ਯੂਕ੍ਰੇਨ ਦੇ ਸੀਨੀਅਰ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ ਤੇ ਕਾਰਵਾਈ ਦੌਰਾਨ ਦਿੱਤੇ ਅਸਤੀਫੇ |
|
|
ਕੀਵ --24ਜਨਵਰੀ-(MDP)-- ਰੂਸ ਨਾਲ ਜੰਗ ਦੌਰਾਨ ਉੱਚ ਪੱਧਰੀ ਭ੍ਰਿਸ਼ਟਾਚਾਰ
ਦੇ ਦੋਸ਼ਾਂ ਦਰਮਿਆਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵੱਲੋਂ ਸਟਾਫ ਦੇ
ਫੇਰਬਦਲ ਲਈ ਮੁਹਿੰਮ ਚਲਾਉਣ ਦੀ ਸਹੁੰ ਖਾਣ ਤੋਂ ਬਾਅਦ ਕਈ ਅਧਿਕਾਰੀਆਂ ਨੇ ਅਸਤੀਫਾ ਦੇ
ਦਿੱਤਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਦਫਤਰ ਦੇ ਮੁਖੀ ਕਿਰਾਇਲੋ ਟਿਮੋਸ਼ੈਂਕੋ ਨੇ ਵੀ
ਮੰਗਲਵਾਰ ਨੂੰ ਆਪਣਾ ਅਹੁਦਾ ਛੱਡ ਦਿੱਤਾ। ਜ਼ੇਲੇਂਸਕੀ ਦੁਆਰਾ ਹਸਤਾਖਰ ਕੀਤੇ ਆਦੇਸ਼ ਦੀ
ਇੱਕ ਆਨਲਾਈਨ ਕਾਪੀ ਅਤੇ ਟਿਮੋਸ਼ੈਂਕੋ ਦੀਆਂ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਅਨੁਸਾਰ
ਕਿਰੀਲੋ ਟਿਮੋਸ਼ੈਂਕੋ ਨੂੰ ਉਸਦੀ ਡਿਊਟੀ ਤੋਂ ਮੁਕਤ ਹੋਣ ਲਈ ਕਿਹਾ ਗਿਆ ਸੀ। ਕਿਸੇ ਨੇ ਵੀ
ਅਸਤੀਫੇ ਦਾ ਕਾਰਨ ਨਹੀਂ ਦੱਸਿਆ ਹੈ।
ਸਥਾਨਕ ਮੀਡੀਆ ਦੇ ਅਨੁਸਾਰ ਉਪ ਰੱਖਿਆ ਮੰਤਰੀ ਵਿਏਚੇਸਲਾਵ ਸ਼ਾਪੋਵਾਲੋਵ ਨੇ ਵੀ
ਅਸਤੀਫਾ ਦੇ ਦਿੱਤਾ ਹੈ। ਇਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਵੱਲੋਂ ਅਹੁਦਾ ਛੱਡਣਾ
ਯੂਕ੍ਰੇਨੀ ਹਥਿਆਰਬੰਦ ਬਲਾਂ ਲਈ ਭੋਜਨ ਖਰੀਦ ਘੁਟਾਲੇ ਨਾਲ ਜੁੜਿਆ ਹੋਇਆ ਸੀ। ਇਸੇ
ਤਰ੍ਹਾਂ 'ਡਿਪਟੀ ਪ੍ਰੌਸੀਕਿਊਟਰ ਜਨਰਲ' ਓਲੇਕਸੀ ਸਿਮੋਨੇਂਕੋ ਨੇ ਵੀ ਅਹੁਦਾ ਛੱਡ ਦਿੱਤਾ
ਹੈ। ਟਿਮੋਸ਼ੇਂਕੋ ਨੂੰ ਸਾਲ 2019 ਵਿੱਚ ਰਾਸ਼ਟਰਪਤੀ ਦਫ਼ਤਰ ਵਿੱਚ ਨਿਯੁਕਤ ਕੀਤਾ ਗਿਆ
ਸੀ। ਪਰ ਪਿਛਲੇ ਸਾਲ ਫਰਵਰੀ ਵਿਚ ਰੂਸੀ ਹਮਲੇ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ
ਬਾਅਦ ਜ਼ੇਲੇਂਸਕੀ ਨੇ ਵਾਅਦਾ ਕੀਤਾ ਸੀ ਕਿ ਉਹ ਸਰਕਾਰ, ਖੇਤਰੀ ਪ੍ਰਸ਼ਾਸਨ ਅਤੇ ਸੁਰੱਖਿਆ
ਬਲਾਂ ਦੇ ਸਟਾਫ ਵਿਚ ਫੇਰਬਦਲ ਕਰਨਗੇ। ਪਿਛਲੇ ਸਾਲ ਟਿਮੋਸ਼ੈਂਕੋ ਨਿੱਜੀ ਲਗਜ਼ਰੀ ਕਾਰਾਂ
ਦੀ ਵਰਤੋਂ ਲਈ ਜਾਂਚ ਦੇ ਘੇਰੇ ਵਿੱਚ ਆਇਆ ਸੀ। ਉਹ ਪਿਛਲੇ ਸਤੰਬਰ ਵਿੱਚ ਦੱਖਣੀ
ਜ਼ਪੋਰੀਜ਼ੀਆ ਖੇਤਰ ਲਈ ਰੱਖੀ ਗਈ ਮਾਨਵਤਾਵਾਦੀ ਸਹਾਇਤਾ ਵਿੱਚ 70 ਲੱਖ ਅਮਰੀਕੀ ਡਾਲਰ ਤੋਂ
ਵੱਧ ਦੇ ਗਬਨ ਨਾਲ ਜੁੜੇ ਅਧਿਕਾਰੀਆਂ ਵਿੱਚੋਂ ਇੱਕ ਸੀ। ਹਾਲਾਂਕਿ ਟਿਮੋਸ਼ੈਂਕੋ ਨੇ ਸਾਰੇ
ਦੋਸ਼ਾਂ ਤੋਂ ਇਨਕਾਰ ਕੀਤਾ ਹੈ।
|