ਆਰਿਹਾ ਦੇ ਮਾਤਾ-ਪਿਤਾ ਨੇ ਉਮੀਦ ਪ੍ਰਗਟਾਈ ਹੈ ਕਿ ਭਾਰਤ ਦੇ ਲੋਕਾਂ, ਸੰਸਦ ਮੈਂਬਰਾਂ ਅਤੇ ਸਰਕਾਰ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਜਲਦ ਹੀ ਉਨ੍ਹਾਂ ਦੀ ਬੱਚੀ ਵਾਪਸ ਮਿਲ ਜਾਵੇਗੀ।
ਬੀਬੀਸੀ
ਲਾਈਨ
ਕੀ ਹੈ ਪੂਰਾ ਮਾਮਲਾ?
ਸਤੰਬਰ 2021 ਵਿੱਚ, ਧਰਾ ਸ਼ਾਹ ਨੇ ਆਪਣੀ ਧੀ ਦੇ ਡਾਇਪਰ ਵਿੱਚ ਖੂਨ ਦੇਖਿਆ
ਡਾਕਟਰ ਨੇ ਮੁੱਢਲੀ ਜਾਂਚ ਵਿੱਚ ਕਿਹਾ ਕਿ ਕੁਝ ਵੀ ਗੰਭੀਰ ਨਹੀਂ ਹੈ
ਜਦੋਂ ਧਰਾ ਸ਼ਾਹ ਆਪਣੀ ਧੀ ਨੂੰ ਫਾਲੋ-ਅੱਪ ਲਈ ਲੈ ਕੇ ਗਏ ਤਾਂ ਉਨ੍ਹਾਂ ਨੂੰ ਕਿਸੇ ਵੱਡੇ ਹਸਪਤਾਲ ਵਿੱਚ ਦਿਖਾਉਣ ਦੀ ਸਲਾਹ ਦਿੱਤੀ ਗਈ
ਆਰਿਹਾ ਦੇ ਮਾਪੇ ਗੁਜਰਾਤ ਦੇ ਹਨ
ਸਾਢੇ ਸੱਤ ਮਹੀਨੇ ਦੀ ਆਰਿਹਾ ਸ਼ਾਹ ਨੂੰ ਜਰਮਨ ਚਾਈਲਡ ਲਾਈਨ ਸਰਵਿਸ ਵਿੱਚ ਭੇਜ ਦਿੱਤਾ ਗਿਆ
ਡਾਕਟਰਾਂ ਨੇ ਆਰਿਹਾ ਸ਼ਾਹ ਨਾਲ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਗੱਲ ਕਹੀ
ਇਸ ਤੋਂ ਬਾਅਦ ਆਰਿਹਾ ਸ਼ਾਹ ਨੂੰ ਫੋਸਟਰ ਕੇਅਰ ਵਿੱਚ ਭੇਜ ਦਿੱਤਾ ਗਿਆ
ਜਾਂਚ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਬੱਚੀ ਨਾਲ ਕੋਈ ਜਿਨਸੀ ਸ਼ੋਸ਼ਣ ਨਹੀਂ ਹੋਇਆ ਹੈ
ਸਾਲ 2022 ਵਿੱਚ ਪੁਲਿਸ ਨੇ ਕੇਸ ਬੰਦ ਕਰ ਦਿੱਤਾ
ਪਰ ਚਾਈਲਡ ਲਾਈਨ ਸਰਵਿਸ ਨੇ ਅਦਾਲਤ ਵਿੱਚ ਮਾਪਿਆਂ ਵੱਲੋਂ ਪਾਲਣ-ਪੋਸ਼ਣ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ ਮਾਮਲਾ ਬਰਕਰਾਰ ਰੱਖਿਆ, ਜਿਸ ਦਾ ਮਤਲਬ ਹੈ ਕਿ ਬੱਚੀ ਭਾਵੇਸ਼ ਅਤੇ ਧਰਾ ਸ਼ਾਹ ਨੂੰ ਨਹੀਂ ਜਾ ਸਕਦੀ ਸੀ
ਕੋਰਟ ਨੇ ਆਰਿਹਾ ਦੇ ਮਾਪਿਆਂ ਨੂੰ ਮਨੋਵਿਗਿਆਨੀ ਜਾਂਚ ਕਰਵਾਉਣ ਲਈ ਕਿਹਾ ਹੈ
ਲਾਈਨ

ਆਰਿਹਾ ਦੀ ਮਾਂ ਕੀ ਕਹਿੰਦੀ ਹੈ?
ਆਪਣੀ ਧੀ ਦੇ ਨਾਲ ਧਰਾ
ਤਸਵੀਰ ਸਰੋਤ, DHARA SHAH
ਜਰਮਨੀ ਤੋਂ ਫੋਨ 'ਤੇ ਹੋਈ ਗੱਲਬਾਤ 'ਚ ਧਰਾ ਸ਼ਾਹ ਕਹਿੰਦੇ ਹਨ, ''ਸਾਡਾ ਇਹ ਟੈਸਟ ਇਸ ਲਈ ਕਰਵਾਇਆ ਗਿਆ ਤਾਂ ਜੋ ਇਹ ਪਤਾ ਲੱਗ ਸਕੇ ਕਿ ਅਸੀਂ ਬੱਚੇ ਦੀ ਸਹੀ ਤਰੀਕੇ ਨਾਲ ਦੇਖਭਾਲ ਕਰ ਸਕਦੇ ਹਾਂ ਜਾਂ ਨਹੀਂ। ਮਾਹਿਰ ਨੇ 12 ਮਹੀਨਿਆਂ ਬਾਅਦ ਇਸ ਸਬੰਧੀ ਰਿਪੋਰਟ ਦਿੱਤੀ ਹੈ।''
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੱਚੀ ਨੂੰ ਚਾਈਲਡ ਫੈਸਿਲਿਟੀ ਵਿੱਚ ਰੱਖਣ ਦੀ ਗੱਲ ਕਹੀ ਗਈ, ਜਿਸ ਵਿੱਚ ਮਾਂ ਜਾਂ ਪਿਤਾ ਵਿੱਚੋਂ ਕੋਈ ਇੱਕ ਬੱਚੀ ਦੇ ਨਾਲ ਰਹਿ ਸਕਦਾ ਹੈ ਅਤੇ ਦੂਜਾ ਆ ਕੇ ਬੱਚੀ ਨੂੰ ਮਿਲ ਸਕਦਾ ਹੈ। ਅਸੀਂ ਇਸ ਲਈ ਵੀ ਤਿਆਰ ਹਾਂ।
ਉਹ ਕਹਿੰਦੇ ਹਨ, "ਹਾਲਾਂਕਿ ਤੁਸੀਂ ਇਹ ਸੋਚੋ ਕਿ ਕੀ ਇਹ ਵਿਵਹਾਰਿਕ ਤੌਰ 'ਤੇ ਸੰਭਵ ਹੈ? ਬੱਚੀ ਨੂੰ ਦੋਹਾਂ ਦਾ ਪਿਆਰ ਮਿਲਣਾ ਚਾਹੀਦਾ ਹੈ। ਨਾਲ ਹੀ, ਇਹ ਪਤੀ-ਪਤਨੀ ਦੋਵਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਹੈ।''
ਧਰਾ ਮੁਤਾਬਕ, “ਅਦਾਲਤ ਵਿੱਚ ਚੱਲ ਰਹੀ ਸੁਣਵਾਈ ਵਿੱਚ ਸਿਰਫ ਪਾਲਣ-ਪੋਸ਼ਣ ਦੇ ਹੁਨਰਾਂ 'ਤੇ ਹੀ ਬਹਿਸ ਹੁੰਦੀ ਰਹੀ। ਹਾਲਾਂਕਿ, ਅਜੇ ਤੱਕ ਕੋਈ ਆਰਡਰ ਨਹੀਂ ਆਇਆ ਹੈ ਅਤੇ ਆਰਿਹਾ ਨੂੰ ਸ਼ਪੈਸ਼ਲ ਨੀਡਜ਼ ਫੈਸਿਲਿਟੀ ਵਿੱਚ ਪਾ ਦਿੱਤਾ ਗਿਆ ਹੈ। ਮੈਨੂੰ ਦੱਸੋ ਕਿ ਮੇਰੀ ਬਿਲਕੁਲ ਠੀਕ ਬੱਚੀ ਨੂੰ ਉੱਥੇ ਕਿਉਂ ਰੱਖਿਆ ਗਿਆ ਹੈ।
ਆਰਿਹਾ ਸ਼ਾਹ ਕੋਈ ਅਜਿਹਾ ਬੱਚਾ ਨਹੀਂ ਹੈ ਜਿਸ ਦੀਆਂ ਕੋਈ ਵਿਸ਼ੇਸ਼ ਜ਼ਰੂਰਤਾਂ ਹੋਣ।
ਮਹਾਰਾਸ਼ਟਰ ਦੇ ਸੀਐਮ ਦਾ ਪੱਤਰ
ਤਸਵੀਰ ਸਰੋਤ, DHARA SHAH
ਧਰਾ ਸ਼ਾਹ ਭਰੇ ਲਹਿਜੇ ਵਿੱਚ ਕਹਿੰਦੇ ਹਨ ਕਿ ਇੱਕ ਮਾਂ ਆਪਣੇ ਬੱਚੇ ਨੂੰ ਵੱਡਾ ਹੁੰਦਾ ਦੇਖਣ ਦੀ ਇੱਛਾ ਰੱਖਦੀ ਹੈ ਪਰ ਉਹ ਇਸ ਸਭ ਤੋਂ ਵਾਂਝੇ ਰਹਿ ਰਹੇ ਹਨ।
ਭਰੇ ਹੋਏ ਗਲ਼ੇ ਨਾਲ ਉਹ ਕਹਿੰਦੇ ਹਨ, ''ਮੇਰੀ ਧੀ ਦੋ ਸਾਲ ਦੀ ਹੋ ਚੁੱਕੀ ਹੈ। ਨਾ ਮੈਂ ਉਸ ਦੇ ਮੂੰਹੋਂ ਨਿਕਲਿਆ ਪਹਿਲਾ ਸ਼ਬਦ ਸੁਣਿਆ, ਨਾ ਮੈਂ ਤੁਰਨਾ ਸਿੱਖਣ ਤੋਂ ਪਹਿਲਾਂ ਉਸ ਦਾ ਪਹਿਲਾ ਕਦਮ ਦੇਖਿਆ ਅਤੇ ਨਾ ਹੀ ਉਸ ਦੇ ਦੰਦਾਂ ਦਾ ਆਉਣਾ ਦੇਖਿਆ।''
ਇਸ ਦੇ ਨਾਲ ਹੀ ਧਰਾ ਸ਼ਾਹ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਬੇਟੀ ਨੂੰ ਮਿਲਣ ਜਾਂਦੇ ਹਨ ਤਾਂ ਉਹ ਉਨ੍ਹਾਂ ਨੂੰ ਬਹੁਤ ਪਿਆਰ ਨਾਲ ਮਿਲਦੀ ਹੈ ਪਰ ਇਸ 'ਤੇ ਜਰਮਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਨੂੰ ਸਟ੍ਰੇਂਜਰ ਅਟੈਚਮੈਂਟ ਡਿਸਆਰਡਰ ਹੈ। ਜਿਸ ਦਾ ਮਤਲਬ ਹੈ ਕਿ ਉਸ ਨੂੰ ਅਜਨਬੀਆਂ ਨਾਲ ਲਗਾਵ ਹੁੰਦਾ ਹੈ।
ਅਸੀਂ ਇਸ ਬਾਰੇ ਡਾਕਟਰ ਅਤੇ ਮਨੋਵਿਗਿਆਨੀ ਪੂਜਾ ਸ਼ਿਵਮ ਨਾਲ ਗੱਲਬਾਤ ਕੀਤੀ।
ਉਨ੍ਹਾਂ ਅਨੁਸਾਰ, ਕਈ ਤਰ੍ਹਾਂ ਦੇ ਡਿਸਆਰਡਰ ਹੁੰਦੇ ਹਨ ਪਰ ਜੋ ਦੱਸਿਆ ਜਾ ਰਿਹਾ ਹੈ, ਉਸ ਨੂੰ ਡਿਸਇਨਹਿਬਿਟਿਡ ਸੋਸ਼ਲ ਐਂਗੇਜਮੈਂਟ ਡਿਸਆਰਡਰ ਕਿਹਾ ਜਾਂਦਾ ਹੈ।
ਇਸ 'ਚ ਬੱਚਾ ਕਿਸੇ ਨਾਲ ਭਾਵਨਾਤਮਕ ਤੌਰ 'ਤੇ ਨਹੀਂ ਜੁੜਦਾ ਸਗੋਂ ਅਜਨਬੀਆਂ ਨਾਲ ਤੁਰੰਤ ਘੁਲ਼-ਮਿਲ ਜਾਂਦਾ ਹੈ।
ਪਰ ਧਰਾ ਸ਼ਾਹ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਦੀ ਧੀ ਨੂੰ ਅਜਿਹੀ ਕੋਈ ਸਮੱਸਿਆ ਹੈ।