ਮੈਂ ‘ਅਸਲੀ’ ਸ਼ਿਵ ਸੈਨਾ ਦਾ ਮੁਖੀ ਹਾਂ : ਊਧਵ ਠਾਕਰੇ |
|
|
ਮੁੰਬਈ --18ਸਤੰਬਰ-(MDP)-- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ
’ਤੇ ਅਸਿੱਧੇ ਤੌਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ
ਸ਼ਨੀਵਾਰ ਨੂੰ ਕਿਹਾ ਕਿ ਉਹ ਉਸ ‘ਅਸਲੀ’ ਸ਼ਿਵ ਸੈਨਾ ਦੇ ਮੁਖੀ ਹਨ, ਜਿਸ ਦੀ ਸਥਾਪਨਾ ਚਾਰ
ਪੀੜ੍ਹੀਆਂ ਦੇ ਸਮਾਜਿਕ ਕੰਮਾਂ ਨਾਲ ਹੋਈ ਸੀ। ਇੱਥੇ ਸ਼ਿਵ ਸੈਨਾ ਭਵਨ ’ਚ ਪਾਰਟੀ
ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਠਾਕਰੇ ਨੇ ਕਿਹਾ ਕਿ ਸ਼ਿਵ ਸੈਨਾ ਨੂੰ ਨਾ ਤਾਂ
‘ਖੋਹਿਆ ਜਾ ਸਕਦਾ ਹੈ ਅਤੇ ਨਾ ਹੀ ਖਰੀਦਿਆ ਜਾ ਸਕਦਾ ਹੈ।’
ਠਾਕਰੇ ਨੇ ਕਿਹਾ ਕਿ ਪਹਿਲਾਂ ਵੀ ਫੁੱਟ ਪਾ ਕੇ ਅਤੇ ਦਲ-ਬਦਲੀ ਰਾਹੀਂ ਸ਼ਿਵ ਸੈਨਾ ਨੂੰ
ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਜੋ ਅਸਫਲ ਰਹੀਆਂ ਸਨ ਅਤੇ ਇਹ
ਕੋਸ਼ਿਸ਼ਾਂ ਹੁਣ ਵੀ ਸਫਲ ਨਹੀਂ ਹੋਣਗੀਆਂ। ਸ਼ਿਵ ਸੈਨਾ ਦੇ ਬੁਲਾਰੇ ਅਤੇ ਲੋਕ ਸਭਾ ਮੈਂਬਰ
ਵਿਨਾਇਕ ਰਾਉਤ ਨੇ ਦੱਸਿਆ ਕਿ ਠਾਕਰੇ ਨੇ ਪਾਰਟੀ ਅਹੁਦੇਦਾਰਾਂ ਨੂੰ ਹੇਠਲੇ ਪੱਧਰ ’ਤੇ
ਵਰਕਰਾਂ ਨੂੰ ਸਰਗਰਮ ਕਰਨ ਅਤੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਧਿਆਨ ਦੇਣ ਲਈ
ਕਿਹਾ ਹੈ।
ਠਾਕਰੇ ਨੇ ਪਾਰਟੀ ਅਹੁਦੇਦਾਰਾਂ ਨੂੰ ਕਿਹਾ ਕਿ ਸ਼ਿਵ ਸੈਨਾ ਦੀ ਸਾਲਾਨਾ ਦੁਸਹਿਰਾ
ਰੈਲੀ ਮੁੰਬਈ ਦੇ ਸ਼ਿਵਾਜੀ ਪਾਰਕ ’ਚ ਰਵਾਇਤੀ ਸਥਾਨ ’ਤੇ ਹੀ ਹੋਵੇਗੀ ਅਤੇ ਉਨ੍ਹਾਂ ਨੂੰ
ਇਸ ਸਮਾਗਮ ਲਈ ਤਿਆਰ ਰਹਿਣ ਲਈ ਕਿਹਾ। ਰੈਲੀ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਠਾਕਰੇ 21
ਸਤੰਬਰ ਨੂੰ ਸ਼ਿਵ ਸੈਨਾ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਨਗੇ। ਰੈਲੀ ਲਈ ਠਾਕਰੇ ਅਤੇ
ਸ਼ਿੰਦੇ ਦੀ ਅਗਵਾਈ ਵਾਲੇ ਧੜਿਆਂ ਵੱਲੋਂ ਦਾਇਰ ਕੀਤੀਆਂ ਅਰਜ਼ੀਆਂ ਮਨਜ਼ੂਰੀ ਲਈ ਮੁੰਬਈ
ਨਗਰ ਨਿਗਮ ਕੋਲ ਬਕਾਇਆ ਹਨ।
ਜ਼ਿਕਰਯੋਗ ਹੈ ਕਿ 40 ਵਿਧਾਇਕਾਂ ਦੇ ਨਾਲ ਏਕਨਾਥ ਸ਼ਿੰਦੇ ਵੱਲੋਂ ਸ਼ਿਵ ਸੈਨਾ
ਲੀਡਰਸ਼ਿਪ ਦੇ ਖਿਲਾਫ ਬਗ਼ਾਵਤ ਕਾਰਨ ਇਸ ਸਾਲ ਜੂਨ ’ਚ ਠਾਕਰੇ ਦੀ ਅਗਵਾਈ ਵਾਲੀ ਮਹਾ
ਵਿਕਾਸ ਅਘਾੜੀ (ਐੱਮ. ਵੀ. ਏ.) ਸਰਕਾਰ ਨੂੰ ਡੇਗ ਦਿੱਤਾ ਗਿਆ ਸੀ।
|