. ਰਜ਼ੀਆ ਦੇ ਵਿਆਹ ਦੀ ਜਦੋਂ ਐਲਬਮ ਆਈ ਤਾਂ ਮੈਂ ਆਪਣੀਆਂ ਫ਼ੋਟੋਆਂ ਦੇਖ ਕੇ ਹੈਰਾਨ ਰਹਿ ਗਈ ਮੈਂ ਇੰਨੀ ਸੋਹਣੀ ਤਾਂ ਨਹੀਂ ਸੀ ਪਰ ਹਰ ਤਸਵੀਰ ਇਵੇਂ ਪੑਤੀਤ ਹੋ ਰਹੀ ਸੀ ਜਿਵੇਂ ਬੋਲ ਪਵੇਗੀ । ਕਮਾਲ ਦਾ ਉਸਦਾ ਆਰਟ ਸੀ ।ਮੈਂ ਵਾਰ ਵਾਰ ਆਪਣੀਆਂ ਤਸਵੀਰਾਂ ਨੂੰ ਦੇਖ ਰਹੀ ਸਾਂ ਨਾਲ ਹੀ ਸੋਚ ਰਹੀ ਸਾਂ ਕਿ ਇਹ ਕਲਾਕਾਰ, ਚਿੱਤਰਕਾਰ, ਕਵੀ ਲੋਕ ਸ਼ਾਇਦ ਸਨਕੀ ਹੁੰਦੇ ਨੇ ਪਰ ਇਹਨਾਂ ਦਾ ਹੁਨਰ ਬੇਜਾਨ ਤਸਵੀਰਾਂ 'ਚ ਜਾਨ ਪਾ ਦਿੰਦਾ ਹੈ ।
ਮੈਂ ਮਨ 'ਚ ਧਾਰ ਲਿਆ ਸੀ ਕਿ ਮੈਂ ਉਸਨੂੰ ਕਦੀ ਨਹੀਂ ਮਿਲਾਂਗੀ ਕਿਉਂਕਿ ਮੇਰੇ ਪਾਪਾ ਨੂੰ ਮੇਰੇ ਤੋਂ ਬਹੁਤ ਉਮੀਦਾਂ ਸਨ । ਉਹ ਆਪਣੇ ਵਾਂਙੂੰ ਹੀ ਮੈਨੂੰ ਵੀ ਸਰਜਰੀ 'ਚ ਸਫ਼ਲ ਡਾਕਟਰ ਬਣਿਆ ਦੇਖਣਾ ਚਾਹੁੰਦੇ ਸਨ ਅਤੇ ਮੈਂ ਅਜੇ ਚੌਥੇ ਹੀ ਸਾਲ 'ਚ ਹੀ ਸਾਂ । ਬਚਪਨ 'ਚ ਹੀ ਅੰਮੀ ਗੁਜ਼ਰ ਗਏ ਸਨ ।ਪਾਪਾ ਨੇ ਹੀ ਮੈਨੂੰ ਮਾਂ ਦਾ ਪਿਆਰ ਦਿੱਤਾ ਸੀ । ਪਰ ਉਹ ਡਿਸਪਲਿਨ ਪਸੰਦ ਸਨ । ਮੇਰਾ ਹਰ ਕੰਮ ਅਨੁਸ਼ਾਸ਼ਨ ਦੀਆਂ ਸੂਈਆਂ ਨਾਲ ਚਲਦਾ ਸੀ ।ਮਜਾਲ ਕੀ ਮੇਰੀ ਰੋਜ਼ਮਰਾ ਰੁਟੀਨ ਇਧਰ ਦੀ ਉਧਰ ਹੋ ਜਾਏ । ਮੇਰੇ ਨਾਲ ਬੑਿਗੇਡਰ ਦਾ ਲੜਕਾ ਵਿਕਾਸ।।।।।ਮ ਪੜਦਾ ਸੀ , ਉਸ ਪਰਿਵਾਰ ਸਾਡੇ ਘਰ ਆਉਣਾ ਜਾਣਾ ਵੀ ਸੀ । ਉਹ ਸੋਹਣਾ ਸੁਨੱਖਾ ਸਰੂ ਦੇ ਬੂਟੇ ਵਰਗਾ ਲੰਮ ਸਲੱਮਾ ਵੀ ਸੀ ਅਤੇ ਉਸ ਵਿੱਚ ਸਰਵਪੱਖੀ ਗੁਣ ਵੀ ਸਨ। ਪਾਪਾ ਨੂੰ ਵੀ ਬਹੁਤ ਪਸੰਦ ਸੀ । ਅਸੀਂ ਇੱਕਠੇ ਪੜਨਾ, ਖ਼ਾਣਾ ਪੀਣਾ ਘੁੰਮਣਾ ਪਰ ਉਹ ਮੇਰੇ ਇੰਨੇ ਨਜ਼ਦੀਕ ਹੁੰਦੇ ਹੋਏ ਵੀ ਉਹ ਮੇਰੇ ਦਿਲ ਦੀਆਂ ਤਾਰਾਂ ਨੂੰ ਨਹੀਂ ਛੇੜ ਸਕਿਆ ਸੀ ਭਾਵ ਮੈਂ ਉਸਨੂੰ ਦਿਲ ਦਾ ਮਹਿਰਮ ਨਾ ਬਣਾ ਸਕੀ। ਪਰ ਪਾਪਾ ਬਾਰੇ ਸੋਚ ਕੇ ਮੈਂ ਉਹਨਾਂ ਦੇ ਮੇਰੇ ਬਾਰੇ ਬੁਣੇ ਸੁਫ਼ਨਿਆਂ ਨੂੰ ਨਾ ਤੋੜਨਾ ਨਹੀਂ ਚਾਹੁੰਦੀ ਸੀ ,ਮੈਂ ਮਨ 'ਚ ਪੱਕੀ ਧਾਰੀ ਬੈਠੀ ਸਾਂ ਕਿ ਪਾਪਾ ਜਿਵੇਂ ਕਹਿਣਗੇ ਉਵੇਂ ਹੀ ਕਰਾਂਗੀ । ਪਾਪਾ ਦੱਸਦੇ ਸਨ "ਜਦੋਂ ਤੂੰ ਜੰਮੀ ਸੈਂ ਤੈਨੂੰ ਦੇਖ ਕੇ ਮੈ ਤੇਰੀ ਅੰਮੀ ਨੂੰ ਕਿਹਾ ਸੀ ਕਿ ਇਹ ਮੇਰੇ ਪਰਿਵਾਰ ਦੀ ਜ਼ੀਨਤ ਹੈ , ਉਸ ਦਿਨ ਤੋਂ ਅੰਮੀ ਨੇ ਮੈਨੂੰ ਇਹ ਨਾਮ ਦੇ ਦਿੱਤਾ ਸੀ ।"
ਨਾਮ ਵਜੋਂ ਸਾਰੇ ਮੇਰਾ ਮੁਸਲਿਮ ਹੋਣ ਦਾ ਭਰਮ ਪਾਲਦੇ ਸਨ, ਪਰ ਮੈਂ ਸ਼ਰਮਾਂ ਪਰਿਵਾਰ ਤੋਂ ਸਾਂ । ਪਾਪਾ ਨੇ ਵਧੀਆ ਸੰਸਕਾਰ ਕੁੱਟ ਕੁੱਟ ਕੇ ਭਰੇ ਸਨ । ਮੈਂ ਕਿਸੀ ਤਰਹਾਂ ਵੀ ਉਹਨਾਂ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੀ ਸੀ ।ਪਰ ਮੇਰੀ ਕਿਸਮਤ ਨੂੰ ਹੋਰ ਹੀ ਮੰਜ਼ੂਰ ਸੀ ।
ਇੱਕ ਦਿਨ ਮੈਂ ਕਾਲਿਜ ਤੋਂ ਆ ਰਹੀ ਸਾਂ ਕਿ ਅਚਾਨਕ ਮੇਰੀਂ ਕਾਰ ਅੱਗੇ ਉਮੇਰ ਨੇ ਬਾਈਕ ਇਵੇਂ ਮੋੜੀ ਕਿ ਐਕਸੀਡੈਂਟ ਹੁੰਦਿਆਂ ਹੁੰਦਿਆਂ ਬਚਿਆ।ਉਹ ਫ਼ਿਲਮੀ ਹੀਰੋ ਵਾਂਙੂੰ ਬਾਈਕ ਕਾਰ ਅੱਗੇ ਖੜੀ ਕਰਕੇ ਮੇਰੀ ਕਾਰ ਕੋਲ ਆ ਗਿਆ ।ਉਸਨੇ ਬੜੀ ਢੀਡਤਾ ਨਾਲ ਕਾਰ ਦਾ ਦਰਵਾਜ਼ਾ ਖੋਲ ਸਟੇਰਿੰਗ ਉਪਰ ਹੱਥ ਰੱਖ ਖੜਾ ਹੋ ਗਿਆ ।ਜਨਾਬ !!ਘੰਟੇ ਲਈ ਕੌਫ਼ੀ ਸ਼ਾਪ ਤੱਕ ਸਾਥ ਦੇਣਗੇ । ਨਾਂਹ ਦੀ ਗੁਜਾਇਸ਼ ਨਹੀਂ ਹੋਣੀ ਚਾਹੀਦੀ । ਉਸ ਦੀਆਂ ਅੱਖਾਂ 'ਚ ਅੰਤਾਂ ਦਾ ਤਰਲਾ ਸੀ । ਮੈਂ ਸੋਚ ਪੈ ਗਈ ਕਿ ਪਾਪਾ ਨੂੰ ਦੱਸੇ ਬਿਨਾਹ ਨਹੀਂ ਜਾਵਾਂਗੀ ।ਪਰ ਪਾਪਾ ਨੂੰ ਕਿਵੇਂ ਦੱਸਾਂ ? ਇੰਨੇ 'ਚ ਉਹ ਬਾਈਕ ਨੂੰ ਸੜਕ ਦੇ ਕਿਨਾਰੇ ਸੇਫ਼ ਸਾਈਡ ਕਰਕੇ ਮੇਰੇ ਨਾਲ ਦੀ ਸੀਟ ਤੇ ਬੈਠ ਗਿਆ । ਮੈਂ ਉਸਦੀ ਇਸ ਜੁਰਅਤ ਨੂੰ ਦੇਖ ਹੈਰਾਨ ਰਹਿ ਗਈ ।ਮੈਂ ਮਨ ਨੂੰ ਪੱਕਾ ਕੀਤਾ ਪਾਪਾ ਨੂੰ ਫ਼ੋਨ ਮਿਲਾਇਆ ਅਤੇ ਪਾਪਾ ਨੂੰ ਸੱਚ ਦੱਸ ਦਿੱਤਾ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ਼ ਸੀ ਕਿ ਉਹਨਾਂ ਦੀ ਲਾਡਲੀ ਕੋਈ ਗਲਤ ਕਦਮ ਨਹੀਂ ਚੁੱਕੇਗੀ । ਪਾਪਾ ਨੇ ਸਿਖਾਇਆ ਸੀ ਝੂਠ ਦਾ ਕਦੀ ਵੀ ਪਲਾ ਨਾ ਪਕੜੋ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ , ਇੱਕ ਝੂਠ ਲਈ ਸੱਤ ਹੋਰ ਝੂਠ ਬੋਲਣਾ ਪੈਂਦਾ ਹੈ । ਪਾਪਾ ਨੇ ਇਜ਼ਾਜ਼ਤ ਦੇ ਦਿੱਤੀ।
ਕੌਫ਼ੀ ਸ਼ਾਪ 'ਚ ਬੈਠਿਆਂ ਕੌਫ਼ੀ ਪੀਂਦਿਆ ਵੀ ਉਸਨੇ ਮੇਰੀਆਂ ਕਈਂ ਫ਼ੋਟੋ ਖ਼ਿਚ ਲਈਆਂ । ਫ਼ਿਰ ਮੇਰਾ ਹੱਥ ਆਪਣੇ ਹੱਥ 'ਚ ਲੈਂਦਾ ਬੋਲਿਆ , ਜ਼ੀਨਤ!! ਮੈਂ ਜਾਣਦਾ ਹਾਂ ਤੇਰਾ ਮੇਰਾ ਮੇਲ ਨਹੀ , ਤੂੰ ਉੱਚ ਘਰਾਣੇ ਦੀ ਪੜੀ ਲਿਖੀ ਜ਼ਹੀਨ ਲੜਕੀ ਹੈ। ਮੈਂ ਤਾਂ ਲਾਵਾਰਿਸ ਹਾਂ , ਮੌਲਵੀ ਜੀ ਨੇ ਪਾਲਿਆ ਹੈ ਉਹ ਦੱਸਦੇ ਸਨ ਕਿ ਰਾਤ ਦੇ ਘੁੱਪ ਹਨੇਰੇ 'ਚ ,ਕਿਸੀ ਮਾਂ ਨੇ ਸੁੰਦਰ ਪਾਲਣੇ 'ਚ ਪਾ ਤੈਨੂੰ ਮਸੀਤ ਵਿੱਚ ਛੱਡ ਦਿੱਤਾ ਸੀ ।ਮੈਂ ਤੇਰੀ ਪਾਲਣਾ ਕੀਤੀ ਹੈ , ਤੂੰ ਕਿਸ ਧਰਮ ਦਾ ਹੈ , ਮੈਨੂੰ ਨਹੀਂ ਪਤਾ , ਪਰ ਮੈਂ ਤੇਰਾ ਨਾਮ ਉਮੇਰ ਹੀ ਰੱਖਿਆ ਹੈ ਤਾਂ ਕਿ ਮੇਰੀ ਜਾਤੀ ਦੇ ਲੋਕ ਕੋਈ ਸਵਾਲ ਖੜਾ ਨਾ ਕਰਨ । ਜ਼ੀਨਤ ਨਾ ਮੇਰਾ ਘਰ ਹੈ ਨਾ ਘਾਟ ਹੈ ।ਹੋ ਸਕਦਾ ਮੈਂ ਕੁਆਰੀ ਮਾਂ ਦਾ ਬੱਚਾ ਹੋਵਾਂ । ਹੋ ਸਕਦਾ ਹੈ ਮੈਂ ਕਿਸੀ ਫ਼ੋਟੋਗਰਾਫ਼ਰ ਦਾ ਬੀਜ ਹੋਵਾਂ , ਹੋ ਸਕਦਾ ਹਾਂ ਮੈਂ ਵਾਸਨਾ ਤੋਂ ਉਪਜਿਆ ਫ਼ੁੱਲ ਹੋਵਾਂ । ਜੋ ਵੀ ਹਾਂ ਤੇਰੇ ਸਾਹਮਣੇ ਹਾਂ ਇੱਕ ਮਸਤਮੌਲਾ, ਅਵਾਰਾ ਜਿਹਾ ਬਸ ਸੜੂ ਜਿਹਾ। ਬਸ ਜ਼ੀਨਤ ਮੈਂ ਬਹੁਤ ਪਿਆਸਾ ਹਾਂ , ਬਹੁਤ ਇੱਕਲਾ ਇੰਨਾ ਵੀਰਾਨ ਕਿ ਜਿਵੇਂ ਕੋਈ ਰੇਗਿਸਤਾਨ ..ਪਤਾ ਨਹੀਂ ਕਿਉਂ ਤੈਨੂੰ ਦੇਖ ਮੇਰੀ ਜ਼ਿੰਦਗੀ ਖੜੋ ਗਈ ਹੈ ... ਤੇਰਾ ਪਿਆਰ ਚਾਹੁੰਦਾ ਹਾਂ , ਮੈਂ ਵਾਪਿਸ ਨਹੀਂ ਮੁੜਨਾ ਚਾਹੁੰਦਾ ,ਉਸਦੀਆ ਅੱਖਾਂ ' ਚੋਂ ਟੱਪ ਟੱਪ ਹੰਝੂ ਕਿਰਨ ਲੱਗ ਗਏ , ਜ਼ੀਨਤ ਦੀਆਂ ਹਥੇਲੀਆਂ ਹੰਝੂਆਂ ਨਾਲ ਗਿੱਲੀਆਂ ਹੋ ਗਈਆਂ । ਇੰਨੇ 'ਚ ਉਸਨੇ ਮੇਰੇ ਹੱਥਾਂ ਨੂੰ ਚੁੰਮ ਲਿਆ , ਉਮੇਰ ਬੋਲਿਆ , ਡਾਰਲਿੰਗ ਯੂ ਆਰ ਸੋ ਪੈਸ਼ਨਟ ... ਆਈ ਵਾਂਟ ਯੂ ... ਮੈਂ ਮੋਮ ਬਣ ਕੇ ਪਿੰਘਲਣ ਲੱਗ ਗਈ ... ਮੈਨੂੰ ਲੱਗਾ ਕਿ ਉਸਦੀਆਂ ਅੱਖਾਂ ਦੇ ਸਾਗਰ 'ਚ ਡੁੱਬ ਰਹੀ ਹਾਂ ਮੇਰੇ ਜਿਸਮ 'ਚ ਅਸਮਾਨੀ ਬਿਜਲੀ ਘੁੰਮ ਗਈ ਸੀ । ਅਚਾਨਕ ਮੈੰ ਉਸਦੇ ਸਿਰ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ , ਇੱਕ ਮਾਂ ਵਾਂਙੂੰ ਵਾਲਾਂ ਨੂੰ ਚੁੰਮ ਲਿਆ । ਮੇਰੇ ਹਿਲਦੇ ਹੋਠਾਂ ਚੋਂ ਅਵਾਜ਼ ਨਿਕਲੀ ਮੇਰਾ ਰੰਗ ਰਸੀਆ !! ਮੇਰਾ ਜਾਨੂੰ !!
ਉਮੇਰ!! ਹੁਣ ਮੈਨੂੰ ਜ਼ਿੰਦਗੀ ਦੇ ਹਰ ਮੌੜ ਤੇ ਮਿਲ ਜਾਂਦਾ , ਜਾਣ ਬੁੱਝ ਜਾਂ ਸੰਜੋਗ ਕਹਿ ਲਵੋ...ਜਦੋਂ ਵੀ ਮਿਲਦਾ ਇੱਕ ਅਕੜ ਅਤੇ ਹੱਕ ਨਾਲ ਮਿਲਦਾ । ਮੈਂ ਕਈਂ ਵਾਰੀ ਸੋਚਦੀ ਹਾਂ "ਅਕੜ" ਸ਼ਬਦ ਵਿੱਚ ਕੋਈ ਮਾਤਰਾ ਨਹੀਂ ਹੁੰਦੀ ਪਰ ਹਰ ਮਰਦ ਵਿੱਚ ਅਕੜ ਥੋੜੀ ਜਾਂ ਬਹੁਤ ਮਾਤਰਾ ਵਿੱਚ ਪਾਈ ਜ਼ਰੂਰ ਜਾਂਦੀ ਹੈ ।ਉਹ ਇੰਨਾ ਨਿਧੜਕ ਸੀ ਕਿ ਉਹ ਕਈਂ ਵਾਰ ਘਰ ਆ ਟਪਕਦਾ, ਅਤੇ ਸ਼ੁਦਾਈਆਂ ਵਾਂਙੂੰ ਮੇਰੇ ਹੱਥਾਂ ਨੂੰ ਚੁੰਮਣ ਲੱਗ ਜਾਂਦਾ ।ਉਧਰ ਮੈਂ ਵਿਕਾਸ ਬਾਰੇ ਮੈਂ ਸੋਚਦੀ ਹਾਂ ਉਹ ਕੁੜੀਆਂ ਵਾਂਙੂੰ ਸਾਊ ਮੁੰਡਾ ਹੈ ।ਬਚਪਨ ਤੋਂ ਅਸੀਂ ਨਾਲ ਨਾਲ ਤੁਰ ਰਹੇ ਹਾਂ ਪਰ ਉਸਨੇ ਮੇਰੀ ਉਂਗਲ ਨੂੰ ਵੀ ਛੂਹਣ ਦਾ ਹੌਂਸਲਾ ਨਹੀਂ ਕੀਤਾ ।ਉਸ ਵਿੱਚ ਮੇਰੇ ਲਈ ਪਿਆਰ ਕੁਰਬਾਨੀ ਅਤੇ ਤਿਆਗ ਦਾ ਸਮੁੰਦਰ ਠਾਠਾਂ ਮਾਰਦਾ ਸੀ, ਪਰ ਉਹ ਉਸਨੂੰ ਦਿਖਾਉਣਾ ਹੋਛਾਪਣ ਸਮਝਦਾ ਸੀ ।ਮੇਰਾ ਝੁਕਾਅ ਉਮੇਰ ਲਈ ਦੇਖ ਉਹ ਦੋ ਕਦਮ ਪਿੱਛੇ ਹੱਟ ਗਿਆ ਸੀ ਪਰ ਉਹ ਹੁਣ ਜ਼ਿਆਦਾ ਹੀ ਸੰਜੀਦਾ ਹੋ ਗਿਆ ਸੀ । ਉਮੇਰ ਉਸਦੇ ਉਲਟ ਸੀ ।ਉਹ ਕਦੀ ਵਿਕਾਸ ਦੀ ਹਾਜ਼ਰੀ 'ਚ ਮੇਰੇ ਕੋਲ ਆਉਂਦਾ ਤਾਂ ਤਕਰੀਬਨ ਉਸਦੇ ਸਾਹਮਣੇ ਹੀ ਮੈਨੂੰ ਘੁੱਟ ਕੇ ਕਲਾਵੇ 'ਚ ਲੈ ਲੈਂਦਾ ਅਤੇ ਬੇਸ਼ਰਮਾਂ ਵਾਂਙੂੰ ਚੁੰਮਣਾ ਚੱਟਣਾ ਸ਼ੁਰੂ ਕਰ ਦਿੰਦਾ, ਜਿਵੇਂ ਉਸ ਤੋਂ ਸੜਦਾ ਬਲਦਾ ਹੋਵੇ ਅਤੇ ਜਾਣ ਬੂਝ ਕੇ ਉਸਨੂੰ ਚਿੜਾਉਣ ਜਾਂ ਜਲਾਉਣ ਵਾਸਤੇ ਅਜਿਹਾ ਕਰ ਰਿਹਾ ਹੋਵੇ । ਭਾਵੇਂ ਉਸਦੀ ਇਹ ਜ਼ੋਰ ਜ਼ਬਰਦਸਤੀ ਮੈਨੂੰ ਚੰਗੀ ਲੱਗਦੀ ।ਇਹੋ ਜਿਹੀਆਂ ਅਦਾਵਾਂ ਨਾਲ ਮੇਰਾ ਦਿਲ ਉਸਨੇ ਆਪਣੇ ਕੋਲ ਗਿਰਵੀ ਰੱਖ ਲਿਆ ।ਪਰ ਵਿਕਾਸ ਸ਼ਾਂਤ ਰਹਿੰਦਾ ਅਤੇ ਬੜੇ ਹੀ ਸਭਿਅਕ ਤਰੀਕੇ ਨਾਲ ਹਲਕੀ ਜਿਹੀ ਪਿਆਰੀ ਮੁਸਕਾਨ ਨਾਲ ਉੱਠ ਕੇ ਚਲਾ ਜਾਂਦਾ
ਪਾਪਾ ਨੇ ਵੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਮੇਰ ਤੇਰੇ ਮੈਚ ਲਈ ਊਣਾ ਹੈ , ਤੂੰ ਡਗਮਗਾ ਰਹੀ ਹੈ , ਸ਼ਾਦੀ ਵਿਆਹ ਐਸੇ ਫ਼ੈਸਲੇ ਹਨ ਜੋ ਅਸਫ਼ਲ ਹੋ ਜਾਣ ਤਾਂ ਭਾਰਤੀ ਔਰਤ ਲਈ ਮੁੜ ਦੁਹਰਾਣੇ ਅਸੰਭਵ ਹੁੰਦੇ ਹਨ ।ਤੇਰੀ ਖ਼ੁਸ਼ੀ ਲਈ ਸਭ ਕੁੱਝ ਕਰਨ ਲਈਂ ਤਿਆਰ ਹਾਂ ਪਰ ਇਸ ਰਿਸ਼ਤੇ ਦਾ ਨੀਮ ਸੀਮ ਤੂੰ ਇੱਕ ਵਾਰ ਫ਼ੇਰ ਤੂੰ ਸੋਚ ਸਮਝ ਲੈ ਪੁੱਤਰ ... ਤੂੰ ਮੇਰੀ ਜ਼ਿੰਦਗੀ ਹੈ , ਮੈਂ ਤੇਰੀ ਕੋਈ ਔਖ ਬਰਦਾਸ਼ਹਤ ਨਹੀਂ ਕਰ ਸਕਾਂਗਾ ।ਪਰ ਮੇਰਾ ਮਨ ਅੜਬੀ ਘੋੜੇ ਵਾਂਙ ਬੋਲਾਂ ਦੇ ਚਾਬੁਕ ਨੂੰ ਸਹਿ ਲੈਂਦਾ ਪਰ ਝੁੱਕਦਾ ਨਾ ।ਮੈਨੂੰ ਹੁਣ ਚਾਰੇ ਪਾਸੇ ਉਮੇਰ ਹੀ ਦਿੱਖਦਾ ਸੀ । ਕਰਨਲ ਡਾਕਟਰ ਨੇ ਮੇਰੀ ਖ਼ੁਸ਼ੀ ਲਈ ਹਾਂ ਕਰ ਦਿੱਤੀ ਸੀ । ਇੱਕ ਕਰਨਲ ਪਿਤਾ ਆਪਣੀ ਬੇਟੀ ਲਈ ਮੋਹ ਦੀ ਜੰਗ ਵਿੱਚ ਹਾਰ ਗਿਆ ।
ਪਾਪਾ ਨੇ ਉਮੇਰ ਨੂੰ ਆਪਣੇ ਕੋਲ ਬੁਲਾਇਆ ਅਤੇ ਲੰਬਾ ਚੌੜਾ ਭਾਸ਼ਣ ਦਿੱਤਾ । ਇੱਕ ਪਿਤਾ ਦੀ ਤਰਹਾਂ ਦਿਲ ਦੀ ਆਂਦਰ ਨੂੰ ਸੁੱਖੀ ਰੱਖਣ ਦਾ ਵਾਅਦਾ ਲਿਆ ।
............. ਵਿਆਹ ਦੀ ਮਿਤੀ ਨਿਸ਼ਚਤ ਹੋ ਗਈ । ਪਾਪਾ ਨੇ ਮੇਰੇ ਲਈ ਪੰਜ ਕਮਰਿਆਂ ਵਾਲਾ ਬੰਗਲਾ,ਉਹਨਾਂ ਵਿੱਚੋਂ ਮੇਰੇ ਲਈ ਇੱਕ ਕਮਰੇ 'ਚ ਕਲੀਨਿਕ ਦਾ ਸਾਰਾ ਸਾਜੋ ਸਮਾਨ ਅਤੇ ਇੱਕ ਕਮਰਾ ਉਮੇਰ ਲਈ ਸਟੂਡੀਓ ਬਣਵਾ ਦਿੱਤਾ । ਸਾਰਾ ਘਰ ਮੇਰੇ ਲਈ ਸੁੱਖ ਸਹੂਲਤਾਂ ਨਾਲ ਲੈਸ ਸੀ । ਪਾਪਾ ਨੇ ਉਮੇਰ ਦੀ ਕਈਂ ਫ਼ਿਲਮੀ ਹਸਤੀਆਂ ਨਾਲ ਵਾਕਫ਼ੀਅਤ ਵੀ ਕਰਵਾ ਦਿੱਤੀ ਸੀ ਕਿਉਂਕਿ ਬੰਬੇ ਮਿਲਟਰੀ ਹਸਪਤਾਲ ਦੀ ਪੋਸਟਿੰਗ ਸਮੇਂ ਉਹਨਾਂ ਦੇ ਕਈਂ ਪੇਸ਼ੇਟ ਸਨ ।
ਸਾਡਾ ਵਿਆਹ ਹਿੰਦੂ ਰੀਤੀਆਂ ਮੁਤਾਬਿਕ ਹੋਇਆ ਸੀ । ਇਸ ਲਈ ਉਮੇਰ ਨੂੰ ਕੋਈ ਇਤਰਾਜ਼ ਨਹੀਂ ਸੀ ... ਮੇਰੀ ਸ਼ਾਦੀ ਦੀ ਤਿਆਰੀ 'ਚ ਵਿਕਾਸ ਨੇ ਪੂਰਾ ਸਾਥ ਦਿੱਤਾ ਸੀ । ਡੋਲੀ ਤੁਰਦਿਆਂ ਮੈਂ ਪਾਪਾ ਦੇ ਗੱਲ ਲੱਗ ਕੇ ਬਹੁਤ ਰੋਈ ਸੀ । ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਇਸ ਸਮੇਂ ਪਾਪਾ ਦੇ ਆਲੇ ਦੁਆਲੇ ਪਾਪਾ ਦੇ ਦੋਸਤਾਂ ਅਤੇਂ ਰਿਸ਼ਤੇਦਾਰਾਂ ਦੀ ਭੀੜ ਸੀ ਪਰ ਕੁੱਝ ਸਮੇਂ ਬਾਅਦ ਬਿਲਕੁਲ ਇੱਕਲੇ ਹੋ ਜਾਣਗੇ । ਮੈਨੂੰ ਜ਼ਾਰੋਜ਼ਾਰ ਰੋਂਦਾ ਦੇਖ ਵਿਕਾਸ ਦੀਆਂ ਅੱਖਾਂ 'ਚ ਵੀ ਅਥਰੂ ਆ ਗਏ । ਉਸਨੇ ਅੱਗੇ ਵਧ ਕੇ ਮੈਨੂੰ ਆਪਣੀਆ ਮਜ਼ਬੂਤ ਬਾਹਵਾਂ 'ਚ ਲੈ ਲਿਆ ।ਮੇਰੇ ਮੱਥੇ ਨੂੰ ਚੁੰਮਦੇ ਹੋਏ ਬੋਲਿਆ " ਜ਼ੀਨਤ !! ਜ਼ਿੰਦਗੀ ਦੇ ਹਰ ਮੋੜ ਤੇ ਮੇਰੇ ਕਦਮ ਤੇਰੇ ਨਾਲ ਚਲਣ ਲਈ ਇੰਤਜ਼ਾਰ ਕਰਨਗੇ ।ਤੂੰ ਪਾਪਾ ਦਾ ਫ਼ਿਕਰ ਨਾ ਕਰੀਂ । "ਮੈਂ ਹੂੰਅ ਨਾ ।"
ਪਾਪਾ ਨੇ ਨਵੀਂ ਕਾਰ ਦੀ ਚਾਬੀ ਉਮੇਰ ਦੇ ਹੱਥ ਫ਼ੜਾਈਂ ਅਤੇ ਉਮੇਰ ਫ਼ੁੱਲਾਂ ਨਾਲ ਸਜੀ ਉਸੀ ਕਾਰ ਵਿੱਚ ਮੈਨੂੰ ਬੰਗਲੇ 'ਚ ਲੈ ਆਇਆ । ਪਾਪਾ ਨੇ ਮੇਰੇ ਲਈ ਮੇਡ ਦਾ ਪੑਬੰਧ ਪਹਿਲੇ ਹੀ ਕੀਤਾ ਹੋਇਆ ਸੀ । ਸਾਡੇ ਘਰ ਪਹੁੰਚਣ ਤੇ ਉਸਨੇ ਤੇਲ ਚੁਆਇਆ । ਉਮੇਰ ਨੇ ਮੇਰੇਂ ਹੋਠਂ ਨੂੰ ਚੁੰਮ ਲਿਆ । ਆਪਣੀਆਂ ਬਾਹਵਾਂ 'ਚ ਚੁੱਕਦੇ ਹੋਏ ਮੈਨੂੰ ਬੈਡਰੂਮ ਵਿੱਚ ਲੈ ਆਇਆ ।
ਉਮੇਰ ਨੇ ਫ਼ੁੱਲਾਂ ਵਾਂਙ ਮੈਨੂੰ ਪੋਲੇ ਜਿਹੇ ਬਿਸਤਰ ਤੇ ਬਿਠਾ ਦਿੱਤਾ ।ਫ਼ਿਰ ਆਪ ਫ਼ਰਸ਼ ਤੇ ਪਾਲਥੀ ਮਾਰ ਬੈਠ ਗਿਆ , ਉਸ ਨੂੰ ਅਜਿਹਾ ਕਰਦੇ ਹੋਏ ਮੇਰਾ ਹਾਸਾ ਨਿਕਲ ਗਿਆ , ਉਸਨੇ ਹੱਥ 'ਚ ਪਕੜੇ ਮੋਬਾਈਲ ਨਾਲ ਝੱਟ ਮੇਰੀ ਫ਼ੋਟੋ ਖਿੱਚ ਲਈ ।
ਉਮੇਰ !! ਉਪਰ ਬੈਡ ਤੇ ਬੈਠੋ !!
ਉਸਨੇ ਗੋਡਿਆਂ ਦੇ ਭਾਰ ਬੈਠਦੇ ਹੋਏ ਮੇਰੇ ਪੈਰਾਂ ਨੂੰ ਚੁੰਮਦੇ ਹੋਏ ਕਿਹਾ , ਮੈਨੂੰ ਹੇਠਾਂ ਬੈਠਣ ਦੀ ਆਦਤ ਹੈ , ਜੇ ਗਿਰ ਜਾਉ ਤਾਂ ਸੱਟ ਨਹੀਂ ਲੱਗਦੀ ।
ਉਸਨੇ ਮੇਡ ਨੂੰ ਛੁੱਟੀ ਕਰ ਦਿੱਤੀ ਅਤੇ ਰਸੋਈ 'ਚ ਜਾਕੇ ਬਰੈਡ ਆਮਲੇਟ ਅਤੇ ਕੌਫ਼ੀ ਬਣਾ ਲਿਆਇਆ । ਉਸਦੀ ਗ਼ੈਰ ਹਾਜ਼ਰੀ 'ਚ ਮੈਂ ਵਾਸ਼ਰੂਮ 'ਚ ਜਾਕੇ ਫ਼ਰੈਸ਼ ਹੋ ਆਈ ਅਤੇ ਸ਼ਾਦੀ ਦੇ ਭਾਰੀ ਭਰਕਮ ਕਪੜੇ ਅਤੇ ਮੇਕਅਪ ਉਤਾਰ ਕੇ ਹਲਕੇ ਫ਼ੁਲਕੇ ਕਪੜੇ ਪਹਿਨ ਕੇ ਆ ਗਈ ।ਅਤੇ ਆਪਣੇ ਕਪੜੇ ਸੰਭਾਲ ਵਾਰਡਰੋਬ ਵਿੱਚ ਰੱਖ ਦਿੱਤੇ ਸਨ
........... ਇੰਨੇ 'ਚ ਉਮੇਰ ਕਮਰੇ 'ਚ ਟਰੇ ਲੈ ਆਇਆ ਉਸਨੇ ਖ਼ਾਣ ਪੀਣ ਦੀ ਟਰੇ ਬਿਸਤਰ ਤੇ ਹੀ ਰੱਖ ਕੇ ਖ਼ੁਦ ਬੈਡ ਨਾਲ ਵਿੱਛੀ ਤਿਪਾਹੀ ਤੇ ਬੈਠ ਗਿਆ ।
ਤੁਸੀਂ ਬੜੇ ਵਧੀਆ ਇਨਸਾਨ ਹੋ !! ਮੈਂ ਉਸਦੇ ਵਾਲਾਂ 'ਚ ਉਂਗਲੀਆਂ ਫ਼ੇਰਦੇ ਹੋਏ ਕਿਹਾ ।
ਉਹ ਉੱਠ ਕੇ ਮੇਰੇ ਨਜ਼ਦੀਕ ਆ ਗਿਆ , ਮੈਨੂੰ ਜਲਦੀ ਨਾਲ ਆਪਣੇ ਕਲਾਵੇ 'ਚ ਘੁੱਟਦਾ ਬੋਲਿਆ , ਇੰਨੀ ਜਲਦੀ ਮੇਰੇ ਬਾਰੇ ਕਿਆਸ ਨਾ ਲੱਗਾ ਕਿਉਂਕਿ ਵੱਡਾ ਬੰਦਾ ਬਣਨਾ ਅਸਾਨ ਹੈ ਪਰ ਵਧੀਆ ਇਨਸਾਨ ਬਣਨਾ ਬਹੁਤ ਮੁਸ਼ਕਿਲ ਹੈ ।
ਇਹ ਕਹਿ ਕੇ ਉਸਨੇ ਬਰੈਡ ਉਠਾ ਕੇ ਮੇਰੇ ਹੋਠਾਂ ਦੇ ਨੇੜੇ ਕੀਤੀ । ਮੈਂ ਛੋਟੀ ਜਿਹੀ ਬਾਈਟ ਲਈ ਪਰ ਉਮੇਰ ਨੇ ਉਸੀ ਬਰੇਡ ਦਾ ਵੱਡਾ ਸਾਰਾ ਟੁੱਕੜਾ ਆਪਣੇ ਮੂੰਹ 'ਚ ਧਕੇਲਦੇ ਹੋਏ ਚੱਪੜ ਚੱਪੜ ਦੀਆਂ ਅਵਾਜ਼ਾਂ ਕਰਦੇ ਖ਼ਾਣ ਲੱਗ ਗਿਆ । ਜਿਵੇਂ ਚਿਰਾਂ ਦਾ ਭੁੱਖ਼ਾ ਹੋਵੇ ਅਤੇ ਕੌਫ਼ੀ ਵੀ ਸੜੂੰ ਸੜੂੰ ਦੀ ਅਵਾਜ਼ ਕਰਕੇਂ ਪੀਣ ਲੱਗਾ । ਇਹ ਸਭ ਕੁੱਝ ਮੈਨੂੰ ਭੱਦਾ ਲੱਗਾ । ਮੈਂ ਔਖੇ ਸੌਖੇ ਇੱਕ ਬਰੈਡ ਦਾ ਟੁੱਕੜਾ ਖ਼ਾਧਾ , ਉਹ ਲਾਪਰਵਾਹ ਬਣ ਹੁਣ ਵੀ ਉਵੇਂ ਹੀ ਖਾ ਰਿਹਾ ਸੀ । ਉਸ ਦੀ ਇਸ ਅਵਾਜ਼ ਨਾਲ ਮੇਰੇ ਸਿਰ ਦੀਆਂ ਨਸਾਂ ਤਨੀਆਂ ਗਈਆਂ। ਮੈਂ ਵਾਸ਼ਰੂਮ ਜਾਣ ਦੇ ਬਹਾਨੇ ਉੱਥੋਂ ਉੱਠ ਗਈ । ਵਾਪਿਸ ਆਈ ਤਾਂ ਉਸਨੇ ਜੂਠੇ ਭਾਂਡੇ ਬੈਡ ਦੇ ਨਜ਼ਦੀਕ ਹੀ ਰੱਖੇ ਹੋਏ ਸਨ । ਉਸਨੇ ਕਪੜੇ ਉਤਾਰ ਕੇ ਸੋਫ਼ੇ ਤੇ ਖਿਲਾਰ ਕੇ ਸੁੱਟ ਦਿੱਤੇ ਸਨ । ਮੈਂ ਉਸਦੇ ਕਪੜੇ ਚੁੱਕਣ ਲਈ ਅੱਗੇ ਵਧੀ ਤਾਂ ਉਸਨੇ ਮੈਨੂੰ ਬਾਂਹ ਤੋਂ ਪਕੜ ਬੈਡ ਵਲ ਘੜੀਸ ਲਿਆ ਅਤੇ ਬੱਤੀ ਬੰਦ ਕਰ ਦਿੱਤੀ । ਹਮ ਬਿਸਤਰ ਹੁੰਦਿਆ ਉਹ ਮੈਨੂੰ ਇੱਕ ਵਹਿਸ਼ੀ ਦਰਿੰਦਾ ਤੋਂ ਜ਼ਿਆਦਾ ਕੁੱਝ ਨਹੀਂ ਲੱਗਿਆ ।
ਸਵੇਰੇ ਮੈਂ ਜਾਗੀ ਤਾਂ ਮੈਂ ਉੱਠ ਕੇ ਸਿਰਹਾਣੇ ਵਲ ਦੇਖਿਆ ਤਾਂ ਮੇਰੇ ਅਨੇਕਾਂ ਵਾਲ ਟੁੱਟੇ ਹੋਏ ਸਨ, ਇਹ ਦੇਖ ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ । ਮੈਂ ਆਪਣੇ ਲੰਬੇ ਘਣੇ ਵਾਲਾਂ ਨਾਲ ਬਹੁਤ ਪਿਆਰ ਕਰਦੀ ਸਾਂ । ਦਿਨ ਵਿੱਚ ਮੈਂ ਬੱਤੀ ਵਾਰ ਕੰਘੀ ਮਾਰਦੀ ਸਾਂ। ਇਸ ਤੋਂ ਇਲਾਵਾ ਬਿਸਤਰ ਵਿੱਚ ਉਸਦੀਆਂ ਜੁਰਾਬਾਂ ਦੀ ਬਦਬੂ ਫ਼ੈਲੀ ਹੋਈ ਸੀ ਜੋ ਮੇਰੇ ਸਿਰ ਨੂੰ ਚੜ ਗਈ ਅਤੇ ਜ਼ੋਰ ਦੀ ਉਬਕਾਈ ਆਉਣ ਲੱਗੀ ।ਮੈਂ ਵਾਸ਼ਰੂਮ ਵਲ ਦੌੜੀ , ਕਪੜਿਆਂ ਸਮੇਤ ਮੈਂ ਆਪਣਾ ਸਿਰ ਸ਼ਾਵਰ ਨੀਚੇ ਕਰ ਲਿਆ । ਮੇਰਾ ਬਦਨ ਟੁੱਟ ਰਿਹਾ ਸੀ । ਇਸ਼ਨਾਨ ਕਰਨ ਵਕਤ ਮੈਂ ਦੇਖਿਆ ਮੇਰੇ ਸਰੀਰ ਤੇ ਅਣਗਿਣਤ ਖਰੋਚਾਂ ਸਨ , ਅਤੇ ਕੱਚ ਵਰਗੇ ਸ਼ਰੀਰ ਤੇ ਸਖ਼ਤ ਪਕੜ ਨਾਲ ਲਾਲ ਨਿਸ਼ਾਨ ਉਭਰ ਆਏ ਸਨ ।
ਦਰਦ ਨਾਲ ਮੇਰੀਆਂ ਅੱਖਾਂ ਚੋਂ ਡਲ ਡਲ ਕਰਦੇ ਹੰਝੂ ਕਿਰਨ ਲੱਗੇ , ਮੈਂ ਬੁਦਬੁਦਾਈ ,ਜੰਗਲੀ!!
............ ਮੈਂ ਆਪਣੇ ਸਟੱਡੀ ਰੂਮ 'ਚ ਆ ਗਈ , ਮੇਡ ਆ ਚੁੱਕੀ ਸੀ , ਉਹ ਮੇਰੇ ਲਈ ਚਾਹ ਲੈ ਆਈ । ਮੈਂ ਉਸਨੂੰ ਨਾਸ਼ਤਾ ਬਣਾਉਣ ਲਈ ਕਿਹਾ । ਫ਼ਿਰ ਪਾਪਾ ਨੂੰ ਫ਼ੋਨ ਮਿਲਾ ਕੇ ਆਪਣੀ ਸੁੱਖ ਸਾਂਦ ਦੱਸੀ । ਉਹ ਮੇਰੀ ਭਾਰੀ ਅਵਾਜ਼ ਨੂੰ ਪਹਿਚਣਦੇ ਹੋਏ ਬੋਲੇ ,ਬੇਟਾ ਤੁਸੀਂ ਉਦਾਸ ਹੋ ??
ਨਹੀਂ ਪਾਪਾ , ਮੇਰਾ ਮਨ ਫ਼ਿਸ ਪਿਆ , ਬਸ ਤੁਹਾਨੂੰ ਮਿਸ ਕਰ ਰਹੀ ਸੀ ।
ਮੇਰੀ ਜ਼ੀਨਤ ਮੇਰੀ ਲਾਡੋ !! ਮੇਰੇ ਕੋਲ ਵਿਕਾਸ ਰਹਿ ਗਿਆ ਸੀ , ਬੜਾ ਸਾਊ ਮੁੰਡਾ ਏ , ਮੇਰਾ ਧਿਆਨ ਰੱਖਦਾ ਏ ।ਤੁਹਾਡੀ ਦੁਪਹਿਰ ਦੀ ਗੋਆ ਦੀ ਫ਼ਲਾਈਟ ਵੀ ਹੈ । ਜ਼ਿੰਦਗੀ ਦੇ ਅਨੰਦ ਮਾਣੋ ਮੇਰੀ ਬੱਚੀ ।
ਫ਼ਿਰ ਉਹਨਾਂ ਨੇ ਵਿਕਾਸ ਨਾਲ ਵੀ ਗੱਲ ਕਰਵਾਈ ।ਜਦੋਂ ਉਸਨੇ ਪਿਆਰ ਨਾਲ" ਜੀਨੀ " ਤੁਮ ਕੈਸੀ ਹੋ ਕਿਹਾ ਤਾਂ ਮੈਂ ਭੁਬਾਂ ਮਾਰ ਕੇ ਰੋ ਪਈ...ਉਸਦੀ ਅਵਾਜ਼ਂ'ਚ ਦਰਦ ਸੋਜ਼ ਅਤੇ ਅਦਬ ਜਾਣ ਮੇਰਾ ਮਨ ਫ਼ਿਸ ਪਿਆ । ਵਿਕੂ ਤੁਮ ਪਾਪਾ ਕਾ ਧਿਆਨ ਰੱਖਣਾ । ਬਸ ਇਤਨਾ ਹੀ ਕਹਿ ਸਕੀ ... ਮੈਂ ਫ਼ੋਨ ਬੰਦ ਕਰ ਦਿੱਤਾ ।
........ ਇੰਨੇ ਨੂੰ ਮੇਰੇ ਪਿੱਛੇ ਖੜੇ ਉਮੇਰ ਨੇ ਗਲ 'ਚ ਬਾਹਵਾਂ ਪਾ ਮੇਰੇ ਅਥਰੂਆ ਨੂੰ ਚੁੰਮ ਲਿਆ ...ਪਰ ਮੈਂ ਉਸਨੂੰ ਪਿਛਾਂਹ ਕੀਤਾ ਕਿਉਂਕਿ ਮੈਨੂੰ ਉਸਦੀ ਕਰੜ ਬਰੜ ਦਾਹੜੀ ਚੁੱਭਣ ਲੱਗ ਗਈ ਸੀ . ..ਓਏ ਹੋਏ ਮੇਰੀ ਪਰੀ ਮੇਰੀ ਰਾਤ ਦੀਆਂ ਗ਼ੁਸਤਾਖੀਆਂ ਕਾਰਣ ਨਰਾਜ਼ ਹੋ ਗਈ ਹੈ । ਚਲ ਉੱਠ ਤਿਆਰ ਹੋਈਏ ਫ਼ਲਾਈਟ ਦਾ ਟਾਇਮ ਹੋ ਗਿਆ ਹੈ । ਉਸਨੇ ਮੈਨੂੰ ਜ਼ਬਰਦਸਤੀ ਉਠਾਇਆ ਅਤੇ ਘੁੱਟ ਕੇ ਛਾਤੀ ਨਾਲ ਲਾਇਆ ਤਾਂ ਮੇਰਾ ਜ਼ੋਰ ਦੀ ਚੀਕ ਨਿਕਲ ਗਈ , ਮੇਰੇ ਸਾਰੇ ਸਰੀਰ ਤੇ ਉਸਦੀਆਂ ਜ਼ਿਆਦਤੀਆਂ ਨਾਲ ਫ਼ਫ਼ੋਲੇ ਬਣ ਗਏ ਸੀ।ਪਰ ਇਸ ਲਈ ਉਮੇਰ ਦੇ ਚਿਹਰੇ ਤੇ ਜ਼ਰਾ ਵੀ ਮਲਾਲ ਨਹੀਂ ਸੀ । ਬੁੱਝੇ ਜਿਹੇ ਮਨ ਨਾਲ ਗੋਆ ਜਾਣ ਦੀ ਤਿਆਰੀ ਕੀਤੀ । ਮੈਨੂੰ ਪਾਪਾ ਤੋਂ ਦੂਰ ਜਾਣ ਦੀ ਘਬਰਾਹਟ ਵੀ ਹੋ ਰਹੀ ਸੀ । ਅਜ ਮੈਨੂੰ ਵਿਕਾਸ ਦੀ ਵੀ ਲੋੜ ਮਹਿਸੂਸ ਰਹੀ ਸੀ ।
ਗੋਆ ਤੋਂ ਵਾਪਿਸ ਪਰਤਦਿਆਂ ਮੈਂ ਦੋ ਚਾਰ ਦਿਨਾਂ ਲਈਂ ਪਾਪਾ ਕੋਲ ਰੁਕ ਗਈ ਸਾਂ ਉਸ ਦਾ ਮਜ਼ਬੂਤ ਕਾਰਣ ਇਹ ਵੀ ਸੀਕਿ ਉਮੇਰ ਬੰਬੇ ਦੇ ਫ਼ੈਸ਼ਨ ਸ਼ੋਅ ਦੇ ਮੌਡਲ ਦੀਆਂ ਤਸਵੀਰਾਂ ਲੈਣ ਚ ਬਿਜ਼ੀ ਹੋ ਗਿਆ ਸੀ ।
ਹਨੀਮੂਨ ਦਾ ਮਤਲਬ ਸਿਰਫ਼ ਤਨ ਦਾ ਸੌਪਣਾ ਜਾਂ ਮੇਲ ਮਿਲਾਪ ਤੋਂ ਨਹੀ ਹੁੰਦਾ ਸਗੋ ਇੱਕ ਦੂਸਰੇ ਦੇ ਨੇੜੇ ਆਕੇ ਰੂਹਾਂ ਦਾ ਇੱਕ ਦੂਸਰੇ ਨੂੰ ਸਮਝਣਾ ਅਤੇ ਸਮਾਉਣਾ ਹੁੰਦਾ ਹੈ ਪਰ ਉਸਦੇ ਜਿਸਮੀ ਹਵਸ ਕਾਰਣ ਮੇਰੇ ਮਨ 'ਚ ਉਮੇਰ ਲਈ ਇੱਕ ਲੀਕ ਜਿਹੀ ਵੱਜ ਗਈ ਸੀ ।
ਅਸਲ ਵਿੱਚ ਮੈਂ ਹਮੇਸ਼ਾ ਆਪਣੇ ਆਪ ਨੂੰ ਕਰਨਲ ਦੀ ਬੇਟੀ ਹੋਣਾ ਨਹੀਂ ਭੁੱਲੀ ਸਾਂ ਅਤੇ ਉਮੇਰ ਦੀ ਸੋਚ ਮੇਰੇ ਜਿਸਮ ਤੱਕ ਹੀ ਸੀ ।
... . ਖ਼ੈਰ ਜ਼ਿੰਦਗੀ ਦੌੜਨ ਲੱਗ ਗਈ ਸੀ । ਮੇਰੀ ਮੁਹੱਬਤ ਦੀ ਮਹਿੰਦੀ ਤਾਂ ਪਹਿਲੀ ਰਾਤ ਹੀ ਫ਼ਿੱਕੀ ਪੈ ਗਈ ਸੀ । ਹਰ ਰੋਜ਼ ਮੈਂ ਉਸਦੀਆਂ ਬੇਨਿਯਮੀਆਂ ਬਰਦਾਸ਼ਤ ਕਰਦੀ ਸਾਂ ਜੋ ਮੈਨੂੰ ਉੱਕਾ ਹੀ ਪਸੰਦ ਨਹੀਂ ਸਨ। ਉਮੇਰ ਨੂੰ ਖਾਣ ਪੀਣ ਦੇ ਟੇਬਲ ਮੈਨਰਸ ਹੈ ਹੀ ਨਹੀਂ ਸਨ । ਚੱਪੜ ਚੱਪੜ ਕਰਕੇ ਖਾਣਾ , ਚਾਵਲਾਂ ਨੂੰ ਗੋਲੇ ਬਣਾ ਕੇ ਹੱਥਾਂ ਨਾਲ ਖਾਣਾ , ਰਸੋਈ 'ਚ ਪਤੀਲੇ ਵਿੱਚੋਂ ਹੀ ਦੁੱਧ ਉਪਰੋ ਮਲਾਈਂ ਉਂਗਲ ਨਾਲ ਉਤਾਰ ਕੇ ਜਾਂ ਸਬਜ਼ੀ ਖ਼ਾਸ ਕਰਕੇ ਚਿਕਨ ਪਤੀਲੇ ਚੋਂ ਹੀ ਖਾ ਲੈਂਦਾ । ਜੂਠੇ ਹੱਥ ਪਾਏ ਕਪੜਿਆ ਨਾਲ ਹੀ ਸਾਫ਼ ਕਰ ਲੈਂਦਾ । ਬਾਥਰੂਮ 'ਚ ਸਾਬਣ ਤੇਲ ਨਾਲ ਗੰਦਾ ਕਰ ਦਿੰਦਾ । ਗਿੱਲੇ ਕਪੜੇ ਬਿਸਤਰ ਤੇ ਛੱਡ ਦਿੰਦਾ । ਕਪੜੇ ਉਤਾਰਨ ਵਕਤ ਫ਼ਰਸ਼ ਜਾਂ ਇਧਰ ਉਧਰ ਖ਼ਿਲਾਰ ਦਿੰਦਾ । ਕਪੜੇ ਲੈਣ ਵਕਤ ਵਾਰਡਰੋਬ ਨੂੰ ਤਹਿਸ ਨਹਿਸ ਕਰ ਦਿੰਦਾ। ਆਮ ਗੱਲ ਕਰਦਿਆਂ ਮਾਂ ਭੈਣ ਦੀਆਂ ਗਾਹਲਾਂ ਕੱਢਣਾ ਉਸ ਦੀਆਂ ਤਕੀਆਂ ਕਲਾਮ ਸਨ ਹਮ ਬਿਸਤਰ ਹੋਣ ਲਈ ਉਸਨੂੰ ਛੀਨਾਂ ਝੱਪਟੀ ਗਾਹਲਾਂ ਕੱਢਣੀਆਂ ਅਨੰਦ ਦਿੰਦੀਆਂ ਸਨ। ਸਹਿਜ ਤਾਂ ਉਸ ਵਿੱਚ ਕਣੀ ਮਾਤਰ ਨਹੀਂ ਬਸ ਅਵਾਰਾ ਪਸ਼ੂਆ ਵਾਂਙ ਹਰ ਵਕਤ ਹਰਲ ਹਰਲ ਕਰਦਾ ਰਹਿੰਦਾ । ਆਪਣੇ ਸਟੂਡਿਓ ਤੋ ਜ਼ਰਾ ਵਿਹਲਾ ਹੁੰਦਾ ਤਾਂ ਮੇਰੇ ਕਮਰੇ 'ਚ ਆ ਧਮਕਦਾ । ਦਿਨ ਵੇਖਦਾ ਨਾ ਰਾਤ ਹਰ ਵਕਤ ਕਾਮੀ ਖੇਡ ਖੇਡਣ ਲਈ ਤਿਆਰ ਰਹਿੰਦਾ ।
ਮੇਰੇ ਇਨਕਾਰ ਕਰਨ ਤੇ ਉਹ ਮੇਰੇ ਤੇ ਕਈਂ ਵਾਰੀ ਹੱਥ ਚੁੱਕ ਲੈਂਦਾਂ ਮੁੱਕਦੀ ਗੱਲ ਇਹ ਸੀਂ ਕਿ ਉਸਨੂੰ ਬੇਤਰਤੀਬੀ ਹੀੇ ਜ਼ਿੰਦਗੀ ਲੱਗਦੀ ਇਧਰ ਮੇਰੇ ਸਾਹ ਵੀ ਅਨੁਸ਼ਾਸ਼ਨ ਵਿੱਚ ਚਲਦੇ ਸਨ ।
ਇਸ ਲਈ ਛੇ ਮਹੀਨਿਆਂ 'ਚ ਹੀ ਸਾਡੀ ਆਮ ਗੱਲ ਵੀ ਤੂੰ..... ਤੂੰ ... ਮੈਂ ਮੈਂ ਤੇ ਸ਼ੁਰੂ ਅਤੇ ਖ਼ਤਮ ਹੋ ਜਾਂਦੀ ਸੀ। ਜ਼ਿੰਦਗੀ ਰੇਲਵੇ ਦੀ ਪਟੜੀ ਵਾਂਙੂੰ ਚਲਣੀ ਸ਼ੁਰੂ ਹੋ ਗਈ ਸੀ ਜੋ ਨਾਲ ਨਾਲ ਚਲ ਰਹੀ ਸੀ ਪਰ ਮਿਲਦੀ ਕਦੀ ਕਦੀ ਸੀ ।
ਦਵੰਦ 'ਚ ਹੀ ਮੈਂ ਗਰਭਵਤੀ ਹੋ ਗਈ ਸਾਂ । ਸਮਾਂ ਪੁੱਗਣ ਤੋਂ ਬਾਅਦ ਮੈਂ ਦੋ ਜੁੜਵਾ ਬੱਚੇ ਇੱਕ ਲੜਕੇ ਅਤੇ ਇੱਕ ਲੜਕੀ ਨੂੰ ਜਨਮ ਦਿੱਤਾ । ਬੱਚਿਆਂ ਦੇ ਮੋਹ ਕਾਰਣ ਅਸੀਂ ਇੱਕ ਦੂਜੇ ਨਾਲ ਨਾਲ ਬੱਝੇ ਰਹੇ .........
..........ਇਵੇਂ ਤਿੰਨ ਸਾਲ ਬੀਤ ਗਏ । ਮੈਂ ਈ ਐਨ ਟੀ 'ਚ ਐਮਡੀ ਕਰ ਲਈ ਸੀ ਅਤੇ ਵਿਕਾਸ ਨੇ ਅੱਖਾਂ ਦੀ ਐਮਡੀ ਕੀਤੀ ਸੀ ।ਉਸਨੇ ਪਾਪਾ ਦੀ ਸਲਾਹ ਨਾਲ ਬੜਾ ਵਧੀਆ ਕਲੀਨਿਕ ਬਣਾ ਲਿਆ । ਪਰ ਉਸਨੇ ਇੱਕ ਕੈਬਿਨ ਮੇਰੇ ਲਈ ਵੀ ਬਣਾਇਆ । ਇਸ ਲਈ ਸ਼ਾਮ ਨੂੰ ਮਰੀਜ਼ ਦੇਖਣ ਲਈ ਜਾਂਦੀ ਸੀ । ਵਿਕਾਸ ਨਾਲ ਸ਼ਾਮ ਦੀ ਕੌਫ਼ੀ ਪੀਂਦਿਆ ਅਤੇ ਉਸ ਨਾਲ ਹਲਕੀ ਫ਼ੁਲਕੀ ਗੱਲ ਕਰਦਿਆਂ ਮੈਨੂੰ ਮਾਨਸਿਕ ਸਕੂਨ ਮਿਲਦਾ ਸੀ ਇਧਰ ਉਮੇਰ ਦੀ ਫ਼ੋਟੋਗਰਾਫ਼ੀ ਅਤੇ ਸਟੂਡੀਉ ਬੁਲੰਦੀਆਂ ਨੂੰ ਛੂਹ ਰਿਹਾ ਸੀ । ਪਾਪਾ ਦੀ ਫ਼ਿਲਮੀ ਹਸਤੀਆਂ ਨਾਲ ਕਰਾਈ ਮੁਲਾਕਾਤ ਉਸਦੇ ਕੰਮ ਆ ਗਈ ਸੀ ।
.............ਪਾਪਾ ਅਤੇ ਵਿਕਾਸ ਨੂੰ ਸਾਡੀ ਟੁੱਟ ਭੱਜ ਦਾ ਪਤਾ ਲੱਗ ਗਿਆ ਸੀ । ਪਾਪਾ ਮੇਰੇ ਕਾਰਣ ਦੁਖੀ ਰਹਿਣ ਲੱਗ ਗਏ ਸਨ ।ਭਾਵੇਂ ਮੈਂ ਕਦੀ ਕੋਈ ਗੱਲ ਉਹਨਾਂ ਨਾਲ ਸਾਂਝੀ ਨਹੀਂ ਕੀਤੀ ਸੀ। ਕਿਉਂਕਿ ਉਮੇਰ ਮੇਰੀ ਪਸੰਦ ਅਤੇ ਉਸਨੂੰ ਅਪਨਾਉਣ ਦਾ ਮੇਰਾ ਹੀ ਫ਼ੈਸਲਾ ਸੀ । ਪਰ ਉਹ ਮੇਰੇ ਚਿਹਰੇ ਨੂੰ ਪੜ ਲੈਂਦੇ ਸਨ । ਅਤੇ ਇੱਕ ਦਿਨ ਉਮੇਰ ਨੇ ਆਪਣੀ ਵਾਸਨਾ ਦੀ ਖੇਡ 'ਚ ਮੇਰਾ ਮੂੰਹ ਦੰਦਾਂ ਨਾਲ ਲਾਲ ਸੂਹਾ ਸੇਬ ਕਰ ਦਿੱਤਾ ਤਾਂ ਮੈਂ ਉਸਦਾ ਜੰਗਲੀਪੁਣਾ ਸਹਿ ਨਾ ਸਕੀ ਅਤੇ ਆਖ਼ਿਰ ਘਰ ਛੱਡਣ ਦਾ ਫ਼ੈਸਲਾ ਕਰ ਲਿਆ । ਮੈਂ ਜਦੋਂ ਪਾਪਾ ਕੋਲ ਆਈ ਤਾਂ ਉਹ ਮੇਰਾ ਹਾਲ ਦੇਖ ਸਕਤੇ 'ਚ ਆ ਗਏ, ਮੈਂ ਉਹਨਾਂ ਦੇ ਗੱਲ ਲੱਗ ਕੇ ਖ਼ੂਬ ਰੋਈ , ਮੈਨੂੰ ਧਰਵਾਸ ਦਿੰਦੇ ਹੋਏ ਖ਼ੁਦ ਵੀ ਰੋਏ । ਰੋਂਦਿਆਂ ਮੈਂ ਬੋਲੀ ਪਾਪਾ !! ਪਾਪਾ ਮੈਂ ਤੁਹਾਡਾ ਆਖ਼ਾ ਨਹੀਂ ਮੰਨਿਆ , ਤੁਹਾਡਾ ਦਿਲ ਦੁਖਾਇਆ ਹੈ , ਪਾਪਾ ਮੈਨੂੰ ਤੁਹਾਡੀ ਆਹ ਲੱਗ ਗਈ ; ਮੈਂ ਕਿਵੇਂ ਸੁੱਖ ਪਾ ਸਕਦੀ ਸੀ। ਨਾ ਰੋ ਮੇਰੀ ਲਾਡੋ ਨਾ ਰੋ ... ਮਾਂ ਬਾਪ ਦੀ ਕਦੀ ਬਦ ਦੁਆ ਨਹੀਂ ਲੱਗਦੀ।ਇੰਨੇ 'ਚ ਵਿਕਾਸ ਵੀ ਆ ਗਿਆ ਉਹ ਸਾਨੂੰ ਦੋਵਾਂ ਨੂੰ ਰੋਂਦਾ ਦੇਖ ਹੋਂਸਲਾ ਦੇਣ ਲੱਗਾ । ਮੈਨੂੰ ਅਤੇ ਪਾਪਾ ਨੂੰ ਅਲੱਗ ਕੀਤਾ ਤਾਂ ਪਾਪਾ ਉਸਦੀਆਂ ਬਾਹਵਾਂ ਵਿੱਚ ਹੀ ਝੂਲ ਗਏ । ਪਾਪਾ ਨੂੰ ਤਕੜਾ ਸਦਮਾ ਲੱਗਾ ਸੀ । ਸਖ਼ਤ ਹਾਰਟ ਅਟੈਕ ਆ ਗਿਆ ਸੀ । ਅੱਖਾਂ ਦੇ ਡੇਲੇ ਉਪਰ ਹੋ ਗਏ ਅਤੇ ਮੂੰਹ ਚੋਂ ਗੂੰ ਗੂੰ ਦੀਆਂ ਅਵਾਜ਼ਾਂ ਨਿਕਲਣ ਲੱਗ ਗਈਆਂ । ਮੇਰੇ ਪਾਪਾ ਔਹ ਗਏ ... ਪਾਪਾ ਔਹ ਗਏ ... ਮੈਂ ਚੀਕਾਂ ਨਾਲ ਅਸਮਾਨ ਗੁੰਜਾਂ ਦਿੱਤਾ ... ਬੱਚੇ ਵੀ ਮੇਰੇ ਚੀਕ ਚਿਹਾੜੇ 'ਚ ਸ਼ਾਮਿਲ ਹੋ ਗਏ ।
ਭਾਵੇਂ ਉਮੇਰ ਵੀ ਅੰਤਮ ਰਸਮਾਂ 'ਚ ਸ਼ਾਮਿਲ ਹੋਇਆ ਸੀ । ਮੈ ਵੀਂ ਲੋਕਾਚਾਰੀ ਕਾਰਣ ਉਸ ਨਾਲ ਨਾਰਮਲ ਰਹੀ ਸਾਂ ।
ਅੰਤਮ ਰਸਮਾਂ ਤੋਂ ਬਾਅਦ ਮੈਂ ਉਮੇਰ ਤੋਂ ਤਲਾਕ ਲੈਣ ਦਾ ਮਨ ਬਣਾ ਲਿਆ। ਕਿਉਂਕਿ ਰੋਜ਼ ਦੀ ਕਿੱਚ ਕਿੱਚ ਬੱਚਿਆਂ ਉਪਰ ਭੈੜਾ ਅਸਰ ਪਾ ਰਹੀ ਸੀ ਅਤੇ ਮੇਰਾ ਡਾਕਟਰੀ ਪੇਸ਼ਾ ਵੀ ਮਾਨਸਿਕ ਸਕੂਨ ਤਵਜੋਂ ਮੰਗਦਾ ਸੀ। ਪਰ ਇਸ ਲਈ ਮੈਨੂੰ ਵਿਕਾਸ ਨੇ ਪੁਰਜ਼ੋਰ ਵਿਨਤੀ ਕਰਕੇ ਸਮਝਾਇਆ ਕਿ ਉਮੇਰ ਨੂੰ ਆਖ਼ਰੀ ਮੌਕਾ ਦੇਵੇ ਕਿਉਂਕਿ ਘਰ ਟੁੱਟਣ ਬੱਚਿਆ ਦੇ ਮਨਾਂ ਤੇ ਬੁਰਾ ਅਸਰ ਪੈਂਦਾ ਹੈ । ......... ਮੈਂ ਘੁੱਟ ਘੁੱਟ ਕੇ ਹੋਰ ਜੀਉਣਾ ਨਹੀਂ ਚਾਹੁੰਦੀ ਸੀ । ਇਹੋ ਜਿਹੇ ਮੋਏ ਰਿਸ਼ਤਿਆਂ ਦੀ ਸਲੀਬ ਢੋਣ ਦਾ ਕੀ ਫ਼ਾਇਦਾ ਸੀ ।ਇਸ ਲਈਂ ਤਲਾਕ ਦੇ ਪੇਪਰ ਕੋਰਟ 'ਚ ਜਮਾਂ ਕਰਵਾ ਦਿੱਤੇ ।
........ ਮੈਂ ਦੋਵੇਂ ਬੱਚਿਆਂ ਨੂੰ ਹੋਸਟਲ ਪਾ ਦਿੱਤਾ ਭਾਵੇਂ ਇਹ ਕੰਮ ਅਸਾਨ ਨਹੀਂ ਸੀ ਕਿਉਂਕਿ ਦੋਵੇਂ ਬੱਚਿਆਂ ਦੀ ਜਾਨ ਉਮੇਰ ਵਿੱਚ ਵੱਸਦੀਂ ਸੀ,ਅਤੇ ਉਮੇਰ ਵੀ ਉਹਨਾਂ ਦੇ ਸਾਹਾਂ ਨਾਲ ਸਾਹ ਲੈਂਦਾ ਸੀ ਉਸਨੇ ਖ਼ੁਦ ਅਨਾਥ ਜੀਵਨ ਜੀਵਿਆ ਸੀ ਇਸ ਲਈ ਉਹ ਨਹੀਂ ਚਾਹੁੰਦਾ ਸੀ ਕਿ ਉਸਦੇ ਬੱਚੇ ਕੋਈ ਕਸ਼ਟ ਸਹਿਣ। ਕੋਰਟ ਵਲੋਂ ਨੋਟਿਸ ਪਹੁੰਚਣ ਤੇ ਉਸਦੀ ਹੋਸ਼ ਦੇ ਤੋਤੇ ਉੱਡ ਗਏ ।
.....ਸਾਡੇ ਤਲਾਕ ਦੀ ਕਾਰਵਾਈ ਚਲ ਰਹੀ ਸੀ । ਉਮੇਰ ਅਕਸਰ ਮੈਨੂੰ ਮਿਲਣ ਲਈਂ ਆਉਂਦਾ , ਹਰ ਵਾਰੀ ਮਿੰਨਤਬਾਜ਼ੀ ਕਰਦਾ " ਜ਼ੀਨਤ!! ਤੂੰ ਹੀ ਮੈਨੂੰ ਵਜੂਦ ਦਿੱਤਾ ਹੈ। ਮੈਨੂੰ ਜਿਊਣ ਦਾ ਮਕਸਦ ਦਿੱਤਾ ਹੈ ।ਮੈਂ ਤੇਰੇ ਅਤੇ ਬੱਚਿਆਂ ਬਿਨਾਹ ਜੀਅ ਨੀਂ ਸਕਦਾ । ਮੈਨੂੰ ਪਤਾ ਹੈ ਕਿ ਮੈਂ ਜੰਗਲੀ ਹਾਂ ਪਰ ਜਿਹੋ ਜਿਹਾ ਹਾਂ ਮੈਂ ਸਿਰਫ਼ ਤੇਰਾ ਹਾਂ । ਮਾਂ ਮਹਿੱਟਰ ਹਾਂ ਤਹਿਜ਼ੀਬ ਨਹੀਂ ਸਿੱਖ ਸਕਿਆ...ਚਲ ਆਪਣੇ ਘਰ ਚਲੀਏ । ਪਰ ਮੇਰੇ ਅੰਦਰ ਇੱਕ ਬਰਫ਼ ਦੀ ਸਿੱਲ ਰੱਖੀ ਗਈ ਸੀ ਜੋ ਉਸਦੇ ਤਰਲਿਆਂ ਨਾਲ ਨਾ ਪਿਘਲੀ ।
..............ਤਲਾਕ ਦਾ ਕੇਸ ਚਲਦਾ ਰਿਹਾ , ਬੱਚਿਆਂ ਬਾਰੇ ਅਸੀਂ ਦੋਵਾਂ ਨੇ ਫ਼ੈਸਲਾ ਕਰ ਲਿਆ ਸੀ , ਲੜਕਾ ਮੇਰੇ ਕੋਲ ਅਤੇ ਲੜਕੀ ਉਮੇਰ ਕੋਲ ਹੀ ਰਹੇਗੀ । ਕਿਉਂਕਿ ਮੈਂ ਬਿਜ਼ੀ ਰਹਿੰਦੀ ਸੀ ਸੋਚਿਆ ਸੀ ਕਿ ਲੜਕੀ ਦੀ ਜ਼ਿੰਮੇਵਾਰੀ ਨਾ ਨਿਭਾ ਸਕਾਂ ।ਦੂਜਾ ਇਹ ਵੀ ਸੋਚਿਆ ਕਿ ਸ਼ਾਇਦ ਬੱਚੀ ਦੇ ਕੋਲ ਹੁੰਦਿਆ, ਉਮੇਰ ਸ਼ਾਇਦ ਤਹਿਜ਼ੀਬ ਯਾਫ਼ਤਾ ਹੋ ਸਕੇ।
.... ਛੇ ਮਹੀਨੇ ਕੇਸ ਦੀਆਂ ਪੇਸ਼ੀਆਂ ਪੈਂਦੀਆਂ ਰਹੀਆਂ ਪਹਿਲੀ ਦਸੰਬਰ ਨੂੰ ਫ਼ਿਰ ਪੇਸ਼ੀ ਸੀ ਆਖ਼ਿਰ ਜੱਜ ਨੇ ਕੇਸ ਦਾ ਫ਼ੈਸਲਾ ਸਾਨੂੰ ਦੁਬਾਰਾ ਵਿਚਾਰਣ ਲਈ ਸਲਾਹ ਦਿੱਤੀ ਅਤੇ ਨੱਬੇ ਦਿਨ ਸਾਨੰ ਦੋਵਾਂ ਨੂੰ ਇੱਕੋ ਛੱਤ ਨੀਚੇ ਰਹਿਣ ਦਾ ਹੁਕਮ ਦਿੱਤਾ । ਜੱਜ ਦੇ ਹੁਕਮਾਂ ਮੁਤਾਬਿਕ ਉਮੇਰ ਮੈਂਨੂੰ ਲੈਣ ਲਈ ਆ ਗਿਆ । ਇੱਕ ਵਾਰੀਂ ਫ਼ਿਰ ਮੈਂ ਉਮੇਰ ਦੇ ਸਾਹਮਣੇ ਸਾਂ । ਪਰ ਹੁਣ ਦੇ ਉਮੇਰ ਅਤੇ ਪਹਿਲੇ ਉਮੇਰ 'ਚ ਜ਼ਮੀਨ ਅਸਮਾਨ ਦਾ ਅੰਤਰ ਸੀ। ਹੁਣ ਉਹ ਮੇਰੇ ਨਾਲ ਸਭਿਅਕ ਤਰੀਕੇ ਨਾਲ ਪੇਸ਼ ਆਉਂਦਾ ਸੀ । ਛੇ ਮਹੀਨਿਆਂ 'ਚ ਉਸਨੇ ਉਹ ਸਾਰੀਆਂ ਅਸਭਿੱਅਕ ਗਲਾਂ ਛੱਡ ਦਿੱਤੀਆਂ ਜਿਹਨੋਂ ਤੋਂ ਮੈਨੂੰ ਖਿੱਝ ਆਉਂਦੀ ਸੀ । ਬੈਡ ਰੂਮ ਵਿੱਚ ਮੈਂ ਬੈਡ ਤੇ ਲੇਟੀ ਤਾਂ ਉਹ ਫ਼ਰਸ਼ੀ ਗੱਦਾ ਵਿਛਾ ਨੀਚੇ ਹੀ ਲੇਟ ਗਿਆ। ਉਹ ਬਹੁਤ ਸ਼ਾਂਤ ਸੀ , ਮੈਨੂੰ ਜਾਪਿਆ ਜਿਵੇਂ ਉਹ ਸਭਿੱਅਕ ਬਣਨ ਦਾ ਦਿਖਾਵਾ ਕਰ ਰਿਹਾ ਹੈ । ਮੌਕਾ ਮਿਲਣ ਤੇ ਉਹ ਮੈਨੂੰ ਮੱਗਰਮੱਛ ਵਾਂਙੂੰ ਚਬਾ ਜਾਵੇਗਾ ।
.... ਦਸੰਬਰ ਦੀਆਂ ਛੁੱਟੀਆਂ 'ਚ ਬੱਚੇ ਵੀ ਆ ਗਏ। ਉਹਨਾਂ ਨਾਲ ਅਸੀਂ ਖ਼ੂਬ ਮੌਜ ਮਸਤੀ ਕੀਤੀ । ਕਦੀ ਪਿਕਨਿਕ, ਕਦੀ ਪਿਕਚਰ , ਕਦੀ ਸ਼ਾਪਿੰਗ , ਕਦੀ ਆਉਟਿੰਗਂ... ਬੱਚਿਆਂ ਨੂੰ ਤਾਂ ਬੋਟਿੰਗ, ਘੋੜਸਵਾਰੀ , ਕੈਮਲ ਰਾਈਡਿੰਗ ਕਰਕੇ ਮਜ਼ਾ ਆ ਰਿਹਾ ਸੀ ਅਤੇ ਉਹ ਹੋਰ ਖੇਡਾਂ ਖ਼ੇਡ ਖ਼ੂਬ ਧਮਾਲ ਮਚਾ ਰਹੇ ਸਨ ।ਛੁੱਟੀਆਂ ਖ਼ਤਮ ਹੋਣ ਤੇ ਬੱਚੇ ਫ਼ਿਰ ਹੋਸਟਲ ਚਲੇ ਗਏ ।
.......ਦਿਨ ਵਿੱਚ ਅਸੀਂ ਆਪਣੇ ਕੰਮਾਂ 'ਚ ਬਿਜ਼ੀ ਰਹਿੰਦੇ ਰਾਤ ਨੂੰ ਅਕਸਰ ਕਲੱਬ ਚਲੇ ਜਾਂਦੇ ਮੈਂ ਦੇਖਦੀ ਕਈਂ ਸੁੰਦਰ ਲੜਕੀਆਂ ਉਮੇਰ ਨੂੰ ਘੇਰ ਲੈਂਦੀਆ ਅਤੇ ਉਹਸ ਤੋਂ ਵੱਖ ਵੱਖ ਪੋਜ਼ਾਂ 'ਚ ਫ਼ੋਟੋ ਖਿੱਚਵਾਉਂਦੀਆਂ । .. ਓਦੋਂ ਉਮੇਰ ਮੈਨੂੰ ਉਠਾ ਲੈਂਦਾ ਅਤੇ ਮੇਰੇ ਨਾਲ ਪੋਜ਼ ਬਣਾ ਉਹਨਾਂ ਨੂੰ ਡੈਮੋ ਦਿੰਦਾ ।ਹੁਣ ਉਮੇਰ ਰੋਜ਼ ਸ਼ੇਵ ਕਰਨ ਲੱਗ ਗਿਆ ਸੀ । ਸੋਹਣੇ ਸੋਹਣੇ ਸਲੀਕੇ ਨਾਲ ਕਪੜੇ ਪਹਿਨਦਾ ਸੀ ਜੇ ਕਲੱਬ ਵਿੱਚ ਉਹ ਮੇਰੇ ਨਾਲ ਡਾਂਸ ਕਰਦਾ ਤਾਂ ਓਦੋਂ ਉਹ ਮੈਨੂੰ ਆਪਣੇ ਇਤਨੇ ਕਰੀਬ ਲੈ ਆਉਂਦਾ ਤਾਂ ਸਾਡੇ ਦੋਵਾਂ ਦੇ ਸਾਹ ਇੱਕ ਹੋ ਜਾਂਦੇ , ਉਸਦੇ ਲਗਾਈ ਇੱਤਰ ਫ਼ੁਲੇਲ ਮੈਨੂੰ ਪਾਗਲ ਕਰ ਦਿੰਦੀ । ਪਰ ਉਸਨੇ ਰਿਸ਼ਤਿਆਂ ਵਿੱਚ ਵਿਥ ਬਣਾਈ ਰੱਖੀ ।
ਅੱਜ ਨੱਬਵੇ ਦਿਨ ਦੀ ਆਖਰੀ ਰਾਤ ਸੀ । ਉਮੇਰ ਨੇ ਸਵੇਰੇ ਹੀ ਬੱਚਿਆਂ ਨੂੰ ਹੋਸਟਲ ਤੋਂ ਛੁੱਟੀ ਕਰਵਾ ਕੇ ਘਰ ਲੈ ਆਉਂਦਾ ਸੀ। ਦੋਵੇਂ ਬੱਚੇ ਮੇਰੇ ਨਾਲ ਸੁੱਤੇ ਹੋਏ ਸਨ ।ਮੈਂ ਅੱਜ ਲਗਾਤਾਰ ਉਮੇਰ ਵਲ ਦੇਖ ਰਹੀ ਸੀ। ਜਦੋਂ ਉਸਦੀਆਂ ਨਜ਼ਰਾਂ ਮੇਰੀਆਂ ਅੱਖਾਂ ਨਾਲ ਟਕਰਾਉਂਦੀਆਂ ਤਾਂ ਮੈਨੂੰ ਅੰਤਾਂ ਦੀ ਖਿੱਚ ਪਾਉਂਦੀਆਂ । ਮੇਰੇ ਮਨ 'ਚ ਵਿਚਾਰਾਂ ਦਾ ਤੁਫ਼ਾਨ ਸੀ ਕਿ ਕੀ ਉਮੇਰ ਤੋਂ ਤਲਾਕ ਲੈਣ ਦਾ ਫ਼ੈਸਲਾ ਸਹੀ ਹੈ ??
............ਮੇਰਾ ਰੰਗ ਰਸੀਆ ਰੁਲ ਜਾਵੇਗਾ!!ਮੇਰੇ ਬੱਚੇ ਟੁੱਟ ਜਾਣਗੇ .. ਮੇਰੇ ਮਨ ਦੀ ਡੋਰ ਫ਼ਿਰ ਉਮੇਰ ਵਲ ਖਿੱਚੀ ਜਾ ਰਹੀ ਸੀ ।ਇਸੀ ਦਵੰਦ ਵਿੱਚ ਮੈਂ ਉਮੇਰ ਵਲ ਦੇਖਦਿਆਂ ਬੋਲੀ , ਉਮੇਰ!!ਕੀ ਮੈਂ ਤੁਹਾਡੇ ਬਿਸਤਰ ਵਿੱਚ ਆ ਸਕਦੀ ਹਾਂ ।ਉਸਨੇ ਗ਼ੁਲਾਬੀ ਅੱਖਾਂ ਨੇ ਮੇਰੀ ਦਾਅਵਤ ਮੰਜ਼ੂਰ ਕਰ ਲਈ । ਬਿਸਤਰ ਵਿੱਚ ਉਸਦੀ ਹਰ ਕਿਰਿਆ ਸੁੱਖ ਦੇ ਰਹੀ ਸੀ ।ਅੱਜ ਉਸਦੇ ਪੈਰਾਂ ਦੀ ਬਦਬੂ ਵੀ ਬੁਰੀ ਨਹੀਂ ਲੱਗ ਰਹੀ ਸੀ । ਅਜ ਕਰਨਲ ਦੀ ਬੇਟੀ ਦਾ ਗ਼ਰੂਰ ਚਕਨਾਚੂਰ ਹੋ ਗਿਆ .... ਅੱਜ ਦੀ ਰਾਤ ਮੇਰੇ ਲਈ ਮਦਹੋਸ਼ੀ ਦੀ ਰਾਤ ਹੋ ਨਿਬੜੀ ਸੀ ।
ਸਵੇਰੇ ਮੇਰੇ ਉੱਠਣ ਤੋਂ ਪਹਿਲਾਂ ਉਮੇਰ ਉੱਠ ਚੁੱਕਿਆ ਸੀ, ਉਸਨੇ ਬੱਚਿਆਂ ਨੂੰ ਵੀ ਨੁਹਾ ਧੁਆ ਕੇ ਤਿਆਰ ਕਰ ਦਿੱਤਾ ਸੀ । ਮੈਨੂੰ ਜਾਗਦਿਆਂ ਦੇਖਦਿਆਂ ਦੇਖ ਸੰਜੀਦਾ ਹੋ ਮੈਨੂੰ ਸ਼ੁਭ ਸਵੇਰ ਕਹੀ ।
ਅਸੀਂ ਸਾਰਿਆਂ ਨੇ ਇੱਕਠੇ ਨਾਸ਼ਤਾ ਕੀਤਾ । ਮੈਂ ਇੱਕ ਟੱਕ ਦੇਖ ਰਹੀ ਸੀ , ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਆਪਣੀਆਂ ਬਾਹਵਾਂ 'ਚ ਲੈਂਦਿਆਂ ਚੁੰਮਦਿਆਂ ਕਹੇਗਾ ਮੈਂ ਤੇਰੇ ਬਿਨਾਹ ਨਹੀਂ ਰਹਿ ਸਕਦਾ ।ਤੂੰ ਨਾ ਜਾਹ ਆਪਣਾ ਫ਼ੈਸਲਾ ਬਦਲ ਲੈ !! ਪਰ ਅਜਿਹਾ ਕੁੱਝ ਨਹੀਂ ਹੋਇਆ ...ਉਸਨੇ ਕਪੜਿਆਂ ਦਾ ਅਟੈਚੀ ਕਾਰ 'ਚ ਰੱਖ ਲਿਆ ਅਤੇ ਅਸੀਂ ਕੋਰਟ ਵਲ ਰਵਾਨਾ ਹੋਏ ।
ਅੰਤ ਸਾਡਾ ਤਲਾਕ ਹੋ ਗਿਆ ਸੀ । ਵਿਕਾਸ ਵੀ ਉੱਥੇ ਆ ਗਿਆ ਸੀ ।ਅਸੀਂ ਸਾਰੇਂ ਕੋਰਟ ਤੋਂ ਬਾਹਰ ਆਕੇ ਸੜਕ ਕਿਨਾਰੇ ਕਾਰ ਕੋਲ ਖੜੇ ਸਾਂ
ਦੋਵੇਂ ਬੱਚੇ ਉਮੇਰ ਦੇ ਨਾਲ ਲੱਗੇ ਖੜੇ ਸਨ। ਮਾਸੂਮ ਸਾਡੇ ਦੋਵਾਂ ਦੇ ਚਿਹਰੇ ਵਲ ਤੱਕ ਰਹੇ ਸਨ । ਉਮੇਰ ਨੇ ਸਿਗਰਟ ਸੁਲਗਾਈ ਅਤੇ ਮੋਬਾਈਲ ਤੋਂ ਫ਼ੋਨ ਕੀਤਾ ਅਤੇ ਕੁੱਝ ਪਲਾਂ ਬਾਅਦ ਇੱਕ ਸੁੰਦਰ ਨਵਯੁਵਤੀ ਨਵੀਂ ਕਾਰ ਲੈ ਕੇ ਸਾਡੇ ਕੋਲ ਰੁੱਕੀ। ਉਮੇਰ ਨੇ ਸਿਗਰਟ ਦਾ ਧੂੰਆਂ ਛੱਲੇ ਬਣਾਉਂਦਾ ਹੋਇਆ ਮੇਰੇ ਮੂੰਹ ਤੇ ਛੱਡਿਆ । ਉਸਨੇ ਕਾਰ ਚੋਂ ਆਪਣਾ ਅਟੈਚੀ ਕੱਢਿਆ ਅਤੇ ਨਵੀਂ ਕਾਰ 'ਚ ਰੱਖ ਦਿੱਤਾ । ਫ਼ਿਰ ਬੰਗਲੇ ਅਤੇ ਕਾਰ ਦੀ ਚਾਬੀ ਮੇਰੇ ਹੱਥ ਸੋਂਪੀ ਉਸਨੇ ਮੇਹਰ ਨੂੰ ਪਿਆਰ ਕੀਤਾ ਅਤੇ ਮੇਰੇ ਅਤੇ ਵਿਕਾਸ ਨਾਲ ਕਿਸੀ ਅਜਨਬੀਆਂ ਵਾਂਙ ਹੱਥ ਮਿਲਾਇਆ ਅਤੇ ਤੇਜ਼ੀ ਨਾਲ ਸੰਜਵੀਨੀ ਨੂੰ ਆਪਣੀ ਉਂਗਲ ਪਕੜਾ ਕਾਰ ਵਲ ਵੱਧਿਆ ।
ਨਵਯੁਵਤੀ ਨੇ ਡਰਾਈਵਿੰਗ ਸੀਟ ਤੋਂ ਬਾਹਰ ਨਿਕਲ ਕੇ ਸਾਈਡ ਵਾਲੀ ਸੀਟ ਤੇ ਬੈਠ ਕੇ ਸੰਜੀਵਨੀ ਨੂੰ ਗੋਦ 'ਚ ਬਿਠਾ ਲਿਆ । ਅਗਲੇ ਪਲ ਹੀ ਸਾਡੇ ਵਲ ਦੇਖੇ ਬਿਨਾਹ ਤੇਜ਼ੀ ਨਾਲ ਕਾਰ ਵਧਾ ਮਿੰਟਾਂ 'ਚ ਅੱਖਾਂ ਤੋਂ ਓਹਲੇ ਹੋ ਗਿਆ ।
ਮੇਹਰ ਪਾਪਾ ਨੂੰ ਜਾਂਦਾ ਦੇਖ ਉੱਚੀ ਉੱਚੀ ਰੋਣ ਲੱਗ ਗਿਆ । ਉਸਨੂੰ ਰੋਂਦਾ ਦੇਖ ਮੈਂ ਵੀ ਜ਼ਾਰੋ ਜ਼ਾਰ ਰੋਣ ਲੱਗ ਗਈ । ਵਿਕਾਸ ਸਾਨੂੰ ਦੋਵਾਂ ਨੂੰ ਚੁੱਪ ਕਰਾਉਣ ਲਈ ਅੱਗੇ ਵੱਧਿਆ, ਹਮਦਰਦੀ ਮਿਲਣ ਤੇ ਮੇਰਾ ਮਨ ਫ਼ਿਸ ਪਿਆ ਮੈਂ ਉਸਦੇ ਮੋਢੇ ਨਾਲ ਲੱਗ ਕੇ ਚੀਕਾਂ ਮਾਰ ਕੇ ਰੋਣ ਲੱਗੀ। ਵਿਕਾਸ ਨੇ ਮੇਰੇ ਸਿਰ ਨੂੰ ਸਹਿਲਾਇਆ ਅਤੇ ਮੇਰੇ ਮੂੰਹ ਆਪਣੇ ਵਲ ਕਰਦਿਆਂ ਮੇਰੇ ਅਥਰੂਆਂ ਨੂੰ ਚੁੰਮਦੇ ਹੋਏ ਕਿਹਾ , ਜ਼ੀਨੂ!!"ਮੈਂ ਹੂੰ ਨਾ"!!
ਉਸਦੇ ਲਫ਼ਜ਼ਾਂ ਨਾਲ ਜਿੱਥੇ ਮੈਨੂੰ ਹੋਂਸਲਾ ਮਿਲਿਆ ਉੱਥੇ ਮੈਂ ਚੌਂਕ ਵੀ ਗਈ । ਮੈਂ ਜਲਦੀ ਨਾਲ ਆਪਣੇ ਹੰਝੂਆਂ ਨੂੰ ਪੂੰਝਿਆ ਅਤੇ ਮੇਹਰ ਨੂੰ ਚੁੱਕ ਕੇ ਛਾਤੀ ਨਾਲ ਲਗਾਇਆ । ਇੰਨੇ 'ਚ ਵਿਕਾਸ ਆਪਣੀ ਕਾਰ ਮੇਰੇ ਕੋਲਂ ਲੈ ਕੇ ਆਇਆ, ਉਸਨੇ ਮੇਰਾ ਹੱਥ ਪੋਲੇ ਜਿਹੇ ਪਕੜਦੇ ਕਿਹਾ,ਚਲੋ ਜ਼ੀਨੂ!! ਆਉ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਮੈਂ ਉਸਦਾ ਹੱਥ ਛੁਡਾਦਿਆ ਕਿਹਾ, ਵਿਕੂ!!ਮੈਂ ਮੇਹਰ ਨੂੰ ਲੈ ਆਪਣੇ ਘਰ ਜਾਵਾਂਗੀ। ਵਿਕੂ!! ਮੈਨੂੰ ਅਗਲਾ ਪਲ ਜੀਊਣ ਲਈ ਪਿਛਲੇ ਪਲ ਵਿਦਾ ਕਰ ਲੈਣ ਦੇ , ਅਜੇ ਤਾਂ ਉਹ ਨੱਬੇ ਦਿਨ ਹੀ ਮੇਰੇ ਅੰਦਰ ਜੀਊਂਦੇ ਹਨ ।
... ਸਮਾਪਤ ..