7 ਸੂਬਿਆਂ ਚ ਭਗਵਾਨ ਜਗਨਨਾਥ ਦੀ 60 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਦਾ ਹੋਵੇਗਾ ਡਿਜੀਟਲੀਕਰਨ |
|
|
 ਪੁਰੀ --28ਸਤੰਬਰ-(MDP)-- ਓਡੀਸ਼ਾ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਭਗਵਾਨ ਜਗਨਨਾਥ ਦੇ ਨਾਂ 'ਤੇ
60 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਦੇ ਦਸਤਾਵੇਜ਼ਾਂ ਦਾ ਡਿਜੀਟਲੀਕਰਨ ਕੀਤਾ ਜਾਵੇਗਾ। ਇਕ
ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸ.ਜੇ.ਟੀ.ਏ.)
ਦੇ ਮੁੱਖ ਪ੍ਰਸ਼ਾਸਕ ਵੀ.ਵੀ.ਯਾਦਵ ਨੇ ਪੁਰੀ ਦੇ ਗਜਪਤੀ ਮਹਾਰਾਜਾ ਦਿਵਿਆ ਸਿੰਘ ਦਿਓ ਦੀ
ਪ੍ਰਧਾਨਗੀ ਹੇਠ ਹੋਈ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਮਹਾਪ੍ਰਭੂ
ਜਗਨਨਾਥ ਬੀਜੇ ਦੇ ਨਾਮ 'ਤੇ ਓਡੀਸ਼ਾ 'ਚ 60,426 ਏਕੜ ਜ਼ਮੀਨ ਹੈ ਅਤੇ 6 ਹੋਰ ਸੂਬਿਆਂ 'ਚ
395.252 ਏਕੜ ਜ਼ਮੀਨ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਓਡੀਸ਼ਾ ਤੋਂ ਬਾਹਰ ਪੱਛਮੀ ਬੰਗਾਲ 'ਚ ਭਗਵਾਨ ਦੇ
ਨਾਂ 'ਤੇ ਸਭ ਤੋਂ ਜ਼ਿਆਦਾ 322.930 ਏਕੜ ਜ਼ਮੀਨ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ 'ਚ
28.21 ਏਕੜ, ਮੱਧ ਪ੍ਰਦੇਸ਼ 'ਚ 25.11 ਏਕੜ, ਆਂਧਰਾ ਪ੍ਰਦੇਸ਼ 'ਚ 17.02 ਏਕੜ,
ਛੱਤੀਸਗੜ੍ਹ 'ਚ 1.7 ਏਕੜ ਅਤੇ ਬਿਹਾਰ 'ਚ 0.27 ਏਕੜ ਜ਼ਮੀਨ ਦਰਜ ਹੈ। ਯਾਦਵ ਨੇ ਕਿਹਾ ਕਿ
ਜ਼ਮੀਨੀ ਦਸਤਾਵੇਜ਼ਾਂ ਦੇ ਡਿਜੀਟਲੀਕਰਨ ਦੀ ਜ਼ਿੰਮੇਵਾਰੀ ਸਰਕਾਰੀ ਸੰਸਥਾ ਓਡੀਸ਼ਾ ਸਪੇਸ
ਐਪਲੀਕੇਸ਼ਨ ਸੈਂਟਰ (ਓ.ਆਰ.ਐੱਸ.ਏ.ਸੀ.) ਨੂੰ ਦਿੱਤੀ ਜਾਵੇਗੀ। ਉਨ੍ਹਾਂ ਮੰਗਲਵਾਰ ਨੂੰ
ਕਿਹਾ ਕਿ ਸੂਬਾ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਕੀਤੀ
ਜਾਵੇਗੀ।
|