ਮਾਘ ਮੇਲਾ: ਡੇਢ ਕਰੋੜ ਲੋਕਾਂ ਨੇ ਗੰਗਾ ਚ ਲਾਈ ਆਸਥਾ ਦੀ ਡੁੱਬਕੀ |
|
|
 ਪ੍ਰਯਾਗਰਾਜ- --21ਜਨਵਰੀ-(MDP)--ਮਾਘ ਮੇਲੇ ਦੇ ਤੀਜੇ ਇਸ਼ਨਾਨ ਮੌਕੇ ਮੱਸਿਆ 'ਤੇ ਸ਼ਨੀਵਾਰ ਨੂੰ ਡੇਢ
ਕਰੋੜ ਲੋਕਾਂ ਨੇ ਗੰਗਾ ਅਤੇ ਸੰਗਮ 'ਚ ਆਸਥਾ ਦੀ ਡੁੱਬਕੀ ਲਾਈ। ਇਸ ਦੌਰਾਨ ਮੇਲਾ
ਪ੍ਰਸ਼ਾਸਨ ਨੇ ਹੈਲੀਕਾਪਟਰ ਤੋਂ ਸਾਧੂ-ਸੰਤਾਂ ਅਤੇ ਸ਼ਰਧਾਲੂਆਂ 'ਤੇ ਫੁੱਲਾਂ ਦੀ ਵਰਖਾ
ਕੀਤੀ। ਮੱਸਿਆ ਅਤੇ ਸ਼ਨੀ ਮੱਸਿਆ ਦੇ ਮਹਾਯੋਗ ਕਾਰਨ ਸ਼ੁੱਕਰਵਾਰ ਤੋਂ ਹੀ ਵੱਡੀ ਗਿਣਤੀ
ਵਿਚ ਸ਼ਰਧਾਲੂ ਮੇਲਾ ਖੇਤਰ ਵਿਚ ਆਉਣਾ ਸ਼ੁਰੂ ਹੋ ਗਏ ਸਨ।
ਪ੍ਰਯਾਗਰਾਜ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਨੇ ਦੱਸਿਆ ਕਿ ਸ਼ੁੱਕਰਵਾਰ
ਅੱਧੀ ਰਾਤ 12 ਤੋਂ ਸ਼ਨੀਵਾਰ ਦੁਪਹਿਰ 12 ਵਜੇ ਤੱਕ ਡੇਢ ਕਰੋੜ ਸ਼ਰਧਾਲੂਆਂ ਨੇ ਗੰਗਾ ਅਤੇ
ਸੰਗਮ 'ਚ ਇਸ਼ਨਾਨ ਕੀਤਾ। ਮੇਲੇ ਦੀ ਸੁਰੱਖਿਆ ਲਈ 5,000 ਤੋਂ ਵੱਧ ਕਾਮੇ ਤਾਇਨਾਤ ਕੀਤੇ
ਗਏ ਹਨ, ਜਿਸ ਵਿਚ ਸਿਵਲ ਪੁਲਸ, ਮਹਿਲਾ ਪੁਲਸ, ਐਲ. ਆਈ. ਯੂ. ਟੀਮ, ਖੁਫੀਆ ਵਿਭਾਗ ਦੇ
ਅਧਿਕਾਰੀ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ
ਫੋਰਸ (NDRF) ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ ਕੈਮਰਿਆਂ ਅਤੇ ਡਰੋਨ
ਕੈਮਰਿਆਂ ਰਾਹੀਂ ਲੋਕਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਵੀ ਸ਼ਨੀਵਾਰ ਸਵੇਰੇ
ਸੰਗਮ ਵਿਚ ਇਸ਼ਨਾਨ ਕੀਤਾ। ਸ਼ਾਰਦਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਦਾਨੰਦ ਨੇ ਦੱਸਿਆ ਕਿ
ਪ੍ਰਯਾਗਰਾਜ 'ਚ ਮੱਸਿਆ 'ਤੇ ਸੰਗਮ 'ਚ ਇਸ਼ਨਾਨ ਕਰਨ ਨਾਲ ਮਨ ਦੇ ਪਾਪ ਨਸ਼ਟ ਹੁੰਦੇ ਹਨ
ਅਤੇ ਇਸ ਵਾਰ ਮੱਸਿਆ 'ਤੇ ਸ਼ਨੀ ਮੱਸਿਆ ਮਹਾਯੋਗ ਹੋਣ ਕਾਰਨ ਗੰਗਾ 'ਚ ਇਸ਼ਨਾਨ ਵਿਸ਼ੇਸ਼
ਤੌਰ 'ਤੇ ਫਲਦਾਇਕ ਹੈ। ਮਾਘ ਮੇਲੇ ਦਾ ਅਗਲਾ ਇਸ਼ਨਾਨ 26 ਜਨਵਰੀ ਨੂੰ ਬਸੰਤ ਪੰਚਮੀ, 5
ਫਰਵਰੀ ਨੂੰ ਮਾਘੀ ਪੁੰਨਿਆ ਅਤੇ 18 ਫਰਵਰੀ ਨੂੰ ਮਹਾਸ਼ਿਵਰਾਤਰੀ 'ਤੇ ਹੋਵੇਗਾ, ਜਿਸ ਨਾਲ
ਮਾਘ ਮੇਲੇ ਦੀ ਸਮਾਪਤੀ ਹੋਵੇਗੀ।
|