ਪੁਲਸ ਵੱਲੋਂ ਕਾਬੂ ਕੀਤੇ ਗੈਂਗਸਟਰ ਯੁਵਰਾਜ ਜੋਰਾ ਦਾ ਮਿਲਿਆ 5 ਦਿਨਾਂ ਦਾ ਪੁਲਸ ਰਿਮਾਂਡ |
|
|
 ਜ਼ੀਰਕਪੁਰ --21ਜਨਵਰੀ-(MDP)-- ਬੀਤੇ ਦਿਨੀਂ ਫਗਵਾੜਾ 'ਚ ਪੁਲਸ ਮੁਲਾਜ਼ਮ ਨੂੰ ਗੋਲੀ ਮਾਰ ਕੇ
ਹਲਾਕ ਕਰਨ ਵਾਲੇ ਗੈਂਗਸਟਰ ਯੁਵਰਾਜ ਜੋਰਾ ਨੂੰ ਪੁਲਸ ਨੇ ਸ਼ੁੱਕਰਵਾਰ ਨੂੰ ਡੇਰਾਬੱਸੀ ਦੀ
ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਸ ਦਾ 5 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਹੈ। ਇਸ
ਦੌਰਾਨ ਪੁਲਸ ਨੂੰ ਕਈ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ, ਹਾਲਾਂਕਿ ਪੁਲਸ ਇਹ ਪਹਿਲਾਂ ਹੀ
ਪਤਾ ਲਗਾ ਚੁੱਕੀ ਹੈ ਕਿ ਹਰਿਆਣਾ ਨੰਬਰ ਦੀ ਕਾਰ ਵਿਚ ਛੱਡਣ ਆਏ ਅਨਸਰ ਵੀ ‘ਤੇਜਾ ਗਿਰੋਹ’
ਦੇ ਗੈਂਗਸਟਰ ਗੁਰਗੇ ਸਨ ਅਤੇ ਉਨ੍ਹਾਂ ਦੇ ਕਹਿਣ 'ਤੇ ਹੀ ਗੈਂਗਸਟਰ ਜੋਰੇ ਨੂੰ ਜ਼ੀਰਕਪੁਰ
ਤੱਕ ਛੱਡਣ ਪੁੱਜੇ ਸਨ।
ਇਸ ਮਗਰੋਂ ਪੁਲਸ ਨੇ ਹਰਿਆਣਾ ਨੰਬਰ ਦੀ ਕਾਰ ਨੂੰ ਲੱਭਣ ਤੇ ਜੋਰੇ ਵੱਲੋਂ ਹੋਟਲ 'ਚ
ਦਿੱਤੇ ਫ਼ਰਜ਼ੀ ਆਧਾਰ ਕਾਰਡ ਵਿਚ ਦਰਜ ਪਤੇ ਬਾਰੇ ਪਤਾ ਲਾਉਣ ਲਈ ਯਤਨ ਤੇਜ਼ ਕਰ ਦਿੱਤੇ
ਹਨ। ਸੂਤਰਾਂ ਮੁਤਾਬਕ ਨਵਾਂਸ਼ਹਿਰ ਦੇ ਨਜ਼ਦੀਕ ਪੈਂਦੇ ਮਹਿਤਪੁਰ ਪਿੰਡ ਵਿਚ ਰਹਿੰਦੇ ਤੇਜਾ
ਮਹਿਤਪੁਰੀਆ 'ਤੇ ਵੀ 50 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਤੇ ਤੇਜਾ ਕੁਝ ਦਿਨ ਪਹਿਲਾਂ
ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਪੁਲਸ ਉਸ ਤੱਕ ਪੁੱਜਣ ਦੇ ਯਤਨ ਕਰ ਰਹੀ ਹੈ। ਇਸ ਤੋਂ ਪਹਿਲਾਂ ਪੁਲਸ ਇਹ ਪਤਾ ਲਗਾ ਰਹੀ
ਹੈ ਕਿ ਇਹ ਅਨਸਰ ਹਥਿਆਰ ਕਿੱਥੋਂ ਲੈ ਕੇ ਆਉਂਦੇ ਹਨ ਤੇ ਫਰਜ਼ੀ ਆਧਾਰ ਕਾਰਡ ਕਿਵੇਂ
ਬਣਵਾਉਂਦੇ ਹਨ। ਇਸ ਦੇ ਨਾਲ ਹੀ ਗੈਂਗਸਟਰਾਂ ਦੇ ਆਪਸੀ ਤਾਲਮੇਲ ਬਾਰੇ ਵੀ ਪੜਤਾਲ ਕੀਤੀ ਜਾ
ਰਹੀ ਹੈ।
|