ਜਦੋਂ ਮੈਂ ਕਰਤਾਰਪੁਰ ਪਹੁੰਚਿਆ ਤਾਂ ਦੇਖਿਆ ਕਿ ਇਹ ਗੁਰਦੁਆਰਾ ਅਲੱਗ ਜਿਹਾ ਬਣਿਆ ਹੈ। ਆਸ-ਪਾਸ ਕੋਈ ਬਹੁਤੇ ਨੇੜੇ ਪਿੰਡ ਨਹੀਂ ਸਨ। ਉਥੇ ਗੁਰਦੁਆਰੇ ਦੀ ਮੁਰੰਮਤ ਹੋ ਰਹੀ ਸੀ ਤੇ ਚੂਨਾ, ਰੰਗ-ਰੋਗਨ ਵੀ ਕੀਤਾ ਜਾ ਰਿਹਾ ਸੀ। ਮੈਂ ਗੁਰਦੁਆਰੇ ਦੀ ਛੱਤ ‘ਤੇ ਜਾਣ ਦੀ ਇਜਾਜ਼ਤ ਮੰਗੀ। ਥੋੜ੍ਹੇ ਜਿਹੇ ਉਜਰ ਪਿਛੋਂ ਮੈਨੂੰ ਛੱਤ ‘ਤੇ ਜਾਣ ਦੀ ਇਜਾਜ਼ਤ ਮਿਲ ਗਈ। ਥੋੜ੍ਹੀ ਦੇਰ ਪਹਿਲਾਂ ਮੈਂ ਥੱਲੇ ਫਿਰ ਕੇ ਸਭ ਦੇਖ ਲਿਆ ਸੀ। ਅੰਦਰ ਜਿਥੇ ਬਾਬੇ ਨਾਨਕ ਦੀ ਸਮਾਧ ਅਤੇ ਬਾਹਰ ਜਿੱਥੇ ਕਬਰ ਬਣੀ ਹੈ, ਉਥੇ ਗਿਆ। ਕਬਰ ‘ਤੇ ਦੁਆ ਮੰਗੀ, ਜੋ ਮੁਸਲਮਾਨਾਂ ਦਾ ਤਰੀਕਾ ਹੈ। ਜਦੋਂ ਮੈਂ ਛੱਤ ‘ਤੇ ਚੜ੍ਹਿਆ ਤਾਂ ਬਾਰਡਰ ਦੇ ਉਸ ਪਾਰ ਬਹੁਤ ਗਿਣਤੀ ਵਿਚ ਲੋਕ ਖੜੇ ਦੇਖੇ। ਪਤਾ ਲੱਗਾ ਕਿ ਉਹ ਲੋਕ ਦੂਰਬੀਨ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇਖ ਰਹੇ ਸਨ। ਮੈਂ ਸੋਚਿਆ, ਇਹ ਦੂਰਬੀਨ ਨਾਲ ਜੋ ਦੇਖ ਰਹੇ ਹਨ, ਸਰਕਾਰ ਇਨ੍ਹਾਂ ਨੂੰ ਇਧਰ ਆ ਕੇ ਦੇਖਣ ਦੀ ਇਜਾਜ਼ਤ ਹੀ ਦੇ ਦੇਵੇ! ਮੈਂ ਸੋਚ ਰਿਹਾ ਸਾਂ ਕਿ ਅੰਮ੍ਰਿਤਸਰ ਕੋਲ ਸਾਡਾ ਪਿੰਡ ਵੇਰਕਾ, ਜੋ ਉਸ ਪਾਰ ਹੈ, ਕਿਹੋ ਜਿਹਾ ਹੋਵੇਗਾ, ਜਿਥੋਂ ਸਾਡੇ ਬਜੁਰਗ ਉਠ ਕੇ ਆਏ ਸਨ!
ਮੈਂ ਸੋਚਾਂ ‘ਚ ਡੁੱਬੇ ਨੇ ਛੱਤ ਤੋਂ ਥੱਲੇ ਜਾਣ ਦਾ ਖਿਆਲ ਕੀਤਾ। ਬਾਰਡਰ ਵਲ ਮੂੰਹ ਕਰਕੇ
ਜਿਉਂ ਹੀ ਮੈਂ ਵਾਪਸ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਲਹਿੰਦੇ ਵਾਲੇ ਪਾਸੇ ਦੇਖਿਆ ਕਿ
ਨਾਰੋਵਾਲ-ਸ਼ਕਰਗੜ੍ਹ ਰੋਡ ਵਲੋਂ ਲੰਮੀ ਕਤਾਰ ਫੌਜੀ ਗੱਡੀਆਂ ਦੀ ਆ ਰਹੀ ਸੀ। ਇਹ ਦੇਖ ਕੇ
ਮੇਰਾ ਸਾਹ ਉਤੇ ਦਾ ਉਤੇ ਰਹਿ ਗਿਆ। ਮੀਲ ਕੁ ਦੂਰ ਸੜਕ ‘ਤੇ ਲੰਮੀ ਕਤਾਰ ਪਾਕਿਸਤਾਨੀ
ਫੌਜੀਆਂ ਦੀ ਆ ਰਹੀ ਸੀ, ਨਾਲ ਹੀ ਪਿੱਛੇ ਟਰੱਕ ਸਨ, ਜਿਨ੍ਹਾਂ ਵਿਚ ਫੌਜੀ ਬੈਠੇ ਹੋਏ ਸਨ।
ਅਗਲੀਆਂ ਗੱਡੀਆਂ ਗੁਰਦੁਆਰੇ ਦੇ ਬਾਹਰਲੇ ਗੇਟ ‘ਤੇ ਆਣ ਪਹੁੰਚੀਆਂ ਅਤੇ ਵਿਚੋਂ ਫੌਜੀ
ਉਤਰਨੇ ਸ਼ੁਰੂ ਹੋ ਗਏ। ਪਿਛਲੇ ਟਰੱਕ ਵੀ ਉਥੇ ਖਲੋਣਾ ਸ਼ੁਰੂ ਹੋ ਗਏ। ਅਗਲੀਆਂ ਜੀਪਾਂ ਵਿਚੋਂ
ਕੁਝ ਕੁ, ਜੋ ਅਫਸਰ ਲਗਦੇ ਸਨ, ਫੌਜੀਆਂ ਨੂੰ ਕੁਝ ਸਮਝਾ ਰਹੇ ਸਨ ਅਤੇ ਫੌਜੀ ਜੀਪਾਂ
ਵਿਚੋਂ ਉਤਰਨਾ ਸ਼ੁਰੂ ਹੋ ਗਏ।
ਇਹ ਵੇਖ ਕੇ ਮੈਂ ਛੱਤ ਤੋਂ ਥੱਲੇ ਉਤਰ ਆਇਆ। ਇਸ ਤੋਂ ਪਹਿਲਾਂ ਵੀ ਮੇਰੇ ਇਲਮ ‘ਚ ਸੀ ਕਿ
ਸੰਨ 1984 ਵਿਚ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਫੌਜਾਂ ਆ ਗਈਆਂ ਸਨ ਅਤੇ ਸਿੱਖਾਂ ਦਾ
ਬਹੁਤ ਨੁਕਸਾਨ ਹੋਇਆ ਸੀ। ਇਹੀ ਸੋਚ ਕੇ ਜਦੋਂ ਪਾਕਿਸਤਾਨੀ ਫੌਜੀ ਗੁਰਦੁਆਰੇ ਵਿਚ ਆਉਂਦੇ
ਦੇਖੇ ਤਾਂ ਮੈਂ ਬਹੁਤ ਡਰ ਗਿਆ। ਸੰਨ 2014 ਵਿਚ ਮੈਨੂੰ ਇੰਗਲੈਂਡ ਰਹਿੰਦਿਆਂ ਲਗਾਤਾਰ
14-15 ਸਾਲ ਹੋ ਗਏ ਸਨ ਅਤੇ ਉਥੋਂ ਦੇ ਮਾਹੌਲ ਦਾ ਵੀ ਮੇਰੀ ਤਬੀਅਤ ‘ਤੇ ਬਹੁਤ ਅਸਰ ਸੀ
ਮੈਂ ਘੱਟ ਹੀ ਪਾਕਿਸਤਾਨ ਆਉਂਦਾ ਰਿਹਾ। ਪਹਿਲਾਂ ਮੇਰਾ ਆਪਣਾ ਨਿਜੀ ਤਜਰਬਾ ਵੀ ਅਤੇ
ਇੰਗਲੈਂਡ ਵਿਚ ਰਹਿ ਕੇ ਵੀ ਮੈਂ ਇਹ ਮਹਿਸੂਸ ਕੀਤਾ ਸੀ ਕਿ ਸਾਡੇ ਮੁਲਕਾਂ ਵਿਚ ਕੋਈ ਕਿਸੇ
ਨੂੰ ਕੁਝ ਪੁੱਛ ਨਹੀਂ ਸਕਦਾ। ਨਾ ਕਿਸੇ ਪੁਲਿਸ ਵਾਲੇ ਨੂੰ, ਨਾ ਕਿਸੇ ਫੌਜੀ ਨੂੰ। ਹੋਰ
ਤਾਂ ਹੋਰ, ਇਥੇ ਚਪੜਾਸੀ ਨੂੰ ਵੀ ਕੋਈ ਕੁਝ ਨਹੀਂ ਪੁੱਛ ਸਕਦਾ। ਉਹ ਵੀ ਆਪਣੇ ਦਫਤਰ ਦਾ
ਬਾਦਸ਼ਾਹ ਹੁੰਦਾ ਹੈ।
ਫੌਜ ਨੂੰ ਗੁਰਦੁਆਰੇ ਵਲ ਆਉਂਦਿਆਂ ਦੇਖ ਕੇ ਮੈਂ ਪਾਗਲਾਂ ਵਾਂਗ ਇਧਰ-ਉਧਰ ਦੇਖਣ ਲੱਗਾ ਕਿ
ਮੈਂ ਕੀਹਨੂੰ ਪੁੱਛਾਂ ਕਿ ਇਥੇ ਕੀ ਹੋਇਆ ਹੈ? ਫੌਜ ਕਿਉਂ ਆਈ ਹੈ? ਮੇਰੇ ਜ਼ਹਿਨ ਵਿਚ ਡਰ ਸੀ
ਕਿ ਕਿਧਰੇ ਇਥੇ ਹੁਣੇ ਫਾਇਰਿੰਗ ਨਾ ਹੋਣੀ ਸ਼ੁਰੂ ਹੋ ਜਾਵੇ, ਕਿਤੇ ਜੇਲ੍ਹ ਹੀ ਨਾ ਜਾਣਾ
ਪੈ ਜਾਵੇ। ਮੈਂ ਕੀਹਨੂੰ ਪੁੱਛਾਂ! ਹਾਲੇ ਮੈਂ ਇਸ ਜਕੋ ਤਕੀ ਵਿਚ ਹੀ ਸਾਂ ਕਿ ਮੈਨੂੰ ਇਕ
ਸਿੱਖ ਭਰਾ ਨਜ਼ਰ ਆ ਗਿਆ, ਜੋ ਸ਼ਾਇਦ ਗੁਰਦੁਆਰੇ ਦੇ ਕਿਸੇ ਕੰਮ ਨੂੰ ਜਾ ਰਿਹਾ ਸੀ। ਮੈਂ
ਹਫਿਆ ਹਫਿਆ ਉਸ ਕੋਲ ਗਿਆ ਤੇ ਪੁਛਿਆ ਕਿ ਬਾਹਰ ਪਾਕਿਸਤਾਨੀ ਫੌਜ ਆ ਗਈ ਹੈ, ਕੀ ਗੱਲ ਹੈ?
ਉਹ ਸਿੱਖ ਭਰਾ ਆਪਣੀ ਦਾਹੜੀ ਵਿਚ ਉਂਗਲਾਂ ਫੇਰਦਾ ਅਸਮਾਨ ਵਲ ਤੱਕ ਕੇ ਸੋਚਣ ਲੱਗਾ ਤੇ ਫਿਰ
ਮੈਨੂੰ ਪੁਛਿਆ ਕਿ ਭਾਈ ਜਾਨ ਅੱਜ ਵਾਰ ਕੀ ਹੈ? ਮੇਰੇ ਦਿਮਾਗ ਦਾ ਬਲਬ ਤਾਂ ਪਹਿਲਾਂ ਹੀ
ਫਿਊਜ਼ ਹੋਇਆ ਪਿਆ ਸੀ, ਮੈਨੂੰ ਘਬਰਾਏ ਹੋਏ ਨੂੰ ਕੋਈ ਜਵਾਬ ਨਹੀਂ ਆਇਆ। ਉਸ ਨੇ ਕੋਲੋਂ
ਲੰਘਦੇ ਇਕ ਮਿਸਤਰੀ ਤੋਂ ਪੁਛਿਆ ਤਾਂ ਉਸ ਨੇ ਦੱਸਿਆ ਕਿ ਅੱਜ ਜੁੰਮੇ ਰਾਤ ਹੈ। ਇਹ ਸੁਣ ਕੇ
ਉਹ ਸਿੱਖ ਭਾਈ ਮੇਰੇ ਨਾਲ ਹੱਸ ਕੇ ਬੋਲਿਆ ਤੇ ਕਹਿਣ ਲੱਗਾ ਕਿ ਭਾਈ ਜਾਨ ਅੱਜ ਜੁੰਮੇ ਰਾਤ
ਹੈ ਤੇ ਜੁੰਮੇ ਰਾਤ ਨੂੰ ਫੌਜੀ ਕਦੇ ਕਦਾਈਂ ਸਵੇਰੇ ਸਵੇਰੇ ਬਾਬੇ ਨਾਨਕ ਦੀ ਕਬਰ ‘ਤੇ ਦੁਆ
ਪੜ੍ਹਦੇ ਹਨ। ਥੋੜ੍ਹੀ ਦੇਰ ਤਕ ਹੋਰ ਵੀ ਲੋਕ ਆਉਣਾ ਸ਼ੁਰੂ ਹੋ ਜਾਣਗੇ। ਉਹ ਸਭ ਬਾਬੇ ਨਾਨਕ
ਦੀ ਕਬਰ ‘ਤੇ ਦੁਆ ਪੜ੍ਹ ਕੇ ਚਲੇ ਜਾਣਗੇ।
ਉਸ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਸੰਨ 1971 ਦੀ ਜੰਗ ਪਿਛੋਂ ਪਾਕਿਸਤਾਨੀ
ਫੌਜ ਨੇ ਆਪਣੀਆਂ ਛੋਟੀਆਂ ਛਾਉਣੀਆਂ ਬਾਰਡਰ ‘ਤੇ ਬਣਾ ਲਈਆਂ ਹਨ। ਇਕ ਸ਼ਕਰਗੜ੍ਹ ਵਿਖੇ ਅਤੇ
ਇਕ ਪਸਰੂਰ ਕੋਲ ਬਣਾਈ ਹੈ। ਇਨ੍ਹਾਂ ਦੋਹਾਂ ਛਾਉਣੀਆਂ ਤੋਂ ਫੌਜੀ ਜੁੰਮੇ ਰਾਤ ਦੇ ਦਿਨ
ਕਾਫੀ ਗਿਣਤੀ ਵਿਚ ਇਥੇ ਆਉਂਦੇ ਹਨ ਤੇ ਕਬਰ ‘ਤੇ ਦੁਆ ਕਰਦੇ ਹਨ। ਸੁਣ ਕੇ ਮੈਨੂੰ ਸੁੱਖ ਦਾ
ਸਾਹ ਆਇਆ।
ਇੰਨੇ ਨੂੰ ਗੁਰਦੁਆਰੇ ਦੇ ਅੰਦਰਲੇ ਗੇਟ, ਜਿਸ ਦਾ ਦਰਵਾਜਾ ਕੋਈ ਨਹੀਂ ਸੀ, ਕੋਲ ਜੀਪ ਜਿਹੀ
ਗੱਡੀ ਆ ਖਲੋਤੀ, ਜਿਸ ਵਿਚੋਂ ਅਫਸਰ ਨੁਮਾ ਫੌਜੀ ਬਾਹਰ ਨਿਕਲੇ ਅਤੇ ਉਨ੍ਹਾਂ ਦੇ ਪਿਛੇ
ਪੈਦਲ ਮਾਰਚ ਪਾਸਟ ਕਰਦੇ 10-15 ਫੌਜੀ ਆਏ। ਉਨ੍ਹਾਂ ਦਰਵਾਜੇ ਕੋਲ ਥੋੜ੍ਹਾ ਲਿਫ ਕੇ ਬੂਟਾਂ
ਦੇ ਤਸਮੇ ਖੋਲ੍ਹੇ ਅਤੇ ਪੈਰ ਧੋ ਕੇ 10-15 ਟੋਲਿਆਂ ਦੇ ਰੂਪ ਵਿਚ ਗੁਰਦੁਆਰੇ ਦੇ ਅੰਦਰ
ਗਏ। ਹਰ ਇਕ ਟੋਲੇ ਨਾਲ ਇਕ ਅਫਸਰ ਸੀ। ਅੰਦਰ ਜਾ ਕੇ ਉਹ ਬੜੇ ਅਦਬ ਨਾਲ ਬਾਬੇ ਨਾਨਕ ਦੀ
ਕਬਰ ਨੂੰ ਦੇਖਦੇ, ਦੁਆ ਪੜ੍ਹਦੇ ਤੇ ਫਿਰ ਉਨੇ ਹੀ ਅਦਬ ਨਾਲ ਬਾਹਰ ਨਿਕਲ ਜਾਂਦੇ।
ਉਨ੍ਹਾਂ ਦਾ ਅਫਸਰ ਉਨ੍ਹਾਂ ਨੂੰ ਬਾਹਰ ਲੈ ਕੇ ਆਉਂਦਾ। ਇਸ ਪਿਛੋਂ ਫਿਰ ਦੂਜੇ ਟੋਲੇ ਵੀ
ਵਾਰੋ ਵਾਰੀ ਇਸੇ ਤਰ੍ਹਾਂ ਅੰਦਰ ਜਾਂਦੇ ਤੇ ਦੁਆ ਪੜ੍ਹ ਕੇ ਕਬਰ ਨੂੰ ਬੜੇ ਧਿਆਨ ਨਾਲ ਦੇਖ
ਕੇ ਬਾਹਰ ਆ ਕੇ ਖੜ੍ਹੇ ਹੋ ਜਾਂਦੇ।
ਇਕ ਗਰੁਪ ਜਦੋਂ ਅੰਦਰ ਆਇਆ ਤਾਂ ਉਨ੍ਹਾਂ ਵਿਚੋਂ ਇੱਕ, ਜੋ ਅਫਸਰ ਸੀ, ਨੂੰ ਮੈਂ ਪੁੱਛਿਆ
ਕਿ ਕੀ ਮੈਂ ਤੁਹਾਡੀਆਂ ਫੋਟੋਆਂ ਲੈ ਸਕਦਾ ਹਾਂ? ਉਸ ਨੇ ਸਿਰ ਹਿਲਾ ਕੇ ਮੈਨੂੰ ਸਹਿਮਤੀ ਦੇ
ਦਿੱਤੀ। ਉਸ ਦੀ ਵਰਦੀ ‘ਤੇ ਇਕ ਸਟਾਰ ਲੱਗਾ ਸੀ, ਜਿਸ ਤੋਂ ਪਤਾ ਲੱਗਾ ਕਿ ਉਹ ਸੈਕੰਡ
ਲੈਫਟੀਨੈਂਟ ਸੀ। ਮੈਂ ਹਾਲੇ ਦੋ ਤਿੰਨ ਫੋਟੋਆਂ ਹੀ ਖਿੱਚੀਆਂ ਸਨ, ਬਾਕੀ ਫੋਟੋਆਂ ਮੈਂ
ਸੋਚਿਆ ਕਬਰ ‘ਤੇ ਜਾ ਕੇ ਖਿੱਚਾਗਾਂ, ਜਿਥੇ ਉਹ ਦੁਆ ਮੰਗ ਰਹੇ ਹੋਣਗੇ; ਪਰ 2-3 ਫੋਟੋਆਂ
ਖਿੱਚਣ ਦੌਰਾਨ ਹੀ 3-4 ਨੌਜਵਾਨ ਆਏ, ਜਿਨ੍ਹਾਂ ਨੇ ਚਿੱਟੀਆਂ ਸਲਵਾਰ-ਕਮੀਜਾਂ ਪਾਈਆਂ
ਹੋਈਆਂ ਸਨ, ਤੇ ਮੇਰੇ ਹੱਥੋਂ ਮੇਰਾ ਮੋਬਾਇਲ ਫੋਨ ਖੋਹ ਲਿਆ। ਉਹ ਮੇਰੇ ਅੱਗੇ ਖੜੇ ਹੋ ਗਏ
ਤੇ ਪੁੱਛਣਾ ਸ਼ੁਰੂ ਕੀਤਾ ਕਿ ਤੂੰ ਕੌਣ ਹੈ, ਕਿਥੋਂ ਆਇਆ ਹੈ, ਫੋਟੋਆਂ ਕਿਉਂ ਖਿੱਚ ਰਿਹਾ
ਹੈ? ਉਹ ਥੋੜ੍ਹੇ ਗੁੱਸੇ ਵਿਚ ਸਨ ਤੇ ਮੇਰੇ ਕੋਲੋ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ। ਮੈਂ
ਡਰੇ ਹੋਏ ਨੇ ਦੱਸਿਆ ਕਿ ਮੈਂ ਇੰਗਲੈਂਡ ਤੋਂ ਆਇਆ ਹਾਂ।
ਭਾਵੇਂ ਅੰਗਰੇਜ਼ 72 ਸਾਲ ਪਹਿਲਾਂ ਇਥੋਂ ਤੁਰ ਗਏ ਹਨ, ਪਰ ਸਾਡੇ ਲੋਕ ਹਾਲੇ ਵੀ ਅੰਗੇਰਜ਼ਾਂ
ਤੋਂ ਬਹੁਤ ਡਰਦੇ ਹਨ, ਪਸੀਨਾ ਛੁੱਟ ਜਾਂਦਾ ਹੈ ਇਨ੍ਹਾਂ ਦਾ। ਜਦੋਂ ਉਨ੍ਹਾਂ ਨੂੰ ਪਤਾ
ਲੱਗਾ ਕਿ ਮੈਂ ਇੰਗਲੈਂਡ ਤੋਂ ਆਇਆ ਹਾਂ ਤਾਂ ਉਨ੍ਹਾਂ ਨੇ ਮੇਰਾ ਮੋਬਾਇਲ ਮੈਨੂੰ ਵਾਪਸ ਕਰ
ਦਿਤਾ ਤੇ ਕਹਿਣ ਲੱਗੇ ਕਿ ਹੋਰ ਫੋਟੋਆਂ ਨਾ ਖਿੱਚੀਂ। ਮੈਂ ਦੇਖਿਆ ਇਥੋਂ ਦੀ ਪੁਲਿਸ ਜਾਂ
ਲੋਕ ਆਪਣੇ ਬੰਦਿਆਂ ਨਾਲ ਤਾਂ ਚੰਗਾ ਸਲੂਕ ਨਹੀਂ ਕਰਦੇ, ਪਰ ਬਾਹਰਲੇ ਮੁਲਕ ਤੋਂ ਆਏ
ਬੰਦਿਆਂ ਤੋਂ ਮੁਤਾਸਿਰ ਹੁੰਦੇ ਹਨ ਅਤੇ ਚੰਗਾ ਸਲੂਕ ਕਰਦੇ ਹਨ।
ਪਾਕਿਸਤਾਨੀ ਫੌਜੀ ਗਰੁਪਾਂ ਵਿਚ ਆ-ਜਾ ਰਹੇ ਸਨ ਤੇ ਹਰੇਕ ਗਰੁਪ ਨਾਲ ਇਕ ਅਫਸਰ। ਉਹ ਅੰਦਰ
ਜਾ ਕੇ ਦੁਆ ਮੰਗ ਕੇ ਬਾਹਰ ਨਿਕਲ ਜਾਂਦੇ। ਕਾਫੀ ਦੇਰ ਹੋ ਗਈ ਸੀ ਤੇ ਮੈਂ ਸੋਚਿਆ, ਹੁਣ
ਮੈਂ ਵਾਪਸ ਜਾਵਾਂ। ਮੈਂ ਗੁਰਦੁਆਰੇ ਦੇ ਅੰਦਰਲੇ ਗੇਟ, ਜਿਥੇ ਜੁੱਤੀਆਂ ਲਾਹੀਆਂ ਸਨ, ਕੋਲ ਆ
ਕੇ ਆਪਣੀ ਜੁੱਤੀ ਪਾਉਣ ਲੱਗਾ। ਇਥੇ ਮੈਨੂੰ ਕੋਈ ਨਹੀਂ ਸੀ ਦੇਖ ਰਿਹਾ ਤੇ ਜੋ ਫੌਜੀਆਂ ਦੇ
ਬੂਟ ਮੇਰੇ ਸਾਹਮਣੇ ਪਏ ਸਨ, ਮੈਂ ਉਨ੍ਹਾਂ ਦੀਆਂ ਫੋਟੋਆਂ ਲਾਹ ਲਈਆਂ। ਫੌਜੀ ਅਫਸਰ ਗੇਟ
ਦੇ ਸਾਹਮਣੇ ਸਟੂਲਾਂ ‘ਤੇ ਬੈਠੇ ਸਨ।
ਜਦੋਂ ਮੈਂ ਫਾਰਗ ਹੋ ਕੇ ਵਾਪਸ ਜਾਣ ਲਈ ਖੜਾ ਸੀ ਤਾਂ ਮੈਂ ਜਿਸ ਫੌਜੀ ਅਫਸਰ ਸੈਕੰਡ
ਲੈਫਟੀਨੈਂਟ ਦੀ ਫੋਟੋ ਅੰਦਰ ਖਿੱਚੀ ਸੀ, ਉਸ ਨੂੰ ਦੇਖਿਆ। ਮੈਂ ਦੇਖਿਆ ਕਿ ਉਸ ਅਫਸਰ ਦੀਆਂ
ਅੱਖਾਂ ਨੀਲੀਆਂ ਸਨ। ਮੈਂ ਸਮਝ ਗਿਆ ਕਿ ਇਹ ਕੋਈ ਪਠਾਣ ਹੈ। ਮੈਂ ਕਿਉਂਕਿ ਉਸੇ ਇਲਾਕੇ
ਵਿਚ ਰਹਿੰਦਾ ਹਾਂ ਅਤੇ ਇਹ ਇਲਾਕਾ ਮੈਂ ਸਾਰਾ ਫਿਰਿਆ ਹੋਇਆ ਹੈ। ਮੈਨੂੰ ਪਤਾ ਸੀ,
ਜਿਨ੍ਹਾਂ ਪਠਾਣਾਂ ਦਾ ਸਬੰਧ ਆਫਰੀਦੀ, ਖਟਕ ਤੇ ਸ਼ਿਨਵਾਰੀ ਟੱਬਰਾਂ ਨਾਲ ਹੁੰਦਾ ਹੈ,
ਉਨ੍ਹਾਂ ਦੀਆਂ ਅੱਖਾਂ ਨੀਲੀਆਂ ਹੁੰਦੀਆਂ ਹਨ। ਭਾਵੇਂ ਸਭ ਦੀਆਂ ਅੱਖਾਂ ਦਾ ਰੰਗ ਨੀਲਾ
ਨਹੀਂ ਹੁੰਦਾ, ਪਰ ਬਹੁਤੇ ਨੀਲੀਆਂ ਅੱਖਾਂ ਵਾਲੇ ਹੁੰਦੇ ਹਨ। ਮੈਂ ਦੇਖਿਆ ਕਿ ਉਹ ਪਠਾਣ
ਫੌਜੀ ਮੁੰਡਿਆਂ ਨਾਲ ਬਹੁਤ ਸੋਹਣੀ ਪੰਜਾਬੀ ਵਿਚ ਗੱਲ ਕਰ ਰਿਹਾ ਸੀ। ਮੈਂ ਬੜਾ ਹੈਰਾਨ
ਹੋਇਆ ਕਿ ਹੈ ਤਾਂ ਇਹ ਪਠਾਣ, ਪਰ ਪੰਜਾਬੀ ਬੜੀ ਸੋਹਣੀ ਤੇ ਸਾਡੇ ਲਹਿਜ਼ੇ ‘ਚ ਹੀ ਬੋਲ ਰਿਹਾ
ਹੈ। ਉਹ ਵੀ ਜਾ ਕੇ ਬਾਕੀਆਂ ਨਾਲ ਸਟੂਲ ‘ਤੇ ਬੈਠ ਗਿਆ ਤੇ ਬਾਕੀ ਸਾਰੇ ਟੋਲਿਆਂ ਦੇ ਫਾਰਗ
ਹੋਣ ਦਾ ਇੰਤਜਾਰ ਕਰਨ ਲੱਗੇ ਤਾਂ ਕਿ ਇਕੱਠੇ ਵਾਪਸ ਜਾ ਸਕਣ।
ਮੈਂ ਹਿੰਮਤ ਕਰ ਕੇ ਉਨ੍ਹਾਂ ਕੋਲ ਚਲਾ ਗਿਆ ਤੇ ਜਾ ਸਲਾਮ ਕੀਤੀ। ਉਨ੍ਹਾਂ ਨੇ ਮੈਨੂੰ ਵੀ
ਇਕ ਸਟੂਲ ਦਿੱਤਾ ਤੇ ਮੈਂ ਉਨ੍ਹਾਂ ਕੋਲ ਬੈਠ ਗਿਆ। ਮੇਰੇ ਜ਼ਹਿਨ ਵਿਚ ਕੁਝ ਸਵਾਲ ਸਨ,
ਜਿਨ੍ਹਾਂ ਬਾਰੇ ਮੈਂ ਜਾਣਨਾ ਚਾਹੁੰਦਾ ਸਾਂ। ਮੈਂ ਪੁੱਛਿਆ ਕਿ ਤੁਸੀਂ ਸਾਰੇ ਪਾਕਿਸਤਾਨੀ
ਫੌਜੀ ਹੋ ਤੇ ਫੌਜੀ ਹੋ ਕੇ ਤੁਸੀਂ ਬਾਬੇ ਨਾਨਕ ਦੀ ਸਮਾਧ ਦੇਖਣ ਤੇ ਕਬਰ ‘ਤੇ ਮੱਥਾ ਟੇਕਣ
ਅਤੇ ਫਾਤਿਹਾ ਪੜ੍ਹਨ ਕਿਉਂ ਆਏ ਹੋ? ਸਵਾਲ ਸੁਣ ਕੇ ਉਹ ਇਕ ਦਮ ਚੁੱਪ ਹੋ ਗਏ। ਤੁਹਾਨੂੰ
ਪਤਾ ਹੀ ਹੈ ਕਿ ਫੌਜ ਵਿਚ ਸਭ ਨੂੰ ਬੋਲਣ ਦਾ ਹੁਕਮ ਨਹੀਂ ਹੁੰਦਾ। ਇਕ ਸੀਨੀਅਰ ਬੋਲਦਾ ਹੈ
ਅਤੇ ਬਾਕੀ ਸਭ ਉਸ ਨੂੰ ਸੁਣਦੇ ਹਨ। ਥੋੜ੍ਹੀ ਖਾਮੋਸ਼ੀ ਪਿਛੋਂ ਇਕ ਅਫਸਰ ਨੇ ਹੱਥ ਨਾਲ
ਇਸ਼ਾਰਾ ਕੀਤਾ ਕਿ ਰੰਧਾਵਾ ਸਾਹਿਬ ਨੂੰ ਪੁੱਛ ਲਵੋ। ਉਸ ਦੀ ਵਰਦੀ ‘ਤੇ ਲੱਗੇ ਸਟਾਰਾਂ ਤੋਂ
ਇਹ ਪਤਾ ਲੱਗ ਰਿਹਾ ਸੀ ਕਿ ਉਹ ਕਰਨਲ ਹੈ। ਮੈਂ ਉਨ੍ਹਾਂ ਵੱਲ ਮੂੰਹ ਕਰਕੇ ਉਹੀ ਸਵਾਲ
ਪੁੱਛਿਆ। ਉਨ੍ਹਾਂ ਮੁਸਕੁਰਾ ਕੇ ਜਵਾਬ ਦਿੱਤਾ ਕਿ ਇਸ ਸਵਾਲ ਦਾ ਜਵਾਬ ਤੁਹਾਨੂੰ ਇਸ
ਤਰ੍ਹਾਂ ਨਹੀਂ ਮਿਲਣਾ। ਤੁਸੀਂ ਸਿਆਲਕੋਟ ਛਾਉਣੀ ਜਾਓ ਤੇ ਉਥੋਂ ਇਜਾਜ਼ਤਨਾਮਾ ਲੈ ਕੇ ਆਓ,
ਫਿਰ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗਾ। ਮੈਂ ਸਮਝ ਗਿਆ ਕਿ ਨਾ ਨੌਂ ਮਣ ਤੇਲ ‘ਕੱਠਾ
ਹੋਣਾ ਤੇ ਨਾ ਰਾਧਾ ਨੇ ਨੱਚਣਾ।
ਮੈਂ ਗੱਲ ਦੂਜੇ ਪਾਸੇ ਮੋੜ ਲਈ ਕਿ ਇਹ ਤੁਹਾਡੇ ਜੂਨੀਅਰ ਜੋ ਤੁਹਾਨੂੰ ਰੰਧਾਵਾ ਸਾਹਿਬ ਕਹਿ
ਰਹੇ ਹਨ, ਕੀ ਤੁਸੀਂ ਰੈਂਕ ਦੇ ਹਿਸਾਬ ਨਾਲ ਕਰਨਲ ਰੰਧਾਵਾ ਹੋ? ਉਹ ਕਹਿਣ ਲੱਗੇ, ਹਾਂ
ਮੈਂ ਕਰਨਲ ਰੰਧਾਵਾ ਹਾਂ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਸਹੁਰੇ ਵੀ ਰੰਧਾਵੇ ਹਨ। ਉਹ
ਥੋੜ੍ਹਾ ਜਿਹਾ ਮੁਸਕੁਰਾਏ ਤੇ ਕਹਿਣ ਲੱਗੇ, ਕੀ ਉਹ 1947 ਦੇ ਮਹਾਜ਼ਰ ਨੇ? ਮੈਂ ਕਿਹਾ,
ਤੁਹਾਨੂੰ ਕਿਵੇਂ ਪਤਾ! ਕਹਿਣ ਲੱਗੇ, ਰੰਧਾਵੇ ਸਾਰੇ ਚੜ੍ਹਦੇ ਵਾਲੇ ਪੰਜਾਬ ਤੋਂ ਸਨ ਤੇ
ਅਸੀਂ ਵੀ ਉਧਰੋਂ ਹੀ ਆਏ ਹਾਂ। ਇਹ ਰੰਧਾਵੇ ਖਾਸ ਕਰ ਅੰਮ੍ਰਿਤਸਰ ਇਲਾਕੇ ਦੇ ਸਨ। ਮੈਂ
ਕਿਹਾ, ਹਾਂ ਮੇਰੇ ਸਹੁਰੇ ਵੀ ਅੰਮ੍ਰਿਤਸਰ ਦੇ ਕੋਲ ਕਰਕੇ ਪਿੰਡ ਰਾਜਾਤਾਲ ਤੋਂ ਉਠ ਕੇ ਆਏ
ਸਨ।
ਫੌਜੀ ਆਪਣੇ ਵਲੋਂ ਘੱਟ ਬੋਲਦੇ ਨੇ ਤੇ ਸੁਣਦੇ ਵੱਧ ਹਨ। ਕਰਨਲ ਰੰਧਾਵਾ ਨੇ ਪੁੱਛਿਆ ਕਿ ਉਹ
ਉਧਰੋਂ ਆ ਕੇ ਇਧਰ ਕਿਥੇ ਬੈਠੇ ਨੇ, ਤਾਂ ਮੈਂ ਕਿਹਾ ਕਿ ਉਹ ਲਾਇਲਪੁਰ ਬੈਠੇ ਹਨ। ਉਸ
ਪਿਛੋਂ ਮੈਂ ਪਠਾਣ ਅਫਸਰ ਨੂੰ ਪੁਛਿਆ ਕਿ ਤੁਸੀਂ ਹੋ ਤਾਂ ਪਠਾਣ, ਪਰ ਪੰਜਾਬੀ ਏਨੀ ਸੋਹਣੀ
ਕਿਵੇਂ ਬੋਲਦੇ ਹੋ? ਸੁਣ ਕੇ ਉਹ ਥੋੜ੍ਹਾ ਜਿਹਾ ਹੱਸ ਪਿਆ ਤੇ ਕਹਿਣ ਲੱਗਾ, ਤੁਸੀਂ ਇਹ ਸੁਣ
ਕੇ ਹੈਰਾਨ ਹੋ ਰਹੇ ਹੋ ਕਿ ਮੈਂ ਪੰਜਾਬੀ ਇੰਨੀ ਸੋਹਣੀ ਬੋਲ ਰਿਹਾ ਹਾਂ, ਪਰ ਇਹ ਜਾਣ ਕੇ
ਤੁਸੀਂ ਹੋਰ ਵੀ ਹੈਰਾਨ ਹੋਵੋਗੇ ਕਿ ਮੈਨੂੰ ਪਸ਼ਤੋ ਬਿਲਕੁਲ ਨਹੀਂ ਆਉਂਦੀ। ਵਜ੍ਹਾ ਇਹ ਹੈ
ਕਿ ਸਾਡੇ ਬਜੁਰਗ ’47 ਵਿਚ ਹੁਸ਼ਿਆਰਪੁਰ ਜਿਲੇ ਦੇ ਪਿੰਡ ਮਿਆਣੀ ਅਫਗਾਨਾਂ ਤੋਂ ਉਠ ਕੇ ਆਏ
ਸਨ ਤੇ ਅਸੀਂ ਸਦੀਆਂ ਤੋਂ ਉਥੇ ਹੀ ਰਹੇ ਹਾਂ, ਸਾਡੀਆਂ ਸ਼ਕਲਾਂ ਤਾਂ ਪਠਾਣਾਂ ਜਿਹੀਆਂ ਹਨ,
ਕਿਉਂਕਿ ਅਸੀਂ ਸ਼ਾਦੀਆਂ ਪਠਾਣਾਂ ਵਿਚ ਕੀਤੀਆਂ, ਪਰ ਪਸ਼ਤੋ ਜ਼ਬਾਨ ਸਾਨੂੰ ਭੁਲ ਗਈ ਤੇ ਹੁਣ
ਅਸੀਂ ਪੰਜਾਬੀ ਹੀ ਬੋਲਦੇ ਹਾਂ।
ਕਰੀਬ ਅੱਧਾ-ਪੌਣਾ ਘੰਟਾ ਅਸੀਂ ਗੱਲਾਂ ਕਰਦੇ ਰਹੇ। ਇੰਨੀ ਦੇਰ ਵਿਚ ਆਪਸ ‘ਚ ਖੁਲ੍ਹ ਵੀ
ਗਏ। ਗੱਲਬਾਤ ਦੌਰਾਨ ਮੈਨੂੰ ਪਤਾ ਲੱਗਾ ਕਿ ਉਨ੍ਹਾਂ 6 ਅਫਸਰਾਂ ਵਿਚੋਂ ਚਾਰ ਉਹ ਸਨ,
ਜਿਨ੍ਹਾਂ ਦੇ ਬਜੁਰਗ 1947 ਵਿਚ ਚੜ੍ਹਦੇ ਪੰਜਾਬ ਤੋਂ ਉਠ ਕੇ ਆਏ ਸਨ-ਇਕ ਮਿਆਣੀ ਅਫਗਾਨਾਂ
ਦਾ ਪਠਾਣ ਹੁਸ਼ਿਆਰਪੁਰ ਦਾ, ਇਕ ਕਰਨਲ ਰੰਧਾਵਾ ਅੰਮ੍ਰਿਤਸਰ ਤੋਂ ਅਤੇ ਇਕ ਮੇਜਰ ਚਾਹਲ ਤੇ
ਸਿੱਧੂ ਸਾਹਿਬ ਪਟਿਆਲੇ ਵਲੋਂ ਆਏ ਸਨ। ਬਾਕੀ ਦੋਹਾਂ ‘ਚੋਂ ਇਕ ਕੰਬੋਜ ਸੀ, ਜਿਲਾ ਕਸੂਰ ਦਾ
ਰਹਿਣ ਵਾਲਾ ਅਤੇ ਇਕ ਸਿੰਧੂ ਜੱਟ ਸੀ, ਜਿਲਾ ਸਿਆਲਕੋਟ ਦੇ ਸਤਾਰਾਹ ਇਲਾਕੇ ਦਾ। ਮੇਰੇ
ਨਾਲ ਉਹ ਇਸ ਲਈ ਵੀ ਖੁਲ੍ਹ ਗਏ ਕਿ ਮੇਰੇ ਬਜੁਰਗ ਮਹਾਜ਼ਰ ਸਨ ਤੇ ਸਾਡਾ ਮਹਾਜ਼ਰਾਂ ਦਾ ਦੁਖ
ਸਾਂਝਾ ਸੀ। ਮੈਂ ਉਨ੍ਹਾਂ ਨੂੰ ਆਖਰੀ ਸਵਾਲ ਪੁਛਿਆ ਕਿ ਤੁਸੀਂ ਸਾਰੇ ਜੱਟ ਜਾਂ ਰਾਜਪੂਤ
ਹੋ? ਚੜ੍ਹਦੇ ਪੰਜਾਬ ਵਲ ਵੀ ਜੱਟ ਜਾਂ ਰਾਜਪੂਤ ਹਨ। ਉਪਰੋਂ ਭਾਰਤੀ ਫੌਜ ਵਿਚ ਵੀ ਬਹੁਤੇ
ਲੋਕ ਇਹੀ ਹਨ। ਲੜਨ ਵਾਲੇ ਲੋਕ ਇਹੀ ਹਨ। ਤੁਸੀਂ ਇਥੇ ਬਾਬੇ ਨਾਨਕ ਨੂੰ ਮੱਥਾ ਟੇਕਣ ਆਉਂਦੇ
ਹੋ, ਉਧਰ ਉਹ ਵੀ ਬਾਬੇ ਨਾਨਕ ਨੂੰ ਮੱਥਾ ਟੇਕਦੇ ਹਨ ਤਾਂ ਫਿਰ ਇਹ ਜੰਗ ਕਾਹਦੀ ਹੈ? ਇਹ
ਜੰਗ ਕੀਹਦੇ ਖਿਲਾਫ ਹੈ? ਤੁਸੀਂ ਲੜਦੇ ਕੀਹਦੇ ਖਿਲਾਫ ਹੋ?
ਮੇਰੇ ਇਨ੍ਹਾਂ ਸਵਾਲਾਂ ਦਾ ਉਨ੍ਹਾਂ ਕੋਈ ਜਵਾਬ ਨਾ ਦਿੱਤਾ ਤੇ ਖਾਮੋਸ਼ ਹੀ ਰਹੇ। ਜਵਾਬ
ਮੇਰੇ ਕੋਲ ਵੀ ਨਹੀਂ ਸਨ। ਉਹ ਇਕ-ਦੂਜੇ ਦੀਆਂ ਸ਼ਕਲਾਂ ਦੇਖਦੇ ਰਹੇ ਤੇ ਮੈਂ ਉਨ੍ਹਾਂ ਦੀਆਂ
ਸ਼ਕਲਾਂ ਦੇਖਦਾ ਰਿਹਾ।
ਜਦੋਂ ਮੈਂ ਉਥੋਂ ਵਾਪਸੀ ਕੀਤੀ, ਦੁਪਹਿਰ ਦਾ ਵੇਲਾ ਹੋ ਗਿਆ ਸੀ। ਮੈਂ ਦੇਖਿਆ ਕਿ ਗੱਡੀ ਦੀ
ਵਿੰਡ ਸਕਰੀਨ ਧੁੰਦਲੀ ਹੋ ਗਈ ਹੈ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਵਿੰਡ ਸਕਰੀਨ
ਧੁੰਦਲੀ ਹੋਈ ਹੈ ਕਿ ਮੇਰੇ ਡੇਲੇ ਧੁੰਦਲੇ ਹੋ ਗਏ ਸਨ! ਮੈਨੂੰ ਅਹਿਸਾਸ ਹੋ ਰਿਹਾ ਸੀ ਕਿ
ਇਹ ਧੁੰਦ ਸ਼ਾਇਦ ਮੇਰੇ ਦਿਮਾਗ ‘ਤੇ ਵੀ ਛਾ ਗਈ ਸੀ ਤੇ ਮੈਨੂੰ ਕੋਈ ਵੀ ਚੀਜ਼ ਸਾਫ ਨਜ਼ਰ ਨਹੀਂ
ਸੀ ਆ ਰਹੀ ਅਤੇ ਨਾ ਹੀ ਮੈਨੂੰ ਆਪਣੇ ਕਿਸੇ ਸਵਾਲ ਦਾ ਜਵਾਬ ਨਜ਼ਰ ਆ ਰਿਹਾ ਸੀ।