ਪੰਜਾਬ ਚ PM ਮੋਦੀ ਦੀ ਸੁਰੱਖਿਆ ਚ ਕੁਤਾਹੀ ਦਾ ਮਾਮਲਾ : ਕੇਂਦਰ ਨੂੰ ਜਲਦ ਜਵਾਬ ਭੇਜੇਗੀ ਮਾਨ ਸਰਕਾਰ |
|
|
 ਚੰਡੀਗੜ੍ਹ --14ਮਾਰਚ-(MDP)-- ਫਿਰੋਜ਼ਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ
'ਚ ਕੁਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ 'ਚ ਦੇਰੀ ਤੋਂ ਨਾਰਾਜ਼ ਕੇਂਦਰ
ਨੇ ਸੂਬਾ ਸਰਕਾਰ ਤੋਂ ਕਾਰਵਾਈ ਦੀ ਰਿਪੋਰਟ ਮੰਗੀ ਸੀ। ਇਸ 'ਤੇ ਬੋਲਦਿਆਂ ਪੰਜਾਬ ਦੇ
ਮੁੱਖ ਸਕੱਤਰ ਵੀ. ਕੇ. ਜੰਜੂਆ ਨੇ ਕਿਹਾ ਹੈ ਕਿ ਅੱਜ-ਕੱਲ੍ਹ 'ਚ ਕੇਂਦਰ ਨੂੰ ਜਵਾਬ ਦਿੱਤਾ
ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜਲਦ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀ
ਪਾਏ ਗਏ ਅਧਿਕਾਰੀ ਰਿਟਾਇਰ ਵੀ ਹੋ ਗਏ ਹਨ ਤਾਂ ਉਨ੍ਹਾਂ ਦੀ ਪੈਨਸ਼ਨ ਕੱਟੀ ਜਾ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਕ ਮੌਕਾ ਆਪਣੀ ਗੱਲ ਰੱਖਣ ਦਾ ਦਿੱਤਾ
ਜਾਵੇਗਾ। ਅਧਿਕਾਰੀਆਂ 'ਤੇ ਕਾਰਵਾਈ ਹੋਵੇਗੀ ਪਰ ਉਸ ਤੋਂ ਪਹਿਲਾਂ ਰਿਪੋਰਟ ਕੇਂਦਰ ਨੂੰ
ਭੇਜੀ ਜਾਵੇਗੀ। ਵੀ. ਕੇ. ਜੰਜੂਆ ਨੇ ਕਿਹਾ ਕਿ ਇਸ ਬਾਰੇ ਮੁੱਖ ਮੰਤਰੀ ਮਾਨ ਨਾਲ ਗੱਲ ਹੋਈ
ਹੈ ਅਤੇ ਜੋ ਵੀ ਕਸੂਰਵਾਰ ਹਨ, ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਾਣੋ ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਪਿਛਲੇ ਸਾਲ 5 ਜਨਵਰੀ ਨੂੰ ਪੰਜਾਬ ਦੇ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਕਥਿਤ
ਕਿਸਾਨ ਅੰਦੋਲਨਕਾਰੀਆਂ ਨੇ ਹੁਸੈਨੀਵਾਲਾ ਫਲਾਈਓਵਰ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਕਾਫ਼ਲੇ
ਨੂੰ ਅੱਗੇ ਨਹੀਂ ਜਾਣ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੂੰ ਕਰੀਬ 20 ਮਿੰਟ ਤੱਕ ਉਸੇ
ਫਲਾਈਓਵਰ 'ਤੇ ਰੁਕਣਾ ਪਿਆ ਅਤੇ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਕੇ ਏਅਰਪੋਰਟ
ਪਰਤਣਾ ਪਿਆ ਸੀ।
|