ਜੈਸ਼ੰਕਰ ਨੇ ਬਲਿੰਕਨ ਨਾਲ ਕੀਤੀ ਮੁਲਾਕਾਤ, ਵੱਖ-ਵੱਖ ਮੁੱਦਿਆਂ ਤੇ ਹੋਈ ਚਰਚਾ |
|
|
ਫਨੋਮ ਪੇਨ --13ਨਵੰਬਰ-(MDP)-- ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅੱਜ ਭਾਵ
ਐਤਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਅਤੇ
ਯੂਕ੍ਰੇਨ ਵਿਚ ਯੁੱਧ, ਰਣਨੀਤਕ ਹਿੰਦ-ਪ੍ਰਸ਼ਾਂਤ ਖੇਤਰ ਅਤੇ ਦੁਵੱਲੇ ਸਬੰਧਾਂ 'ਤੇ ਚਰਚਾ
ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਕੰਬੋਡੀਆ ਦੀ ਰਾਜਧਾਨੀ ਫਨੋਮ ਪੇਨ 'ਚ
ਆਸੀਆਨ-ਭਾਰਤ ਸੰਮੇਲਨ ਦੌਰਾਨ ਹੋਈ। ਜੈਸ਼ੰਕਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਨਾਲ ਦੌਰੇ
'ਤੇ ਹਨ, ਜੋ ਇੱਥੇ ਆਸੀਆਨ-ਭਾਰਤ ਸੰਮੇਲਨ ਅਤੇ 17ਵੇਂ ਪੂਰਬੀ ਏਸ਼ੀਆ ਸੰਮੇਲਨ 'ਚ ਭਾਰਤੀ
ਵਫਦ ਦੀ ਅਗਵਾਈ ਕਰ ਰਹੇ ਹਨ। ਜੈਸ਼ੰਕਰ ਨੇ ਟਵੀਟ ਕੀਤਾ ਕਿ ਅਮਰੀਕੀ ਵਿਦੇਸ਼ ਮੰਤਰੀ
ਐਂਟਨੀ ਬਲਿੰਕਨ ਨਾਲ ਚੰਗੀ ਮੁਲਾਕਾਤ ਹੋਈ। ਯੂਕ੍ਰੇਨ, ਇੰਡੋ-ਪੈਸੀਫਿਕ, ਊਰਜਾ, ਜੀ-20
ਅਤੇ ਦੁਵੱਲੇ ਸਬੰਧਾਂ 'ਤੇ ਚਰਚਾ ਕੀਤੀ ਗਈ।
ਉਨ੍ਹਾਂ ਨੇ ਸ਼ਨੀਵਾਰ ਨੂੰ ਆਸੀਆਨ ਡਿਨਰ ਤੋਂ ਇਲਾਵਾ ਸੰਯੁਕਤ ਰਾਸ਼ਟਰ ਦੇ ਮੁਖੀ
ਐਂਟੋਨੀਓ ਗੁਟੇਰੇਸ ਨਾਲ ਵੀ ਮੁਲਾਕਾਤ ਕੀਤੀ। ਜੈਸ਼ੰਕਰ ਨੇ ਆਪਣੇ ਥਾਈ ਹਮਰੁਤਬਾ ਡੌਨ
ਪ੍ਰਮੁਦਵਿਨਈ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਥਾਈਲੈਂਡ ਦੇ ਉਪ ਪ੍ਰਧਾਨ
ਮੰਤਰੀ ਅਤੇ ਵਿਦੇਸ਼ ਮੰਤਰੀ ਡੌਨ ਪ੍ਰਮੁਦਵਿਨਈ ਨਾਲ ਮੁਲਾਕਾਤ ਕਰਨਾ ਹਮੇਸ਼ਾ ਚੰਗੀ ਹੁੰਦੀ
ਹੈ।ਅਸੀਂ ਸਾਡੀਆਂ ਸਾਂਝੀਆਂ ਖੇਤਰੀ ਚਿੰਤਾਵਾਂ ਅਤੇ ਆਸੀਆਨ ਨਾਲ ਮਜ਼ਬੂਤ ਸਾਂਝੇਦਾਰੀ
ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਸੀਆਨ ਡਿਨਰ 'ਤੇ ਕੈਨੇਡੀਅਨ ਸਹਿਯੋਗੀਆਂ - ਵਪਾਰ ਮੰਤਰੀ ਮੈਰੀ
ਐਨਜੀ ਅਤੇ ਵਿਦੇਸ਼ ਮੰਤਰੀ ਮਾਈਲੇਨ ਜੌਲੀ ਨਾਲ ਵੀ ਮੁਲਾਕਾਤ ਕੀਤੀ। ਅੱਤਵਾਦ ਅਤੇ
ਕੱਟੜਪੰਥ ਦਾ ਵਿਰੋਧ ਕਰਦੇ ਹੋਏ ਵਧੇਰੇ ਵਪਾਰ ਅਤੇ ਰਣਨੀਤਕ ਸਹਿਯੋਗ 'ਤੇ ਸਹਿਮਤ
ਹੋਏ।ਜੈਸ਼ੰਕਰ ਨੇ ਸ਼ਨੀਵਾਰ ਨੂੰ ਕੈਨੇਡਾ, ਇੰਡੋਨੇਸ਼ੀਆ ਅਤੇ ਸਿੰਗਾਪੁਰ ਦੇ ਆਪਣੇ
ਹਮਰੁਤਬਾ ਨਾਲ ਕਈ ਮੁੱਦਿਆਂ 'ਤੇ ਚਰਚਾ ਕੀਤੀ ਸੀ।
|