਂ ਦੇ ਗਰੁੱਪ 'ਚ ਆਉਣਗੇ।
ਅਫ਼ਗਾਨ ਸਿੱਖ ਭਾਈਚਾਰੇ ਮੁਤਾਬਕ ਭਾਰਤ ਆਉਣ ਮੌਕੇ ਗੁਰਦੁਆਰਾ ਸਾਹਿਬ 'ਚ ਸਥਾਪਤ ਸ੍ਰੀ
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਭਾਰਤ ਲਿਆਂਦੇ ਜਾਣਗੇ।
ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਅਫ਼ਗਾਨ ਸਿੱਖਾਂ ਨਾਲ ਮੁਲਾਕਾਤ
ਕਰਕੇ ਨੁਕਸਾਨੇ ਗਏ ਗੁਰਦੁਆਰਾ ਸਾਹਿਬ ਦੇ ਨਵਨਿਰਮਾਣ ਲਈ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ
ਹੈ ਅਤੇ ਗੁਰਦੁਆਰਾ ਸਾਹਿਬ ਦੇ ਸ਼ੁਰੂਆਤੀ ਰੱਖ-ਰਖਾਅ ਲਈ 1.50 ਲੱਖ ਰੁਪਏ ਅਫ਼ਗ਼ਾਨੀ ਵਿੱਤੀ
ਸਹਾਇਤਾ ਵੀ ਦਿੱਤੀ ਹੈ।ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ
ਧਾਮੀ ਨੇ ਅਫਗਾਨਿਸਤਾਨ ਦੇ ਸਿੱਖਾਂ ਲਈ ਮਦਦ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਮੌਜੂਦਾ
ਹਾਲਾਤ ਦੇ ਚੱਲਦਿਆਂ ਜਿਹੜੇ ਸਿੱਖ ਅਫਗਾਨਿਸਤਾਨ ਤੋਂ ਭਾਰਤ ਆਉਣਾ ਚਾਹੁੰਦੇ ਹਨ, ਉਨ੍ਹਾਂ
ਦੀਆਂ ਹਵਾਈ ਟਿਕਟਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਐਡਵੋਕੇਟ ਧਾਮੀ
ਨੇ ਇਸ ਸਬੰਧ ਵਿਚ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ’ਚ ਰਹਿ
ਰਹੇ ਸਿੱਖਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਦੀ ਤੁਰੰਤ ਮਨਜ਼ੂਰੀ ਦੇਵੇ, ਤਾਂ ਕਿ ਉਹ ਡਰ
ਭਰੇ ਮਾਹੌਲ ’ਚੋਂ ਨਿਕਲ ਸਕਣ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ’ਚ ਰਹਿੰਦੇ ਸਿੱਖਾਂ ਨੂੰ
ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜਿੰਨਾ ਕੋਲ ਆਵਾਜਾਈ ਦੇ ਖ਼ਰਚਿਆਂ ਦਾ ਪ੍ਰਬੰਧ ਨਹੀਂ ਹੈ,
ਉਨ੍ਹਾਂ ਲਈ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ।
|