
ਬਟਾਲਾ ਦੇ ਨਮਨ ਤੇ ਲਾਹੌਰ ਦੀ ਸ਼ਹਿਲੀਨ ਨੇ ਕੁਝ ਦਿਨ ਪਹਿਲਾਂ ਹੀ ਵਿਆਹ ਕਰਵਾਇਆ ਹੈ
ਚੜ੍ਹਦੇ ਪੰਜਾਬ ਦੇ ਨਮਨ ਤੇ ਲਹਿੰਦੇ ਪੰਜਾਬ ਦੀ ਸ਼ਹਿਲੀਨ ਦਾ ਹਾਲ ਹੀ ਵਿੱਚ ਹੋਇਆ ਵਿਆਹ ਖੂਬ ਚਰਚਾ ਵਿੱਚ ਹੈ।
ਗੁਰਦਾਸਪੁਰ ਦੇ ਰਹਿਣ ਵਾਲੇ ਨਮਨ ਅਤੇ ਲਾਹੌਰ ਦੀ ਰਹਿਣ ਵਾਲੀ ਸ਼ਹਿਲੀਨ ਨੇ ਕਈ ਔਕੜਾਂ ਨੂੰ ਪਾਰ ਕਰਦਿਆਂ ਇੱਕ-ਦੂਜੇ ਦਾ ਸਾਥ ਚੁਣਿਆ।
ਇਹ ਕਹਾਣੀ ਹੈ 7 ਸਾਲ ਪਹਿਲਾਂ ਸ਼ੁਰੂ ਹੋਏ ਇੱਕ ਅਜਿਹੇ ਰਿਸ਼ਤੇ ਦੀ, ਜਿਸ ਨੂੰ ਨਾ ਸਰਹੱਦ ਵੱਖ ਕਰ ਸਕੀ ਤੇ ਨਾ ਹੀ ਧਰਮ।
ਮਾਂ
ਤੇ ਨਾਨੀ ਨਾਲ ਲਾਹੌਰ ਗਏ ਨਮਨ ਲੂਥਰਾ 2015 ਵਿੱਚ ਸ਼ਹਿਲੀਨ ਨੂੰ ਮਿਲੇ ਤੇ ਹੁਣ 7 ਸਾਲ
ਤੋਂ ਵੀ ਵੱਧ ਸਮੇਂ ਬਾਅਦ ਮਈ 2023 ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ।
ਲਾਹੌਰ ਦੀ ਰਹਿਣ ਵਾਲੀ ਸ਼ਹਿਲੀਨ ਵਿਆਹ ਕਰਵਾਉਣ ਭਾਰਤ ਆਈ ਤੇ ਹੁਣ ਇੱਥੇ ਹੀ ਰਹਿਣ ਦਾ ਫ਼ੈਸਲਾ ਕਰ ਬੈਠੀ ਹੈ।
ਬਟਾਲਾ ਦੇ ਰਹਿਣ ਵਾਲੇ ਨਮਨ ਜਿਸ ਦੇ ਨਾਨਕੇ ਲਾਹੌਰ ਹਨ, ਉਨ੍ਹਾਂ ਨੂੰ ਪਾਕਿਸਤਾਨ ਬੇਗਾਨਾ ਨਹੀਂ ਲੱਗਦਾ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੂੰ।
ਉਹ ਆਪਣੀ ਮਾਂ ਤੇ ਨਾਨੀ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਾਹੌਰ ਗਏ ਸਨ। ਜਿਥੇ ਉਨ੍ਹਾਂ ਦੀ ਮੁਲਾਕਾਤ ਸ਼ਹਿਲੀਨ ਨਾਲ ਹੋਈ ਸੀ।
ਦੋਵੇਂ ਪਰਿਵਾਰ ਰਿਸ਼ਤੇ ਲਈ ਰਾਜ਼ੀ ਹੋ ਗਏ ਪਰ ਦੋਵਾਂ ਦੇਸ਼ਾਂ ਵਿਚਲੀ ਸਰਹੱਦ ਪਾਰ ਕਰਨੀ ਸੌਖੀ ਨਹੀਂ ਸੀ।
ਹੁਣ ਲੰਬੀ ਉਡੀਕ ਬਾਅਦ ਦੋਵਾਂ ਦੀਆਂ ਪਰਿਵਾਰਿਕ ਰਿਵਾਇਤਾਂ ਮੁਤਾਬਕ ਇਸਾਈ ਅਤੇ ਹਿੰਦੂ ਰੀਤੀ ਰਿਵਾਜ਼ਾਂ ਨਾਲ ਦੋਵਾਂ ਦਾ ਵਿਆਹ ਹੋਇਆ।
ਬਟਾਲਾ ਵਿੱਚ ਵਿਆਹ ਹਿੰਦੂ ਤੇ ਇਸਾਈ ਰੀਤਾ-ਰਿਵਾਜ਼ਾਂ ਮੁੁਤਾਬਕ ਹੋਇਆ
ਨਮਨ ਅਤੇ ਸ਼ਹਿਲੀਨ ਦੀ ਪਹਿਲੀ ਮੁਲਾਕਾਤ
ਪੇਸ਼ੇ ਵਜੋਂ
ਵਕੀਲ ਨਮਨ ਲੂਥਰਾ ਸ਼ਹਿਲੀਨ ਨਾਲ ਪਹਿਲੀ ਮੁਲਾਕਾਤ ਬਾਰੇ ਦੱਸਦਿਆਂ ਕਹਿੰਦੇ ਹਨ,“ਮੇਰੇ
ਨਾਨਕੇ ਪਾਕਿਸਤਾਨ ’ਚ ਹਨ ਅਤੇ ਵੰਡ ਤੋਂ ਬਾਅਦ ਵੀ ਉਹ ਉੱਥੇ ਹੀ ਰਹਿੰਦੇ ਹਨ। ਜਦਕਿ
ਦਾਦਕਾ ਪਰਿਵਾਰ ਭਾਰਤ ਆ ਗਿਆ।”
ਸਾਲ 2015 ਵਿੱਚ ਉਹ ਆਪਣੀ ਮਾਂ ਅਤੇ ਨਾਨੀ ਨਾਲ ਪਕਿਸਤਾਨ ਗਏ ਤਾਂ ਲਾਹੌਰ ਦੀ ਰਹਿਣ ਵਾਲੀ ਸ਼ਹਿਲੀਨ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ।
ਸ਼ਹਿਲੀਨ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚੋਂ ਹੀ ਸੀ। ਨਮਨ ਭਾਰਤ ਮੁੜ ਆਏ ਪਰ ਸ਼ਹਿਲੀਨ ਨਾਲ ਆਨਲਾਈਨ ਸੰਪਰਕ ਵਿੱਚ ਰਹੇ।
ਪਰਿਵਾਰਾਂ ਦੀ ਰਜ਼ਾਮੰਦੀ ਨਾਲ ਸਾਲ 2016 ਵਿੱਚ ਦੋਵਾਂ ਦੀ ਮੰਗਣੀ ਹੋਈ ਤੇ ਇਹ ਸਮਾਗਮ ਪਾਕਿਸਤਾਨ ਵਿੱਚ ਹੋਇਆ।
ਸ਼ਹਿਲੀਨ ਦੱਸਦੇ ਹਨ ਕਿ ਸਾਲ 2018 ਵਿੱਚ ਉਹ ਅਤੇ ਆਪਣੀ ਮਾਂ ਅਤੇ ਚਾਚੀ ਨਾਲ ਭਾਰਤ ਆਏ ਅਤੇ ਨਮਨ ਦੇ ਪਰਿਵਾਰ ਨੂੰ ਮਿਲੇ ਸਨ।
ਸ਼ਹਿਲੀਨ ਤੇ ਨਮਨ 7 ਸਾਲਾਂ ਤੋਂ ਰਿਸ਼ਤੇ ਵਿੱਚ ਹਨ
ਵਿਆਹ ਹੋਣ ਵਿੱਚ ਰੁਕਾਵਟ
ਦੋਵਾਂ ਪਰਿਵਾਰਾਂ ਨੇ 2018 ’ਚ ਹੋਈ ਮਿਲਣੀ ਦੌਰਾਨ ਵਿਆਹ ਨੂੰ ਕੁਝ ਸਮਾਂ ਬਾਅਦ ਕਰਨ ਦਾ ਫ਼ੈਸਲਾ ਲਿਆ।
ਇਸੇ ਦੌਰਾਨ ਕੋਵਿਡ ਮਹਾਂਮਾਰੀ ਨੇ ਦੁਨੀਆਂ ਨੂੰ ਜਕੜ ਲਿਆ ਤੇ ਕੁਝ ਮੁਲਕਾਂ ਨੇ ਇੱਕ ਦੇਸ਼ ਤੋਂ ਦੂਜੇ ਦੇਸ਼ ਆਉਣ-ਜਾਣ ’ਤੇ ਪਾਬੰਦੀ ਲਗਾ ਦਿੱਤੀ।
ਭਾਰਤ
ਨੇ ਵੀ ਵਿਦੇਸ਼ਾਂ ਤੋਂ ਆਉਣ ਵਾਲੀਆਂ ਸਾਰੀਆ ਉਡਾਨਾਂ ਉੱਤੇ ਪਾਬੰਦੀ ਲਗਾ ਦਿੱਤੀ ਸੀ।
ਭਾਰਤ ਤੇ ਪਾਕਿਸਤਾਨ ਵਿੱਚ ਵੀ ਆਉਣਾ-ਜਾਣਾ ਘੱਟਿਆ, ਵੀਜ਼ਾ ਮਿਲਣ ਵਿੱਚ ਵੀ ਦਿੱਕਤ ਹੋਣ
ਲੱਗੀ।
ਦਸੰਬਰ 2021 ਵਿੱਚ ਸ਼ਹਿਲੀਨ ਦੇ ਪਰਿਵਾਰ ਨੇ ਭਾਰਤ ਲਈ ਵੀਜ਼ਾ ਅਪਲਾਈ ਕੀਤਾ ਪਰ ਅਜਿਹਾ ਨਾ ਹੋ ਸਕਿਆ।
ਮੁੜ ਮਈ 2022 ’ਚ ਵੀਜ਼ਾ ਲੈਣ ਦੀ ਇੱਕ ਵਾਰ ਕੋਸ਼ਿਸ਼ ਕੀਤੀ, ਇਸ ਵਾਰ ਵੀ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਗਈ।
ਜਦੋਂ
ਕੋਵਿਡ ਮਹਾਂਮਾਰੀ ਦੇ ਮਾਮਲੇ ਘਟਣ ਤੋਂ ਬਾਅਦ ਆਵਾਜਾਈ ਦੀਆਂ ਸੰਭਾਵਨਾ ਬਣੀਆਂ ਤਾਂ
ਪਰਿਵਾਰ ਦੇ ਸਿਰਫ਼ ਤਿੰਨ ਜੀਆਂ ਨੇ ਮਾਰਚ 2023 ’ਚ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ।
ਸ਼ਹਿਲੀਨ ਤੇ ਉਨ੍ਹਾਂ ਦੀ ਮਾਂ ਨੂੰ ਵੀਜ਼ਾ ਮਿਲ ਗਿਆ ਤੇ ਉਹ ਅਪ੍ਰੈਲ ਮਹੀਨੇ ਭਾਰਤ ਆ ਗਏ।
ਸ਼ਹਿਲੀਨ
ਕਹਿੰਦੇ ਹਨ,’’ਦਿਲ ਨੂੰ ਜੋ ਪਸੰਦ ਸੀ, ਉਹੀ ਹਾਸਲ ਕਰਨਾ ਸੀ। ਜਦੋਂ ਤੋਂ ਸਾਡੀ ਮੰਗਣੀ
ਹੋਈ ਸੀ, ਉਦੋਂ ਤੋਂ ਇਹੀ ਸੋਚਿਆ ਕਿ ਉੱਧਰ ਹੀ ਜਾਣਾ ਹੈ, ਮੈਂ ਕਿਸੇ ਦੀ ਗੱਲ ਨਹੀਂ
ਸੁਣੀ, ਬਸ ਇਹੀ ਸੋਚਿਆ ਕਿ ਕਿੰਨਾ ਵੀ ਸਮਾਂ ਲੱਗ ਜਾਵੇ ਬਸ ਉਡੀਕ ਕਰਨੀ ਹੈ।‘’
ਨਮਨ ਤੇ ਸ਼ਹਿਲੀਨ
ਕਰਤਾਰਪੁਰ ਮਿਲਣ ਦਾ ਸਬੱਬ
ਸ਼ਹਿਲੀਨ ਤੇ ਨਮਨ ਦਾ ਰਿਸ਼ਤਾ ਪੱਕਾ ਹੋਣ ''ਤੇ ਵਿਆਹ ਵਿੱਚ ਵਕਫ਼ਾ ਲੰਬਾ ਰਿਹਾ। ਇਸ ਦੌਰਾਨ ਟੈਲੀਫੋਨ ਤੇ ਹੋਰ ਸੋਸ਼ਲ ਮੀਡੀਆ ਜ਼ਰੀਏ ਸੰਪਰਕ ਰੱਖਿਆ ਗਿਆ।
ਵਿਆਹ ਵਿੱਚ ਦੇਰੀ ਤੇ ਵੀਜ਼ਾ ਮਿਲਣ ਵਿੱਚ ਆਉਂਦੀਆਂ ਮੁਸ਼ਕਿਲਾਂ ਦੇ ਚਲਦਿਆਂ ਪਰਿਵਾਰ ਦੋ ਵਾਰ ਕਰਤਾਰਪੁਰ ਸਾਹਿਬ ਜਾ ਕੇ ਇੱਕ-ਦੂਜੇ ਨੂੰ ਮਿਲਿਆ।
ਜ਼ਿਕਰਯੋਗ
ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼
ਪੁਰਬ ਮੌਕੇ ਨਵੰਬਰ 2019 ਵਿੱਚ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ
ਨੂੰ ਭਾਰਤੀ ਸੰਗਤ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਸੀ।
ਲਾਹੌਰ ਦੀ ਸ਼ਹਿਲੀਨ ਤੇ ਬਟਾਲੇ ਦਾ ਨਮਨ
- ਸਾਲ 2015 ਵਿੱਚ ਨਮਨ ਪਕਿਸਤਾਨ ਗਏ ਤਾਂ ਲਾਹੌਰ ਦੀ ਰਹਿਣ ਵਾਲੀ ਸ਼ਹਿਲੀਨ ਨੂੰ ਪਹਿਲੀ ਵਾਰ ਮਿਲੇ
- ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਸਾਲ 2016 ਵਿੱਚ ਦੋਵਾਂ ਦੀ ਮੰਗਣੀ ਹੋਈ ਤੇ ਇਹ ਸਮਾਗਮ ਪਾਕਿਸਤਾਨ ਵਿੱਚ ਹੋਇਆ।
- ਦਸੰਬਰ 2021 ਤੋਂ ਬਾਅਦ ਸ਼ਹਿਲੀਨ ਦੇ ਪਰਿਵਾਰ ਨੇ ਭਾਰਤ ਲਈ ਦੋ ਵਾਰ ਵੀਜ਼ਾ ਅਪਲਾਈ ਕੀਤਾ ਪਰ ਅਜਿਹਾ ਨਾ ਹੋ ਸਕਿਆ।
- ਕੋਵਿਡ ਮਹਾਂਮਾਰੀ ਵੀ ਵੀਜ਼ਾ ਨਾ ਮਿਲਣ ''ਤੇ ਵਿਆਹ ਵਿੱਚ ਦੇਰੀ ਹੋਣ ਦਾ ਇੱਕ ਕਾਰਨ ਰਹੀ
- ਹੁਣ ਮਾਰਚ 2023 ’ਚ ਸ਼ਹਿਲੀਨ ਤੇ ਉਨ੍ਹਾਂ ਦੀ ਮਾਂ ਨੂੰ ਭਾਰਤ ਆਉਣ ਲਈ ਵੀਜ਼ਾ ਮਿਲਿਆ
- ਮਈ ਵਿੱਚ ਨਮਨ ਤੇ ਸ਼ਹਿਲੀਨ ਦਾ ਵਿਆਹ ਇਸਾਈ ਤੇ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਹੋਇਆ
ਨਮਨ ਦੇ ਨਾਨਕੇ ਤੇ ਸ਼ਹਿਲੀਨ ਦਾ ਪਰਿਵਾਰ ਪਾਕਿਸਤਾਨ ਤੋਂ ਹੈ
ਪਰਿਵਾਰ ਨੇ ਕਿਵੇਂ ਸਵਿਕਾਰਿਆ
ਨਮਨ ਲੂਥਰਾ ਦੇ ਮਾਂ ਯੋਗਿਤਾ ਲੂਥਰਾ ਲਈ ਪੁੱਤ ਨੂੰ ਪਾਕਿਸਤਾਨ ਵਿਆਹੁਣ ਦਾ ਫ਼ੈਸਲਾ ਸੌਖਾ ਨਹੀਂ ਸੀ।
ਯੋਗਿਤਾ
ਕਹਿੰਦੇ ਹਨ ਕਿ ਉਹ ਛੋਟੇ ਹੁੰਦੇ ਆਪਣੀ ਮਾਂ ਨਾਲ ਪਾਕਿਸਤਾਨ ’ਚ ਆਪਣੇ ਰਿਸ਼ਤੇਦਾਰਾਂ ਨੂੰ
ਮਿਲਣ ਜਾਂਦੇ ਸਨ ਪਰ ਜਦੋਂ ਆਪਣੇ ਬੇਟੇ ਨੇ ਪਾਕਿਸਤਾਨ ਦੀ ਕੁੜੀ ਨਾਲ ਵਿਆਹ ਕਰਵਾਉਣ ਦੀ
ਗੱਲ ਕੀਤੀ ਤਾਂ ਉਨ੍ਹਾਂ ਨੂੰ ਇੱਕ ਝਟਕਾ ਜਿਹਾ ਲੱਗਿਆ।
ਉਹ ਕਹਿੰਦੇ ਹਨ, "ਨਮਨ ਦੇ
ਪਿਤਾ ਵੀ ਇਸ ਵਿਆਹ ਲਈ ਪਹਿਲਾਂ ਕੁਝ ਸਹਿਮਤ ਨਹੀਂ ਸਨ। ਵੱਡਾ ਸਵਾਲ ਇਹ ਸੀ ਕਿ ਬਰਾਤ
ਕਿਵੇਂ ਲੈ ਕੇ ਜਾਵਾਂਗੇ ਦੂਰੀਆਂ ਅਤੇ ਰੁਕਾਵਟਾਂ ਬਹੁਤ ਹਨ। ਪਰ ਨਮਨ ਨੇ ਮਨ ਬਣਾ ਲਿਆ ਸੀ
ਤਾਂ ਇਸ ਰਿਸ਼ਤੇ ਲਈ ਉਹ ਸਹਿਮਤ ਹੋ ਗਏ।”
“ਪਿਤਾ ਮੰਨ ਗਏ ਪਰ ਉਨ੍ਹਾਂ ਇਹ ਸ਼ਰਤ ਰੱਖੀ ਕਿ ਵਿਆਹ ਬਟਾਲਾ ’ਚ ਹੋਵੇਗਾ।”
ਰਸਮੀ ਤੌਰ ’ਤੇ ਸ਼ਹਿਲੀਨ ਦੇ ਘਰ ਰਿਸ਼ਤਾ ਭੇਜਿਆ ਗਿਆ। ਨਮਨ ਦੀ ਨਾਨੀ ਨੇ ਇਹ ਸਭ ਭਾਵੁਕਤਾ ਨਾਲ ਕੀਤਾ।
ਨਾਨੀ
ਕਹਿੰਦੇ ਹਨ,“ਨਮਨ ਸਾਡਾ ਦੋਹਤਾ ਹੈ ਅਤੇ ਸ਼ਹਿਨੀਲ ਉਨ੍ਹਾਂ ਦੀ ਨਨਾਣ ਦੀ ਪੋਤਰੀ ਹੈ।
ਜਦੋਂ ਇਹ ਰਿਸ਼ਤਾ ਮੰਗਿਆ ਸੀ ਤਾਂ ਇਹ ਨਹੀਂ ਸੋਚਿਆ ਸੀ ਕਿ ਦੋਵਾਂ ਬੱਚਿਆਂ ਨੂੰ ਲੰਬਾ
ਇੰਤਜ਼ਾਰ ਕਰਨਾ ਪਵੇਗਾ।”
ਉਹ ਕਹਿੰਦੇ ਹਨ,“ਕਈ ਵਾਰ ਰਿਸ਼ਤੇਦਾਰਾਂ ਕਹਿੰਦੇ ਸਨ ਕਿ
ਇਹ ਔਖਾ ਹੈ ਅਤੇ ਰਿਸ਼ਤਾ ਕਿਤੇ ਹੋਰ ਕਰ ਦਿਓ। ਪਰ ਦੋਵੇਂ ਬੱਚੇ ਆਪਣੇ ਫ਼ੈਸਲੇ ਉੱਤੇ ਅਟੱਲ
ਸਨ ਅਤੇ ਅੱਜ ਪ੍ਰਮਾਤਮਾ ਨੇ ਦੋਵਾਂ ਪਰਿਵਾਰਾਂ ਦੇ ਘਰ ਖੁਸ਼ੀਆਂ ਨਾਲ ਭਰ ਦਿੱਤੇ ਹਨ।"
ਸ਼ਹਿਲੀਨ
ਦੇ ਮਾਂ ਇਰਸ਼ਾਦ ਜਾਵੇਦ ਜੋ ਪਾਕਿਸਤਾਨ ਤੋਂ ਭਾਰਤ ਧੀ ਨੂੰ ਵਿਅਹੁਣ ਆਏ ਹਨ ਕਹਿੰਦੇ ਹਨ
,“ਜਦੋਂ ਨਮਨ ਦਾ ਰਿਸ਼ਤਾ ਆਇਆ ਤਾ ਘਰ ਵਾਲਿਆਂ ਲਈ ਇਹ ਇਕ ਵੱਡਾ ਮਸਲਾ ਸੀ ਅਤੇ ਕਈ ਦਿਨ
ਤੱਕ ਪਰਿਵਾਰ ’ਚ ਇਹ ਸੋਚਦਾ-ਵਿਚਾਰਦਾ ਰਿਹਾ।”
“ਕਈਆਂ ਨੇ ਕਿਹਾ ਕਿ ਧੀਆਂ ਨੇੜੇ ਵਿਆਹੀਆਂ ਹੋਣੀਆਂ ਚਾਹੀਦੀਆਂ ਹਨ। ਪਰ ਦੋਵਾਂ ਦੇ ਸੰਯੋਗ ਸਨ।”
ਇਰਸ਼ਾਦ ਕਹਿੰਦੇ ਹਨ,“ਅਸੀਂ ਤਿੰਨ ਵਾਰ ਵੀਜ਼ਾ ਲੈਣ ਲਈ ਕੋਸ਼ਿਸ਼ ਕੀਤੀ। ਪਰ ਤੀਸਰੀ ਵਾਰ ਵੀ ਸਿਰਫ਼ ਮੈਨੂੰ ਤੇ ਸ਼ਹਿਲੀਨ ਨੂੰ ਵੀਜ਼ਾ ਮਿਲਿਆ।”
ਸ਼ਹਿਲੀਨ ਦਾ ਪਰਿਵਾਰ ਪਾਕਿਸਤਾਨ ਵਿੱਚ ਆਪਣੇ ਭਾਈਚਾਰੇ ਨਾਲ ਇੱਕ ਸਮਾਗਮ ਕਰਕੇ ਭਾਰਤ ਆਇਆ ਹੈ।
ਇਰਸ਼ਾਦ ਖ਼ੁਸ਼ੀ ਨਾਲ ਦੱਸਦੇ ਹਨ,“ਇੱਥੇ ਵੀ ਲਗਾਤਾਰ 15 ਦਿਨ ਪੂਰੇ ਰੀਤੀ-ਰਿਵਾਜ਼ਾਂ ਅਤੇ ਪੂਰੇ ਚਾਵਾਂ ਨਾਲ ਵਿਆਹ ਹੋਇਆ ਹੈ।”
ਨਮਨ ਦੇ ਪਿਤਾ ਗੁਰਿੰਦਰ ਪਾਲ ਜੋ ਐੱਲਆਈਸੀ ’ਚ ਨੌਕਰੀ ਕਰਦੇ ਹਨ ਵੀ ਹੁਣ ਇਸ ਵਿਆਹ ਤੋਂ ਖ਼ੁਸ਼ ਹਨ।
ਪਰਿਵਾਰ ਦੱਸਦਾ ਹੈ ਕਿ ਵੀਜ਼ਾ ਲੈਣ ਵਿੱਚ ਕਾਦੀਆਂ ਦੇ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਮਕਬੂਲ ਅਹਿਮਦ ਨੇ ਬਹੁਤ ਮਦਦ ਕੀਤੀ।
ਮਕਬੂਲ ਅਹਿਮਦ ਦਾ ਵਿਆਹ ਵੀ ਪਾਕਿਸਤਾਨ ਦੇ ਫ਼ੈਸਲਾਬਾਦ ਦੇ ਰਹਿਣ ਵਾਲੇ ਤਾਹਿਰਾ ਮਕਬੂਲ ਨਾਲ ਸਾਲ 2003 ਵਿੱਚ ਹੋਇਆ ਸੀ।
ਪਰਿਵਾਰ
ਦਾ ਕਹਿਣਾ ਹੈ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਅਤੇ
ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਯਤਨਾਂ ਨਾਲ ਸ਼ਹਿਲੀਨ ਨੂੰ ਵੀਜ਼ਾ
ਮਿਲਣ ਵਿੱਚ ਕੁਝ ਸੌਖ ਹੋਈ।