ਜਨਰਲ ਵਰਗ ਦੇ ਉਮੀਦਵਾਰਾਂ ਲਈ ਖੁਸ਼ਖ਼ਬਰੀ, ਸਿਵਲ ਸੇਵਾਵਾਂ ਪ੍ਰੀਖਿਆ ਚ ਵਧਾਈ ਗਈ ਉਮਰ ਹੱਦ |
|
|
 ਈਟਾਨਗਰ- --05ਫਰਵਰੀ-(MDP)-- ਅਰੁਣਾਚਲ ਪ੍ਰਦੇਸ਼ ਕੈਬਨਿਟ ਨੇ ਰਾਜ ਸਿਵਲ ਸੇਵਾਵਾਂ ਪ੍ਰੀਖਿਆ 'ਚ ਜਨਰਲ
ਵਰਗ ਅਤੇ ਅਨੁਸੂਚਿਤ ਜਨਜਾਤੀ (ST) ਉਮੀਦਵਾਰਾਂ ਦੀ ਉਪਰਲੀ ਉਮਰ ਹੱਦ ਨੂੰ ਕ੍ਰਮਵਾਰ 35
ਅਤੇ 40 ਸਾਲ ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ
ਦਿੱਤੀ। ਇਹ ਫ਼ੈਸਲਾ ਮੁੱਖ ਮੰਤਰੀ ਪੇਮਾ ਖਾਂਡੂ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਦੀ ਬੈਠਕ
'ਚ ਲਿਆ ਗਿਆ। ਕੈਬਨਿਟ ਨੇ ਅਰੁਣਾਚਲ ਸਿਵਲ ਸੇਵਾਵਾਂ ਅਤੇ ਸਿਵਲ ਅਸਾਮੀਆਂ (ਸਿੱਧੀ ਭਰਤੀ
ਲਈ ਉਮਰ ਹੱਦ) ਨਿਯਮਾਂ ਦੇ ਨਿਯਮ-3 'ਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਅਨੁਸਾਰ ਰਾਜ ਸਿਵਲ ਸੇਵਾਵਾਂ ਪ੍ਰੀਖਿਆ ਲਈ ਉਪਰਲੀ ਉਮਰ ਹੱਦ ਜਨਰਲ ਵਰਗ ਲਈ 35
ਸਾਲ ਅਤੇ ਪ੍ਰਦੇਸ਼ ਦੇ ST ਉਮੀਦਵਾਰਾਂ ਲਈ 40 ਸਾਲ ਹੋਵੇਗੀ। ਐਤਵਾਰ ਨੂੰ ਇੱਥੇ ਜਾਰੀ ਇਕ
ਅਧਿਕਾਰਤ ਜਾਣਕਾਰੀ ਮੁਤਾਬਕ ਪ੍ਰਸਤਾਵਿਤ ਉਪਰਲੀ ਉਮਰ ਹੱਦ ਉਨ੍ਹਾਂ ਸਾਰੇ ਉਮੀਦਵਾਰਾਂ 'ਤੇ
ਵੀ ਲਾਗੂ ਹੋਵੇਗੀ, ਜਿਨ੍ਹਾਂ ਨੇ ਸਿੱਧੀ ਭਰਤੀ ਪ੍ਰੀਖਿਆ ਲਈ ਅਰਜ਼ੀ ਦਿੱਤੀ ਹੈ ਪਰ
ਅਰੁਣਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ (APPSC) ਵਲੋਂ 2022 ਦੌਰਾਨ ਪ੍ਰਸ਼ਾਸਨਿਕ
ਕਾਰਨਾਂ ਕਰਕੇ ਪ੍ਰੀਖਿਆ ਨੂੰ ਰੱਦ ਜਾਂ ਟਾਲ ਦਿੱਤੀ ਗਈ।
ਇਹ ਲਾਭ ਉਮੀਦਵਾਰਾਂ ਨੂੰ ਸਬੰਧਤ ਪ੍ਰੀਖਿਆਵਾਂ ਲਈ APPSC ਵਲੋਂ ਕੀਤੇ ਗਏ
ਇਸ਼ਤਿਹਾਰਾਂ ਦੇ ਸਬੰਧ ਵਿਚ ਅਰਜ਼ੀਆਂ ਦੀ ਪ੍ਰਾਪਤੀ ਦੀ ਆਖਰੀ ਤਾਰੀਖ਼ ਤੋਂ ਦਿੱਤਾ
ਜਾਵੇਗਾ। ਖਾਂਡੂ ਨੇ ਪਿਛਲੇ ਸਾਲ 22 ਨਵੰਬਰ ਨੂੰ ਐਲਾਨ ਕੀਤਾ ਸੀ ਕਿ APPSC ਪ੍ਰੀਖਿਆਵਾਂ
ਲਈ ਉਪਰਲੀ ਉਮਰ ਹੱਦ 3 ਸਾਲ ਵਧਾ ਦਿੱਤੀ ਜਾਵੇਗੀ। ਸੂਬਾ ਸਰਕਾਰ ਵਿਚ ਸਿਵਲ ਸੇਵਾ ਅਤੇ
ਸਿਵਲ ਅਸਾਮੀਆਂ ਲਈ ਸਿੱਧੀ ਭਰਤੀ ਲਈ ਮੌਜੂਦਾ ਉਮਰ ਹੱਦ 32 ਸਾਲ ਹੈ ਅਤੇ ਰਾਜ ਦੇ
ਅਨੁਸੂਚਿਤ ਜਨਜਾਤੀ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ।
|