ਪੈਰਿਸ ਤੋਂ ਦਿੱਲੀ ਆ ਰਹੇ ਜਹਾਜ਼ ’ਚ ਯਾਤਰੀ ਨੇ ਏਅਰ ਹੋਸਟੈੱਸ ਨਾਲ ਕੀਤੀ ਛੇੜਛਾੜ |
|
|
ਨਵੀਂ ਦਿੱਲੀ --20ਜਨਵਰੀ-(MDP)-- ਪੈਰਿਸ ਤੋਂ ਦਿੱਲੀ ਆ ਰਹੇ
ਏਅਰ ਇੰਡੀਆ ਦੇ ਜਹਾਜ਼ ’ਚ ਇਕ ਯਾਤਰੀ ’ਤੇ ਏਅਰ ਹੋਸਟੈੱਸ ਨਾਲ ਛੇੜਛਾੜ ਕਰਨ ਦਾ ਦੋਸ਼
ਲੱਗਾ ਹੈ। ਇਸ ਦੋਸ਼ ’ਚ ਦਿੱਲੀ ਪਹੁੰਚਣ ਤੋਂ ਬਾਅਦ ਮਿਲੀ ਸ਼ਿਕਾਇਤ ’ਤੇ ਆਈ.ਜੀ.ਆਈ.
ਏਅਰਪੋਰਟ ਥਾਣਾ ਪੁਲਸ ਨੇ ਮੁਲਜ਼ਮ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ’ਤੇ ਸਫਰ
ਦੌਰਾਨ ਏਅਰ ਹੋਸਟੈੱਸ ਨੂੰ ਅੱਖਾਂ ਤੇ ਹੱਥਾਂ ਨਾਲ ਅਸ਼ਲੀਲ ਇਸ਼ਾਰੇ ਕਰਨ ਦਾ ਦੋਸ਼ ਲੱਗਾ
ਹੈ। ਜਦੋਂ ਏਅਰ ਹੋਸਟੈੱਸ ਨੇ ਉਸ ਦੀਆਂ ਹਰਕਤਾਂ ਦਾ ਵਿਰੋਧ ਕੀਤਾ ਤਾਂ ਉਸ ਨੇ ਜਹਾਜ਼
ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਦੀ ਪਛਾਣ ਵੀ. ਬਾਲੂ ਵਜੋਂ ਹੋਈ ਹੈ।
ਮੁਲਜ਼ਮ ਯਾਤਰੀ ਨੇ ਪੈਰਿਸ ਤੋਂ ਦਿੱਲੀ ਉਤਰਨ ਤੋਂ ਬਾਅਦ ਚੇਨਈ ਜਾਣ ਵਾਲੀ ਫਲਾਈਟ 'ਚ
ਸਵਾਰ ਹੋਣਾ ਸੀ ਪਰ ਫਲਾਈਟ ਦੇ ਦਿੱਲੀ 'ਚ ਲੈਂਡ ਕਰਨ ਤੋਂ ਪਹਿਲਾਂ ਹੀ ਉਸ ਨੇ ਏਅਰ
ਹੋਸਟੈੱਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਏਅਰ ਹੋਸਟੈੱਸ ਅਤੇ ਸਹਿ-ਯਾਤਰੀਆਂ
ਨੇ ਇਸ ਦਾ ਵਿਰੋਧ ਕੀਤਾ ਤਾਂ ਯਾਤਰੀ ਨੇ ਫਲਾਈਟ ਦੇ ਅੰਦਰ ਹੀ ਉੱਚੀ-ਉੱਚੀ ਰੌਲਾ ਪਾਉਣਾ
ਸ਼ੁਰੂ ਕਰ ਦਿੱਤਾ। ਕਿਸੇ ਤਰ੍ਹਾਂ ਯਾਤਰੀ ਨੂੰ ਕਾਬੂ ਕੀਤਾ ਗਿਆ।
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਦੀ ਫਲਾਈਟ ਨੰਬਰ-ਏਆਈ-142
ਮੰਗਲਵਾਰ ਸਵੇਰੇ ਪੈਰਿਸ ਤੋਂ ਦਿੱਲੀ ਹਵਾਈ ਅੱਡੇ ਦੇ ਟੀ-3 'ਤੇ ਉਤਰੀ ਸੀ। ਇਸ ਤੋਂ
ਪਹਿਲਾਂ ਜਦੋਂ ਫਲਾਈਟ ਹਵਾ 'ਚ ਸੀ ਤਾਂ ਮੁਲਜ਼ਮ ਯਾਤਰੀ ਵੀ. ਬਾਲੂ ਨੇ ਏਅਰ ਹੋਸਟੈੱਸ ਨਾਲ
ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਯਾਤਰੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ
ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਇਸ ਤੋਂ ਬਾਅਦ ਉਸ ਨੇ ਏਅਰ ਹੋਸਟੈੱਸ ਨੂੰ
ਹੱਥਾਂ ਅਤੇ ਅੱਖਾਂ ਨਾਲ ਅਸ਼ਲੀਲ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ।
ਏਅਰ ਹੋਸਟੈੱਸ ਨੇ ਪਾਇਲਟ ਨੂੰ ਸੂਚਿਤ ਕੀਤਾ। ਪਾਇਲਟ ਅਤੇ ਹੋਰ ਯਾਤਰੀਆਂ ਨੇ ਬਾਲੂ
ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕਿਆ। ਇਸ ਤੋਂ ਬਾਅਦ ਉਸ ਨੂੰ ਫਲਾਈਟ
'ਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਜਿਵੇਂ ਹੀ ਫਲਾਈਟ ਲੈਂਡ ਹੋਈ, ਮੁਲਜ਼ਮ ਯਾਤਰੀ ਨੂੰ ਫੜ
ਕੇ ਏਅਰਪੋਰਟ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
|