2024 ਚੋਣਾਂ ਤੋਂ ਪਹਿਲਾਂ ਸੈਮੀਫਾਈਨਲ; ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਜੰਗ ਚ AAP ਨੂੰ ਮਿਲਿਆ ਮਮਤਾ ਦਾ ਸਮਰਥਨ |
|
|
ਕੋਲਕਾਤਾ --24ਮਈ-(MDP)-- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ
ਬੈਨਰਜੀ ਨੇ ਮੰਗਲਵਾਰ ਨੂੰ ਦਿੱਲੀ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਨੂੰ ਭਰੋਸਾ ਦਿੱਤਾ
ਕਿ ਨੌਕਰਸ਼ਾਹਾਂ ਦੀਆਂ ਨਿਯੁਕਤੀਆਂ ਤੇ ਤਬਾਦਲਿਆਂ ਨੂੰ ਲੈ ਕੇ ਕੇਂਦਰ ਦੇ ਆਰਡੀਨੈਂਸ
ਖ਼ਿਲਾਫ਼ ਲੜਾਈ ਵਿਚ ਤ੍ਰਿਣਮੂਲ ਕਾਂਗਰਸ ਆਮ ਆਦਮੀ ਪਾਰਟੀ ਦਾ ਸਮਰਥਨ ਕਰੇਗੀ।
ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਆਪਣੀ ਲੜਾਈ ਨੂੰ ਲੈ ਕੇ ਸਮਰਥਨ ਲੈਣ ਲਈ ਦੇਸ਼ ਪੱਧਰੀ
ਦੌਰੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੋਲਕਾਤਾ ਆਏ ਕੇਜਰੀਵਾਲ ਨੇ
ਸੂਬਾ ਸਕੱਤਰੇਤ ਵਿਚ ਬੈਨਰਜੀ ਦੇ ਨਾਲ ਤਕਰੀਬਨ 1 ਘੰਟਾ ਮੀਟਿੰਗ ਕੀਤੀ। ਦਿੱਲੀ ਦੇ ਮੁੱਖ
ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੇਂਦਰ ਵੱਲੋਂ ਆਰਡੀਨੈਂਸ ਨੂੰ ਕਾਨੂੰਨ ਵਿਚ ਬਦਲਣ
ਲਈ ਇਸ 'ਤੇ ਰਾਜਸਭਾ ਵਿਚ ਹੋਣ ਵਾਲੀ ਆਗਾਮੀ ਵੋਟਿੰਗ 2024 ਚੋਣਾਂ ਤੋਂ ਪਹਿਲਾਂ
ਸੈਮੀਫਾਈਨਲ ਹੋਵੇਗਾ। ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਪੱਛਮੀ ਬੰਗਾਲ,
ਆਪ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਜਿਹੀਆਂ ਗੈਰ-ਭਾਜਪਾ ਸਰਕਾਰਾਂ ਨੂੰ ਪਰੇਸ਼ਾਨ ਕਰਨ ਲਈ
ਰਾਜਪਾਲਾਂ ਦੀ ਵਰਤੋਂ ਕਰਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਜਪਾ ਵਿਧਾਇਕਾਂ ਦੀ
ਖਰੀਦੋ-ਫਰੋਖ਼ਤ ਲਈ ਸੀ.ਬੀ.ਆਈ. ਤੇ ਈ.ਡੀ. ਦੀ ਵਰਤੋਂ ਕਰਦੀ ਹੈ। ਮਮਤਾ ਬੈਨਰਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, "ਅਸੀਂ ਕੇਂਦਰ ਦੇ
ਆਰਡੀਨੈਂਸ ਦੇ ਖ਼ਿਲਾਫ਼ ਲੜਾਈ ਵਿਚ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਹਾਂ। ਮੈਂ ਸਾਰੀਆਂ
ਪਾਰਟੀਆਂ ਨੂੰ ਅਪੀਲ ਕਰਦੀ ਹਾਂ ਕਿ ਭਾਜਪਾ ਦੇ ਉਕਤ ਕਾਨੂੰਨ ਲਈ ਵੋਟ ਨਾ ਕਰਨ। 2024
ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਰਾਜਸਭਾ ਵਿਚ ਭਾਜਪਾ ਨੂੰ ਹਰਾਉਣ ਦਾ ਇਹ ਇਕ ਸ਼ਾਨਦਾਰ
ਮੌਕਾ ਹੈ ਕਿਉਂਕਿ ਸਾਰੀਆਂ ਵਿਰੋਧੀ ਪਾਰਟੀਆਂ ਆਰਡੀਨੈਂਸ ਦੇ ਮੁੱਦੇ 'ਤੇ ਇਕਜੁੱਟ ਹਨ।"
|