ਖਾਲਿਦ
ਨੇ ਦੱਸਿਆ, "ਜਦੋਂ ਅਸੀਂ ਉਸ ਨੂੰ ਚਮਚੇ ਨਾਲ ਗਲੂਕੋਜ਼ ਵਾਲਾ ਪਾਣੀ ਦੇਣ ਦੀ ਕੋਸ਼ਿਸ਼
ਕੀਤੀ, ਤਾਂ ਉਸ ਨੇ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ। ਉਸ ਨੇ ਆਪਣਾ ਮੂੰਹ ਬੰਦ ਕਰ ਲਿਆ
ਅਤੇ ਉਹ ਸੰਕੇਤ ਦੇ ਰਹੀ ਸੀ ਕਿ ਉਸ ਨੂੰ ਕੋਈ ਮਦਦ ਨਹੀਂ ਚਾਹੀਦੀ।"
40 ਕੁ ਸਾਲਾਂ ਦਾ ਇੱਕ ਆਦਮੀ ਵੀ ਮਿਲਿਆ ਜੋ ਗੱਲ ਕਰਨ ਦੇ ਯੋਗ ਸੀ।
ਉਸ
ਨੇ ਕਿਹਾ ਕਿ ਉਸ ਨੂੰ ਬਚਾਉਣ ਦੀ ਕੋਈ ਲੋੜ ਨਹੀਂ ਹੈ, ਉਹ ਆਪਣੇ ਹੋਸ਼ ਵਿੱਚ ਹੈ ਅਤੇ ਉਹ
ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ ਅਤੇ ਉਸ ਨੂੰ ਇਕੱਲਾ ਛੱਡ ਦਿੱਤਾ ਜਾਵੇ।
ਉਸ ਨੇ ਬਚਾਅ ਕਰਮੀਆਂ ਨੂੰ ਸਵਰਗ ਜਾਣ ਦੀ ਰਾਹ ਦੇ ਦੁਸ਼ਮਣ ਵੀ ਕਿਹਾ। ਉਸ ਵਿਅਕਤੀ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ।
ਖ਼ਾਲਿਦ
ਨੇ ਜੰਗਲ ਵਿੱਚ ਅੰਦਰ ਇੱਕ ਡੂੰਘੀ ਜਗ੍ਹਾ, ਜਿੱਥੇ ਲੋਕ ਪ੍ਰਾਰਥਨਾ ਕਰਨ ਲਈ ਇਕੱਠੇ ਹੋਏ
ਸਨ, ਵਿੱਚ ਅਧਿਕਾਰੀਆਂ ਨੂੰ ਖੋਜ ਅਤੇ ਬਚਾਅ ਮੁਹਿੰਮ ਤੇਜ਼ ਕਰਨ ਦੀ ਅਪੀਲ ਕੀਤੀ ਹੈ।
ਸਥਾਨਕ ਲੋਕ ਲਾਪਤਾ ਹੋਏ ਰਿਸ਼ਤੇਦਾਰਾਂ ਬਾਰੇ ਅਧਿਕਾਰੀਆਂ ਨੂੰ ਦੱਸਣ ਲਈ ਕਬਰਾਂ ਵਾਲੀਆਂ ਥਾਵਾਂ ''ਤੇ ਆਉਣ ਲੱਗੇ ਹਨ।
ਅਪ੍ਰੈਲ
ਦੇ ਆਖ਼ਰੀ ਹਫ਼ਤੇ ਤੱਕ 14 ਸਮੂਹਿਕ ਕਬਰਾਂ ਲੱਭੀਆਂ ਜਾ ਚੁੱਕੀਆਂ ਸਨ ਪਰ ਖਾਲਿਦ ਦਾ
ਅੰਦਾਜ਼ਾ ਸੀ ਕਿ ਇਸ ਖੇਤਰ ਵਿੱਚ ਲਗਭਗ 60 ਸਮੂਹਿਕ ਕਬਰਾਂ ਹਨ ਅਤੇ ਉਨ੍ਹਾਂ ਵਿੱਚੋਂ
ਸਿਰਫ਼ ਇੱਕ ਚੌਥਾਈ ਦੀ ਜਾਂਚ ਕੀਤੀ ਜਾ ਸਕੀ ਹੈ।
ਇੱਕ ਵਿਅਕਤੀ ਨੇ ਹੁਸੈਨ ਖਾਲਿਦ
ਨੂੰ ਦੱਸਿਆ ਕਿ ਉਨ੍ਹਾਂ ਦੇ 21, 17 ਅਤੇ 14 ਸਾਲ ਦੇ ਤਿੰਨ ਪੁੱਤਰਾਂ ਨੂੰ ਉਸ ਦਾ ਭਰਾ
ਚਰਚ ਵਿੱਚ ਸ਼ਾਮਲ ਹੋਣ ਲਈ ਲੈ ਗਿਆ ਸੀ। ਹੁਣ ਉਨ੍ਹਾਂ ਨੂੰ ਡਰ ਹੈ ਕਿ ਹੁਣ ਉਹ ਸਾਰੇ ਮਰ
ਚੁੱਕੇ ਹਨ।
ਅਜਿਹੇ ਹੀ ਕੁਝ ਦਿਲ ਦਹਿਲਾ ਦੇਣ ਵਾਲੇ ਭੇਤ ਕੀਨੀਆ ਦੀ ਇੱਕ ਸਥਾਨਕ ਸੰਪ੍ਰਦਾਇ ਬਾਰੇ ਉਜਾਗਰ ਹੋ ਰਹੇ ਹਨ।
ਇਹ
ਸੰਪ੍ਰਦਾਇ ਆਪਣੇ ਪੈਰੋਕਾਰਾਂ ਨੂੰ ਛੇਤੀ ਸਵਰਗ ਪਹੁੰਚਾਉਣ ਦਾ ਝਾਂਸਾ ਦੇ ਕੇ ਭੁੱਖੇ
ਰਹਿੰਦੇ ਹੋਏ ਖ਼ੁਦਕੁਸ਼ੀ ਦੇ ਰਾਹ ਪਾ ਕੇ ਉਨ੍ਹਾਂ ਦਾ ਕਤਲੇਆਮ ਕਰ ਰਿਹਾ ਸੀ।
ਚੇਤਾਵਨੀ - ਇਸ ਲੇਖ ਦੇ ਵੇਰਵੇ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ
ਇਹ ਪਾਦਰੀ ਮੇਕੈਂਜੀ ਦੇ ਯੂਟਿਊਬ ਤੋਂ ਲਿਆ ਸਕਰੀਨ ਸ਼ੌਟ ਹੈ
ਕੋਈ ਪਤਨੀ ਨੂੰ ਲੱਭ ਰਿਹਾ ਤੇ ਕੋਈ ਬੱਚੇ
ਸਮੂਹਿਕ ਖ਼ੁਦਕੁਸ਼ੀ ਦੀ ਪੜਤਾਲ ਕਰ ਰਹੀ ਪੁਲਿਸ ਨੇ ਕੀਨੀਆ ਦੇ ਦੱਖਣ-ਪੂਰਬੀ ਜੰਗਲਾਂ ਵਿੱਚੋਂ ਹੁਣ ਤੱਕ 200 ਤੋਂ ਵਧੇਰੇ ਲਾਸ਼ਾਂ ਬਰਾਮਦ ਕੀਤੀਆਂ ਹਨ।
ਜਦਕਿ
600 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਇਹ ਮਾਰੇ ਗਏ ਅਤੇ ਲਾਪਤਾ ਲੋਕ, ਕਥਿਤ ਤੌਰ
''ਤੇ ਪਾਦਰੀ ਪੌਲ ਮੈਕੇਂਜੀ ਦੀ ਅਗਵਾਈ ਵਾਲੇ ਡੂਮਸਡੇ (ਪ੍ਰਲੇ) ਸੰਪ੍ਰਦਾਇ ਦੇ ਮੈਂਬਰ
ਦੱਸੇ ਜਾਂਦੇ ਹਨ।
ਜਾਣਕਾਰੀ ਅਨੁਸਾਰ, ਇਹ ਪਾਦਰੀ ਆਪਣੇ ਪੈਰੋਕਾਰਾਂ ਨੂੰ ਕਹਿੰਦਾ ਸੀ ਕਿ ਜੇਕਰ ਉਹ ਭੁੱਖ ਨਾਲ ਮਰਨਗੇ ਤਾਂ ਉਹ ਵਧੇਰੇ ਛੇਤੀ ਸਵਰਗ ਪਹੁੰਚ ਜਾਣਗੇ।
ਇਹ
ਸਮੂਹਿਕ ਖ਼ੁਦਕੁਸ਼ੀਆਂ ਇੱਕ ਵਿਓਂਤ ਵਿੱਚ ਕੀਤੀਆਂ/ਕਰਵਾਈਆਂ ਜਾ ਰਹੀਆਂ ਸਨ। ਪਹਿਲਾਂ
ਬੱਚੇ, ਉਨ੍ਹਾਂ ਤੋਂ ਬਾਅਦ ਔਰਤਾਂ ਤੇ ਮਰਦ ਅਤੇ ਫ਼ਿਰ ਸੰਪ੍ਰਦਾਇ ਦੇ ਆਗੂਆਂ ਦੀ ਵਾਰੀ
ਤੈਅ ਕੀਤੀ ਗਈ ਸੀ।
ਸਟੀਫ਼ਨ ਮਵੀਤੀ ਆਪਣੇ ਹੱਥਾਂ ਵਿੱਚ ਇੱਕ ਮਧੋਲੀ ਜਿਹੀ ਤਸਵੀਰ ਲੈ ਕੇ ਆਪਣੀ ਪਤਨੀ ਤੇ ਛੇ ਬੱਚਿਆਂ ਦੀ ਭਾਲ਼ ਕਰ ਰਹੇ ਹਨ।
ਜਦੋਂ ਪਾਦਰੀ ਮੈਕੇਂਜੀ ਨੇ ਕਿਹਾ ਕਿ ਦੁਨੀਆਂ ਜੂਨ 2023 ਵਿੱਚ ਖ਼ਤਮ ਹੋ ਜਾਵੇਗੀ ਤਾਂ ਸਟੀਫ਼ਨ ਮਵੀਤੀ ਦੀ ਪਤਨੀ ਨੇ ਉਸ ''ਤੇ ਵਿਸ਼ਵਾਸ ਕਰ ਲਿਆ।
ਪਿਛਲੇ ਸਾਲ ਜਦੋਂ ਉਹ ਗਰਭਵਤੀ ਹੋਈ ਤਾਂ ਪਹਿਲਾਂ ਖ਼ੁਦ ਆਸ਼ਰਮ ਚਲੀ ਗਈ ਤੇ ਇੱਕਲੀ ਰਹਿਣ ਲੱਗੀ ਪਰ ਮਗਰੋਂ ਆ ਕੇ ਬੱਚੇ ਵੀ ਆਪਣੇ ਨਾਲ ਲੈ ਗਈ।
ਹੁਣ, ਮਵੀਤੀ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਪਤਨੀ ਆਪਣੇ ਸੱਤ ਬੱਚਿਆਂ ਸਮੇਤ ਭੁੱਖ ਨਾਲ ਮਰ ਗਈ ਹੈ।
ਜਿਹੜੇ ਬੱਚਿਆਂ ਨੂੰ ਕੀਨੀਆ ਦੀ ਪੁਲਿਸ ਬਚਾ ਸਕੀ ਹੈ, ਉਨ੍ਹਾਂ ਵਿੱਚੋਂ ਕੁਝ ਨੇ ਮਵੀਤੀ ਦੇ ਬੱਚਿਆਂ ਦੀ ਪਛਾਣ ਕੀਤੀ ਹੈ।
ਮਵੀਤੀ ਆਪਣੀ ਪਤਨੀ ਤੇ ਬੱਚਿਆਂ ਦੀ ਤਸਵੀਰ ਫੜ੍ਹੀ ਉਨ੍ਹਾਂ ਨੂੰ ਲਭ ਰਿਹਾ ਹੈ
ਮਵੀਤੀ ਇਸ ਪੂਰੇ ਘਟਨਾਕ੍ਰਮ ਲਈ ਸਰਕਾਰ, ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਉਹ ਕਹਿੰਦੇ ਹਨ, "ਮੈਂ ਪਹਿਲਾਂ ਹੀ 45 ਸਾਲਾਂ ਦਾ ਹਾਂ। ਜਦੋਂ ਮੈਂ ਸੁਣਿਆ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ, ਮੈਨੂੰ ਲੱਗਾ ਕਿ ਮੈਂ ਵੀ ਮਰ ਗਿਆ ਹਾਂ।"
ਹੁਣ
ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੇ ਡੀਐੱਨਏ ਦਾ ਨਮੂਨਾ ਦਿੱਤਾ ਹੈ ਤਾਂ ਜੋ ਉਨ੍ਹਾਂ ਦੇ
ਬੱਚਿਆਂ ਦੀ ਪਛਾਣ ਕੀਤੀ ਜਾ ਸਕੇ। ਫਿਰ ਕਿਤੇ ਜਾ ਕੇ ਉਹ ਸੋਗ ਮਨਾ ਸਕਣਗੇ।
ਡਾਕਟਰ
ਸੂਜ਼ਨ ਗਿਟਾਉ, ਇੱਕ ਕਾਉਂਸਲਿੰਗ ਮਨੋਵਿਗਿਆਨੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ
ਜ਼ਿਆਦਾਤਰ ਲੋਕ ਜਿਨ੍ਹਾਂ ਨੇ ਮੈਕੇਂਜੀ ਦਾ ਅਨੁਸਰਣ ਕੀਤਾ, ਉਨ੍ਹਾਂ ਵਿੱਚ ਯੂਨੀਵਰਸਿਟੀ
ਦੇ ਵਿਦਿਆਰਥੀ ਅਤੇ ਅਜਿਹੇ ਉੱਚ ਪੁਲਿਸ ਅਫ਼ਸਰ ਸਨ ਜੋ ਉੱਥੇ ਦਿਲਾਸੇ, ਉਮੀਦ, ਤਾਕਤ ਅਤੇ
ਸਹਾਇਤਾ ਦੀ ਭਾਲ਼ ਵਿੱਚ ਗਏ ਸਨ।
ਉਸ ਦੇ ਕੁਝ ਕੱਟੜ ਪੈਰੋਕਾਰਾਂ ਨੇ ਆਪਣੇ ਸਿੱਖਿਆ
ਸਰਟੀਫਿਕੇਟ ਪਾੜ ਦਿੱਤੇ ਸਨ, ਨੌਕਰੀ ਛੱਡ ਦਿੱਤੀ ਸੀ ਅਤੇ ਆਪਣੇ ਬੱਚਿਆਂ ਦੇ ਟੀਕਾਕਰਨ
ਤੋਂ ਵੀ ਇਨਕਾਰ ਕਰ ਦਿੱਤਾ ਸੀ।
ਸੰਪ੍ਰਦਾਇ ਦੇ ਇੱਕ ਸਾਬਕਾ ਪ੍ਰਚਾਰਕ ਤਿਤੁਸ
ਕੈਟਾਨਾ ਨੇ ਨਿਊ ਯਾਰਕ ਟਾਈਮਜ਼ ਨੂੰ ਦੱਸਿਆ ਕਿ ਇਸ ਖੁਦਕੁਸ਼ੀ ਯੋਜਨਾ ਵਿੱਚ ਬੱਚਿਆਂ ਨੂੰ
"ਧੁੱਪ ਵਿੱਚ ਪਹਿਲਾਂ ਵਰਤ ਰੱਖਣ ਲਈ ਕਿਹਾ ਜਾਂਦਾ ਤਾਂ ਜੋ ਉਹ ਪਹਿਲਾਂ ਮਰਨ।"
ਕੈਟਾਨਾ
ਹੁਣ ਪੁਲਿਸ ਜਾਂਚ ਵਿੱਚ ਮਦਦ ਕਰ ਰਹੇ ਹਨ। ਉਨ੍ਹਾਂ ਨੇ ਬੱਚਿਆਂ ''ਤੇ ਹੁੰਦੇ ਜ਼ੁਲਮ
ਬਾਰੇ ਦਿ ਸੰਡੇ ਟਾਈਮਜ਼ ਨੂੰ ਦੱਸਿਆ ਕਿ ''ਬੱਚਿਆਂ ਨੂੰ ਪੰਜ ਦਿਨ ਤੱਕ ਭੁੱਖੇ-ਭਾਣੇ
ਝੋਂਪੜੀਆਂ ਵਿੱਚ ਬੰਦ ਰੱਖਿਆ ਜਾਂਦਾ ਸੀ।''
ਅਖ਼ਬਾਰ ਨੇ ਉਨ੍ਹਾਂ ਦੇ ਹਵਾਲੇ ਨਾਲ
ਲਿਖਿਆ "ਉਨ੍ਹਾਂ ਨੂੰ ਕੰਬਲਾਂ ਵਿੱਚ ਲਪੇਟ ਕੇ ਦਫ਼ਨਾ ਦਿੱਤਾ ਜਾਂਦਾ, ਕਈ ਵਾਰ ਤਾਂ
ਉਨ੍ਹਾਂ ਦੇ ਸਾਹ ਅਜੇ ਵੀ ਚੱਲ ਰਹੇ ਹੁੰਦੇ ਸਨ।"
ਹੁਣ ਤੱਕ 200 ਤੋਂ ਵੱਧ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ
ਕੋਈ ਆਪਣੇ ਆਪ ਨੂੰ ਭੁੱਖਾ ਕਿਉਂ ਮਾਰੇਗਾ?
ਧਰਮ ਸ਼ਾਸਤਰੀ
ਅਤੇ ਮਨੋਵਿਗਿਆਨੀ ਡਾਕਟਰ ਜੇਮਸ ਕਿਪਸੰਗ ਬਾਰਨਗੇਟੁਨੀ ਨੇ ਬੀਬੀਸੀ ਨੂੰ ਦੱਸਿਆ ਕਿ
ਕੀਨੀਆ ਵਿੱਚ ਬਹੁਤ ਸਾਰੇ ਛੋਟੇ ਚਰਚ ਬਣ ਗਏ ਹਨ ਜੋ ਸਹੀ ਢੰਗ ਨਾਲ ਨਿਯੰਤ੍ਰਿਤ ਨਹੀਂ ਹਨ।
ਇਹ ਇੱਕ ਇੱਕ ਸਮੱਸਿਆ ਹੈ।
ਉਨ੍ਹਾਂ ਕਿਹਾ ਕਿ ਬੇਈਮਾਨ ਆਗੂ ਲੋਕਾਂ ਦੀ ਅਕਲ ''ਤੇ ਪੜਦਾ ਪਾ ਕੇ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਲੱਭਣ ਦੇ ਲਾਲਚ ਦਾ ਫਾਇਦਾ ਉਠਾਉਂਦੇ ਹਨ।
ਪਾਦਰੀ
ਮੈਕੇਂਜੀ ਹੁਣ ਪੁਲਿਸ ਹਿਰਸਤ ਵਿੱਚ ਹੈ। ਉਸ ਦਾ ਕਹਿਣਾ ਹੈ ਉਸ ਨੇ ਲਗਭਗ ਵੀਹ ਸਾਲ ਤੱਕ
ਸੰਪ੍ਰਦਾਇ ਚਲਾਉਣ ਤੋਂ ਬਾਅਦ, ਲਗਭਗ ਚਾਰ ਸਾਲ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਸੀ।
ਹਾਲਾਂਕਿ,
ਬੀਬੀਸੀ ਨੂੰ ਇੰਟਰਨੈੱਟ ਤੇ ਮੈਕੇਂਜੀ ਦੀ ਆਵਾਜ਼ ਵਿੱਚ ਰਿਕਾਰਡ ਸੈਂਕੜੇ ਭਜਨ ਮਿਲੇ ਹਨ,
ਜਿਨ੍ਹਾਂ ਵਿੱਚੋ ਕੁਝ ਉਸ ਦੇ ਦੱਸੇ ਸਮੇਂ ਤੋਂ ਬਾਅਦ ਰਿਕਾਰਡ ਕੀਤੇ ਲਗਦੇ ਹਨ।
ਉਸ
ਨੇ ਕੁਝ ਹਫ਼ਤੇ ਪਹਿਲਾਂ ਡੇਲੀ ਨੈਸ਼ਨਲ ਅਖ਼ਬਾਰ ਨਾਲ ਗੱਲਬਾਤ ਵਿੱਚ ਇਸ ਗੱਲ ਤੋਂ ਵੀ
ਇਨਕਾਰ ਕੀਤਾ ਸੀ ਕਿ ਉਸ ਨੇ ਆਪਣੇ ਪੈਰੋਕਾਰਾਂ ਨੂੰ ਖੁਦਕੁਸ਼ੀ ਲਈ ਵਰਗਲਾਇਆ ਹੈ।
ਕੀਨੀਆ ਇੱਕ ਬਹੁਤ ਹੀ ਧਾਰਮਿਕ ਦੇਸ਼ ਹੈ ਜਿਸ ਦੀ 85 ਫੀਸਦੀ ਆਬਾਦੀ ਆਪਣੇ ਆਪ ਨੂੰ ਈਸਾਈ ਵਜੋਂ ਪਛਾਣਦੀ ਹੈ।
ਹਜ਼ਾਰਾਂ ਲੋਕ ਆਪਣੇ ਰਿਸ਼ਤੇਦਾਰਾਂ ਲਈ ਚਿੰਤਤ ਹਨ
ਪਾਦਰੀ ਦੇ ਉਪਦੇਸ਼ਾਂ ਵਾਲੇ ਵੀਡੀਓਜ਼ ਵਿੱਚ ਕੀ ਹੈ
ਬੀਬੀਸੀ
ਨੂੰ ਉਸ ਦੇ ਸੈਂਕੜੇ ਉਪਦੇਸ਼ ਮਿਲੇ ਹਨ ਜੋ ਅਜੇ ਵੀ ਔਨਲਾਈਨ ਉਪਲੱਬਧ ਹਨ। ਉਹ ਉਸ ਆਦਮੀ
ਦੀ ਕਿਹੜੀ ਤਸਵੀਰ ਪੇਸ਼ ਕਰਦੇ ਹਨ ਜਿਸ ਨੇ ਆਪਣੇ ਚੇਲਿਆਂ ਨੂੰ ਭੁੱਖੇ ਮਰਨ ਲਈ ਤਿਆਰ ਕਰ
ਲਿਆ?
ਇੱਕ ਭਾਵੁਕ, ਖੁਰਦਰੀ ਅਵਾਜ਼ ਵਿੱਚ, ਪਾਦਰੀ ਮੈਕੇਂਜੀ ਨੇ ਵੱਡੇ-ਵੱਡੇ ਇੱਕਠਾਂ ਨੂੰ ਸੰਬੋਧਿਤ ਕੀਤਾ ਅਤੇ ਆਪਣੇ ਉਪਦੇਸ਼ ਦਿੱਤੇ।
ਇੱਕ
ਵੀਡੀਓ ਵਿੱਚ ਇੱਕ ਬੈਨਰ ਤੋਂ ਇਹ ਇਬਾਰਤ ਪੜ੍ਹੀ ਜਾ ਸਕਦੀ ਹੈ, “ਅਸੀਂ ਲੜਾਈ ਜਿੱਤਣ
ਵਾਲੇ ਹਾਂ… ਕਿਸੇ ਨੂੰ ਵੀ ਪਿੱਛੇ ਨਾ ਹਟਣ ਦਿਓ… ਯਾਤਰਾ ਪੂਰੀ ਹੋਣ ਵਾਲੀ ਹੈ।"
ਉਸ
ਦੇ ਚਰਚ ਦੇ ਯੂਟਿਊਬ ਚੈਨਲ ''ਤੇ ਵੀਡੀਓ ਸੀਰੀਜ਼ ਦਾ ਕੈਪਸ਼ਨ ਹੈ: "ਏਂਡ ਟਾਈਮ ਕਿਡਜ਼"
ਅਤੇ ਛੋਟੇ ਬੱਚਿਆਂ ਦੇ ਸਮੂਹ ਕੈਮਰੇ ਉੱਪਰ ਆਪਣੇ ਸੰਦੇਸ਼ ਦਿੰਦੇ ਹਨ।
ਹਾਲਾਂਕਿ
ਕੈਟਾਨਾ ਨੇ ਸੰਪ੍ਰਦਾਇ ਛੱਡਣ ਦਾ ਕਾਰਨ ਦੱਸਦਿਆਂ ਇਹ ਵੀ ਕਿਹਾ ਹੈ ਕਿ ਮੈਕੇਂਜੀ
ਪੜ੍ਹਾਈ-ਲਿਖਾਈ ਨੂੰ ਸ਼ੈਤਾਨੀ ਮੰਨਦੇ ਸਨ ਅਤੇ ਇਸ ਦਾ ਵਿਰੋਧ ਕਰਦੇ ਸਨ। ਉਸ ਦੀਆਂ ਕੁਝ
ਸਿੱਖਿਆਵਾਂ ਤਾਂ ਬਹੁਤ ਜ਼ਿਆਦਾ "ਅਜੀਬ" ਹੋ ਗਈਆਂ ਸਨ।
ਪਾਦਰੀ ਮੈਕੇਂਜੀ ਦਾ ਜ਼ਿਆਦਾਤਰ ਪ੍ਰਚਾਰ ਹਸ਼ਰ ਦੇ ਦਿਨ ਬਾਰੇ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਨਾਲ ਸਬੰਧਤ ਹੈ।
ਚਰਚ ਦੀ ਔਨਲਾਈਨ ਸਮੱਗਰੀ ਵਿੱਚ ਸੰਸਾਰ ਦੇ ਅੰਤ, ਆਉਣ ਵਾਲੀ ਤਬਾਹੀ ਅਤੇ ਵਿਗਿਆਨ ਦੇ ਮੰਨੇ ਜਾਂਦੇ ਖ਼ਤਰਿਆਂ ਬਾਰੇ ਪੋਸਟਾਂ ਵੀ ਸ਼ਾਮਲ ਹਨ।
ਇਨ੍ਹਾਂ ਯੂਟਿਊਬ ਚੈਨਲਾਂ ਦੇ ਹਜ਼ਾਰਾਂ ਸਬਸਕ੍ਰਾਈਬਰ ਹਨ ਅਤੇ ਇੱਕ ਫੇਸਬੁੱਕ ਪੇਜ ਉੱਪਰ ਇਨ੍ਹਾਂ ਵੀਡੀਓਜ਼ ਦੇ ਲਿੰਕ ਪੋਸਟ ਕੀਤੇ ਗਏ ਹਨ।
ਜਿਨ੍ਹਾਂ ਚੈਨਲਾਂ ਨੂੰ ਬੀਬੀਸੀ ਨੇ ਮੈਕੇਂਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਯੂਟਿਊਬ ਨੂੰ ਫਲੈਗ ਕੀਤਾ, ਉਹ ਖ਼ਬਰ ਲਿਖੇ ਜਾਣ ਤੱਕ ਸਰਗਰਮ ਸਨ।
ਬੀਬੀਸੀ
ਨੇ ਚੈਨਲਾਂ ''ਤੇ ਕਈ ਮੋਨੀਟਾਇਜ਼ ਕੀਤੇ ਵੀਡੀਓ ਵੀ ਦੇਖੇ ਹਨ, ਜਿਸ ਦਾ ਮਤਲਬ ਕਿ
ਯੂਟਿਊਬ ਆਨਲਾਈਨ ਮਸ਼ਹੂਰੀਆਂ ਰਾਹੀਂ ਇਨ੍ਹਾਂ ਵੀਡੀਓਜ਼ ਤੋਂ ਪੈਸਾ ਕਮਾਉਂਦਾ ਹੈ।
ਜਦੋਂ ਇਸ ਬਾਰੇ ਬੀਬੀਸੀ ਨੇ ਗੂਗਲ ਅਤੇ ਮੈਟਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।
ਇਹ
ਸਪਸ਼ਟ ਨਹੀਂ ਹੈ ਕਿ ਉਪਦੇਸ਼ ਕਦੋਂ ਫਿਲਮਾਏ ਗਏ ਸਨ, ਪਰ ਜਨਵਰੀ 2020 ਵਿੱਚ ਨੈਰੋਬੀ
ਵਿੱਚ ਪਾਦਰੀ ਮੈਕੇਂਜੀ ਦੁਆਰਾ ਇੱਕ ਆਗਾਮੀ ਪ੍ਰਚਾਰ ਸਮਾਗਮ ਦਾ ਹਵਾਲਾ ਮਿਲਦਾ ਹੈ, ਜੋ
ਆਪਣੀਆਂ ਪ੍ਰਚਾਰ ਗਤੀਵਿਧੀਆਂ ਨੂੰ ਬੰਦ ਕਰਨ ਦੇ ਉਸ ਦੇ ਦਾਅਵੇ ਦਾ ਖੰਡਨ ਕਰਦਾ ਹੈ।
ਡਰ ਵੀ ਸਤਾਇਆ ਰਿਹਾ ਹੈ ਕਿ ਹੋਰ ਵੀ ਕਈ ਕਬਰਾਂ ਮਿਲ ਸਕਦੀਆਂ
ਪੌਲ ਮੈਕੇਂਜੀ ਤੇ ਉਸ ਦਾ ਰੱਹਸਮਈ ਡੇਰਾ
ਦੂਰ-ਦੁਰਾਡੇ ਦੇ ਜੰਗਲ ਵਿੱਚੋਂ ਕਈ ਲਾਸ਼ਾਂ ਮਿਲਣ ਤੋਂ ਬਾਅਦ, ਕੀਨੀਆ ਦਾ ਇਹ ਪ੍ਰਚਾਰਕ ਤੇ ਪਾਦਰੀ ਪੌਲ ਨਥੇਂਜ ਮੈਕੇਂਜੀ ਅਦਾਲਤ ਵਿੱਚ ਪੇਸ਼ ਹੋਇਆ ਹੈ।
ਪਾਦਰੀ ਮੈਕੇਂਜੀ ਨੇ ਗੁੱਡ ਨਿਊਜ਼ ਇੰਟਰਨੈਸ਼ਨਲ ਚਰਚ ਸ਼ੁਰੂ ਕੀਤਾ ਸੀ। ਉਸ ''ਤੇ ਇਲਜ਼ਾਮ ਹਨ ਕਿ ਉਸ ਨੇ ਪੈਰੋਕਾਰਾਂ ਨੂੰ ਭੁੱਖੇ ਮਰਨ ਲਈ ਉਤਸ਼ਾਹਿਤ ਕੀਤਾ ਹੈ।
ਜਦੋਂ
ਤੋਂ ਇਸ ਪੂਰੇ ਘਟਨਾ ਬਾਰੇ ਜਾਣਕਾਰੀ ਸਾਹਮਣੇ ਆਉਣੀ ਸ਼ੁਰੂ ਹੋਈ ਹੈ, ਦੇਸ਼ ਦੇ ਬਹੁਤ ਸਾਰੇ
ਲੋਕ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਲੈ ਕੇ ਚਿੰਤਾ ਵਿੱਚ ਹਨ।
ਇਸ ਜੰਗਲੀ ਇਲਾਕੇ ਦਾ ਨਾਮ ਸ਼ਾਕਾਹੋਲਾ ਹੈ, ਇੱਕ ਸਵਾਹਿਲੀ ਸ਼ਬਦ ਹੈ ਜਿਸਦਾ ਭਾਵ ਹੈ "ਇੱਕ ਅਜਿਹੀ ਥਾਂ ਜਿੱਥੇ ਚਿੰਤਾਵਾਂ ਨੂੰ ਦੂਰ ਕੀਤਾ ਜਾਂਦਾ ਹੈ"।
ਇਹ ਕੀਨੀਆ ਦੇ ਸ਼ਹਿਰ ਕਿਲੀਫੀ ਦੇ ਤੱਟਵਰਤੀ ਕਾਉਂਟੀ ਵਿੱਚ 50,000-ਏਕੜ (20,000-ਹੈਕਟੇਅਰ) ਚਕਮਾ ਰੈਂਚ ਵਿੱਚ ਸਥਿਤ ਹੈ।
ਹਲਾਂਕਿ, ਇਸ ਇਲਾਕੇ ਵਿੱਚ ਜ਼ਮੀਨ ਬਹੁਤ ਮਹਿੰਗੀ ਹੈ ਪਰ ਪਾਦਰੀ ਮੈਕੇਂਜੀ ਇਸ ਜੰਗਲੀ ਖੇਤਰ ਦੇ 800 ਏਕੜ ਦੇ ਮਾਲਕ ਦੱਸੇ ਜਾ ਰਹੇ ਹਨ।
ਜੰਗਲ ਦਾ ਪ੍ਰਵੇਸ਼ ਦੁਆਰ, ਮੁੱਖ ਸੜਕ ਤੋਂ ਇੱਕ ਲਿੰਕ ਰੋਡ ਉੱਪਰ ਸਭ ਤੋਂ ਨਜ਼ਦੀਕੀ ਵੱਡੇ ਸ਼ਹਿਰ ਮਾਲਿੰਦੀ ਤੋਂ ਦੋ ਘੰਟੇ ਦੀ ਦੂਰੀ ''ਤੇ ਹੈ।
ਕੰਡੇਦਾਰ
ਝਾੜੀਆਂ ਡੇਰੇ ਤੱਕ ਪਹੁੰਚ ਨੂੰ ਮੁਸ਼ਕਲ ਬਣਾਉਂਦੀਆਂ ਹਨ। ਇੱਥੇ ਲਗਭਗ ਸਾਰਾ ਸਾਲ ਗਰਮੀ
ਪੈਂਦੀ ਹੈ ਅਤੇ ਕਦੇ-ਕਦਾਈਂ ਹਾਥੀ ਵੀ ਇਸ ਖੇਤਰ ਵਿੱਚ ਘੁੰਮਦੇ ਹਨ।
ਜਿੰਨਾਂ ਜੰਗਲ
ਦੇ ਅੰਦਰ ਜਾਂਦੇ ਹਾਂ ਬਾਹਰੀ ਦੁਨੀਆਂ ਤੋਂ ਸੰਪਰਕ ਟੁੱਟਦਾ ਜਾਂਦਾ ਹੈ। ਇੱਥੇ ਕੋਈ
ਮੋਬਾਈਲ ਨੈੱਟਵਰਕ ਨਹੀਂ ਹੈ, ਕੋਈ ਇੰਟਰਨੈੱਟ ਕੁਨੈਕਸ਼ਨ ਨਹੀਂ ਹੈ।
ਇੱਥੇ ਹੀ
ਪਾਦਰੀ ਵੱਲੋਂ ਇੱਕ ਨਵੀਂ ਪਵਿੱਤਰ ਧਰਤੀ ਵੀ ਵਸਾਈ ਗਈ ਸੀ। ਇਸ ਇਲਾਕੇ ਨੂੰ ਪਿੰਡਾਂ ਵਿੱਚ
ਵੰਡਿਆ ਗਿਆ ਸੀ, ਹਰੇਕ ਪਿੰਡ ਨੂੰ ਬਾਈਬਲ ਦੇ ਸਥਾਨਾਂ ਦੇ ਨਾਮ ਦਿੱਤੇ ਗਏ ਸਨ।
ਪਾਦਰੀ
ਮੈਕੇਂਜੀ ਦੇ ਕੁਝ ਪੈਰੋਕਾਰਾਂ ਨੇ ਜੁਦੀਆ ਵਿੱਚ ਸੰਨਿਆਸੀ ਜੀਵਨ ਬਤੀਤ ਕੀਤਾ। ਦੂਜਿਆਂ
ਨੇ ਆਪਣੇ ਆਪ ਨੂੰ ਬੈਤਲਹਮ ਵਿੱਚ ਛੁਪਾ ਲਿਆ। ਇੱਥੇ ਇੱਕ ਨਾਸਰਤ ਵੀ ਸੀ। ਨਾਸਰਤ ਉਸ ਥਾਂ
ਦਾ ਨਾਮ ਹੈ ਜਿੱਥੇ ਈਸਾ ਮਸੀਹ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ।
ਮੇਕੈਂਜੀ ਲਈ ਸਿੱਖਿਆ ਇੱਕ ਪੈਸੇ ਲੁੱਟਣ ਦਾ ਢੰਗ ਸੀ
ਕੀ ਚੀਜ਼ ਲੋਕਾਂ ਨੂੰ ਇਸ ਡੇਰੇ ਵੱਲ ਆਕਰਸ਼ਿਤ ਕਰਦੀ ਸੀ
ਇਹ
ਦੱਸਦੇ ਹੋਏ ਕਿ ਕਿਸ ਚੀਜ਼ ਨੇ ਉਨ੍ਹਾਂ ਨੂੰ ਚਰਚ ਵੱਲ ਖਿੱਚਿਆ, ਕੈਟਾਨਾ ਨੇ ਕਿਹਾ ਕਿ
ਉਹ ਸੋਚਦੇ ਸਨ ਕਿ ਪਾਦਰੀ ਮੈਕੇਂਜੀ "ਕ੍ਰਿਸ਼ਮਈ ਸਨ ਅਤੇ ਪਰਮੇਸ਼ਰ ਦੇ ਬਚਨ ਦਾ ਚੰਗੀ
ਤਰ੍ਹਾਂ ਪ੍ਰਚਾਰ ਕਰਦੇ ਸਨ"।
ਖਿੱਚ ਦਾ ਇੱਕ ਹੋਰ ਕਾਰਨ ਇਹ ਵੀ ਸੀ ਕਿ
"ਮੈਕੇਂਜ਼ੀ ਆਪਣੇ ਪੈਰੋਕਾਰਾਂ ਨੂੰ ਜ਼ਮੀਨ ਵੀ ਵੇਚ ਰਿਹਾ ਸੀ। ਇਹ ਵਿਚਾਰ ਮੈਨੂੰ ਪਸੰਦ
ਆਇਆ। ਮੈਂ 15 ਏਕੜ ਖਰੀਦੀ। ਪਰ ਜਦੋਂ ਮੈਂ ਦੇਖਿਆ ਕਿ ਉਸ ਦਾ ਪ੍ਰਚਾਰ ਅਜੀਬ ਸੀ, ਮੈਂ
ਛੱਡਣ ਦਾ ਫ਼ੈਸਲਾ ਕੀਤਾ।"
ਲਾਸ਼ਾਂ ਕੱਢਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਗ਼ੈਰ-ਸਨਮਾਨਜਨਕ ਢੰਗ ਨਾਲ ਦੱਬੇ ਹੋਏ ਲੋਕਾਂ ਦਾ ਦ੍ਰਿਸ਼ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਜਿਵੇਂ-ਜਿਵੇਂ ਇਸ ਜੰਗਲ ਨੂੰ ਖੰਗਾਲਿਆ ਜਾ ਰਿਹਾ ਹੈ, ਹੋਰ ਲਾਸ਼ਾਂ ਮਿਲਣੀਆਂ ਜਾਰੀ ਹਨ।
ਪੂਰੇ ਦੇਸ਼ ਵਿੱਚ ਇਸ ਗੱਲ ਨੂੰ ਲੈ ਕੇ ਸਦਮਾ ਹੈ ਕਿ ਕਿਵੇਂ ਦਰਜਨਾਂ ਲੋਕ ਆਪਣੀ ਮਰਜ਼ੀ ਨਾਲ ਭੁੱਖੇ ਮਰ ਸਕਦੇ ਹਨ?
ਪੋਸਟਮਾਰਟਮ
ਅਜੇ ਕੀਤੇ ਜਾਣੇ ਹਨ ਪਰ ਪੁਲਿਸ ਅਤੇ ਸਰਕਾਰੀ ਵਕੀਲ ਕਹਿੰਦੇ ਹਨ ਕਿ ਭੁੱਖਮਰੀ ਨਾਲ ਮਰਨ
ਦੇ ਨਾਲ-ਨਾਲ, ਕੁਝ ਮੈਂਬਰਾਂ ਦਾ ਗਲਾ ਘੁੱਟਿਆ ਗਿਆ, ਦਮ ਘੁੱਟਿਆ ਗਿਆ ਜਾਂ ਕੁੱਟ-ਕੁੱਟ
ਕੇ ਮਾਰਿਆ ਗਿਆ।
''ਸਿੱਖਿਆ ਸ਼ੈਤਾਨੀ ਹੈ''
ਸੰਪ੍ਰਦਾਇ ਦੇ ਸਾਬਕਾ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਸਿੱਖਿਆਵਾਂ ਦੀ ਪਾਲਣਾ ਕਰਨ ਦੇ ਹਿੱਸੇ ਵਜੋਂ ਵਰਤ ਰੱਖਣ ਲਈ ਮਜਬੂਰ ਕੀਤਾ ਗਿਆ ਸੀ।
ਹਾਲਾਂਕਿ,
ਦਰਜਨਾਂ ਵਿਡੀਓਜ਼ ਵਿੱਚ ਜੋ ਅਸੀਂ ਦੇਖੀਆਂ, ਇਸ ਗੱਲ ਦਾ ਕੋਈ ਸਿੱਧਾ ਸਬੂਤ ਨਹੀਂ ਹੈ ਕਿ
ਪਾਦਰੀ ਮੈਕੇਂਜੀ ਨੂੰ ਲੋਕਾਂ ਨੂੰ ਵਰਤ ਰੱਖਣ ਦਾ ਸਿੱਧਾ ਆਦੇਸ਼ ਦਿੰਦੇ ਦੇਖਿਆ ਗਿਆ
ਹੋਵੇ, ਪਰ ਬਹੁਤ ਥਾਈਂ ਉਹ ਪੈਰੋਕਾਰਾਂ ਨੂੰ ਅਜਿਹੀਆਂ ਚੀਜ਼ਾਂ ਦਾ ਤਿਆਗ ਕਰਨ ਲਈ ਕਹਿੰਦਾ
ਹੈ, ਜੋ ਉਨ੍ਹਾਂ ਨੂੰ ਪਿਆਰੀਆਂ ਹੋਣ, ਜਾਨ ਸਣੇ।
ਉਸ ਦੇ ਉਪਦੇਸ਼ਾਂ ਦਾ ਇੱਕ ਹੋਰ ਵਿਸ਼ਾ ਇਹ ਰਿਹਾ ਹੈ ਕਿ ਰਸਮੀ ਸਿੱਖਿਆ (ਪੜ੍ਹਾਈ-ਲਿਖਾਈ) ਸ਼ੈਤਾਨੀ ਹੈ ਅਤੇ ਪੈਸੇ ਦੀ ਲੁੱਟ ਕਰਨ ਲਈ ਵਰਤੀ ਜਾਂਦੀ ਹੈ।
ਉਹ ਇੱਕ ਉਪਦੇਸ਼ ਵਿੱਚ ਕਹਿੰਦਾ ਹੈ, "ਉਹ ਜਾਣਦੇ ਹਨ ਕਿ ਸਿੱਖਿਆ ਬੁਰਾਈ ਹੈ। ਪਰ ਉਹ ਇਸ ਨੂੰ ਆਪਣੇ ਫਾਇਦੇ ਲਈ ਵਰਤਦੇ ਹਨ।"
"ਜਿਹੜੇ
ਵਰਦੀਆਂ ਵੇਚਦੇ ਹਨ, ਕਿਤਾਬਾਂ ਲਿਖਦੇ ਹਨ... ਜਿਹੜੇ ਪੈਨ ਬਣਾਉਂਦੇ ਹਨ... ਹਰ ਕਿਸਮ ਦਾ
ਕੂੜਾ। ਉਹ ਤੁਹਾਡੇ ਪੈਸੇ ਦੀ ਵਰਤੋਂ ਆਪਣੇ ਆਪ ਨੂੰ ਅਮੀਰ ਬਣਾਉਣ ਲਈ ਕਰਦੇ ਹਨ ਜਦਕਿ
ਤੁਸੀਂ ਗਰੀਬ ਹੋ ਜਾਂਦੇ ਹੋ।"
2017 ਵਿੱਚ ਅਤੇ ਫਿਰ 2018 ਵਿੱਚ, ਉਸ ਨੂੰ
ਬੱਚਿਆਂ ਨੂੰ ਸਕੂਲ ਨਾ ਜਾਣ ਲਈ ਉਤਸ਼ਾਹਿਤ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਸ
ਨੇ ਦਾਅਵਾ ਕੀਤਾ ਸੀ ਕਿ "ਬਾਈਬਲ ਵਿੱਚ ਸਿੱਖਿਆ ਨੂੰ ਮਾਨਤਾ ਨਹੀਂ ਦਿੱਤੀ ਗਈ" ਸੀ।
ਪਾਦਰੀ ਮੈਕੇਂਜੀ ਨੇ ਸੈਕਸ ਸਿੱਖਿਆ ਪ੍ਰੋਗਰਾਮਾਂ ਰਾਹੀਂ ਸਮਲਿੰਗਤਾ ਨੂੰ ਉਤਸ਼ਾਹਿਤ ਕਰਨ ਲਈ ਵੀ ਸਿੱਖਿਆ ਦੀ ਨਿੰਦਾ ਕੀਤੀ ਹੈ।
ਉਸ ਨੇ ਦਿ ਨੇਸ਼ਨ ਅਖ਼ਬਾਰ ਨੂੰ ਦੱਸਿਆ, "ਮੈਂ ਲੋਕਾਂ ਨੂੰ ਕਿਹਾ ਕਿ ਸਿੱਖਿਆ ਬੁਰਾਈ ਹੈ... ਬੱਚਿਆਂ ਨੂੰ ਗੇਇਜ਼ਮ ਅਤੇ ਲੈਸਬੀਅਨਵਾਦ ਸਿਖਾਇਆ ਜਾਂਦਾ ਹੈ।"
ਮਵੀਤੀ ਦੀ ਪਤਨੀ ਅਤੇ ਉਨ੍ਹਾਂ ਦੇ ਬੱਚੇ
ਡਾਕਟਰੀ ਸਹਾਇਤਾ, ਵਾਲ ਬੰਨ੍ਹਣ ਸਣੇ ਵੱਖ-ਵੱਖ ਪਾਬੰਦੀਆਂ
ਕੈਟਾਨਾ ਮੁਤਾਬਕ, ਮੈਕੇਂਜੀ ਗਰਭਵਤੀ ਔਰਤਾਂ ਨੂੰ ਜਣੇਪੇ ਦੌਰਾਨ ਡਾਕਟਰੀ ਸਹਾਇਤਾ ਲੈਣ ਤੋਂ ਅਤੇ ਬੱਚਿਆਂ ਦੇ ਟੀਕਾਕਰਣ ਤੋਂ ਵੀ ਰੋਕਦਾ ਸੀ।
ਉਹ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦਾ ਸੀ ਕਿ ਟੀਕੇ ਜ਼ਰੂਰੀ ਨਹੀਂ ਹਨ ਅਤੇ ਇਹ ਦਾਅਵਾ ਕਰਦੇ ਸੀ ਕਿ ਡਾਕਟਰ "ਇੱਕ ਵੱਖਰੇ ਰੱਬ ਦੀ ਸੇਵਾ ਕਰਦੇ ਹਨ"।
ਉਹ ਔਰਤਾਂ ਨੂੰ ਆਪਣੇ ਵਾਲਾਂ ਦੀ ਗੁੱਤ ਕਰਨ, ਵਿੱਗ ਅਤੇ ਗਹਿਣੇ ਪਾਉਣ ਤੋਂ ਵੀ ਰੋਕਦਾ ਸੀ।
ਚਰਚ ਦੀ ਔਨਲਾਈਨ ਸਮੱਗਰੀ ਵਿੱਚ ਸੰਸਾਰ ਦੇ ਅੰਤ, ਆਉਣ ਵਾਲੀ ਤਬਾਹੀ ਅਤੇ ਵਿਗਿਆਨ ਦੇ ਕਥਿਤ ਖ਼ਤਰਿਆਂ ਬਾਰੇ ਪੋਸਟਾਂ ਵੀ ਸ਼ਾਮਲ ਹਨ।
ਇਸ ਸਮੱਗਰੀ ਵਿੱਚ ਇੱਕ ਸਰਵ ਸ਼ਕਤੀਮਾਨ ਸ਼ੈਤਾਨੀ ਸ਼ਕਤੀ ਚੇਤਾਵਨੀਆਂ ਸ਼ਾਮਿਲ ਹਨ।
ਉਹ
ਵਾਰ-ਵਾਰ "ਨਿਊ ਵਰਲਡ ਆਰਡਰ" ਦਾ ਹਵਾਲਾ ਦਿੰਦਾ ਹੈ ਜੋ ਕਿ ਇੱਕ ਸਾਜ਼ਿਸ਼ੀ ਸਿਧਾਂਤ ਹੈ
ਕਿ ਦੁਨੀਆਂ ਦੇ ਵੱਡੇ ਧਨਾਡ- ਦੇਸ਼ਾਂ ਦੀ ਥਾਂ ਇੱਕ ਤਾਨਾਸ਼ਾਹੀ ਵਿਸ਼ਵ ਸਰਕਾਰ ਲਿਆਉਣ ਲਈ
ਇੱਕ ਵਿਆਪਕ ਸਾਜ਼ਿਸ਼ ਕਰ ਰਹੇ ਹਨ।
ਮੈਕੇਂਜੀ ਆਧੁਨਿਕ ਤਕਨਾਲੋਜੀ ਦੇ ਵੀ ਖ਼ਿਲਾਫ਼ ਹੈ।
ਰਾਸ਼ਟਰਪਤੀ ਨੇ ਦੇਸ਼ ਤੋਂ ਮੰਗੀ ਮਾਫ਼ੀ
ਕੀਨੀਆ
ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਸਰਕਾਰ ਵੱਲੋਂ ਢਿੱਲ-ਮੱਠ ਨੂੰ ਸਵੀਕਾਰ ਕਰਦੇ ਹੋਏ,
ਈਸਾਈ ਸੰਪ੍ਰਦਾਇ ਡੂਮਸਡੇ ਕਾਰਨ ਗਈਆਂ ਜਾਨਾਂ ਲਈ ਕੀਨੀਆ ਦੇ ਲੋਕਾਂ ਤੋਂ ਮਾਫ਼ੀ ਮੰਗੀ
ਹੈ।
ਰੂਟੋ ਨੇ ਐਤਵਾਰ ਨੂੰ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਕਿਹਾ, "ਮੈਂ ਇਹ
ਜ਼ਿੰਮੇਵਾਰੀ ਲੈ ਰਿਹਾ ਹਾਂ ਕਿ ਰਾਸ਼ਟਰਪਤੀ ਹੋਣ ਦੇ ਨਾਤੇ, ਇਹ (ਕਤਲ) ਨਹੀਂ ਹੋਣੇ
ਚਾਹੀਦੇ ਸਨ। ਇਸ ਦੇ ਲਈ, ਮੈਂ ਸੱਚਮੁੱਚ ਮਾਫ਼ੀ ਚਾਹੁੰਦਾ ਹਾਂ।"
ਉਨ੍ਹਾਂ ਨੇ
ਦੇਸ਼ ਦੀ ਪੁਲਿਸ ਅਤੇ ਖ਼ੁਫ਼ੀਆ ਅਧਿਕਾਰੀਆਂ ਨੂੰ ਸਮੇਂ ਸਿਰ ਸੰਪ੍ਰਦਾਇ ਦੀਆਂ ਗਤੀਵਿਧੀਆਂ
ਦਾ ਪਤਾ ਲਗਾਉਣ ਵਿੱਚ ਅਸਫ਼ਲ ਰਹਿਣ ਲਈ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਕਤਲੇਆਮ ਦਾ ਹਿਸਾਬ ਦੇਣਾ ਪਵੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਉਹ ਭਵਿੱਖ ਵਿੱਚ ਧਾਰਮਿਕ ਮੌਤਾਂ ਨੂੰ ਰੋਕਣ ਲਈ ਉਹ ਸਭ ਕੁਝ ਕਰਨਗੇ ਜੋ ਕਰ ਸਕਣਗੇ।
ਉਨ੍ਹਾਂ ਨੇ ਜਾਂਚ ਪੂਰੀ ਹੋਣ ''ਤੇ ਸ਼ਕਾਹੋਲਾ ਜੰਗਲ ਦਾ ਦੌਰਾ ਕਰਨ ਦਾ ਵੀ ਵਾਅਦਾ ਕੀਤਾ।
ਕੀਨੀਆ
ਦੇ ਰਾਸ਼ਟਰਪਤੀ ਵਿਲੀਅਮ ਰੂਟੋ, ਜੋ ਕਿ ਖੁਦ ਇੱਕ ਧਾਰਮਿਕ ਵਿਅਕਤੀ ਹਨ, ਨੇ ਪਾਦਰੀ
ਮੈਕੇਂਜੀ ਨੂੰ ਅਜਿਹਾ ਵਿਅਕਤੀ ਦੱਸਿਆ ਹੈ ਜੋ "ਕਿਸੇ ਧਰਮ ਨਾਲ ਸਬੰਧਤ ਨਹੀਂ ਸੀ।"
ਦੇਸ਼ ਦੇ ਗ੍ਰਹਿ ਮੰਤਰੀ ਕਿਥੂਰੇ ਕਿੰਡੀਕੀ ਨੇ ਇਸ ਸਾਰੇ ਵਰਤਾਰੇ ਨੂੰ "ਕਤਲੇਆਮ" ਕਰਾਰ ਦਿੱਤਾ ਹੈ।