ਜਦੋਂ
ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਮਜਲੁਮਾਂ ਦੀ
ਰੱਖਿਆ ਕਰਨ ਦੀ ਖਾਤਰ ਸ਼ਹੀਦੀ ਪ੍ਰਾਪਤ ਕਰਨ ਲਈ ਦਿੱਲੀ ਗਏ ਤਾਂ ਆਪ ਜੀ ਦੇ ਨਾਲ ਛੇ
ਚੌਣਵੇਂ ਸਿੱਖ ਸਨ: ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ, ਭਾਈ ਉਦੈ
ਜੀ ਅਤੇ ਭਾਈ ਜੈਤਾ ਜੀ ਤੇ ਭਾਈ ਸਤੀ ਦਾਸ ਜੀ।
ਭਾਈ ਦਿਆਲਾ ਜੀ ਨੂੰ ਗੁਰੂ ਜੀ ਦੇ ਨਾਲ ਜੇਲ੍ਹ ਵਿੱਚ ਬੰਦ ਕੀਤਾ ਗਿਆ। ਉਹ ਬ੍ਰਹਮ ਗਿਆਨੀ ਤੇ ਪੂਰਨ ਸਿੱਖ ਸਨ। ਦਿੱਲੀ ਦੇ ਮੁਸਲਮਾਨ ਹਾਕਮਾਂ ਨੇ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ। ਫਿਰ ਉਨ੍ਹਾਂ ਭਾਈ ਦਿਆਲਾ ਜੀ ਨੂੰ ਪਾਣੀ ਦੀ ਦੇਗ ਵਿੱਚ ਬਿਠਾਇਆ ਅਤੇ ਹੇਠਾਂ ਅੱਗ ਬਾਲ ਦਿੱਤੀ। ਇਸ ਤਰ੍ਹਾਂ ਉਬਲਦੇ ਪਾਣੀ ਵਿੱਚ ਉਬਾਲ ਕੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ। ਇਸ ਧਰਮਬੀਰ ਨੇ ਇਸ ਅਤਿ ਦੇ ਸਰੀਰਕ ਦੁੱਖ ਨੂੰ ਤੁੱਛ ਕਰ ਕੇ ਜਾਣਿਆਂ ਅਤੇ ਗੁਰਬਾਣੀ ਦਾ ਪਾਠ ਕਰਦਾ-ਕਰਦਾ ਗੁਰਪੁਰੀ ਨੂੰ ਸਿਧਾਰ ਗਿਆ।
ਭਾਈ ਦਿਆਲਾ ਜੀ ਉਨ੍ਹਾਂ ਤਿੰਨ ਸਿਦਕਵਾਨ ਸਿੱਖਾਂ ਵਿੱਚੋਂ ਹਨ ਜਿਨ੍ਹਾਂ ਨੂੰ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਸ਼ਹੀਦ ਕਰ ਦਿੱਤਾ ਗਿਆ। ਆਪ ਜੀ ਨੂੰ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਤੋਂ ਇੱਕ ਦਿਨ ਪਹਿਲਾਂ 10 ਨਵੰਬਰ 1675 ਵਾਲੇ ਦਿਨ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਅੰਤਲੇ ਸੁਆਸਾਂ ਤੱਕ 'ਜਪੁ ਜੀ' ਸਾਹਿਬ ਦਾ ਪਾਠ ਕਰ ਰਹੇ ਸਨ।
ਆਪ ਜੀ ਦਾ ਜਨਮ ਪਿੰਡ ਮਨੀਪੁਰ, ਜਿਲ੍ਹਾ ਮੁਜ਼ੱਫਰਗੜ ਵਿਖੇ ਭਾਈ ਮਾਈ ਦਾਸ ਜੀ ਦੇ ਗ੍ਰਿਹ ਵਿਖੇ ਹੋਇਆ। ਆਪ ਜੀ ਦੀ ਮਾਤਾ ਜੀ ਦਾ ਨਾਂ ਮਧੁਰੀ ਬਾਈ ਸੀ। ਆਪ ਜੀ ਦੇ ਹੋਰ 11 ਜਿਨ੍ਹਾਂ ਵਿੱਚੋਂ ਸਿਰਫ ਅਮਰ ਚੰਦ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਧਰਮ ਲਈ ਸ਼ਹੀਦ ਹੋਏ।
ਜਦੋਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਗੁਰਗੱਦੀ ਤੇ ਬੈਠਣ ਮਗਰੋਂ ਪੂਰਬ ਵਾਲੇ ਪਾਸੇ ਪ੍ਰਚਾਰ ਦੌਰੇ ਤੇ ਨਿਕਲੇ ਤਾਂ ਭਾਈ ਦਿਆਲਾ ਜੀ ਆਪ ਜੀ ਦੇ ਨਾਲ ਸਨ। ਸ਼੍ਰੀ ਪਟਨਾ ਸਾਹਿਬ ਪਹੁੰਚ ਕੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੇ ਪਰਿਵਾਰ ਨੂੰ ਇੱਥੇ ਹੀ ਰਹਿਣ ਦਾ ਹੁਕਮ ਦਿੱਤਾ ਤੇ ਅਸਮ ਲਈ ਅੱਗੇ ਚੱਲ ਪਏ। ਸ਼੍ਰੀ ਪਟਨੇ ਸਾਹਿਬ ਵਿਖੇ ਗੁਰੂ ਪਰਿਵਾਰ ਦੀ ਸੇਵਾ ਦੀ ਜਿੰਮੇਦਾਰੀ ਆਪ ਜੀ ਨੂੰ ਹੀ ਸੌਂਪੀ ਗਈ। ਆਪ ਨਾਮ-ਬਾਣੀ ਦੇ ਰਸੀਏ, ਪੱਕੇ ਇਰਾਦੇ ਵਾਲੇ ਗੁਰਸਿੱਖ ਨੇਕ ਤੇ ਈਮਾਨਦਾਰ ਮਹਾਂਪੁਰਸ਼ ਸਨ।
ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਆਪ ਜੀ ਦੀ ਬੜੀ ਕਦਰ ਕਰਦੇ ਸਨ। ਇਸ ਗੱਲ ਦਾ ਸਬੂਤ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੁਆਰਾ ਲਿਖੇ ਗਏ ਹੁਕਮਨਾਮਿਆਂ ਤੋਂ ਵੀ ਮਿਲਦਾ ਹੈ।
ਔਰੰਗਜ਼ੇਬ ਨੇ ਉਤਰੀ ਭਾਰਤ ਵਿੱਚ ਸਖਤੀ ਦਾ ਦੌਰਾ ਸ਼ੁਰੂ ਕੀਤਾ ਤੇ ਜਬਰਦਸਤੀ ਲੋਕਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਣ ਲੱਗ ਪਿਆ। ਇਹੋ ਜਿਹੇ ਸਮੇਂ ਵਿੱਚ ਲੋੜ ਸੀ ਕਿ ਕੋਈ ਇਨ੍ਹਾਂ ਜਾਲਮਾਂ ਦਾ ਟਾਕਰਾ ਕਰ ਕੇ ਲੋਕਾਂ ਨੂੰ ਧੀਰਜ ਦੇ ਸਕੇ ਤੇ ਮਜ਼ਲੂਮਾਂ ਦੀ ਬਾਂਹ ਫੜ ਸਕੇ। ਸੋ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਆਪਣਾ ਆਸਾਮ ਦਾ ਦੌਰਾ ਛੇਤੀ ਮੁਕਾ ਕੇ ਪੰਜਾਬ ਪਹੁੰਚ ਗਏ।
ਉਨ੍ਹਾਂ ਭਾਈ ਦਿਆਲਾ ਜੀ ਨੂੰ ਹੁਕਮ ਭੇਜ ਦਿੱਤਾ ਕਿ ਬਾਲ ਗੋਬਿੰਦ ਰਾਏ ਜੀ ਅਤੇ ਪਰਿਵਾਰ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਜਾਣ। ਸ਼੍ਰੀ
ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਉਪਦੇਸ਼ ਸੀ ਕਿ 'ਭੈ ਕਾਹੁ ਕਉ ਦੇਤ ਨਾਹਿ, ਨਹਿ ਭੈ
ਮਾਨਤ ਆਨ' ਭਾਵ ਅਸੀਂ ਕਿਸੇ ਨੂੰ ਭੈ ਦਿੰਦੇ ਨਹੀਂ ਤੇ ਨਾ ਹੀ ਕਿਸੇ ਦਾ ਭੈ ਮੰਨਣ ਲਈ
ਤਿਆਰ ਹਾਂ।
ਪੰਜਾਬ ਪਹੁੰਚ ਕੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਪਿੰਡ-ਪਿੰਡ ਫਿਰ ਕੇ ਲੋਕਾਂ ਨੂੰ ਹੌਂਸਲਾ ਦਿੱਤਾ ਤੇ ਜੁਲਮ ਵਿਰੁੱਧ ਜਾਣ ਦੀ ਪ੍ਰੇਰਣਾ ਦਿੱਤੀ। ਜਦੋਂ
ਆਪ ਜੀ ਦੇ ਦਰਬਾਰ ਵਿੱਚ ਕਸ਼ਮੀਰੀ ਪੰਡਤ ਪਹੁੰਚੇ ਤਾਂ ਆਪ ਜੀ ਨੇ ਉਹਨਾਂ ਨੂੰ ਉਨ੍ਹਾਂ ਵੀ
ਕਿਹਾ ਕਿ ਕਾਇਰ ਬਣਨ ਦੀ ਲੋੜ ਨਹੀਂ, ਬਲਵਾਣ ਬਣੋ ਤੇ ਮੌਤ ਦਾ ਭੈ ਤਿਆਗ ਕੇ ਆਪਣੇ ਹੱਕਾਂ
ਦੀ ਰਾਖੀ ਕਰੋ।
ਸਹਿਯੋਗ ਨਾਲ
ਸ਼੍ਰੋਮਣੀ ਗੁ:ਪ੍ਰ: ਕਮੇਟੀ
|