ਤਸਨੀਮ ਦੀ ਮਾਂ ਲੂਸੀ ਦੀ ਮੌਤ ਅੱਗ ਨਾਲ ਸੜ ਕੇ ਹੋਈ ਸੀ
ਤਸਨੀਮ ਦੇ ਪਿਤਾ ਨੇ ਉਸ ਦੀ ਤਾਂ ਜਾਨ ਬਚਾ ਲਈ ਪਰ ਉਹ, ਉਹੀ ਇਨਸਾਨ
ਸੀ ਜਿੰਨ੍ਹਾਂ ਨੇ ਪੈਟਰੋਲ ਪਾ ਕੇ ਅੱਗ ਲਗਾਈ ਸੀ ਅਤੇ ਇਸ ਅੱਗ ਦੀ ਭੇਟ ਤਸਨੀਮ ਦੀ ਆਂਟੀ
ਅਤੇ ਦਾਦੀ ਵੀ ਚੜ੍ਹ ਗਈਆਂ ਸਨ।
ਤਸਨੀਮ ਸ਼ੁਰੂ ਤੋਂ ਹੀ ਜਾਣਦੀ ਸੀ ਕਿ ਉਸ ਦੇ ਪਿਤਾ ਇੱਕ ਸਜ਼ਾਯਾਫ਼ਤਾ ਕਾਤਲ ਸਨ ਅਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ।
ਪਰ
ਇਹ ਡਾਇਰੀ ਜੋ ਕਿ ਪੁਲਿਸ ਸਟੋਰੇਜ ’ਚ ਫਾਈਲਾਂ ਹੇਠ 18 ਸਾਲਾਂ ਤੱਕ ਭੁੱਲੀ ਵਿਸਰੀ ਪਈ
ਹੋਈ ਸੀ, ਉਸ ਸਮੇਂ ਸਾਹਮਣੇ ਆਈ ਜਦੋਂ ਤਸਨੀਮ ਨੇ ਆਪਣੀ ਮਾਂ ਦੇ ਕੇਸ ’ਚ ਸਬੂਤ ਦੀਆਂ
ਫਾਈਲਾਂ ਨੂੰ ਵੇਖਣ ਲਈ ਕਿਹਾ। ਇਸ ਡਾਇਰੀ ਨੇ ਹੋਰ ਖ਼ੌਫ਼ਨਾਕ ਖੁਲਾਸੇ ਕੀਤੇ।
ਤਸਨੀਮ ਜਦੋਂ ਡਾਇਰੀ ਪੜ੍ਹਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਜਨਮ ਉਸ ਦੇ ਪਿਤਾ ਵੱਲੋਂ ਉਸ ਦੀ ਮਾਂ ਦੇ ਜਿਨਸੀ ਸ਼ੋਸ਼ਣ ਦੇ ਨਤੀਜੇ ਵੱਜੋਂ ਹੋਇਆ ਸੀ।
ਭਵਿੱਖ
ਲਈ ਲੂਸੀ ਦੀਆਂ ਆਸਾਂ-ਉਮੀਦਾਂ ਅਤੇ ਸੁਪਨਿਆਂ ਦੇ ਨਾਲ-ਨਾਲ ਡਾਇਰੀ ਦੇ ਪੰਨੇ ਉਸ ਦੇ
ਗੁਪਤ ਦੁੱਖਾਂ ਦਾ ਵੀ ਵੇਰਵਾ ਦਿੰਦੇ ਹਨ। ਮਹਿਜ਼ 12 ਸਾਲ ਦੀ ਉਮਰ ’ਚ ਹੀ ਲੂਸੀ ਨਾਲ
ਦੁਰਵਿਵਹਾਰ ਹੋਇਆ ਅਤੇ ਇਹ ਸਭ ਤਸਨੀਮ ਦੇ ਪਿਤਾ ਅਜ਼ਹਰ ਅਲੀ ਮਹਿਮੂਦ ਜੋ ਕਿ ਇੱਕ ਟੈਕਸੀ
ਡਰਾਇਵਰ ਸਨ ਅਤੇ ਉਮਰ ’ਚ ਲੂਸੀ ਤੋਂ 10 ਸਾਲ ਵੱਡੇ ਵੀ ਸਨ, ਉਨ੍ਹਾਂ ਨੇ ਕੀਤਾ ਸੀ।
ਇਸ
ਸੱਚਾਈ ਨੇ ਤਸਨੀਮ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਨੂੰ ਇੰਝ ਲੱਗਦਾ ਹੈ ਕਿ ਜਿਵੇਂ
ਦੁਨੀਆਂ ’ਚ ਉਹ ਇੱਕਲੀ ਅਜਿਹੀ ਸ਼ਖਸ ਹੈ, ਜੋ ਇਸ ਸਭ ’ਚੋਂ ਲੰਘ ਰਹੀ ਹੈ। ਪਰ ਇੱਕ ਖੋਜ
ਦੱਸਦੀ ਹੈ ਕਿ ਉਹ ਇੱਕਲੀ ਨਹੀਂ ਹੈ।
ਇਹ ਕਹਿਣਾ ਬਹੁਤ ਹੀ ਔਖਾ ਹੈ ਕਿ ਯੂਕੇ ’ਚ
ਕਿੰਨੇ ਲੋਕ ਬਲਾਤਕਾਰ ਅਤੇ ਦੁਰਵਿਵਹਾਰ ਦੇ ਨਤੀਜੇ ਵੱਜੋਂ ਪੈਦਾ ਹੋਏ ਹਨ, ਪਰ ਡਰਹਮ
ਯੂਨੀਵਰਸਿਟੀ ਅਤੇ ਸੈਂਟਰ ਫਾਰ ਵੂਮੈਨ ਜਸਟਿਸ ਦੇ ਅਨੁਮਾਨਾਂ ਅਨੁਸਾਰ ਸਾਲ 2021 ’ਚ
ਇੰਗਲੈਂਡ ਅਤੇ ਵੇਲਜ਼ ’ਚ ਬਲਾਤਕਾਰ ਦੇ ਨਤੀਜੇ ਵੱਜੋਂ 3,300 ਔਰਤਾਂ ਗਰਭਵਤੀ ਹੋਈਆਂ ਹੋ
ਸਕਦੀਆਂ ਹਨ।
ਸਰਕਾਰ ਦਾ ਕਹਿਣਾ ਹੈ ਕਿ ਇੰਗਲੈਂਡ ਅਤੇ ਵੇਲਜ਼ ਨੂੰ ਕਵਰ ਕਰਨ ਵਾਲਾ
ਆਗਾਮੀ ਪੀੜਤ ਬਿੱਲ ਅਧਿਕਾਰਤ ਤੌਰ ’ਤੇ ਬਲਾਤਕਾਰ ਦੇ ਨਤੀਜੇ ਵੱਜੋਂ ਜਨਮੇ ਬੱਚਿਆਂ ਨੂੰ
ਅਪਰਾਧ ਦੇ ਪੀੜਤਾਂ ਵੱਜੋਂ ਸ਼੍ਰੇਣੀਬੱਧ ਕਰੇਗਾ।
ਮੰਤਰੀਆਂ ਮੁਤਾਬਕ ਇਹ ਉਨ੍ਹਾਂ
ਨੂੰ ਵਾਧੂ ਮਦਦ ਦੇ ਹੱਕਦਾਰ ਬਣਾਵੇਗਾ, ਜਿਸ ’ਚ ਥੈਰੇਪੀ ਅਤੇ ਕਾਉਂਸਲਿੰਗ ਦੇ ਨਾਲ-ਨਾਲ
ਉਨ੍ਹਾਂ ਦੇ ਕੇਸ ਬਾਰੇ ਜਾਣਕਾਰੀ ਤੱਕ ਪਹੁੰਚ ਵੀ ਸ਼ਾਮਲ ਹੈ।
ਉਨ੍ਹਾਂ ਨੂੰ ਸ਼ਰਾਬ
ਅਤੇ ਨਸ਼ੀਲੇ ਪਦਾਰਥਾਂ ਦੀ ਨਿਰਭਰਤਾ, ਸਿੱਖਿਆ ਅਤੇ ਰਿਹਾਇਸ਼ੀ ਲਾਭ ਵਰਗੀਆਂ ਸੇਵਾਵਾਂ
ਸਬੰਧੀ ‘ਵਧੇਰੇ ਮਾਨਤਾ’ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ।
ਪਰ ਬ੍ਰਿਟੇਨ ’ਚ
ਬਲਾਤਕਾਰ ਪੀੜਤਾਂ ਦੇ ਬੱਚਿਆਂ ਦੇ ਲਈ ਸਮਰਪਿਤ ਕੋਈ ਦਾਨ ਜਾਂ ਸਹਾਇਤਾ ਸੇਵਾਵਾਂ ਦੀ ਘਾਟ
ਦੇ ਕਾਰਨ, ਤਸਨੀਮ ਵਰਗੇ ਬੱਚਿਆਂ ਨੂੰ ਆਮ ਹੀ ਕਿਸੇ ਮਾਹਰ ਦੀ ਮਦਦ ਦੇ ਬਿਨ੍ਹਾਂ
ਗੁੰਝਲਦਾਰ ਭਾਵਨਾਵਾਂ ਨਾਲ ਨਜਿੱਠਣ ਲਈ ਛੱਡ ਦਿੱਤਾ ਜਾਂਦਾ ਹੈ।
ਤਸਨੀਮ ਕਹਿੰਦੀ ਹੈ, "ਤੁਸੀਂ ਕਲਪਨਾ ਕਰੋ ਕਿ ਤੁਹਾਡੇ ਮਾਪੇ ਆਪਸੀ ਖੁਸ਼ੀ ਨਾਲ ਪਿਆਰ ’ਚ ਹਨ।”
"ਜੋ
ਕੁਝ ਵੀ ਤੁਸੀਂ ਜਾਣਦੇ ਹੋ ਇਹ ਉਸ ਸਭ ਨੂੰ ਬਦਲ ਦਿੰਦਾ ਹੈ ਅਤੇ ਤੁਸੀਂ ਆਪਣੇ ਪਰਿਵਾਰ
ਅਤੇ ਆਪਣੇ ਬਾਰੇ ਚੀਜ਼ਾਂ ਨੂੰ ਕਿਵੇਂ ਵੇਖਦੇ ਅਤੇ ਸਮਝਦੇ ਹੋ। ਕਿਉਂਕਿ ਮੈਂ ਇੱਕ ਕਾਤਲ
ਅਤੇ ਬਲਾਤਕਾਰੀ ਦੀ ਧੀ ਹਾਂ। ਇਸ ਲਈ ਮੈਂ ਹਮੇਸ਼ਾ ਬਹੁਤ ਹੀ ਭਿਆਨਕ ਗੱਲਾਂ ਸੋਚਦੀ ਸੀ,
ਜਿਵੇਂ ਕਿ ਜੇਕਰ ਮੈਂ ਵੀ ਆਪਣੇ ਪਿਤਾ ਵਾਂਗ ਬਣ ਗਈ ਤਾਂ ਕੀ ਹੋਵੇਗਾ?"
ਡਾਇਰੀ ਦੇ
ਕੁਝ ਵੇਰਵਿਆਂ ਨੂੰ ਪੜ੍ਹਣਾ ਤਸਨੀਮ ਲਈ ਬਹੁਤ ਹੀ ਦਰਦਨਾਕ ਸੀ। ਉਹ ਆਪਣੇ ਲਈ ਉਸ ਪਿਆਰ
’ਤੇ ਧਿਆਨ ਕੇਂਦਰਿਤ ਕਰਨ ਦਾ ਯਤਨ ਕਰਦੀ ਹੈ ਜੋ ਕਿ ਲੂਸੀ ਦੀ ਡਾਇਰੀ ’ਚ ਬਹੁਤ ਹੀ ਸਪੱਸ਼ਟ
ਹੈ।
ਡਾਇਰੀ ਦੇ ਪੰਨੇ ਉਨ੍ਹਾਂ ਦੇ ਇੱਕਠੇ ਬਿਤਾਏ ਸਮੇਂ ਦੀਆਂ ਕਹਾਣੀਆਂ ਅਤੇ ਕਵਿਤਾਵਾਂ ਨਾਲ ਭਰੇ ਹੋਏ ਹਨ।
ਤਸਨੀਮ ਦਾ ਕਹਿਣਾ ਹੈ, "ਮੈਨੂੰ ਆਪਣੇ ਬਾਰੇ ਬੁਰਾ ਮਹਿਸੂਸ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਉਹ (ਲੂਸੀ) ਮੈਨੂੰ ਇਸ ਤਰ੍ਹਾਂ ਨਹੀਂ ਦੇਖਣਾ ਚਾਹੁਣਗੇ।"
ਨੀਲ ਲੰਬਾ ਸਾਹ ਲੈਂਦਾ ਹੈ ਅਤੇ ਲਿਫ਼ਾਫ਼ਾ ਖੋਲ੍ਹਦਾ ਹੈ
ਇਲਕਲੇ ਵੈਸਟ ਯੌਰਕਸ਼ਾਇਰ ’ਚ ਗੋਦ ਲਏ ਗਏ ਨੀਲ, ਉਨ੍ਹਾਂ ਦੇ ਉਪਮਾਨ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਦੀ ਗੋਦ ਵਿੱਚ ਉਨ੍ਹਾਂ ਦਾ ਖੁਸ਼ਹਾਲ ਬਚਪਨ ਬੀਤਿਆ।
ਪਰ ਨੀਲ ਹਮੇਸ਼ਾ ਹੀ ਆਪਣੀ ਜਨਮ ਦੇਣ ਵਾਲੀ ਮਾਂ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਸਨ।
ਉਨ੍ਹਾਂ ਨੇ ਇੱਕ ਪਰੀ-ਕਹਾਣੀ ਵਾਲੀ ਰਾਜਕੁਮਾਰੀ ਦੀ ਕਲਪਨਾ ਕੀਤੀ ਅਤੇ ਸੁਪਨਾ ਲਿਆ ਕਿ ਉਹ ਇੱਕ ਨਾ ਇੱਕ ਦਿਨ ਮੁੜ ਜ਼ਰੂਰ ਮਿਲਣਗੇ।
ਹੁਣ
ਜਦੋਂ ਨੀਲ 27 ਸਾਲ ਦੇ ਹੋ ਗਏ ਹਨ, ਉਨ੍ਹਾਂ ਨੇ ਇੱਕ ਪ੍ਰਾਈਵੇਟ ਜਾਸੂਸ , ਜਿਸ ਨੂੰ ਕਿ
ਉਨ੍ਹਾਂ ਨੇ ਆਪਣੀ ਮਾਂ ਨੂੰ ਲੱਭਣ ਲਈ ਨਿਯੁਕਤ ਕੀਤਾ ਸੀ, ਵੱਲੋਂ ਦਿੱਤੀ ਚਿੱਠੀ ਖੋਲ੍ਹੀ।
ਜਿਵੇਂ
ਹੀ ਨੀਲ ਉਸ ਚਿੱਠੀ ਨੂੰ ਪੜ੍ਹਣਾ ਸ਼ੁਰੂ ਕਰਦੇ ਹਨ ਉਨ੍ਹਾਂ ਨੂੰ ਇੰਝ ਲੱਗਦਾ ਹੈ ਕਿ
ਜਿਵੇਂ ਕਿਸੇ ਖਾਈ ਦਾ ਮੂੰਹ ਖੁੱਲ੍ਹ ਰਿਹਾ ਹੈ ਅਤੇ ਉਹ ਤੇਜ਼ੀ ਨਾਲ ਉਸ ’ਚ ਡਿੱਗ ਰਹੇ ਹਨ।
ਨੀਲ
ਦੀ ਮਾਂ ਦਾ ਇੱਕ ਪਾਰਕ ’ਚ ਕਿਸੇ ਅਜਨਬੀ ਨੇ ਬਲਾਤਕਾਰ ਕੀਤਾ ਸੀ ਅਤੇ ਇਸ ਦੇ ਹੀ ਨਤੀਜੇ
ਵੱਜੋਂ ਨੀਲ ਦਾ ਜਨਮ ਹੋਇਆ ਸੀ। ਉਸ ਸਮੇਂ ਨੀਲ ਦੀ ਮਾਂ ਅੱਲ੍ਹੜ ਮੁਟਿਆਰ ਸੀ।
ਨੀਲ ਹਮੇਸ਼ਾ ਹੀ ਆਪਣੀ ਜਨਮ ਦੇਣ ਵਾਲੀ ਮਾਂ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਸਨ
ਨੀਲ ਦਾ ਕਹਿਣਾ ਹੈ, "ਕੋਈ ਵੀ ਚੀਜ਼ ਤੁਹਾਨੂੰ ਉਨ੍ਹਾਂ ਸ਼ਬਦਾਂ ਲਈ ਤਿਆਰ ਨਹੀਂ ਕਰ ਸਕਦੀ ਹੈ।"
ਇਹ
ਪਤਾ ਲੱਗਣਾ ਕਿ ਤੁਸੀਂ ਅਜਿਹੇ ਹਿੰਸਕ, ਨਫ਼ਰਤ ਭਰੇ ਤਰੀਕੇ ਨਾਲ ਪੈਦਾ ਹੋਏ ਹਨ, ਅਜਿਹੀ
ਸਥਿਤੀ ਇੰਝ ਮਹਿਸੂਸ ਹੁੰਦੀ ਹੈ ਜਿਵੇਂ ਕਿਸੇ ਨੇ ਤੁਹਾਡੀ ਛਾਤੀ ’ਤੇ ਜ਼ੋਰ ਨਾਲ ਮੁੱਕਾ
ਮਾਰਿਆ ਹੋਵੇ ਅਤੇ ਅੰਦਰਲੇ ਹਿੱਸੇ ਨੂੰ ਬਾਹਰ ਕੱਢ ਦਿੱਤਾ ਹੋਵੇ।"
ਨੀਲ ਅੱਗੇ
ਕਹਿੰਦੇ ਹਨ, "ਤੁਸੀਂ ਸ਼ਰਮ ਮਹਿਸੂਸ ਕਰਦੇ ਹੋ, ਤੁਸੀਂ ਦੁੱਖ ਅਤੇ ਉਲਝਣ ਵੀ ਮਹਿਸੂਸ ਕਰਦੇ
ਹੋ। ਤੁਸੀਂ ਆਪਣੇ ਬਾਰੇ ’ਚ ਸਭ ਤੋਂ ਭਿਆਨਕ ਅਤੇ ਖ਼ੌਫ਼ਨਾਕ ਭਾਵਨਾਵਾਂ ਦਾ ਅਹਿਸਾਸ
ਕਰਦੇ ਹੋ ਅਤੇ ਮੈਂ ਵੀ ਪੂਰੀ ਤਰ੍ਹਾਂ ਨਾਲ ਟੁੱਟ ਗਿਆ।”
ਨੀਲ ਨੇ ਜੋ ਕੁਝ ਵੀ
ਸੋਚਿਆ ਸੀ ਕਿ ਉਹ ਆਪਣੇ ਬਾਰੇ ਜਾਣਦੇ ਹਨ, ਉਹ ਸਾਰੇ ਭੁਲੇਖੇ ਹੁਣ ਦੂਰ ਹੋ ਗਏ ਸਨ। ਉਹ
ਸ਼ੀਸੇ ’ਚ ਆਪਣਾ ਮੂੰਹ ਨਹੀਂ ਵੇਖ ਸਕਦੇ ਕਿਉਂਕਿ ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਇੱਕ
ਅਣਪਛਾਤਾ ਹਮਲਾਵਰ ਪਿੱਛੇ ਮੁੜ ਕੇ ਵੇਖ ਰਿਹਾ ਹੈ।
ਪਿਆਰ ਦੀ ਥਾਂ ਹਿੰਸਾ ਦੇ ਕਾਰਨ ਜਨਮ ਲੈਣ ਦਾ ਕੀ ਮਤਲਬ ਹੈ? ਅਤੇ ਕੀ ਨੀਲ ਨੂੰ ਜਨਮ ਦੇਣ ਵਾਲੀ ਮਾਂ ਉਸ ਨੂੰ ਮਿਲਣ ਲਈ ਤਿਆਰ ਹੋਵੇਗੀ?
ਜਦੋਂ ਤਸਨੀਮ ਪਹਿਲੀ ਵਾਰ ਜੇਲ੍ਹ ''ਚ ਪਿਤਾ ਨੂੰ ਮਿਲੀ
ਜਿਵੇਂ ਹੀ ਜੇਲ੍ਹ ਦਾ ਦਰਵਾਜ਼ਾ ਬੰਦ ਹੁੰਦਾ ਹੈ ਤਾਂ ਤਸਨੀਮ ਨੂੰ ਲੱਗਦਾ ਹੈ ਕਿ ਉਸ ਦਾ ਦਿਲ ਉਸ ਦੀ ਛਾਤੀ ਦੇ ਪਿੱਛੇ ਬਹੁਤ ਹੀ ਜ਼ੋਰ-ਜ਼ੋਰ ਦੀ ਧੜਕ ਰਿਹਾ ਹੈ।
ਇੱਕ ਸੁਰੱਖਿਆਕਰਮੀ ਉਸ ਨੂੰ ਇੱਕ ਛੋਟੇ, ਠੰਡੇ ਕਮਰੇ ’ਚ ਲੈ ਕੇ ਜਾਂਦਾ ਹੈ, ਜਿੱਥੇ ਇੱਕ ਮੇਜ਼ ਅਤੇ ਦੋ ਕੁਰਸੀਆਂ ਪਈਆਂ ਹੋਈਆਂ ਹਨ।
ਕਮਰੇ
ਦੇ ਦੂਜੇ ਪਾਸੇ ਦਾ ਦਰਵਾਜ਼ਾ ਖੁੱਲ੍ਹਦਾ ਹੈ ਅਤੇ ਤਸਨੀਮ ਆਪਣੇ ਪਿਤਾ ਨੂੰ ਪਹਿਲੀ ਵਾਰ
ਵੇਖਦੀ ਹੈ। ਸਲੇਟੀ ਰੰਗ ਦਾ ਜੇਲ੍ਹ ਟਰੈਕਸੂਟ ਪਾਏ, ਉਹ ਉਸ ਦੀ ਕਲਪਨਾ ਤੋਂ ਵੀ ਛੋਟੇ ਹਨ।
ਪਰ
ਉਨ੍ਹਾਂ ਦਾ ਵਿਵਹਾਰ ਬਹੁਤ ਵੱਡਾ ਹੈ। ਜੋ ਕਿ ਕਮਰੇ ਦੇ ਖਾਲੀਪਨ ਨੂੰ ਭਰ ਦਿੰਦਾ ਹੈ।
ਤਸਨੀਮ ਦੇ ਪਿਤਾ ਉਸ ਨੂੰ ਜੱਫੀ ਪਾਉਂਦੇ ਹਨ। ਉਨ੍ਹਾਂ ਨੇ ਇਸ ਸਮੇਂ ਦਾ ਜਸ਼ਨ ਮਨਾਉਣ ਲਈ
ਤਸਨੀਮ ਲਈ ਚਾਕਲੇਟ ਕੇਕ ਖਰੀਦਿਆ ਹੈ।
ਤਸਨੀਮ ਅਜਿਹਾ ਨਹੀਂ ਚਾਹੁੰਦੀ ਸੀ। ਉਹ ਨਿਯੰਤਰਣ ’ਚ ਰਹਿਣਾ ਚਾਹੁੰਦੀ ਸੀ। ਉਹ ਚਾਹੁੰਦੀ ਸੀ ਕਿ ਉਹ ਆਪਣੇ ਵੱਲੋਂ ਕੀਤੇ ਕੰਮ ਦੇ ਪ੍ਰਭਾਵ ਨੂੰ ਸਮਝੇ।
ਪਰ ਹੁਣ ਖੁਦ ਉਹ ਉਸ ਆਦਮੀ ਨੂੰ ਵੇਖਦੀ ਹੈ ਜਿਸ ਨੇ ਉਸ ਦੀ ਮਾਂ ਨੂੰ ਆਪਣੀਆਂ ਗੱਲਾਂ ’ਚ ਫਸਾਇਆ ਅਤੇ ਉਸ ਨੂੰ ਆਪਣੇ ਕੰਟਰੋਲ ਹੇਠ ਰੱਖਿਆ।
ਤਸਨੀਮ ਜੇਲ੍ਹ ’ਚੋਂ ਚਲੀ ਜਾਂਦੀ ਹੈ ਅਤੇ ਮੁੜ ਕਦੇ ਵਾਪਸ ਨਹੀਂ ਆਉਂਦੀ। ਉਸ ਕੋਲ ਸਾਰੇ ਹੀ ਲੋੜੀਂਦੇ ਜਵਾਬ ਮੌਜੂਦ ਸਨ।
ਅਜ਼ਹਰ ਅਲੀ ਮਹਿਮੂਦ ਨੂੰ 2001 ਵਿੱਚ ਤਿੰਨ ਕਤਲ ਅਤੇ ਇੱਕ ਕਤਲ ਦੀ ਕੋਸ਼ਿਸ਼ ਵਿੱਚ ਜੇਲ੍ਹ ਭੇਜਿਆ ਗਿਆ ਸੀ
ਜਦੋਂ ਨੀਲ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਮਿਲੇ
ਪਹਿਲੀ
ਵਾਰ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਮਿਲਣ ਲਈ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹੇ ਨੀਲ ਦੇ
ਢਿੱਡ ’ਚ ਘਬਰਾਹਟ ਨਾਲ ਗੁੱਦਗੁਦੀ ਹੋ ਰਹੀ ਹੈ। ਉਨ੍ਹਾਂ ਨੇ ਇਸ ਪਲ ਬਾਰੇ ਕਈ ਵਾਰ ਸੋਚਿਆ
ਹੈ, ਤਿਆਰੀ ਕੀਤੀ ਹੈ ਕਿ ਕੀ ਕਰਨਾ ਹੈ ਅਤੇ ਕੀ ਕਹਿਣਾ ਹੈ।
ਜਿਵੇਂ ਉਹ ਨਜ਼ਰ ਆਉਂਦੀ ਹੈ ਤਾਂ ਨੀਲ ਸਮਝ ਜਾਂਦਾ ਹੈ ਕਿ ਉਹ ਹੀ ਉਨ੍ਹਾਂ ਦੀ ਮਾਂ ਹੈ।
ਨਜ਼ਦੀਕ ਆਉਣ ’ਤੇ ਦੋਵੇਂ ਹੀ ਇੱਕ ਦੂਜੇ ਦੀਆਂ ਅੱਖਾਂ ’ਚ ਵੇਖਦੇ ਹਨ। ਨੀਲ ਉਨ੍ਹਾਂ ਵੱਲੋਂ ਉਨਾਂ ਹੀ ਚਿੰਤਤ ਮਹਿਸੂਸ ਕਰਦਾ ਹੈ।
ਨੀਲ ਕਹਿੰਦੇ ਹਨ, "ਜੇਕਰ ਮੈਂ ਉਸ ਆਦਮੀ ਵਰਗਾ ਵਿਖਾਈ ਦਿੰਦਾ ਹਾਂ ਜਿਸ ਨੇ ਤੁਹਾਡੇ ਨਾਲ ਉਹ ਸਭ ਕੁਝ ਕੀਤਾ ਸੀ ਤਾਂ ਮੈਂ ਹੁਣੇ ਇੱਥੋਂ ਚਲਾ ਜਾਵਾਂਗਾ।"
ਉਨ੍ਹਾਂ ਦੀ ਮਾਂ ਨੇ ਜਵਾਬ ਦਿੱਤਾ ਨਹੀਂ, "ਤੁਸੀਂ ਨਹੀਂ ਲਗਦੇ।"
ਇਹ ਸੁਣ ਕੇ ਨੀਲ ਨੂੰ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਦੇ ਮੋਢਿਆਂ ਤੋਂ ਬਹੁਤ ਵੱਡਾ ਭਾਰ ਲੱਥ ਗਿਆ ਹੋਵੇ।
ਦੋਵੇਂ ਮਾਂ-ਪੁੱਤ ਤੁਰਦੇ-ਫਿਰਦੇ ਗੱਲਾਂ ਕਰਦੇ ਜਾਂਦੇ ਹਨ। ਅਸਥਾਈ ਤੌਰ ’ਤੇ ਆਪੋ ਆਪਣੀ ਜ਼ਿੰਦਗੀ ਦੀਆਂ ਕਹਾਣੀਆਂ ਸਾਂਝੀਆਂ ਕਰਦੇ ਹਨ।
ਮਾਂ ਆਪਣੇ ਪਰਿਵਾਰ ਬਾਰੇ ਦੱਸਦੀ ਹੈ। ਨੀਲ ਨਹੀਂ ਜਾਣਦਾ ਸੀ ਕਿ ਉਸ ਦੇ ਸੌਤੇਲੇ ਭੈਣ-ਭਰਾ ਵੀ ਹਨ। ਦੋਵਾਂ ਦੇ ਹਾਵ-ਭਾਵ ਅਤੇ ਹਾਸਾ ਇੱਕੋ ਜਿਹਾ ਹੀ ਸੀ।
ਨੀਲ
ਇਸ ਬਾਰੇ ਕੁਝ ਨਹੀਂ ਪੁੱਛਦਾ ਹੈ ਕਿ ਉਸ ਰਾਤ ਕੀ ਵਾਪਰਿਆ ਸੀ ਜਦੋਂ ਉਨ੍ਹਾਂ ਨੇ
ਗਰਭਧਾਰਨ ਕੀਤਾ ਸੀ। ਉਨ੍ਹਾਂ ਨੂੰ ਉਹ ਸਭ ਜਾਣਨ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਆਪਣੀ ਮਾਂ
ਨੂੰ ਮੁੜ ਉਸ ਸਥਿਤੀ ’ਚ ਨਹੀਂ ਪਾਉਣਾ ਚਾਹੁੰਦੇ ਹਨ।
ਜਿੱਥੋਂ ਤੱਕ ਉਨ੍ਹਾਂ ਦਾ ਸਬੰਧ ਹੈ, ਨੀਲ ਦਾ ਕੋਈ ਜਨਮ ਪਿਤਾ ਨਹੀਂ ਹੈ। ਨੀਲ ਦੀ ਸਿਰਫ਼ ਜਨਮ ਦੇਣ ਵਾਲੀ ਮਾਂ ਹੈ ਅਤੇ ਇਹ ਹੀ ਕਾਫ਼ੀ ਹੈ।
ਸੈਮੀ ਦੀ ਮਾਂ ਦੀ ਕਹਾਣੀ
"ਮੰਮੀ, ਕੀ ਮੈਂ ਬਲਾਤਕਾਰ ਦੇ ਨਤੀਜੇ ਵੱਜੋਂ ਪੈਦਾ ਹੋਇਆ ਬੱਚਾ ਹਾਂ?"
ਸੈਮੀ
ਕਾਰ ’ਚ ਉਸ ਦੀ ਨਾਲ ਦੀ ਸੀਟ ’ਤੇ ਬੈਠੇ ਆਪਣੇ ਵੱਡੇ ਪੁੱਤਰ ਵੱਲ ਮੁੜਦੀ ਹੈ। ਉਹ ਉਸ ਦੀ
ਮਦਦ ਕਰਨਾ ਚਾਹੁੰਦੀ ਹੈ, ਉਹ ਉਸ ਨੂੰ ਇਸ ਦਰਦ ਤੋਂ ਬਾਹਰ ਕੱਢਣਾ ਚਾਹੁੰਦੀ ਹੈ। ਪਰ ਉਸ
ਨੂੰ ਨਹੀਂ ਪਤਾ ਕਿ ਉਹ ਕੀ ਕਰੇ।
ਉਹ ਜਵਾਬ ਦਿੰਦੀ ਹੈ, “ਨਹੀਂ। ਤੁਸੀਂ ਤਾਂ ਮੇਰੇ ਬੱਚੇ ਹੋ।”
ਇਹ ਗੱਲ 2013 ਦੀ ਹੈ ਜਦੋਂ ਸੈਮੀ ਨੇ ਹਾਲ ’ਚ ਹੀ ਆਪਣੇ 12 ਸਾਲ ਦੇ ਬੇਟੇ ਨੂੰ ਸਾਰੀ ਸੱਚਾਈ ਦੱਸੀ ਕਿ ਕੀ ਹੋਇਆ ਸੀ ਅਤੇ ਕਿਵੇਂ ਉਸ ਦਾ ਜਨਮ ਹੋਇਆ ਸੀ।
ਕਿਵੇਂ
ਅਰਸ਼ੀਦ ਹੁਸੈਨ ਨਾਮ ਦੇ ਆਦਮੀ, ਜਿਸ ਨੂੰ ਕਿ ਉਹ ਆਪਣਾ ਡੈਡੀ ਕਹਿੰਦਾ ਹੈ, ਨੇ ਉਸ ਨਾਲ
ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਕੀਤਾ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 14 ਸਾਲ ਦੀ
ਹੀ ਸੀ।
ਉਸ ਨੇ ਉਸ ਨੂੰ ਇਹ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਦੋਵੇਂ ਰਿਸ਼ਤੇ ’ਚ ਸਨ। 24 ਸਾਲਾ ਹੁਸੈਨ ਨੇ ਕਈ ਹੋਰ ਕੁੜੀਆਂ ਨਾਲ ਵੀ ਅਜਿਹਾ ਹੀ ਕੀਤਾ ਸੀ।
ਪਰ
ਸੈਮੀ ਆਖ਼ਰਕਾਰ ਉਸ ਦੇ ਕੰਟਰੋਲ ’ਚੋਂ ਮੁਕਤ ਹੋ ਗਈ ਹੈ। ਉਸ ਨੇ ਦੱਖਣੀ ਯੌਰਕਸ਼ਾਇਰ ਦੇ
ਰੋਦਰਹੈਮ ਵਿਖੇ ਜਿਨਸੀ ਸ਼ੋਸ਼ਣ ਕਾਰਨ ਆਪਣੀ ਅਤੇ 1000 ਤੋਂ ਵੱਧ ਬੱਚਿਆਂ ਦੀ ਸੁਰੱਖਿਆ ਦੇ
ਲਈ ਸੇਵਾਵਾਂ ਦੀ ਅਸਫ਼ਲਤਾ ਦੇ ਬਾਰੇ ’ਚ ਬੋਲਣਾ ਸ਼ੁਰੂ ਕਰ ਦਿੱਤਾ ਹੈ।
ਪੁਲਿਸ ਵੱਲੋਂ ਹੁਸੈਨ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੈਮੀ ਦੇ ਬੇਟੇ ਦਾ ਡੀਐੱਨਏ ਉਸ ਦੇ ਖ਼ਿਲਾਫ਼ ਸਬੂਤ ਦਾ ਇੱਕ ਹਿੱਸਾ ਹੈ।
ਪਰ
ਸੈਮੀ ਵੇਖ ਸਕਦੀ ਹੈ ਕਿ ਉਸ ਦਾ ਪੁੱਤਰ ਇੰਨ੍ਹਾਂ ਸਾਰੀਆਂ ਗੱਲਾਂ ਨਾਲ ਕਿਵੇਂ ਜੂਝ ਰਿਹਾ
ਹੈ। ਉਹ ਹਰ ਚੀਜ਼ ’ਤੇ ਸਵਾਲ ਚੁੱਕ ਰਿਹਾ ਹੈ- ਕੀ ਉਸ ਦੀ ਇੱਛਾ ਰੱਖੀ ਗਈ ਸੀ? ਕੀ ਉਸ
ਨੂੰ ਪਿਆਰ ਕੀਤਾ ਗਿਆ ਸੀ ?
ਇਹ ਮਾਮਲਾ ਪੂਰੇ ਦੇਸ਼ ਦੀਆਂ ਸੁਰਖ਼ੀਆਂ ਬਣਿਆ ਹੋਇਆ ਹੈ ਅਤੇ ਹੁਣ ਸਭ ਕੁਝ ਜਨਤਕ ਹੋ ਗਿਆ ਹੈ, ਜਿਸ ਕਰਕੇ ਉਹ ਬਹੁਤ ਹੀ ਇੱਕਲੇ ਮਹਿਸੂਸ ਕਰਦੇ ਹਨ।
ਤਸਨੀਮ ਅਤੇ ਨੀਲ ਵਾਂਗ ਹੀ ਸੈਮੀ ਵੀ ਕਈ ਸਾਲਾਂ ਤੋਂ ਇੱਕਲੇ ਹੀ ਸੰਘਰਸ਼ ਕਰ ਰਹੀ ਹੈ
ਸੈਮੀ ਨੇ ਸਭ ਤੋਂ ਵਧੀਆਂ ਮਾਂ ਬਣਨ ਦਾ ਯਤਨ ਕੀਤਾ ਹੈ, ਪਰ ਉਹ ਮਹਿਸੂਸ ਕਰਦੀ ਹੈ ਕਿ ਇਹ ਸਭ ਉਸ ਦੀ ਹੀ ਗ਼ਲਤੀ ਹੈ।
ਉਹ
ਰਸੋਈ ਦੇ ਫਰਸ਼ ’ਤੇ ਡਿੱਗ ਗਈ ਅਤੇ ਰੋਣ ਲੱਗ ਪਈ। ਉਹ ਆਪਣੇ ਪੁੱਤਰ ਨੂੰ ਬਹੁਤ ਪਿਆਰ
ਕਰਦੀ ਹੈ ਪਰ ਉਸ ਨੂੰ ਲੱਗਦਾ ਹੈ ਕਿ ਉਸ ਦਾ ਬੇਟਾ ਉਸ ਤੋਂ ਬਿਨ੍ਹਾਂ ਬਿਹਤਰ ਰਹੇਗਾ।
ਤਸਨੀਮ ਅਤੇ ਨੀਲ ਵਾਂਗ ਹੀ ਸੈਮੀ ਵੀ ਕਈ ਸਾਲਾਂ ਤੋਂ ਇੱਕਲੇ ਹੀ ਸੰਘਰਸ਼ ਕਰ ਰਹੀ ਹੈ, ਬਿਨ੍ਹਾਂ ਕਿਸੇ ਨੂੰ ਦੱਸੇ ਕਿ ਉਹ ਕਿਵੇਂ ਦਾ ਮਹਿਸੂਸ ਕਰਦੀ ਹੈ।
ਇਹ
2021 ਦੀ ਗੱਲ ਹੈ ਜਦੋਂ ਸੈਮੀ ਇੱਕ ਹੋਰ ਮਾਂ ਮੈਂਡੀ ਨੂੰ ਮਿਲਦੀ ਹੈ। ਆਖ਼ਰਕਾਰ ਉਹ
ਕਿਸੇ ਅਜਿਹੇ ਵਿਅਕਤੀ ਨਾਲ ਖੁੱਲ੍ਹ ਕੇ ਗੱਲ ਕਰਨ ਦੇ ਯੋਗ ਹੁੰਦੀ ਹੈ, ਜੋ ਕਿ ਸੱਚਮੁੱਚ
ਉਸ ਨੂੰ ਸਮਝਦਾ ਹੈ।
ਇਸ ਸਮੇਂ ਹੁਸੈਨ 35 ਸਾਲ ਦੀ ਕੈਦ ਦੀ ਸਜ਼ਾ ਭੁਗਤ ਰਿਹਾ ਹੈ।
ਸੈਮੀ ਹੈਲੀਫੈਕਸ ਵਿਖੇ ਮੈਂਡੀ ਦੀ ਰਸੋਈ ਦੀ ਮੇਜ਼ ’ਤੇ ਬੈਠੀ ਹੈ। ਮੈਂਡੀ ਦਾ ਕੁੱਤਾ ਟੌਫੀ
ਉਸ ਦੀ ਕੁਰਸੀ ਦੇ ਹੇਠਾਂ ਬੈਠਾ ਹੋਇਆ ਹੈ।
ਮੈਂਡੀ ਸੈਮੀ ਨੂੰ ਆਪਣੀ ਕਹਾਣੀ ਸੁਣਾਉਂਦੀ ਹੈ। 30 ਸਾਲਾਂ ਬਾਅਦ ਵੀ ਇਹ ਬਹੁਤ ਦਰਦਨਾਕ ਹੈ।
ਮੈਂਡੀ ਨਾਲ ਪਹਿਲੀ ਵਾਰ ਦੁਰਵਿਵਹਾਰ ਉਦੋਂ ਹੋਇਆ ਜਦੋਂ ਉਹ 11 ਸਾਲਾਂ ਦੀ ਸੀ।
ਉਸ
ਦੇ ਪਿਤਾ, ਇੱਕ ਪੁਲਿਸ ਸਪੈਸ਼ਲ ਕਾਂਸਟੇਬਲ ਅਤੇ ਸਾਲਵੇਸ਼ਨ ਆਰਮੀ ਦੇ ਮੈਂਬਰ ਵੱਜੋਂ ਸਮਾਜ
’ਚ ਸਤਿਕਾਰੇ ਜਾਂਦੇ ਸਨ, ਉਨ੍ਹਾਂ ਨੇ ਉਸ ਦੇ ਕੱਪੜੇ ਉਤਾਰੇ ਅਤੇ ਉਸ ਨਾਲ ਨਹਾਏ।
ਉਸ ਦਿਨ ਤੋਂ ਬਾਅਦ ਹਰ ਦੂਜੀ ਰਾਤ ਇਹ ਕੁਝ ਹੋਣਾ ਆਮ ਹੋ ਗਿਆ। ਉਹ ਮੈਂਡੀ ਦੇ ਕਮਰੇ ’ਚ ਚੁੱਪ ਚੁਪੀਤੇ ਆਉਂਦਾ।
ਮੈਂਡੀ ਨੇ ਇਹ ਸਭ ਕਿਸੇ ਨੂੰ ਦੱਸਣ ਦੀ ਹਿੰਮਤ ਨਾ ਕੀਤੀ। ਉਹ ਭਿਆਨਕ ਸੀ ਅਤੇ ਮੈਂਡੀ ਫਸਿਆ ਹੋਇਆ ਮਹਿਸੂਸ ਕਰ ਰਹੀ ਸੀ।
ਫਿਰ ਇੱਕ ਦਿਨ ਉਸ ਨੂੰ ਅਹਿਸਾਸ ਹੋਇਆ ਕਿ ਉਹ ਗਰਭਵਤੀ ਹੋ ਗਈ ਸੀ।
ਉਹ ਸੈਮੀ ਨੂੰ ਅੱਗੇ ਦੱਸਦੀ ਹੈ, "ਇਹ ਸਭ ਇਸ ਤਰ੍ਹਾਂ ਸੀ ਜਿਵੇਂ
ਤੁਸੀਂ ਕਿਸੇ ਦੇ ਜ਼ਹਿਰ ਦਾ ਟੀਕਾ ਲਗਾਉਂਦੇ ਹੋ। ਮੇਰੇ ਪਿਤਾ ਨੇ ਵੀ ਮੇਰੇ ਨਾਲ ਇੰਝ ਹੀ
ਕੀਤਾ। ਉਨ੍ਹਾਂ ਨੇ ਸਾਡੇ ਆਪਣੇ ਜੀਨਾਂ ਨੂੰ ਮੇਰੇ ਅੰਦਰ ਇੰਜੈਕਟ ਕੀਤਾ।”
ਉਸ ਨੂੰ ਪਤਾ ਨਹੀਂ ਸੀ ਕਿ ਹੁਣ ਕੀ ਕਰਨਾ ਹੈ।
ਪਰ
ਜਦੋਂ ਤੱਕ ਉਸ ਦੇ ਪਿਤਾ ਨੂੰ ਪਤਾ ਲੱਗਾ, ਮੈਂਡੀ ਕੋਲ ਕੋਈ ਬਦਲ ਨਹੀਂ ਬਚਿਆ ਸੀ। ਉਸ ਨੇ
ਤੈਅ ਕੀਤਾ ਕਿ ਉਹ ਬੱਚੇ ਨੂੰ ਜਨਮ ਦੇਵੇਗੀ ਅਤੇ ਉਹ ਉਸ ਨੂੰ ਡੈਡੀ ਕਹੇਗਾ।
ਜਦੋਂ ਮੈਂਡੀ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਉਸ ਦੇ ਪਿਤਾ ਵੀ ਡਿਲੀਵਰੀ ਰੂਮ ’ਚ ਮੌਜੂਦ ਸਨ। ਦਾਈਆਂ ਨੇ ਨਵ-ਜੰਮੇ ਬੱਚੇ ਨੂੰ ਉਨ੍ਹਾਂ ਦੇ ਹੱਥ ’ਚ ਫੜਾਇਆ।
ਮੈਂਡੀ
ਨੇ ਦੱਸਿਆ, "ਇਸ ਪਲ ਨੇ ਮੈਨੂੰ ਤੋੜ ਕੇ ਰੱਖ ਦਿੱਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ
ਮੇਰੇ ਬੱਚੇ ਨੂੰ ਚੁੱਕਿਆ ਸੀ। ਉਸ ਸਮੇਂ ਮੈਂ ਬਸ ਇਹੀ ਸੋਚ ਰਹੀ ਸੀ ਕਿ ਮੇਰੇ ਬੱਚੇ ਤੋਂ
ਆਪਣੇ ਹੱਥ ਪਰਾ ਰੱਖੋ ਅਤੇ ਉਸ ਤੋਂ ਦੂਰ ਹੋ ਜਾਓ।”
“ਉਹ ਮੇਰਾ ਬੱਚਾ ਸੀ ਅਤੇ ਮੇਰੇ ਲਈ ਅਣਮੋਲ ਸੀ। ਮੈਂ ਹਮੇਸ਼ਾ ਉਸ ਦੀ ਰੱਖਿਆ ਕਰਾਂਗੀ।”
ਇਸ ਲਈ ਜਿਵੇਂ ਹੀ ਮੈਂਡੀ ਨੇ ਮੌਕਿਆ ਵੇਖਿਆ ਉਸ ਨੇ ਪ੍ਰੈਮ ’ਚ ਬੱਚੇ ਦਾ ਦੁੱਧ ਅਤੇ ਕੁਝ ਕੱਪੜੇ ਰੱਖੇ ਅਤੇ ਉੱਥੋਂ ਚਲੀ ਗਈ ਤੇ ਫਿਰ ਮੁੜ ਵਾਪਸ ਨਾ ਆਈ।
ਸੈਮੀ
ਮੈਂਡੀ ਤੋਂ ਪੁੱਛਦੀ ਹੈ ਕਿ ਕੀ ਉਹ ਸੋਚਦੀ ਹੈ ਕਿ ਇੱਕ ਖੁਸ਼ਹਾਲ ਰਿਸ਼ਤੇ ਤੋਂ ਗਰਭਧਾਰਨ
ਕਰਨ ਦੀ ਤੁਲਨਾ ’ਚ ਦੁਰਵਿਵਹਾਰ, ਬਦਸਲੂਕੀ ਵਾਲੇ ਰਿਸ਼ਤੇ ਤੋਂ ਗਰਭਧਾਰਨ ਕਰਨਾ ਵੱਖਰਾ ਹੈ।
ਮੈਂਡੀ ਜਵਾਬ ਦਿੰਦੀ ਹੈ, ਹਾਂ।
“ਉਹ ਆਪਸੀ ਪਿਆਰ ਤੋਂ ਪੈਦਾ ਨਹੀਂ ਹੋਇਆ ਸੀ। ਉਹ ਮੇਰੇ ਪਿਆਰ ਦੀ ਸੌਗਾਤ ਨਹੀਂ ਸੀ। ਉਹ ਇੱਕ ਰਾਖਸ਼ਸ਼ ਦੀ ਬਦਸਲੂਕੀ ਨਾਲ ਗਰਭ ’ਚ ਆਇਆ ਸੀ।”
“ਪਰ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ।”
ਮੈਂਡੀ ਦਾ ਸ਼ੋਸ਼ਣ ਉਸ ਦੇ ਪਿਤਾ ਨੇ ਕੀਤਾ
ਮੈਂਡੀ ਦੇ ਪੁੱਤਰ ਨੂੰ ਉਸ ਦੇ ਪਤੀ ਪੀਟ ਨੇ ਰਸਮੀ ਤੌਰ ’ਤੇ ਗੋਦ ਲਿਆ ਸੀ। ਉਹ ਹੁਣ ਆਪਣੇ ਦੂਜਿਆਂ ਬੱਚਿਆ ਨਾਲ ਖੁਸ਼ੀ-ਖੁਸ਼ੀ ਰਹਿੰਦੇ ਹਨ।
ਹਾਲਾਂਕਿ ਮੈਂਡੀ ਆਪਣੇ ਪਿਤਾ ਦੀ ਬਦਸਲੂਕੀ ਤੋਂ ਬਚ ਗਈ ਪਰ ਉਹ ਉਸ ਦੇ ਨਤੀਜਿਆਂ ਤੋਂ ਨਾ ਬਚ ਸਕੀ। ਉਸ ਦਾ ਪੁੱਤਰ ਜੈਨੇਟਿਕ ਅਪੰਗਤਾ ਨਾਲ ਪੈਦਾ ਹੋਇਆ ਸੀ।
ਤੀਹ
ਸਾਲਾਂ ਬਾਅਦ ਵੀ ਉਹ 24 ਘੰਟੇ ਉਸ ਦਾ ਧਿਆਨ ਰੱਖਦੀ ਹੈ। ਉਹ ਆਪਣੇ ਪਲੇਸਟੇਸ਼ਨ ਅਤੇ
ਕੁਸ਼ਤੀ ਨੂੰ ਬਹੁਤ ਪਿਆਰ ਕਰਦਾ ਹੈ। ਉਹ ਇਹ ਸੋਚਣ ਦੇ ਯੋਗ ਨਹੀਂ ਹੈ ਕਿ ਉਹ ਦੁਰਵਿਵਹਾਰ
ਦੇ ਨਤੀਜੇ ਵੱਜੋਂ ਪੈਦਾ ਹੋਇਆ ਸੀ ਅਤੇ ਮੈਂਡੀ ਸ਼ੁਕਰਗੁਜ਼ਾਰ ਹੈ ਕਿ ਉਸ ਨੂੰ ਕਿਸੇ ਵੀ
ਤਰ੍ਹਾਂ ਦੇ ਸਵਾਲ ਦਾ ਜਵਾਬ ਨਹੀਂ ਦੇਣਾ ਪੈਂਦਾ ਹੈ।
ਪਰ ਇਸ ਨੇ ਉਸ ਦੀ ਪੂਰੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ।
ਮੈਂਡੀ ਸੈਮੀ ਨੂੰ ਦੱਸਦੀ ਹੈ, “ਮੈਂ ਹਮੇਸ਼ਾ ਕਹਿੰਦੀ ਹਾਂ ਕਿ ਮੈਂ ਤਾਂ ਬਚ ਗਈ ਪਰ ਮੇਰਾ ਬੇਟਾ ਅਸਲ ਪੀੜਤ ਹੈ।”
“ਉਸ ਨੇ ਇਸ ਤਰੀਕੇ ਨਾਲ ਪੈਦਾ ਹੋਣ ਦੀ ਇੱਛਾ ਨਹੀਂ ਰੱਖੀ ਸੀ ਕਿਉਂਕਿ ਮੇਰੇ ਨਾਲ ਅਪਰਾਧ ਹੋਇਆ ਹੈ, ਇਸ ਲਈ ਇਹ ਉਸ ਦੇ ਨਾਲ ਵੀ ਹੋਇਆ ਹੈ।”
ਜਦੋਂ ਤੱਕ ਮੈਂਡੀ ਅਤੇ ਸੈਮੀ ਨੂੰ ਇੱਕ ਦੂਜੇ ਦਾ ਸਹਾਰਾ ਨਹੀਂ ਮਿਲਿਆ ਸੀ, ਉਦੋਂ ਤੱਕ ਦੋਵੇਂ ਹੀ ਮਹਿਸੂਸ ਕਰਦੀਆਂ ਸਨ ਕਿ ਉਹ ਇਸ ਦੁਨੀਆਂ ’ਚ ਇੱਕਲੀਆਂ ਹਨ।
ਸੈਮੀ
ਕਹਿੰਦੀ ਹੈ, “ਮੈਂਡੀ ਨੇ ਮੈਨੂੰ ਸਿਖਾਇਆ ਹੈ ਕਿ ਤੁਸੀਂ ਜਿਸ ਵੀ ਸਥਿਤੀ ’ਚੋਂ ਲੰਘਦੇ
ਹੋ, ਤੁਸੀਂ ਉਸ ਨੂੰ ਪਿੱਛੇ ਛੱਡ ਅੱਗੇ ਵੱਧ ਸਕਦੇ ਹੋ ਅਤੇ ਖੁਸ਼ ਰਹਿ ਸਕਦੇ ਹੋ।”
“ਲੋਕਾਂ ਨੂੰ ਇਸ ਸਬੰਧੀ ਗੱਲ ਕਰਨ ਦੀ ਜ਼ਰੂਰਤ ਹੈ।”
‘ਡੇਜ਼ੀ ਦਿ ਕਾਨੂੰਨ’
ਅੰਤ ’ਚ ਪ੍ਰਚਾਰਕਾਂ ਦਾ ਕਹਿਣਾ ਹੈ ਕਿ ਇਸ ਮੁੱਦੇ ਨੂੰ ਸੁਰਖੀਆਂ ’ਚ ਲਿਆਂਦਾ ਜਾ ਰਿਹਾ ਹੈ।
ਕਾਰਕੁਨਾਂ
ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪੀੜਤ ਬਿੱਲ, ਜਿਸ ਨੂੰ ਕਿ ‘ਡੇਜ਼ੀ ਦਿ ਕਾਨੂੰਨ’ ਕਿਹਾ
ਜਾਂਦਾ ਹੈ, ’ਚ ਪ੍ਰਸਤਾਵਿਤ ਸੁਧਾਰ ਲੰਮੇ ਸਮੇਂ ਤੋਂ ਲੰਬਿਤ ਹਨ। ਇਹ ਬਿੱਲ 1970 ਦੇ
ਦਹਾਕੇ ’ਚ ਬਲਾਤਕਾਰ ਤੋਂ ਬਾਅਦ ਜਨਮੇ ਇੱਕ ਪ੍ਰਚਾਰਕ ਵੱਲੋਂ ਲਿਆਂਦਾ ਗਿਆ ਸੀ।
ਨੀਲ
ਅਤੇ ਤਸਨੀਮ ਲਈ, ਯੋਜਨਾਬੱਧ ਤਬਦੀਲੀਆਂ ਵੀ ਇਸ ਗੱਲ ਦਾ ਪ੍ਰਮਾਣ ਹਨ ਕਿ ਆਖ਼ਰਕਾਰ
ਉਨ੍ਹਾਂ ਵਰਗੀਆਂ ਆਵਾਜ਼ਾਂ ਸੁਣੀਆਂ ਜਾ ਰਹੀਆਂ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਬੋਲਣ ਨਾਲ
ਦੂਜੇ ਲੋਕਾਂ ਨੂੰ ਪਤਾ ਲੱਗੇਗਾ ਕਿ ਬਲਾਤਕਾਰ ਦੇ ਨਤੀਜੇ ਵੱਜੋਂ ਗਰਭ ’ਚ ਆਏ ਉਹ ਇੱਕਲੇ
ਨਹੀਂ ਹਨ।
ਤਸਨੀਮ ਦਾ ਕਹਿਣਾ ਹੈ, “ਇਸ ਬਾਰੇ ਬਹੁਤ ਸ਼ਰਮ ਹੈ, ਜੋ ਨਹੀਂ ਹੋਣੀ
ਚਾਹੀਦਾ ਹੈ। ਇਹ ਇਸ ਬਾਰੇ ਨਹੀਂ ਹੈ ਕਿ ਤੁਸੀਂ ਕਿਸ ਨਾਲ ਸਬੰਧਤ ਹੋ, ਮੇਰੀ ਆਪਣੀ
ਸਖਸ਼ੀਅਤ ਹੈ ਅਤੇ ਇਹ ਮੇਰੀ ਗ਼ਲਤੀ ਨਹੀਂ ਹੈ। ਮੈਂ ਤਾਂ ਸਿਰਫ਼ ਇਸ ਤੋਂ ਪ੍ਰਭਾਵਿਤ ਸੀ।”
ਇਸ
ਤਰ੍ਹਾਂ ਨਾਲ ਖੁੱਲ੍ਹ ਕੇ ਗੱਲ ਕਰਨਾ ਤਸਨੀਮ ਦਾ ਆਪਣੀ ਮਾਂ ਦੀਆਂ ਯਾਦਾਂ ਨੂੰ ਜ਼ਿੰਦਾ
ਰੱਖਣ ਦਾ ਇੱਕ ਤਰੀਕਾ ਹੈ। ਤਸਨੀਮ ਦਾ ਮੰਨਣਾ ਹੈ ਕਿ ਉਸ ਦੀ ਕਹਾਣੀ ਦੁੱਖਦਾਈ ਨਹੀਂ ਸੀ।
“ਮੈਨੂੰ ਲੱਗਦਾ ਹੈ ਕਿ ਜੇਕਰ ਮੈਂ ਆਪਣੀ ਮਾਂ ਨਾਲ ਗੱਲ ਕਰ ਸਕਦੀ ਤਾਂ ਮੈਂ ਚਾਹੁੰਦੀ ਕਿ ਉਹ ਇਹ ਜਾਣਨ ਕਿ ਉਹ ਕਿੰਨੇ ਬਹਾਦਰ ਸਨ।”
“ਅਤੇ ਉਨ੍ਹਾਂ ਨੂੰ ਇਹ ਦੱਸਦੀ ਕਿ ਸਭ ਕੁਝ ਠੀਕ ਹੈ। ਮੈਂ ਠੀਕ ਹਾਂ।”