ਭਾਈ ਉਦੈ ਸਿੰਘ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਸਿੱਖ ਸਨ। ਉਹ ਭਾਈ ਬੱਚਿਤਰ ਸਿੰਘ ਜੀ ਦੇ ਭਰਾ ਸਨ। ਉਨ੍ਹਾਂ ਦੇ ਪਿਤਾ ਮਨੀ ਰਾਮ ਜੀ ਨੇ ਜੋ ਅਲੀਪੁਰ ਦੇ ਵਸਨੀਕ ਸਨ, ਉਨ੍ਹਾਂ ਸਮੇਤ ਆਪਣੇ ਚਾਰ ਪੁੱਤਰ ਹੋਰ ਦਸ਼ਮੇਸ਼ ਜੀ ਨੂੰ ਅਰਪਣ ਕਰ ਦਿੱਤੇ ਸਨ।
ਭਾਈ ਉਦੈ ਸਿੰਘ ਜੀ ਬੜੇ ਚੰਗੇ ਨਿਸ਼ਾਨਚੀ ਤੇ ਨਿਰਭੈ ਸ਼ਿਕਾਰੀ ਸਨ। ਇੱਕ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਲਈ ਗਏ। ਕੁੱਝ ਸਿੱਖ ਵੀ ਸਤਿਗੁਰੂ ਜੀ ਦੇ ਨਾਲ ਸਨ, ਜਿਨ੍ਹਾਂ ਨੇ ਘੋੜਿਆਂ ਤੇ ਮਾਲ-ਭੰਡਾਰ ਵਾਸਤੇ ਘਾਹ-ਪੱਠਾ ਵੀ ਇਕੱਠਾ ਕਰਨਾ ਸੀ। ਦੋ
ਪਹਾੜੀ ਰਾਜਿਆਂ ਬਲੀਆਂ ਚੰਦ ਅਤੇ ਆਲਮ ਚੰਦ ਨੇ ਜਦੋਂ ਦੇਖਿਆ ਕਿ ਸਤਿਗੁਰੂ ਜੀ ਦੇ ਨਾਲ
ਸਿੱਖ ਬਹੁਤ ਥੋੜੇ ਹਨ ਤਾਂ ਉਨ੍ਹਾਂ ਨੇ ਸਤਿਗੁਰਾਂ ਤੇ ਹਮਲਾ ਕਰ ਦਿੱਤਾ।
ਭਾਈ ਉਦੈ ਸਿੰਘ ਜੀ ਨੇ ਇਸ ਲੜਾਈ ਵਿੱਚ ਕਮਾਲ ਦੀ ਬਹਾਦਰੀ ਵਿਖਾਈ। ਪਹਿਲਾ ਆਲਮ ਚੰਦ ਦਾ ਮੁਕਾਬਲਾ ਭਾਈ ਆਲਮ ਸਿੰਘ ਨਾਲ ਹੋਇਆ ਅਤੇ ਭਾਈ ਆਲਮ ਸਿੰਘ ਨੇ ਉਸ ਦੀ ਸੱਜੀ ਬਾਂਹ ਵੱਢ ਦਿੱਤੀ। ਬਲੀਆ
ਚੰਦ ਨੇ ਅੱਗੇ ਵੱਧ ਕੇ ਭਾਈ ਉਦੈ ਸਿੰਘ ਨਾਲ ਟੱਕਰ ਲੈਣ ਦੀ ਸੋਚੀ ਤਾਂ ਭਾਈ ਉਦੈ ਸਿੰਘ
ਨੇ ਬੰਦੂਕ ਦੀ ਗੋਲੀ ਨਾਲ ਉਸ ਨੂੰ ਫੱਟੜ ਕਰ ਦਿੱਤਾ ਅਤੇ ਉਹ ਡਿੱਗ ਪਿਆ। ਪਹਾੜੀਏ ਭੱਜ ਉਠੇ ਅਤੇ ਸਿੱਖਾਂ ਦੀ ਜਿੱਤ ਹੋਈ। ਭਾਈ ਉਦੈ ਸਿੰਘ ਦੀ ਬੀਰਤਾ ਦੀ ਗੁਰੂ ਸਾਹਿਬ ਜੀ ਨੇ ਬਹੁਤ ਪ੍ਰਸ਼ੰਸਾ ਕੀਤੀ।
ਅਨੰਦਪੁਰ ਸਾਹਿਬ ਦੀਆਂ ਸਾਰੀਆਂ ਲੜਈਆਂ ਵਿੱਚ ਭਾਈ ਉਦੈ ਸਿੰਘ ਨੇ ਵਧਚੜ੍ਹ ਕੇ ਹਿੱਸਾ ਲਿਆ। ਜਦ
ਬਹੁਤ ਸਾਰੇ ਪਹਾੜੀ ਹਿੰਦੂ ਰਾਜਿਆਂ ਦੀਆਂ ਫੌਜਾਂ ਨੇ ਮਿਲ ਕੇ ਅਨੰਦਪੁਰ ਸਾਹਿਬ ਦਾ ਘੇਰਾ
ਪਾਇਆ ਤਾਂ ਸਤਿਗੁਰੂ ਜੀ ਨੇ ਫਤਿਹਗੜ੍ਹ ਦੇ ਕਿਲ੍ਹੇ ਦੀ ਰੱਖਿਆ ਵਾਸਤੇ ਭਾਈ ਉਦੈ ਸਿੰਘ
ਨੂੰ ਨਿਯੁਕਤ ਕੀਤਾ।
ਭਾਈ
ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਨੇ ਹਾਥੀ ਦੇ ਮੁਕਾਬਲੇ ਲਈ ਭੇਜਿਆ ਅਰੇ ਭਾਈ ਉਦੈ ਸਿੰਘ
ਜੀ ਨੇ ਗੁਰੂ ਜੀ ਪਾਸੋਂ ਆਗਿਆ ਮੰਗੀ ਕਿ ਉਹ ਜਸਵਾਲ ਦੇ ਰਾਜੇ ਕੇਸਰੀ ਚੰਦ (ਜੋ ਪਹਾੜੀ
ਰਾਜਿਆਂ ਦੀਆਂ ਫੌਜਾਂ ਦਾ ਜਰਨੈਲ ਸੀ) ਨੂੰ ਸਿੱਧਾ ਟਕਰਣਾ ਚਾਹੁੰਦਾ ਹੈ। ਸਤਿਗੁਰੂ
ਜੀ ਦੀ ਆਗਿਆ ਲੈ ਕੇ ਭਾਈ ਉਦੈ ਸਿੰਘ ਨੇ ਕੁੱਝ ਸੂਰਬੀਰ ਸਿੰਘ ਨਾਲ ਲਏ ਅਤੇ ਹਿੰਦੂ
ਰਾਜਿਆਂ ਉੱਤੇ ਭੁੱਖੇ ਸ਼ੇਰ ਦੀ ਤਰ੍ਹਾਂ ਟੁੱਟ ਪਿਆ ਅਤੇ ਪਲੋ-ਪਲੀ ਪਹਾੜੀ ਫੌਜਾਂ ਦੇ
ਸੱਥਰ ਲਾਹ ਸੁੱਟੇ।
ਭਾਈ ਉਦੈ ਸਿੰਘ ਦੇ ਭਰਾ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਸਿਰ ਵਿੱਚ ਨਾਗਣੀ ਬਰਛਾ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਮਦ ਮਸਤ ਹਾਥੀ ਮਾਰ ਖਾ ਕੇ ਵਾਪਸ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਕੂਚਲਣ ਲੱਗ ਪਿਆ ਤਾਂ ਜਸਵਾਲ ਦੇ ਰਾਜੇ ਕੇਸਰੀ ਚੰਦ ਨੂੰ ਬਹੁਤ ਗੁੱਸਾ ਚੜ੍ਹਿਆ। ਉਸ
ਸਮੇਂ ਭਾਈ ਉਦੈ ਸਿੰਘ ਕੁੱਦ ਕੇ ਮੈਦਾਨ ਵਿੱਚ ਆ ਗਿਆ ਤੇ ਉਸ ਨੇ ਰਾਜਾ ਕੇਸਰੀ ਚੰਦ ਨੂੰ
ਵੰਗਾਰਦੇ ਹੋਏ ਆਖਿਆ ਕਿ ਤੇਰੇ ਵਿੱਚ ਹਿੰਮਤ ਹੈ ਤਾਂ ਸਿੱਧਾ ਉਸ ਨਾਲ ਲੋਹਾ ਲਵੇ।
ਸਾਹਮਣੇ ਆ ਕੇ ਦੋ ਹੱਥ ਕਰੇ। ਭਾਈ ਉਦੈ ਸਿੰਘ ਨੇ ਇਸ ਫੁਰਤੀ ਨਾਲ ਅੱਗੇ ਵੱਧ ਕੇ ਕੇਸਰੀ ਚੰਦ ਉਪਰ ਤਲਵਾਰ ਦਾ ਵਾਰ ਕੀਤਾ ਕਿ ਪਹਿਲੀ ਸੱਟੇ ਹੀ ਉਸ ਦਾ ਸਿਰ ਵੱਢ ਦਿੱਤਾ। ਵੱਢੇ ਹੋਏ ਸਿਰ ਨੂੰ ਆਪਣੇ ਬਰਛੇ ਉੱਤੇ ਟੰਗ ਕੇ ਤੇ ਉੱਚਾ ਚੁੱਕ ਕੇ ਭਾਈ ਉਦੈ ਸਿੰਘ ਫੌਰਨ ਕਿਲ੍ਹੇ ਵਿੱਚ ਵਾਪਸ ਪਰਤ ਆਏ। ਸਿੰਘਾ ਦੀ ਭਾਰੀ ਜਿੱਤ ਦਾ ਸਿਹਰਾ ਉਦੈ ਸਿੰਘ ਦੇ ਸਿਰ ਸੀ।
ਸ਼੍ਰੀ ਅਨੰਦਪੁਰ ਸਾਹਿਬ ਦੀ ਪੰਜਵੀਂ ਲੜਾਈ ਵਿੱਚ ਵੀ ਭਾਈ ਉਦੈ ਸਿੰਘ ਇੱਕ ਮੋਹਰੀ ਜਰਨੈਲ ਸੀ। ਇਨ੍ਹਾਂ ਨੇ ਦੁਸ਼ਮਣਾਂ ਦੇ ਖੂਬ ਆਹੁ ਲਹੇ। ਜਦੋਂ ਪਹਾੜੀ ਰਾਜਿਆਂ ਅਤੇ ਮੁਗਲ ਫ਼ੌਜਾਂ ਦੀ ਪੇਸ਼ ਨਾ ਗਈ ਤੇ ਬਹੁਤ ਨੁਕਸਾਨ ਹੋਇਆ ਤਾਂ ਉਨ੍ਹਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਵੱਡਾ ਘੇਰਾ ਪਾ ਦਿੱਤਾ। 6-7 ਮਹੀਨੇ ਦੇ ਘੇਰੇ ਦੌਰਾਨ ਕਈ ਝਪਟਾਂ ਹੋਈਆ।
ਅੰਤ ਪੋਹ ਦੇ ਮਹੀਨੇ 19-20 ਦਸੰਬਰ 1704 ਨੂੰ ਇੱਕ ਹਨੇਰੀ ਰਾਤ ਵਿੱਚ ਗੁਰੂ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਛੱਡ ਦਿੱਤਾ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਲ੍ਹੇ ਤੋਂ ਬਾਹਰ ਆਏ ਤਾਂ ਭਾਈ ਉਦੈ ਸਿੰਘ, ਭਾਈ ਦਯਾ ਸਿੰਘ ਤੇ ਭਾਈ ਆਲਮ ਸਿੰਘ ਸਭ ਤੋਂ ਅੱਗੇ ਸਨ।
ਸਤਿਗੁਰੂ ਜੀ ਪਹਿਲਾ ਰਾਮ ਘਨੌਲਾ ਨੂੰ ਗਏ ਤੇ ਫਿਰ ਕੀਰਤਪੁਰ ਵੱਲ ਮੁੜੇ ਪਰ ਜਦ ਉਹ ਨਿਰਮੋਹ ਲਾਗੇ ਪਹੁੰਚੇ ਤਾਂ ਦੁਸ਼ਮਣ ਨੇ ਪਿੱਛੋਂ ਹਮਲਾ ਕਰ ਦਿੱਤਾ। ਭਾਈ ਉਦੈ ਸਿੰਘ ਜੀ ਉਸ ਦਸਤੇ ਵਿੱਚ ਆ ਗਏ ਜੋ ਕਿ ਬਾਬਾ ਅਜੀਤ ਸਿੰਘ ਜੀ ਦੀ ਕਮਾਨ ਹੇਠਾਂ ਸੀ। ਸਰਸਾ ਕੰਢੇ ਤੇ ਬਹੁਤ ਭਿਆਨਕ ਲੜਾਈ ਹੋਈ। ਉਦੈ ਸਿੰਘ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਬੜੀ ਬਹਾਦਰੀ ਨਾਲ ਲੜੇ।
ਇੱਕ
ਵਾਰ ਤਾਂ ਸਾਹਿਬਜਾਦਾ ਅਜੀਤ ਸਿੰਘ ਜੀ ਨੂੰ ਬਚਾਉਂਦੇ ਹੋਏ ਛਾਤੀਆਂ ਡਾਹ ਕੇ ਖੜ੍ਹੇ ਹੋ
ਗਏ ਅਤੇ ਜਦੋਂ ਤੱਕ ਸਾਹਿਬਜਾਦਾ ਅਜੀਤ ਸਿੰਘ ਦੂਰ ਤੱਕ ਨਹੀਂ ਨਿਕਲ ਗਏ, ਭਾਈ ਸਾਹਿਬ ਉਥੇ
ਹੀ ਡਟ ਗਏ ਅਤੇ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀ ਪਾ ਗਏ। ਧੰਨ ਧੰਨ ਭਾਈ ਉਦੈ ਸਿੰਘ ਜੀ, ਜਿਨ੍ਹਾਂ ਨੇ ਧਰਮ ਦੇ ਖਾਤਰ ਸ਼ਹੀਦੀ ਪਾਈ।
ਸਹਿਯੋਗ ਨਾਲ
ਸ਼੍ਰੋਮਣੀ ਗੁ:ਪ੍ਰ: ਕਮੇਟੀ
|