ਐਤਵਾਰ, 28 ਮਈ: ਸਵੇਰੇ ਦੇ 8 ਵਜੇ ਦਾ ਸਮਾਂ
ਟੀਵੀ
ਸਕ੍ਰੀਨ ’ਤੇ ਦ੍ਰਿਸ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਨਵੇਂ ਸੰਸਦ ਭਵਨ ਦੇ
ਉਦਘਾਟਨ ਸਮਾਗਮ ਤੋਂ ਪਹਿਲਾਂ ਪੂਜਾ ਸਬੰਧੀ ਰਸਮਾਂ ’ਚ ਸ਼ਿਰਕਤ ਕਰਦੇ ਹੋਏ ਅਤੇ ਰਾਜ ਧਰਮ
ਦੇ ਪ੍ਰਤੀਕ ਸੇਂਗੋਲ ਨੂੰ ਲੋਕ ਸਭਾ ’ਚ ਸਥਾਪਿਤ ਕਰਦੇ ਹੋਏ।
ਕਰੀਬ 3 ਘੰਟੇ ਬਾਅਦ, 11:15 ਵਜੇ
ਸਥਾਨ: ਨਵੇਂ ਸੰਸਦ ਭਵਨ ਤੋਂ ਤਕਰੀਬਨ 1.5 ਕਿਲੋਮੀਟਰ ਦੂਰ ਜੰਤਰ-ਮੰਤਰ
ਦ੍ਰਿਸ਼:
ਓਲੰਪਿਕ ਤਗਮਾ ਜੇਤੂ ਸਾਕਸ਼ੀ ਮਲਿਕ ਨੂੰ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਫੜਿਆ ਅਤੇ
ਘਸੀਟਿਆ ਜਾ ਰਿਹਾ ਹੈ, ਹੱਥ ’ਚ ਭਾਰਤ ਦਾ ਝੰਡਾ ਫੜ੍ਹ ਕੇ ਪ੍ਰਦਰਸ਼ਨ ਕਰ ਰਹੇ
ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਫੜ੍ਹ-ਫੜ੍ਹ ਕੇ ਬੱਸਾਂ ’ਚ ਭਰਦੀ ਹੋਈ।
ਇੰਨ੍ਹਾਂ ਦੋਵੇਂ ਹੀ ਦ੍ਰਿਸ਼ਾਂ ’ਚ 28 ਮਈ, 2023 ਦੀ ਸਾਰੀ ਕਹਾਣੀ ਸਿਮਟ ਕੇ ਰਹਿ ਗਈ ਹੈ।
ਜੰਤਰ-ਮੰਤਰ
ਵਿਖੇ ਪ੍ਰਦਰਸ਼ਨ ਰਹੀਆਂ ਮਹਿਲਾ ਭਲਵਾਨਾਂ ਤੱਕ ਪਹੁੰਚਣਾ ਸੌਖਾ ਨਹੀਂ ਸੀ। ਧਰਨੇ ਵਾਲੀ
ਥਾਂ ਤੱਕ ਜਾਣ ਵਾਲੀ ਸੜਕ ਦੀ ਸਵੇਰ ਤੋਂ ਹੀ ਨਾਕਾਬੰਦੀ ਕਰ ਦਿੱਤੀ ਗਈ ਸੀ।
ਬਹੁਤ ਸਾਰੇ ਮੀਡੀਆ ਕਰਮੀਆਂ ਨੂੰ ਵੀ ਉੱਥੋਂ ਵਾਪਸ ਭੇਜਿਆ ਜਾ ਰਿਹਾ ਸੀ।
ਸਵੇਰੇ ਜੰਤਰ-ਮੰਤਰ ’ਕੇ ਕੀ ਮਾਹੌਲ ਸੀ
ਕਿਸੇ ਤਰ੍ਹਾਂ ਜਦੋਂ ਅਸੀਂ ਧਰਨੇ ਵਾਲੀ ਥਾਂ ਕੋਲ ਪਹੁੰਚੇ ਤਾਂ
ਅਸੀਂ ਵੇਖਿਆ ਕਿ ਜੰਤਰ-ਮੰਤਰ ਦਾ ਪੂਰਾ ਇਲਾਕਾ ਇੱਕ ਪੁਲਿਸ ਛਾਉਣੀ ’ਚ ਤਬਦੀਲ ਹੋ ਚੁੱਕਿਆ
ਸੀ। ਸੈਂਕੜਿਆਂ ਦੀ ਗਿਣਤੀ ’ਚ ਦਿੱਲੀ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਦੇ ਮੁਲਾਜ਼ਮ ਉੱਥੇ
ਨਜ਼ਰ ਆਏ। ਮਾਹੌਲ ਤਾਂ ਇੰਝ ਸੀ ਜਿਵੇਂ ਕੋਈ ਵੱਡੀ ਘਟਨਾ ਹੀ ਵਾਪਰਨ ਵਾਲੀ ਹੋਵੇ।
ਮਹਿਲਾ
ਭਲਵਾਨਾਂ ਦੇ ਤੰਬੂ ’ਚੋਂ ਕੁਝ ਆਵਾਜ਼ਾਂ ਆਉਣ ਲੱਗੀਆਂ। ਜਦੋਂ ਥੋੜ੍ਹਾ ਲਾਗੇ ਗਏ ਤਾਂ
ਵੇਖਿਆ ਕਿ ਹੱਥਾਂ ’ਚ ਭਾਰਤ ਦਾ ਝੰਡਾ ਚੁੱਕੀ ਪ੍ਰਦਰਸ਼ਨਕਾਰੀ ਇੰਕਲਾਬ ਜ਼ਿੰਦਾਬਾਦ ਦੇ
ਨਾਅਰੇ ਲਗਾ ਰਹੇ ਸਨ।
ਕੁਝ ਹੀ ਮਿੰਟਾਂ ਬਾਅਦ ਇਹ ਸਾਰੇ ਲੋਕ ਪੁਲਿਸ ਬੈਰੀਕੇਡਾਂ
ਤੋਂ ਪਰਾਂ ਦੀ ਨਿਕਲ ਕੇ ਮੁੱਖ ਸੜਕ ’ਤੇ ਆਉਣ ਦਾ ਯਤਨ ਕਰਨ ਲੱਗੇ। ਪੁਲਿਸ ਅਤੇ ਰੈਪਿਡ
ਐਕਸ਼ਨ ਫੋਰਸ ਦੇ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈਣਾ ਸ਼ੁਰੂ ਕਰ ਦਿੱਤਾ।
ਉਸੇ ਸਮੇਂ ਅਚਾਨਕ ਹੀ ਮਸ਼ਹੂਰ ਮਹਿਲਾ ਭਲਵਾਨ ਸਾਕਸ਼ੀ ਮਲਿਕ ਭੀੜ ’ਚੋਂ ਨਿਕਲੀ ਅਤੇ ਤੇਜ਼ੀ ਨਾਲ ਅੱਗੇ ਵਧਣ ਲੱਗੀ।
ਠੀਕ
ਉਸੇ ਸਮੇਂ ਮਹਿਲਾ ਪੁਲਿਸ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਫੜਨ
ਦੀ ਕੋਸ਼ਿਸ਼ ਕਰਨ ਲੱਗੇ। ਸਾਕਸ਼ੀ ਦੇ ਆਲੇ-ਦੁਆਲੇ ਪ੍ਰਦਰਸ਼ਨਕਾਰੀਆਂ ਦੀ ਭੀੜ ਵੀ ਵਧਣ ਲੱਗੀ
ਪਰ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਫੜਨ ’ਚ ਕਾਮਯਾਬ ਰਹੇ।
ਪੁਲਿਸ ਵੱਲੋਂ ਲਾਊਡਸਪੀਕਰਾਂ ਤੋਂ ਚੇਤਾਇਆ ਗਿਆ
ਪੂਰੇ ਇਲਾਕੇ ’ਚ ਹਫੜਾ-ਤਫੜੀ ਦਾ ਮਾਹੌਲ ਬਣ ਗਿਆ। ਦਿੱਲੀ ਪੁਲਿਸ
ਦਾ ਇੱਕ ਅਧਿਕਾਰੀ ਇੱਕ ਅਜਿਹੀ ਗੱਡੀ ਤੋਂ ਲਗਾਤਾਰ ਐਲਾਨ ਕਰਦਾ ਵਿਖਾਈ ਦਿੱਤਾ ਜਿਸ ਦੀ
ਛੱਤ ’ਤੇ ਲਾਊਡਸਪੀਕਰ ਵੀ ਲੱਗੇ ਹੋਏ ਸਨ।
ਉਹ ਅਧਿਕਾਰੀ ਵਾਰ-ਵਾਰ ਇਹੀ ਗੱਲ ਦੁਹਰਾ
ਰਿਹਾ ਸੀ, “ਅਸੀਂ ਤੁਹਾਨੂੰ ਸੂਚਿਤ ਕਰ ਰਹੇ ਹਾਂ ਕਿ ਕੋਈ ਵੀ ਅਜਿਹਾ ਕੰਮ ਜੋ ਦੇਸ਼
ਵਿਰੋਧੀ ਹੈ, ਗਲਤ ਹੈ, ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ
ਜਾਵੇਗੀ।”
“ਤੁਸੀਂ ਲੋਕ ਅਜਿਹਾ ਨਾ ਕਰੋ। ਸਾਡੇ ਲਈ ਇਹ ਇੱਕ ਮਾਣ ਵਾਲਾ ਸਮਾਂ ਹੈ
ਕਿ ਸਾਡਾ ਨਵਾਂ ਸੰਸਦ ਭਵਨ ਬਣਿਆ ਹੈ ਅਤੇ ਜਿਸ ਦਾ ਅੱਜ ਉਦਘਾਟਨ ਵੀ ਹੋਇਆ ਹੈ। ਤੁਹਾਨੂੰ
ਬੇਨਤੀ ਹੈ ਕਿ ਅਮਨ-ਕਾਨੂੰਨ ਕਾਇਮ ਰੱਖੋ, ਕਾਨੂੰਨ ਨੂੰ ਆਪਣੇ ਹੱਥਾਂ ’ਚ ਨਾ ਲਓ। ਕਿਸੇ
ਵੀ ਤਰ੍ਹਾਂ ਦਾ ਦੇਸ਼ ਵਿਰੋਧੀ ਪ੍ਰਚਾਰ ਨਾ ਕਰੋ। ਤੁਸੀਂ ਨਾਅਰੇਬਾਜ਼ੀ ਨਾ ਕਰੋ।”
ਭਲਵਾਨਾਂ ਦੇ ਪ੍ਰਦਰਸ਼ਨ ਦੌਰਾਨ ਕੀ ਹੋਇਆ
- 23 ਅਪ੍ਰੈਲ, 2023 ਨੂੰ ਭਾਰਤ ਦੇ ਨਾਮੀ ਮਹਿਲਾ ਭਲਵਾਨਾਂ ਨੇ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਸ਼ੁਰੂ ਕੀਤਾ ਸੀ।
- ਮੁਜ਼ਾਹਰਾਕਾਰੀ
ਖਿਡਾਰੀਆਂ ਦਾ ਇਲਜ਼ਾਮ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਮੈਂਬਰ
ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਮਹਿਲਾ ਭਲਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।
- ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
- 28 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦੋ ਐੱਫ਼ਆਈਆਰ ਦਰਜ ਕੀਤੀਆਂ। ਭਲਵਾਨ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।
- 3-4 ਮਈ ਦੇ ਦਰਮਿਆਨੀ ਰਾਤ ਵਰ੍ਹਦੇ ਮੀਂਹ ਵਿੱਚ ਭਲਵਾਨਾਂ ਤੇ ਦਿੱਲੀ ਪੁਲਿਸ ਦਰਮਿਆਨ ਝੜਪ ਹੋਈ।
- ਭਲਵਾਨਾਂ, ਕਿਸਾਨਾਂ ਤੇ ਖਾਪ ਪੰਚਾਇਤਾਂ ਨੇ ਨਵੀਂ ਸੰਸਦ ਅੱਗੇ ਮਹਾਂਪੰਚਾਇਤ ਆਯੋਜਿਤ ਕਰਨ ਦੀ ਗੱਲ ਆਖੀ
- ਇਸ
ਦੌਰਾਨ ਦੇਸ਼ ਦੇ ਨਾਮੀ ਭਲਵਾਨ ਸਾਕਸ਼ੀ ਮਲਿਕ, ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਸਣੇ ਕਈ
ਭਲਵਾਨਾਂ ਨਾਲ ਪੁਲਿਸ ਦੀ ਬਹਿਸ ਤੇ ਫ਼ਿਰ ਧੱਕਾਮੁੱਕੀ ਹੋਈ। ਇਸ ਮਗਰੋਂ ਭਲਾਵਨਾਂ ਨੂੰ
ਹਿਰਾਸਤ ਵਿੱਚ ਲੈ ਲਿਆ ਗਿਆ।
- ਕਿਸਾਨਾਂ ਅਤੇ ਖਾਪ ਪੰਚਾਇਤਾਂ ਨਾਲ ਸਬੰਧਤ ਲੋਕਾਂ ਨੂੰ ਦਿੱਲੀ ਬਾਰਡਰ ’ਤੇ ਹੀ ਰੋਕਿਆ ਗਿਆ।
‘ਧਰਨਾ ਨਹੀਂ ਰੁਕੇਗਾ’
ਕੁਝ ਹੀ ਸਮੇਂ ਬਾਅਦ ਸਾਕਸ਼ੀ ਮਲਿਕ ਵਾਪਸ ਆਪਣੇ ਤੰਬੂ ਵੱਲ ਜਾਂਦੇ
ਨਜ਼ਰ ਆਏ। ਜਦੋਂ ਅਸੀਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ, “ ਅਸੀਂ ਕੋਈ ਗਲਤ
ਕੰਮ ਨਹੀਂ ਕਰ ਰਹੇ ਸੀ। ਅਸੀਂ ਤਾਂ ਸ਼ਾਂਤੀਪੂਰਵਕ ਢੰਗ ਨਾਲ ਅੱਗੇ ਵੱਧ ਰਹੇ ਸੀ।”
ਅਸੀਂ
ਕਿਹਾ ਸੀ ਕਿ ਅਸੀਂ ਸ਼ਾਂਤਮਈ ਢੰਗ ਨਾਲ ਮਾਰਚ ਕਰਾਂਗੇ। ਪਰ ਅੱਗੇ ਬੈਰੀਕੇਡ ਲੱਗੇ ਹੋਏ
ਸਨ। ਜ਼ਬਰਦਸਤੀ ਸਾਨੂੰ ਪਿੱਛੇ ਵੱਲ ਨੂੰ ਧੱਕਿਆ ਗਿਆ ਅਤੇ ਹਿਰਾਸਤ ’ਚ ਵੀ ਲਿਆ ਗਿਆ।”
ਅਸੀਂ
ਸਾਕਸ਼ੀ ਤੋਂ ਉਨ੍ਹਾਂ ਦੀ ਅਗਲੀ ਕਾਰਵਾਈ ਬਾਰੇ ਜਾਣਨਾ ਚਾਹਿਆ ਤਾਂ ਉਨ੍ਹਾਂ ਨੇ ਜਵਾਬ
ਦਿੱਤਾ, “ ਅੱਗੇ ਦੀ ਕਾਰਵਾਈ ਇਹ ਹੈ ਕਿ ਧਰਨਾ ਇੰਝ ਹੀ ਜਾਰੀ ਰਹੇਗਾ।”
ਅੰਦੋਲਨ ਵਾਲੀ ਥਾਂ ਖਾਲੀ ਕਰਵਾਈ ਗਈ
ਇਸ
ਪੂਰੇ ਮਾਮਲੇ ’ਚ ਵਿਰੋਧੀ ਧਿਰ ਅਤੇ ਨਾਗਰਿਕ ਸੰਗਠਨਾਂ ਨੇ ਪੁਲਿਸ ਦੀ ਕਾਰਵਾਈ ਦੀ
ਆਲੋਚਨਾ ਕੀਤੀ ਹੈ ਅਤੇ ਨਾਲ ਹੀ ਸੋਸ਼ਲ ਮੀਡੀਆ ’ਤੇ ਵੀ ਇਹ ਮੁੱਦਾ ਪੂਰਾ ਦਿਨ ਚਰਚਾ ਦਾ
ਵਿਸ਼ਾ ਬਣਿਆ ਰਿਹਾ ਹੈ।
ਹਾਲਾਂਕਿ ਸਰਕਾਰ ਅਤੇ ਭਾਜਪਾ ਵੱਲੋਂ ਇਸ ’ਤੇ ਕੋਈ ਅਧਿਕਾਰਤ ਬਿਆਨ ਜਾਂ ਪ੍ਰਤੀਕਿਰਿਆ ਨਹੀਂ ਆਈ ਹੈ।
ਇਸ
ਦੌਰਾਨ ਦਰਜਨਾਂ ਧਰਨਾਕਾਰੀਆਂ ਨੂੰ ਬੱਸਾਂ ’ਚ ਭਰਿਆ ਗਿਆ। ਅਜਿਹੀ ਹੀ ਇੱਕ ਬੱਸ ਦੀ
ਖਿੜਕੀ ਨਾਲ ਲਟਕਦੇ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, “ ਤੁਸੀਂ ਵੇਖ ਲਓ। ਇੱਕ ਲੋਕਤੰਤਰਿਕ
ਦੇਸ਼ ’ਚ ਅਸੀਂ ਹੁਣ ਵਿਰੋਧ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ ਹਾਂ।”
“ਅਸੀਂ ਪੈਦਲ
ਨਵੇਂ ਸੰਸਦ ਭਵਨ ਤੱਕ ਜਾਣਾ ਚਾਹੁੰਦੇ ਸੀ। ਸਾਡਾ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਸੀ। ਪਰ ਇੱਥੇ
ਜੋ ਕੁਝ ਵੀ ਹੋ ਰਿਹਾ ਹੈ, ਉਹ ਲੋਕਤੰਤਰ ਨੂੰ ਖ਼ਤਮ ਕਰਨ ਵਰਗਾ ਹੈ।”
‘ਸਾਡੇ ਮੁੱਦੇ ਲਈ ਸੰਸਦ ਕਿਵੇਂ ਚੁੱਪ ਧਾਰ ਸਕਦੀ ਹੈ’
ਉਸੇ ਬੱਸ ਦੀ ਇੱਕ ਹੋਰ ਖਿੜਕੀ ’ਤੇ ਸਾਨੂੰ ਇੱਕ ਹੋਰ ਨੌਜਵਾਨ ਨਜ਼ਰ ਆਇਆ ਜਿਸ ਦੇ ਕੁੜਤੇ ਦੀ ਬਾਂਹ ਪੁਲਿਸ ਨਾਲ ਹੋਈ ਝੜਪ ’ਚ ਫੱਟ ਗਈ ਸੀ।
ਇਸ
ਨੌਜਵਾਨ ਨੇ ਕਿਹਾ, “ ਅੱਜ ਜਿਸ ਸੰਸਦ ਦਾ ਉਦਘਾਟਨ ਕੀਤਾ ਗਿਆ ਹੈ, ਉਸ ਦੇ ਲਈ ਅਸੀਂ
ਪੂਰੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਹੈ। ਪਰ ਜਿਸ ਸੰਸਦ ’ਚ ਬੈਠ ਕੇ ਬ੍ਰਿਜ ਭੂਸ਼ਣ ਸ਼ਰਨ
ਸਿੰਘ ਵਰਗਾ ਸੰਸਦ ਮੈਂਬਰ ਸਾਡੀਆਂ ਧੀਆਂ-ਭੈਣਾਂ ਨਾਲ ਜਿਨਸੀ ਸ਼ੋਸ਼ਣ ਕਰਦਾ ਹੈ, ਤਾਂ ਇਹ
ਸੰਸਦ ਚੁੱਪ ਕਿਵੇਂ ਧਾਰ ਸਕਦੀ ਹੈ?”
“ਸੰਸਦ ਨੂੰ ਚਲਾਉਣ ਵਾਲੇ ਚੁੱਪ ਕਿਵੇਂ ਬੈਠ
ਸਕਦੇ ਹਨ, ਸੰਸਦ ’ਚ ਬੈਠਣ ਵਾਲੀ ਮਹਿਲਾ ਸੰਸਦ ਮੈਂਬਰ ਕਿਵੇਂ ਚੁੱਪ ਬੈਠ ਸਕਦੀ ਹੈ? ਇਹੀ
ਆਵਾਜ਼ ਤਾਂ ਅਸੀਂ ਬੁਲੰਦ ਕਰ ਰਹੇ ਹਾਂ।”
“ਅਸੀਂ ਅਜਿਹਾ ਕੀ ਕਰ ਦਿੱਤਾ ਕਿ ਇੰਨ੍ਹੀ
ਬੁਰੀ ਤਰ੍ਹਾਂ ਨਾਲ ਸਾਡੇ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਇੱਥੋਂ ਲੈ ਕੇ
ਜਾਇਆ ਜਾ ਰਿਹਾ ਹੈ। ਸਾਡੀ ਆਵਾਜ਼ ਨੂੰ ਦਬਾਉਣ ਦਾ ਕੰਮ ਕੀਤਾ ਜਾ ਰਿਹਾ ਹੈ।”
ਇਸ ਨੌਜਵਾਨ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਦੇ ਸਰੀਰ ’ਚ ਜਾਨ-ਪ੍ਰਾਣ ਹਨ, ਉਦੋਂ ਤੱਕ ਉਹ ਇਸ ਲੜਾਈ ਨੂੰ ਜਾਰੀ ਰੱਖਣਗੇ।
ਉਨ੍ਹਾਂ ਨੇ ਅੱਗੇ ਕਿਹਾ, “ਇਹ ਲੜਾਈ ਸਿਰਫ ਸਾਕਸ਼ੀ ਮਲਿਕ ਜਾਂ ਫਿਰ
ਵਿਨੇਸ਼ ਫੋਗਾਟ ਦੀ ਨਹੀਂ ਹੈ। ਇਹ ਲੜਾਈ ਤਾਂ ਉਨ੍ਹਾਂ ਲੱਖਾਂ-ਕਰੋੜਾਂ ਧੀਆਂ ਦੀ ਹੈ ਜੋ
ਦੇਸ਼ ਦੇ ਲਈ ਕੁਝ ਕਰਨਾ ਚਾਹੁੰਦੀਆਂ ਹਨ, ਤਿਰੰਗੇ ਦੀ ਸ਼ਾਨ ਵਧਾਉਣਾ ਚਾਹੁੰਦੀਆਂ ਹਨ।”
“ਅੱਜ
ਦੇਸ਼ ਦੀ ਪਛਾਣ ਦਾ ਸਵਾਲ ਹੈ। ਦੇਸ਼ ਦੀ ਧੀਆਂ-ਭੈਣਾਂ ਦਾ ਸਵਾਲ ਹੈ। ਜੇਕਰ ਇਨ੍ਹਾਂ ਨੂੰ
ਇਨਸਾਫ਼ ਨਹੀਂ ਮਿਲਿਆ ਤਾਂ ਸ਼ਾਇਦ ਹੀ ਦੇਸ਼ ਦੀ ਕੋਈ ਵੀ ਧੀ ਇਹ ਉਮੀਦ ਕਰ ਸਕੇਗੀ ਕਿ ਅਸੀਂ
ਵੀ ਬੇਇਨਸਾਫ਼ੀ ਖਿਲਾਫ ਖੜ੍ਹੇ ਹੋ ਸਕਦੇ ਹਾਂ।”
ਇਸ ਨੌਜਵਾਨ ਦਾ ਗੁੱਸਾ ਅਤੇ ਦਰਦ
ਉਸ ਦੀਆਂ ਗੱਲਾਂ ਤੋਂ ਸਾਫ਼ ਝਲਕ ਰਿਹਾ ਸੀ। ਉਨ੍ਹਾਂ ਕਿਹਾ, “ ਜੋ ਲੋਕ ਬੇਟੀ ਬਚਾਓ-ਬੇਟੀ
ਪੜ੍ਹਾਓ ਦੀ ਗੱਲ ਕਰਦੇ ਹਨ, ਔਰਤਾਂ ਦੇ ਮਾਨ-ਸਨਮਾਨ ਦੀ ਗੱਲ ਕਰਦੇ ਹਨ, ਉਹੀ ਲੋਕ ਹੁਣ
ਜੰਤਰ-ਮੰਤਰ ’ਤੇ ਬੈਠੀਆਂ ਧੀਆਂ ਨੂੰ ਨਿਆਂ ਨਹੀਂ ਦੇ ਰਹੇ ਹਨ ਅਤੇ ਉਨ੍ਹਾਂ ਦੀ ਹਿੰਮਤ
ਨੂੰ ਤੋੜਨ ਦਾ ਕੰਮ ਕਰਦੇ ਹਨ, ਇਸ ਲਈ ਇਹ ਮਾਨਸਿਕਤਾ ਭਾਰਤ ਦੀ ਆਮ ਜਨਤਾ ਨੂੰ ਪਤਾ ਲੱਗਣੀ
ਚਾਹੀਦੀ ਹੈ।” “ਸਰਕਾਰ ਜਿੰਨਾ ਚਾਹੇ ਦਬਾ ਲਵੇ ਪਰ ਅਸੀਂ ਅਹਿੰਸਾ ਦੀ ਰਾਹ ’ਤੇ ਚੱਲ ਕੇ
ਇੰਨ੍ਹਾਂ ਦੀ ਹਰ ਹਿੰਸਾ ਦਾ ਜਵਾਬ ਦਿੰਦੇ ਹੋਏ ਅੱਗੇ ਵਧਦੇ ਰਹਾਂਗੇ।”
‘ਅਸੀਂ ਇਸ ਦਾ ਜਵਾਬ 2024 ਚ ਦੇਵਾਂਗੇ’
ਇਸ ਘਟਨਾਕ੍ਰਮ ਦੌਰਾਨ ਸਾਨੂੰ ਉੱਤਰ ਪ੍ਰਦੇਸ਼ ਦੇ ਮੇਰਠ ਅਤੇ
ਮੁਜ਼ੱਫਰਨਗਰ ਤੋਂ ਆਈਆਂ ਕੁਝ ਅਜਿਹੀਆਂ ਔਰਤਾਂ ਮਿਲੀਆਂ, ਜੋ ਮਹਿਲਾ ਭਲਵਾਨਾਂ ਦਾ ਸਮਰਥਨ
ਕਰਨ ਲਈ ਬੀਤੀ ਰਾਤ ਹੀ ਦਿੱਲੀ ਪਹੁੰਚੀਆਂ ਸਨ।
ਮੇਰਠ ਵਸਨੀਕ ਗੀਤਾ ਚੌਧਰੀ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੀ ਹੋਈ ਹੈ।
ਉਨ੍ਹਾਂ ਨੇ ਕਿਹਾ, “ ਪੁਲਿਸ ਵਾਲਿਆਂ ਨੇ ਸਾਡੇ ਨਾਲ ਧੱਕਾਮੁੱਕੀ ਕੀਤੀ ਹੈ। ਇਹ ਸਰਕਾਰ ਦੀ ਤਾਨਾਸ਼ਾਹੀ ਹੈ। ਇਸ ਦਾ ਜਵਾਬ ਅਸੀਂ 2024 ’ਚ ਦੇਵਾਂਗੇ।”
“ਜੇਕਰ
ਦੇਸ਼ ਦਾ ਮਾਨ ਵਧਾਉਣ ਵਾਲੇ ਭਲਵਾਨਾਂ ਨਾਲ ਇਹ ਸਭ ਹੋ ਰਿਹਾ ਹੈ ਤਾਂ ਆਮ ਆਦਮੀ ਨਾਲ ਕੀ
ਹੋਵੇਗਾ? ਔਰਤਾਂ ਆਪਣੇ ਹੱਕ ਪਾਉਣ ਲਈ ਖੜ੍ਹੀਆਂ ਹਨ, ਲੜ ਰਹੀਆਂ ਹਨ।”
“ਜੋ ਦੋਸ਼ੀ
ਹਨ ਉਨ੍ਹਾਂ ਨੂੰ ਕਿਉਂ ਨਹੀਂ ਹਿਰਾਸਤ ’ਚ ਲਿਆ ਜਾ ਰਿਹਾ? ਬ੍ਰਿਜ ਭੂਸ਼ਣ ਸਿੰਘ ਸਰਕਾਰ ਦਾ
ਨੁਮਾਇੰਦਾ ਹੈ। ਇਸ ਲਈ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।”
ਪ੍ਰਦਰਸ਼ਨ ਵਾਲੀ ਥਾਂ ਚੁੱਪ ਪਸਰ ਗਈ
ਕੁਝ ਹੀ ਦੇਰ ’ਚ ਜ਼ਿਆਦਾਤਰ ਧਰਨਾਕਾਰੀਆਂ ਨੂੰ ਬੱਸਾਂ ’ਚ ਬਿਠਾ ਕੇ
ਲੈ ਜਾਇਆ ਜਾ ਚੁੱਕਿਆ ਸੀ। ਜੰਤਰ-ਮੰਤਰ ’ਤੇ ਸਿਰਫ ਪੁਲਿਸ ਅਤੇ ਮੀਡੀਆ ਕਰਮੀ ਹੀ ਮੌਜੂਦ
ਸਨ। ਪਰ ਕਹਾਣੀ ਅਜੇ ਖਤਮ ਨਹੀਂ ਹੋਈ ਸੀ।
ਵੇਖਦੇ ਹੀ ਵੇਖਦੇ ਉਸ ਤੰਬੂ ਨੂੰ ਉਖਾੜ
ਦਿੱਤਾ ਗਿਆ ਜਿਸ ’ਚ ਪਿਛਲੇ 35 ਦਿਨਾਂ ਤੋਂ ਮਹਿਲਾ ਭਲਵਾਨ ਰਹਿ ਰਹੀਆਂ ਸਨ। ਉਸ ਤੰਬੂ ਦੇ
ਅੰਦਰ ਦਾ ਸਮਾਨ ਜਿਵੇਂ ਕਿ ਕੰਬਲ, ਗੱਦੇ ਆਦਿ ਵੀ ਇੱਕ-ਇੱਕ ਕਰਕੇ ਹਟਾ ਦਿੱਤੇ ਗਏ ਅਤੇ
ਗੱਡੀ ’ਚ ਲੱਦ ਦਿੱਤੇ ਗਏ।
ਪ੍ਰਸ਼ਾਸਨ ਦਾ ਇਰਾਦਾ ਤਾਂ ਸਪੱਸ਼ਟ ਸੀ ਕਿ ਉਹ ਹੁਣ ਧਰਨਾਕਾਰੀਆਂ ਨੂੰ ਮੁੜ ਧਰਨੇ ਵਾਲੀ ਥਾਂ ’ਤੇ ਬੈਠਣ ਨਹੀਂ ਦੇਣਾ ਚਾਹੁੰਦਾ ਸੀ।
ਪ੍ਰਦਰਸ਼ਨਕਾਰੀਆਂ
ਦੇ ਸਮਰਥਨ ’ਚ ਨਿਤਰੇ ਸਮਾਜ ਸੇਵੀ ਅਤੁਲ ਤਿਰਪਾਠੀ ਦਾ ਕਹਿਣਾ ਹੈ, “ ਜਦੋਂ ਨਵੇਂ ਸੰਸਦ
ਭਵਨ ਦਾ ਉਦਘਾਟਨ ਹੋ ਰਿਹਾ ਸੀ, ਉਸੇ ਦਿਨ ਦੇਸ਼ ਦੀ ਸ਼ਾਨ ਭਲਵਾਨ ਧੀਆਂ ਨੂੰ ਦਬਾਇਆ-ਕੁਚਲਿਆ
ਜਾ ਰਿਹਾ ਸੀ। ਇਹ ਸਿੱਧੇ ਤੌਰ ’ਤੇ ਲੋਕਤੰਤਰ ਦਾ ਕਤਲ ਹੈ।”
“ਅੱਜ ਦਾ ਦਿਨ
ਭਾਰਤ ਦੇ ਇਤਿਹਾਸ ’ਚ ਇੱਕ ਕਾਲੇ ਧੱਬੇ ਵੱਜੋਂ ਯਾਦ ਰੱਖਿਆ ਜਾਵੇਗਾ। ਅੱਜ ਦੇਸ਼ ਦੀਆ ਧੀਆਂ
ਦੀ ਇਸ ਸਥਿਤੀ ਨੂੰ ਵੇਖ ਕੇ ਦਿਲ ਰੋ ਰਿਹਾ ਹੈ। ਦੇਸ਼ ਇਸ ਗੱਲ ਨੂੰ ਬਿਲਕੁੱਲ ਵੀ ਸਵੀਕਾਰ
ਨਹੀਂ ਕਰੇਗਾ।”
ਜਿਵੇਂ-ਜਿਵੇਂ ਸਮਾਂ ਬੀਤਿਆ, ਜੰਤਰ-ਮੰਤਰ ’ਤੇ ਲੋਕਾਂ ਦੀ ਗਿਣਤੀ
ਨਾ-ਮਾਤਰ ਹੀ ਰਹਿ ਗਈ। ਇੱਕ ਅਜਿਹੀ ਚੁੱਪ ਪਸਰ ਗਈ, ਜੋ ਕਿ ਸ਼ਾਇਦ ਆਪਣੇ ਅੰਦਰ ਸਿਮਟੇ
ਤੂਫਾਨ ਨੂੰ ਛੁਪਾ ਰਹੀ ਸੀ।