ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹੁਣ ਕਿਸ ਨੂੰ ਮਿਲੇਗਾ ‘ਧਨੁਸ਼-ਬਾਣ’ |
|
|
ਨਵੀਂ ਦਿੱਲੀ, --01ਜੁਲਾਈ-(MDP)-- 19 ਜੂਨ, 1966 ਵਿਚ ਮੁੰਬਈ
ਵਿਚ ਸਥਾਪਤ ਹੋਈ ਬਾਲਾ ਸਾਹਿਬ ਠਾਕਰੇ ਦੀ ਸ਼ਿਵ ਸੈਨਾ 56 ਸਾਲ ਬਾਅਦ ਜੂਨ ਮਹੀਨੇ ਵਿਚ ਹੀ
ਖਿੱਲਰ ਗਈ। ਪਾਰਟੀ 2 ਟੁੱਕੜਿਆਂ ਵਿਚ ਵੰਡੀ ਗਈ। ਸ਼ਿਵ ਸੈਨਾ ਨਾਲ ਬਗਾਵਤ ਕਰ ਕੇ ਨਵਾਂ
ਧੜਾ ਤਿਆਰ ਕਰਨ ਵਾਲੇ ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਬਣ ਗਏ। ਲਿਹਾਜ਼ਾ
ਹੁਣ ਸ਼ਿਵ ਸੈਨਾ ਪਾਰਟੀ ਕਿਸ ਦੀ ਹੋਵੇਗੀ ਅਤੇ ਕਿਸ ਨੂੰ ਮਿਲੇਗਾ ਪਾਰਟੀ ਦਾ ਚੋਣ ਨਿਸ਼ਾਨ
ਧਨੁਸ਼-ਬਾਣ, ਇਸ ਨੂੰ ਲੈ ਕੇ ਸ਼ਿੰਦੇ ਅਤੇ ਠਾਕਰੇ ਪਰਿਵਾਰ ਦਰਮਿਆਨ ਵੱਡੇ ਪੱਧਰ ’ਤੇ ਜੰਗ
ਹੋਣੀ ਤੈਅ ਹੈ।
ਏਕਨਾਥ ਸ਼ਿੰਦੇ ਨੇ ਨਵਾਂ ਮੁੱਖ ਵ੍ਹਿਪ ਭਰਤ ਗੋਗਾਵਲੇ ਨੂੰ ਨਿਯੁਕਤ ਕਰ ਕੇ ਪਹਿਲਾਂ ਹੀ
ਸਾਫ ਕਰ ਦਿੱਤਾ ਹੈ ਕਿ ਅਸਲੀ ਸ਼ਿਵ ਸੈਨਾ ਤਾਂ ਉਨ੍ਹਾਂ ਕੋਲ ਹੈ। ਬੁੱਧਵਾਰ ਦੀ ਰਾਤ
ਅਸਤੀਫਾ ਦੇਣ ਦੇ ਨਾਲ ਉਧਵ ਠਾਕਰੇ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਸ਼ਿਵ ਸੈਨਾ ਉਨ੍ਹਾਂ ਦੀ
ਹੈ ਅਤੇ ਉਸ ਨੂੰ ਕੋਈ ਖੋਹ ਨਹੀਂ ਸਕਦਾ ਪਰ ਏਕਨਾਥ ਸ਼ਿੰਦੇ ਦੇ ਬਿਆਨਾਂ ਨੇ ਸਾਫ ਕਰ ਦਿੱਤਾ
ਹੈ ਕਿ ਉਹ ਪਿੱਛੇ ਨਹੀਂ ਹਟਣ ਵਾਲੇ। ਸ਼ਿਵ ਸੈਨਾ ਤਾਂ ਉਨ੍ਹਾਂ ਦੇ ਨਾਲ ਹੈ ਅਤੇ ਸ਼ਿਵ
ਸੈਨਿਕ ਵੀ ਉਨ੍ਹਾਂ ਦੇ ਨਾਲ ਹਨ। ਇਸ ਤੋਂ ਮਹਿਸੂਸ ਹੋ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸ਼ਿਵ ਸੈਨਾ ਕਿਸ ਦੀ
ਹੋਵੇਗੀ, ਇਸ ’ਤੇ ਵਿਵਾਦ ਛਿੜੇਗਾ। ਪਾਰਟੀ ਅਤੇ ਪਾਰਟੀ ਦੇ ਚੋਣ ਨਿਸ਼ਾਨ ਨੂੰ ਲੈ ਕੇ
ਸ਼ਿੰਦੇ ਅਤੇ ਠਾਕਰੇ ਪਰਿਵਾਰ ਆਮਣੇ-ਸਾਹਮਣੇ ਹੋਣਗੇ। ਮਾਮਲਾ ਚੋਣ ਕਮਿਸ਼ਨ ਤੋਂ ਲੈ ਕੇ
ਕੋਰਟ-ਕਚਹਿਰੀ ਵਿਚ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਚੋਣ
ਕਮਿਸ਼ਨ ਕਿਸੇ ਵੀ ਪਾਰਟੀ ਨੂੰ ਮਾਨਤਾ ਦੇਣ ਅਤੇ ਚੋਣ ਨਿਸ਼ਾਨ ਅਲਾਟ ਕਰਨ ਦਾ ਕੰਮ 1968 ਦੇ
ਚੋਣ ਨਿਸ਼ਾਨ (ਰਾਖਵਾਂਕਰਣ ਅਤੇ ਅਲਾਟਮੈਂਟ) ਹੁਕਮ ਤਹਿਤ ਕਰਦਾ ਹੈ।
|