ਸੁਪਰੀਮ ਕੋਰਟ ’ਚ ਕੇਂਦਰ ਦੀ ਦੋ-ਟੁੱਕ, ਰਾਮ ਸੇਤੂ ਨੂੰ ਰਾਸ਼ਟਰੀ ਵਿਰਾਸਤੀ ਯਾਦਗਾਰ ਐਲਾਨੇ ਜਾਣ ਦੀ ਪ੍ਰਕਿਰਿਆ ਜਾਰੀ |
|
|
ਨਵੀਂ ਦਿੱਲੀ --20ਜਨਵਰੀ-(MDP)-- ਕੇਂਦਰ ਨੇ ਵੀਰਵਾਰ ਸੁਪਰੀਮ ਕੋਰਟ ਨੂੰ
ਸਪੱਸ਼ਟ ਦੱਸਿਆ ਕਿ ਉਹ ਰਾਮ ਸੇਤੂ ਨੂੰ ਰਾਸ਼ਟਰੀ ਵਿਰਾਸਤੀ ਯਾਦਗਾਰ ਐਲਾਨਣ ਦੇ ਮੁੱਦੇ ’ਤੇ
ਵਿਚਾਰ ਕਰ ਰਿਹਾ ਹੈ। ਇਸ ਮੁੱਦੇ ’ਤੇ ਰਾਜ ਸਭਾ ਦੇ ਸਾਬਕਾ ਮੈਂਬਰ ਸੁਬਰਾਮਨੀਅਮ ਸਵਾਮੀ
ਵੱਲੋਂ ਦਾਇਰ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ
ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੀ ਬੈਂਚ ਨੇ ਸਵਾਮੀ ਨੂੰ ਕਿਹਾ ਕਿ ਜੇ ਉਹ ਚਾਹੁਣ ਤਾਂ
ਸਰਕਾਰ ਨੂੰ ਅਰਜ਼ੀ ਦੇਣ।
ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਸ ਮਾਮਲੇ ’ਚ ਕੇਂਦਰ ਸਰਕਾਰ ਦੀ
ਪ੍ਰਕਿਰਿਆ ਚੱਲ ਰਹੀ ਹੈ । ਇਸ ’ਤੇ ਬੈਂਚ ਨੇ ਪਟੀਸ਼ਨਰ ਨੂੰ ਕਿਹਾ ਕਿ ਜੇ ਉਹ ਚਾਹੁਣ ਤਾਂ
ਪ੍ਰਤੀਨਿਧਤਾ ਦੇ ਸਕਦੇ ਹਨ। ਅਦਾਲਤ ਨੇ ਕੇਂਦਰ ਨੂੰ ਫੈਸਲਾ ਲੈਣ ਲਈ ਕਿਹਾ। ਨਾਲ ਹੀ
ਸਵਾਮੀ ਨੂੰ ਸਰਕਾਰ ਦੇ ਫੈਸਲੇ ਤੋਂ ਅਸੰਤੁਸ਼ਟ ਹੋਣ ’ਤੇ ਮੁੜ ਅਦਾਲਤ ਵਿਚ ਜਾਣ ਦੀ
ਆਜ਼ਾਦੀ ਦਿੱਤੀ। ਇਸ ’ਤੇ ਸਵਾਮੀ ਨੇ ਕਿਹਾ ਕਿ ਅਸੀਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ। ਅਸੀਂ ਇੱਕੋ
ਪਾਰਟੀ ਵਿੱਚ ਹਾਂ। ਇਹ ਸਾਡੇ ਚੋਣ ਮਨੋਰਥ ਪੱਤਰ ਵਿੱਚ ਹੈ। ਉਨ੍ਹਾਂ ਨੂੰ 6 ਹਫ਼ਤਿਆਂ
ਵਿੱਚ ਫੈਸਲਾ ਕਰਨ ਦਿਓ। ਅਸੀਂ ਫਿਰ ਆਵਾਂਗੇ। ਮਹਿਤਾ ਨੇ ਕਿਹਾ ਕਿ ਕੇਂਦਰ ਸਰਕਾਰ ਇਸ
ਮਾਮਲੇ ਦੀ ਜਾਂਚ ਕਰ ਰਹੀ ਹੈ।
|