ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਦਰਜੀ ਕਨ੍ਹਈਆ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ |
|
|
 ਉਦੇਪੁਰ --02ਜੁਲਾਈ-(MDP)-- ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਸ਼ਨੀਵਾਰ ਨੂੰ ਉਦੇਪੁਰ 'ਚ ਦਰਜੀ
ਕਨ੍ਹਈਆ ਲਾਲ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰ ਕੇ ਫੰਡ ਰੇਜਰ ਦੇ ਮਾਧਿਅਮ ਨਾਲ
ਇੱਕਠੀ ਇਕ ਕਰੋੜ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ। ਉਦੇਪੁਰ ਦੇ ਧਾਨ ਮੰਡੀ
ਖੇਤਰ 'ਚ ਮੰਗਲਵਾਰ ਨੂੰ ਦਰਜੀ ਕਨ੍ਹਈਆ ਲਾਲ ਦਾ 2 ਲੋਕਾਂ ਨੇ ਚਾਕੂ ਮਾਰ ਕੇ ਕਤਲ ਕਰ
ਦਿੱਤਾ ਸੀ ਅਤੇ ਵਾਰਦਾਤ ਦਾ ਇਕ ਵੀਡੀਓ ਬਣਾ ਕੇ
ਸੋਸ਼ਲ ਮੀਡੀਆ 'ਤੇ ਇਸ ਨੂੰ ਵਾਇਰਲ ਕਰ
ਦਿੱਤਾ। ਉਦੇਪੁਰ ਦੇ ਸੈਕਟਰ 14 ਸਥਿਤ ਦਰਜੀ ਕਨ੍ਹਈਆ ਲਾਲ ਦੇ ਘਰ ਪਰਿਵਾਰ ਵਾਲਿਆਂ ਨਾਲ
ਮੁਲਾਕਾਤ ਅਤੇ ਸ਼ਰਧਾਂਜਲੀ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਿਸ਼ਰਾ ਨੇ
ਕਿਹਾ ਕਿ ਫੰਡ ਰੇਜਰ ਰਾਹੀਂ ਇਕ ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰਨ ਦਾ ਟੀਚਾ ਰੱਖਿਆ ਗਿਆ
ਸੀ ਪਰ ਲਗਭਗ 1 ਕਰੋੜ 70 ਲੱਖ ਰੁਪਏ ਇਕੱਠੇ ਹੋਏ ਅਤੇ ਲੋਕ ਹਾਲੇ ਵੀ ਯੋਗਦਾਨ ਦੇ ਰਹੇ
ਹਨ।ਉਨ੍ਹਾਂ ਕਿਹਾ ਕਿ ਇਕ ਕਰੋੜ ਰੁਪਏ ਦੀ ਰਾਸ਼ੀ ਕਨ੍ਹਈਆ ਲਾਲ ਦੇ ਪਰਿਵਾਰ ਨੂੰ ਟਰਾਂਸਫਰ
ਕਰ ਦਿੱਤੀ ਜਾਵੇਗੀ ਅਤੇ ਇਸ ਰਾਸ਼ੀ ਦੀ ਵਰਤੋਂ ਘਰ ਦੇ ਕਰਜ਼ੇ ਅਤੇ ਦੋਹਾਂ ਮੁੰਡਿਆਂ ਦੀ
ਪੜ੍ਹਾਈ ਲਈ ਕੀਤੀ ਜਾਵੇਗੀ। ਮਿਸ਼ਰਾ ਨੇ ਕਿਹਾ ਕਿ ਘਟਨਾ ਦੇ ਸਮੇਂ ਕਨ੍ਹਈਆ ਲਾਲ ਦੀ ਦੁਕਾਨ
'ਚ ਮੌਜੂਦ ਜ਼ਖ਼ਮੀ ਈਸ਼ਵਰ ਨੂੰ 25 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੁੱਧਵਾਰ
ਨੂੰ ਰਾਜਸਮੰਦ 'ਚ ਜ਼ਖ਼ਮੀ ਹੋਏ ਪੁਲਸ ਕਾਂਸਟੇਬਲ ਸੰਦੀਪ ਨੂੰ 5 ਲੱਖ ਰੁਪਏ ਦਿੱਤੇ
ਜਾਣਗੇ। ਪੁਲਸ ਕਾਂਸਟੇਬਲ ਸੰਦੀਪ ਉਸ ਸਮੇਂ ਜ਼ਖ਼ਮੀ ਹੋ ਗਏ ਸਨ, ਜਦੋਂ ਹਮਲੇ ਦੀ ਨੀਅਤ
ਨਾਲ ਇਕ ਸਥਾਨਕ ਸਥਾਨ ਵੱਲ ਜਾਂਦੀ ਇਕ ਭੀੜ ਨੇ ਪੁਲਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਉਸ
ਦੌਰਾਨ ਹਮਲੇ 'ਚ ਕਾਂਸਟੇਬਲ ਜ਼ਖ਼ਮੀ ਹੋ ਗਏ ਸਨ। ਭਾਜਪਾ ਨੇਤਾ ਨੇ ਕਿਹਾ ਕਿ ਮਹਾਰਾਸ਼ਟਰ
ਦੇ ਅਮਰਾਵਤੀ 'ਚ ਕਤਲ ਕੀਤੇ ਗਏ ਉਮੇਸ਼ ਪ੍ਰਹਿਲਾਦਰਾਓ ਕੋਲੇ ਦੇ ਪਰਿਵਾਰ ਵਾਲਿਆਂ ਨੂੰ ਵੀ
30 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ।
|