ਵਿਧਾਇਕ ਮਨਪ੍ਰੀਤ ਇਯਾਲੀ ਨੇ ਭਰੋਸਗੀ ਮਤੇ ਨੂੰ ਲੈ ਕੇ ਘੇਰੀ ਭਗਵੰਤ ਮਾਨ ਸਰਕਾਰ, ਕਹੀਆਂ ਇਹ ਗੱਲਾਂ |
|
|
ਚੰਡੀਗੜ੍ਹ --03ਅਕਤੂਬਰ-(MDP)-- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ
ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਭਰੋਸਗੀ ਮਤਾ ਲਿਆਉਣ
’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਇਸ ਦੌਰਾਨ ਵਿਧਾਇਕ ਇਯਾਲੀ ਨੇ ਕਿਹਾ ਕਿ
ਬੇਸ਼ੱਕ ਭਾਜਪਾ ਦਾ ਅਕਾਲੀ ਦਲ ਨਾਲ ਬੜਾ ਲੰਬਾ ਸਮਾਂ ਗੱਠਜੋੜ ਰਿਹਾ ਪਰ ਮੈਂ ਇਸ ਦੇ ਹੱਕ
’ਚ ਨਹੀਂ ਸਗੋਂ ਵਿਰੋਧ ’ਚ ਹੀ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਜਿਸ ਸਮੇਂ
ਤਿੰਨ ਕਿਸਾਨ ਵਿਰੋਧੀ ਖੇਤੀ ਕਾਨੂੰਨ ਲਿਆਂਦੇ ਗਏ ਸਨ ਤਾਂ ਮੈਂ ਉਸ ਦਾ ਸਭ ਤੋਂ ਪਹਿਲਾਂ
ਵਿਰੋਧ ਕੀਤਾ ਸੀ। ਅਕਾਲੀ ਆਗੂ ਨੇ ਕਿਹਾ ਕਿ ਮੈਂ ਉਸ ਸਮੇਂ ਪਾਰਟੀ ਨੂੰ ਬੇਨਤੀ ਕੀਤੀ ਸੀ
ਕਿ ਭਾਜਪਾ ਨਾਲੋਂ ਨਾਤਾ ਤੋੜ ਲਿਆ ਜਾਵੇ ਪਰ ਜਿਸ ਨੂੰ ਕਾਫ਼ੀ ਦੇਰ ਬਾਅਦ ਤੋੜਿਆ ਗਿਆ।
ਉਨ੍ਹਾਂ ਕਿਹਾ ਕਿ ਜਦੋਂ ਰਾਸ਼ਟਰਪਤੀ ਦੀ ਚੋਣ ਸਮੇਂ ਵੀ ਜੋ ਪੰਜਾਬ ਦੇ ਮੁੱਦੇ, ਜਿਵੇਂ
ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ ਤੇ ਪਾਣੀ ਦਾ ਭਾਜਪਾ ਨੇ ਹੱਲ ਨਹੀਂ ਕੀਤਾ। ਇਸ
ਕਰਕੇ ਹੀ ਉਨ੍ਹਾਂ ਵੱਲੋਂ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ
ਹੁਣ ਜੋ ਹਰਿਆਣਾ ਦੀ ਵੱਖਰੀ ਕਮੇਟੀ ਬਣਾਈ ਗਈ ਹੈ, ਉਸ ’ਚ ਵੀ ਪਹਿਲਾਂ ਕਾਂਗਰਸ ਸਰਕਾਰ ਤੇ
ਉਸ ਤੋਂ ਬਾਅਦ ਹਰਿਆਣਾ ਦੀ ਭਾਜਪਾ ਸਰਕਾਰ ਤੇ ਹੁਣ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਉਹ
ਵੀ ਲੱਗਦਾ ਹੈ ਕਿ ਭਾਜਪਾ ਸਰਕਾਰ ਦੇ ਪ੍ਰਭਾਵ ਹੇਠ ਹੀ ਹਰਿਆਣਾ ਦੀ ਵੱਖਰੀ ਕਮੇਟੀ ਬਣਾਈ
ਗਈ ਹੈ, ਸੋ ਸ਼ਰੇਆਮ ਹੀ ਸਿੱਖ ਕੌਮ ਨਾਲ ਧੱਕਾ ਕੀਤਾ ਗਿਆ ਹੈ। ਇਸ ਲਈ ਮੈਂ ਭਾਜਪਾ ਦੇ
ਵਿਰੋਧ ’ਚ ਹਾਂ। ਉਨ੍ਹਾਂ ‘ਆਪ’ ਸਰਕਾਰ ਵੱਲੋਂ ਲਿਆਂਦੇ ਭਰੋਸਗੀ ਮਤੇ ਬਾਰੇ ਬੋਲਦਿਆਂ
ਕਿਹਾ ਕਿ ਜੋ ਮਤਾ ਲਿਆਂਦਾ ਗਿਆ ਹੈ, ਬਾਰੇ ਮੈਂ ਨਹੀਂ ਸਮਝਦਾ ਕਿ ਇਸ ਨੂੰ ਲਿਆਉਣ ਦੀ ਕੋਈ
ਲੋੜ ਸੀ।
ਉਨ੍ਹਾਂ ਕਿਹਾ ਕਿ ਜਿਸ ਦਿਨ ਬੀ. ਐੱਸ. ਸੀ. ਦੀ ਮੀਟਿੰਗ ਹੋਈ ਸੀ ਤਾਂ ਇਸ ਪ੍ਰਸਤਾਵ
ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਕਿਉਂਕਿ ਪਹਿਲਾਂ ਵੀ ਇਸ ਮੁੱਦੇ ਨੂੰ ਲੈ ਕੇ ਰਾਜਪਾਲ
ਨੇ ਜਿਹੜਾ ਤੁਸੀਂ ਸੈਸ਼ਨ ਬੁਲਾਇਆ ਸੀ, ਉਸ ਨੂੰ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ
ਕਿ ਤੁਹਾਡੇ ਕੋਲ 92 ਵਿਧਾਇਕਾਂ ਦਾ ਬਹੁਮਤ ਹੈ ਤੇ ਤੁਹਾਡੀ ਸਰਕਾਰ ਬਣੀ ਨੂੰ ਵੀ ਅਜੇ 6
ਮਹੀਨੇ ਹੀ ਹੋਏ ਹਨ। ਇੰਨੀ ਛੇਤੀ ਵਿਰੋਧੀ ਧਿਰ ਦੇ ਕਿਸੇ ਵੀ ਆਗੂ ਨੇ ਤੁਹਾਡੇ ਕੋਲੋਂ ਕੋਈ
ਮੰਗ ਨਹੀਂ ਕੀਤੀ ਕਿ ਤੁਸੀਂ ਬਹੁਮਤ ਸਾਬਿਤ ਕਰੋ। ਇਯਾਲੀ ਨੇ ਕਿਹਾ ਕਿ ਜੇ ਫਿਰ ਵੀ
ਭਾਜਪਾ ਨੇ ਕੋਈ ਆਫਰ ਦਿੱਤੀ ਹੈ ਤਾਂ ਉਸ ਦੇ ਸਬੂਤ ਲੋਕਾਂ ਦੇ ਸਾਹਮਣੇ ਰੱਖਣੇ ਚਾਹੀਦੇ
ਹਨ। ਇਸ ਨੂੰ ਲੈ ਕੇ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
|