ਤਿੰਨ ਦਿਨਾਂ ਜੰਮੂ-ਕਸ਼ਮੀਰ ਦੌਰੇ ’ਤੇ ਜਾਣਗੇ ਅਮਿਤ ਸ਼ਾਹ, ਬੇਹੱਦ ਅਹਿਮ ਹੋਵੇਗਾ ਇਹ ਦੌਰਾ |
|
|
ਨੈਸ਼ਨਲ ਡੈਸਕ --24ਸਤੰਬਰ-(MDP)-- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 30 ਸਤੰਬਰ ਤੋਂ
ਜੰਮੂ-ਕਸ਼ਮੀਰ ਦੇ 3 ਦਿਨਾਂ ਦੌਰੇ ’ਤੇ ਜਾਣਗੇ। ਇਸ ਦੌਰਾਨ ਉਨ੍ਹਾਂ ਦਾ ਦੋ ਰੈਲੀਆਂ ਨੂੰ
ਸੰਬੋਧਨ ਅਤੇ ਵਿਕਾਸ ਗਤੀਵਿਧੀਆਂ ਦੀ ਸਮੀਖਿਆ ਕਰਨ ਦਾ ਪ੍ਰੋਗਰਾਮ ਹੈ। ਭਾਰਤੀ ਜਨਤਾ
ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਜਪਾ ਦੀ
ਜੰਮੂ-ਕਸ਼ਮੀਰ ਇਕਾਈ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸੁਨੀਲ ਸ਼ਰਮਾ ਨੇ ਕਿਹਾ ਕਿ ਇਸ
ਦੌਰੇ ਨੂੰ ਵਿਧਾਨ ਸਭਾ ਚੋਣਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
ਸ਼ਰਮਾ ਨੇ ਕਿਹਾ ਕਿ ਚੋਣਾਂ ECI (ਭਾਰਤੀ ਚੋਣ ਕਮਿਸ਼ਨ) ਦਾ ਵਿਸ਼ੇਸ਼ ਅਧਿਕਾਰ ਹੈ ਜੋ
ਕਿ ਇੱਕ ਖੁਦਮੁਖਤਿਆਰ ਸੰਸਥਾ ਹੈ ਅਤੇ ਚੋਣਾਂ ਦੇ ਸਮੇਂ ਅਤੇ ਤਾਰੀਖਿਆਂ ਬਾਰੇ ਉਸਨੂੰ
(ਈ.ਸੀ.ਆਈ.) ਫੈਸਲਾ ਕਰਨਾ ਹੈ। ਭਾਜਪਾ ਤਿਆਰ ਹੈ। ਇਹ (ਸ਼ਾਹ ਦਾ ਦੌਰਾ) ਇਕ ਨਿਯਮਿਤ ਦੌਰਾ
ਹੈ ਅਤੇ ਇਸਨੂੰ ਚੋਣਾਂ ਨਾਲ ਜੋੜਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਹ 30 ਸਤੰਬਰ
ਨੂੰ ਜੰਮੂ ਪਹੁੰਚਣਗੇ, ਇਕ ਅਕਤੂਬਰ ਨੂੰ ਰਾਜੌਰੀ ’ਚ ਇਕ ਰੈਲੀ ਨੂੰ ਸੰਬੋਧਨ ਕਰਨਗੇ ਅਤੇ
ਉਸੇ ਸ਼ਾਮ ਕਸ਼ਮੀਰ ਪਹੁੰਚਣਗੇ ਅਤੇ ਫਿਰ ਦੋ ਅਕਤੂਬਰ ਨੂੰ 11 ਵਜੇ ਬਾਰਾਮੂਲਾ ਸ਼ਹਿਰ ’ਚ ਇਕ
ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕੇਂਦਰ ਸਰਕਾਰ ਤੋਂ ਪੂਰੇ
ਕਸ਼ਮੀਰ ਦੇ ਲੋਕਾਂ ਨੂੰ ਕਈ ਉਮੀਦਾਂ ਹਨ।
|