ਤੁਰਕੀ ਤੇ ਸੀਰੀਆ ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 5,000 ਤੋਂ ਪਾਰ, ਤਸਵੀਰਾਂ ਚ ਵੇਖੋ ਤਬਾਹੀ ਦਾ ਮੰਜ਼ਰ |
|
|
 ਅਦਨ/ਤੁਰਕੀ --07ਫਰਵਰੀ-(MDP)-- ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਤੜਕੇ ਆਏ 7.8 ਤੀਬਰਤਾ ਦੇ
ਸ਼ਕਤੀਸ਼ਾਲੀ ਭੂਚਾਲ ਕਾਰਨ ਹੁਣ ਤੱਕ 5 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ|
ਅਧਿਕਾਰੀਆਂ ਨੂੰ ਡਰ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ, ਕਿਉਂਕਿ ਬਚਾਅ
ਕਰਤਾ ਮੰਗਲਵਾਰ ਨੂੰ ਵੀ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਵਿਚ ਲੱਗੇ ਹੋਏ ਹਨ। ਬਚਾਅ
ਕਰਮਚਾਰੀ ਸਾਵਧਾਨੀ ਨਾਲ ਕੰਕਰੀਟ ਦੇ ਪੱਥਰ ਅਤੇ ਲੋਹੇ ਦੀਆਂ ਰਾਡਾਂ ਨੂੰ ਹਟਾ ਰਹੇ ਹਨ,
ਤਾਂ ਜੋ ਮਲਬੇ ਵਿਚ ਜੇਕਰ ਕੋਈ ਵੀ ਜਿਊਂਦਾ ਬਚਿਆ ਹੈ ਤਾਂ ਉਸ ਨੂੰ ਸੁਰੱਖਿਅਤ ਬਾਹਰ
ਕੱਢਿਆ ਜਾ ਸਕੇ।
ਕਈ ਸਾਰੇ ਲੋਕ ਆਪਣੇ ਅਜ਼ੀਜ਼ਾਂ ਦੀ ਭਾਲ ਵਿਚ ਨੁਕਸਾਨੀਆਂ ਗਈਆਂ ਇਮਾਰਤਾਂ ਦੇ ਨੇੜੇ
ਇਕੱਠੇ ਹੋ ਰਹੇ ਹਨ। ਤੁਰਕੀ ਦੇ ਸ਼ਹਿਰ ਅਦਨ 'ਚ ਇਕ ਨੁਕਸਾਨੀ ਗਈ ਇਮਾਰਤ ਦੇ ਨੇੜੇ
ਪਹੁੰਚੇ ਇਮਰਾਨ ਬਹੂਰ ਤਬਾਹੀ ਦਾ ਨਜ਼ਾਰਾ ਦੇਖ ਕੇ ਰੋ ਪਏ। ਉਸਨੇ ਕਿਹਾ ਕਿ ਮੇਰਾ ਡੇਢ
ਸਾਲ ਦਾ ਪੋਤਾ ਹੈ। ਕਿਰਪਾ ਕਰਕੇ ਉਹਨਾਂ ਦੀ ਮਦਦ ਕਰੋ...ਉਹ 12ਵੀਂ ਮੰਜ਼ਿਲ 'ਤੇ ਸਨ।
ਭੂਚਾਲ ਦਾ ਕੇਂਦਰ ਤੁਰਕੀ ਦੇ ਸ਼ਹਿਰ ਗਾਜ਼ੀਅਨਟੇਪ ਤੋਂ ਕਰੀਬ 30 ਕਿਲੋਮੀਟਰ ਦੂਰ ਸੀ।
ਭੂਚਾਲ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੇ ਸ਼ਾਪਿੰਗ ਮਾਲ, ਸਟੇਡੀਅਮ, ਮਸਜਿਦਾਂ ਅਤੇ
ਕਮਿਊਨਿਟੀ ਸੈਂਟਰਾਂ ਵਿੱਚ ਸ਼ਰਨ ਲਈ ਹੈ।
ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ
ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਏਰਦੋਗਨ ਨੂੰ ਫੋਨ ਕੀਤਾ ਅਤੇ
ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਹਿਯੋਗੀ ਤੁਰਕੀ ਪ੍ਰਤੀ ਸੰਵੇਦਨਾ ਪ੍ਰਗਟ
ਕੀਤੀ ਅਤੇ ਸੰਕਟ ਦੀ ਇਸ ਘੜੀ ਵਿੱਚ ਸਹਾਇਤਾ ਦੀ ਪੇਸ਼ਕਸ਼ ਕੀਤੀ। ਵ੍ਹਾਈਟ ਹਾਊਸ ਨੇ ਕਿਹਾ
ਕਿ ਉਹ ਤੁਰਕੀ ਦੇ ਯਤਨਾਂ ਵਿਚ ਮਦਦ ਲਈ ਖੋਜ ਅਤੇ ਬਚਾਅ ਟੀਮਾਂ ਭੇਜ ਰਿਹਾ ਹੈ। ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਹੈ ਕਿ ਭਾਰਤ ਇਸ ਤ੍ਰਾਸਦੀ ਨਾਲ ਨਜਿੱਠਣ ਲਈ ਹਰ ਸੰਭਵ
ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ
ਅਨੁਸਾਰ, ਰਾਹਤ ਸਮੱਗਰੀ ਦੇ ਨਾਲ ਐੱਨ.ਡੀ.ਆਰ.ਐੱਫ. ਅਤੇ ਮੈਡੀਕਲ ਟੀਮਾਂ ਤੁਰਕੀ ਗਣਰਾਜ
ਦੀ ਸਰਕਾਰ ਨਾਲ ਤਾਲਮੇਲ ਕਰਕੇ ਤੁਰਕੀ ਭੇਜੀਆਂ ਜਾਣਗੀਆਂ। ਇਸ ਘੋਸ਼ਣਾ ਦੇ ਕੁਝ ਘੰਟਿਆਂ
ਬਾਅਦ, ਭਾਰਤੀ ਹਵਾਈ ਫ਼ੌਜ ਦੇ ਇੱਕ ਜਹਾਜ਼ ਵਿੱਚ ਭੂਚਾਲ ਰਾਹਤ ਸਮੱਗਰੀ ਦੀ ਪਹਿਲੀ ਖੇਪ
ਤੁਰਕੀ ਲਈ ਰਵਾਨਾ ਕੀਤੀ ਗਈ।
|