:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਸਿੱਖ ਨੂੰ ਸਿੱਖ ਮਾਰੇ, ਯਾ ਮਾਰੇ ਕਰਤਾਰ! PRINT ਈ ਮੇਲ
- ਤਰਲੋਚਨ ਸਿੰਘ ਦੁਪਾਲਪੁਰ

ਥੋੜ੍ਹੇ ਦਿਨਾਂ ਤੱਕ ਇਕ ਹੋਰ ਅੱਲੋਕਾਰੀ ਘਟਨਾ ਸਿੱਖ ਇਤਿਹਾਸ ਦੇ ਪੱਤਰਿਆਂ ਵਿਚ ਦਰਜ ਹੋਣ ਜਾ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਬਾ-ਹੈਸੀਅਤ ‘ਗੁਨਾਹਗਾਰ’ ਮੌਜੂਦਾ ਸਿੰਘ ਸਾਹਿਬਾਨ ਅੱਗੇ ਪੇਸ਼ ਹੋਣਗੇ। ਉਨ੍ਹਾਂ ਉਪਰ ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਕ ਵਿਦੇਸ਼ੀ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਦਿਆਂ, ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਦੇ ਬਰਖਿਲਾਫ ਅਪ-ਸ਼ਬਦ ਬੋਲੇ ਹਨ। ਮਿਲੀ ਜਾਣਕਾਰੀ ਮੁਤਾਬਿਕ ਪ੍ਰੋਫੈਸਰ ਸਾਹਿਬ ਵਲੋਂ ਬੋਲੇ ਦੱਸੇ ਜਾਂਦੇ ਇਹ ‘ਅਪ-ਸ਼ਬਦ’ ਨਾ ਤਾਂ ਉਸ ਗੁਰੂ ਘਰ ਵਿਖੇ ਇਕੱਤਰ ਹੋਈ ਸੰਗਤ ਵਿਚੋਂ ਕਿਸੇ ਨੂੰ ਸੁਣੇ ਅਤੇ ਨਾ ਹੀ ਉਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਕੰਨੀਂ ਪਏ। ਇਥੋਂ ਤੱਕ ਕਿ ਇਸ ਸਮਾਗਮ ਦੀ ਵੀਡੀਓਗ੍ਰਾਫੀ ਕਰ ਰਹੇ ਇਕ ਸਿੱਖ ਕੈਮਰਾਮੈਨ ਨੂੰ ਵੀ ਇਹ ‘ਭੈੜੇ ਸ਼ਬਦ’ ਸੁਣਾਈ ਨਾ ਦਿੱਤੇ! ਵੱਡੇ ਸਿਤਮ ਦੀ ਗੱਲ ਹੈ ਕਿ ਇੰਨੀਆਂ ਅੱਖਾਂ ਅਤੇ ਇੰਨੇ ਕੰਨਾਂ ਦੀ ਪਰਖ-ਪੜਚੋਲ ਵਿਚ ਨਾ ਆਉਣ ਵਾਲੇ ਇਹ ਬੁਰੇ ਸ਼ਬਦ ਇਕ ਹੋਰ ‘ਪ੍ਰਸਿੱਧ ਸਿੱਖ ਵਿਦਵਾਨ’ ਦੇ ਨਜ਼ਰੀਂ ਪੈ ਗਏ। ਦੱਸਿਆ ਜਾਂਦਾ ਹੈ ਕਿ ਇਸ ਬੁੱਧੀਜੀਵੀ ਪ੍ਰਚਾਰਕ ਨੇ ‘ਮਹਾਨ ਪਰਉਪਕਾਰ’ ਇਹ ਕੀਤਾ ਕਿ ਉਸਨੇ ਕੀਰਤਨ ਸਮਾਗਮ ਦੀ ‘ਸੀ.ਡੀ.’ ਕੈਮਰਾਮੈਨ ਪਾਸੋਂ ਲੈ ਕੇ, ਇਸਦੀ ਕਾਂਟ-ਛਾਂਟ ਆਪਣੀ ‘ਲੋੜ ਅਨੁਸਾਰ’ ਕਰ ਲਈ। ਕਿਉਂਕਿ ‘ਦਸਮ ਗ੍ਰੰਥ’ ਦੇ ਮੁੱਦੇ ਬਾਬਤ ਇਹ ਬੁੱਧੀਜੀਵੀ, ਪ੍ਰੋਫੈਸਰ ਸਾਹਿਬ ਨਾਲੋਂ ਭਿੰਨ ਵਿਚਾਰ ਰੱਖਦਾ ਹੈ।
ਸੋ ਇਸ ਸ੍ਰੀਮਾਨ ਨੂੰ ‘ਸੁਨਹਿਰੀ ਮੌਕਾ’ ਹੱਥ ਲੱਗ ਗਿਆ। ਬਜਾਏ ਇਸਦੇ ਕਿ ਆਪਣੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਇਹ ਪ੍ਰਚਾਰਕ ਜੀ, ਪ੍ਰੋਫੈਸਰ ਸਾਹਿਬ ਨਾਲ ਕਿਤੇ ਇਕਾਂਤ ਵਿਚ ਬੈਠ ਕੇ ਪਰਦੇ ਨਾਲ ਗੱਲਬਾਤ ਕਰ ਲੈਂਦਾ, ਇਸਨੇ ਕੀਰਤਨ ਦੀ ਸਮੁੱਚੀ ਸੀ।ਡੀ। ’ਚੋਂ ਕੱਟ ਵੱਢ ਕਰਕੇ ਬਣਾਈ ਹੋਈ ਸੀ.ਡੀ., ਆਪਣੇ ਟੀ.ਵੀ. ਚੈਨਲ ’ਤੇ ਲੋਕਾਂ ਨੂੰ ਦਿਖਾ ਕੇ, ਇਹ ਸਾਬਤ ਕਰਨ ਦਾ ਯਤਨ ਕੀਤਾ ਕਿ ਦਸਮੇਸ਼ ਗੁਰੂ ਜੀ ਦੇ ਅਦਬ ਦਾ ਕੇਵਲ ਮੈਨੂੰ ਹੀ ਪਤਾ ਹੈ, ਸੁਸ਼ੀਲ ਮੁਨੀਆਂ ਅਤੇ ਬਾਬੇ ਆਮਟੇ ਵਰਗਿਆਂ ਨੂੰ ਚੁੱਪ ਕਰਾਉਣ ਵਾਲੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਗੁਰੂ ਸਾਹਿਬ ਦੀ ਅਜ਼ਮਤ ਦਾ ਨਹੀਂ ਪਤਾ।
ਸਿੱਟਾ ਇਹ ਨਿਕਲਿਆ ਕਿ ਟੀ.ਵੀ. ਤੋਂ ਪ੍ਰਸਾਰਿਤ ਹੋਈ ਇਹ ਸੀ.ਡੀ. ਦੇਖ ਸੁਣ ਕੇ, ਪ੍ਰੋਫੈਸਰ ਸਾਹਿਬ ਅਤੇ ਉਕਤ ਪ੍ਰਚਾਰਕ ਦੀ ਵਿਦਵਦਾ ਤੋਂ ਕਾਇਲ ਹੋਏ ਸਰੋਤੇ ਪੈ ਗਏ ਭੰਬਲਭੂਸੇ ਵਿਚ! ਦੋਵੇਂ ਚੋਟੀ ਦੇ ਵਿਦਵਾਨ! ਇੱਕ ਦੀ ਸਾਰੀ ਉਮਰ ਬੀਤ ਚੱਲੀ ਹੈ ਕੀਰਤਨ ਕਰਦਿਆਂ, ਦੁਨੀਆਂ ਭਰ ਵਿਚ ਸਿੱਖ ਫਲਸਫੇ ਦਾ ਪ੍ਰਚਾਰ ਕਰਦਿਆਂ ਅਤੇ ਦੂਸਰਾ ਬੁੱਧੀਜੀਵੀ ਮਹਾਨ ਲੇਖਕ ਅਤੇ ਬਾ-ਦਲੀਲ ਬੁਲਾਰਾ!! ਸਰੋਤੇ ਕਿੱਦਾਂ ਅਤੇ ਕੀ ਨਿਰਣਾ ਕਰਨ? ਕਿਸ ਨੂੰ ਸੱਚਾ ਮੰਨਣ ਤੇ ਕਿਸ ਨੂੰ ਕਸੂਰਵਾਰ? ਸਿੱਖ ਪੰਥ ਦੀ ਸਰਵ ਉੱਚ ਪਦਵੀ ’ਤੇ ਬਿਰਾਜਮਾਨ ਰਿਹਾ ਕੋਈ ਜਥੇਦਾਰ, ਗੁਰੂ ਸਾਹਿਬ ਪ੍ਰਤੀ ਅਜਿਹੇ ਬਚਨ ਕਿਵੇਂ ਕਹਿ ਸਕਦਾ ਹੈ?
ਅਜਿਹੇ ਸਵਾਲਾਂ ਤੋਂ ਸ਼ਸ਼ੋਪੰਜ ਵਿਚ ਪਏ ਦੋਹਾਂ ਵਿਦਵਾਨਾਂ ਦੇ ਉਪਾਸ਼ਕ, ਹਾਲੇ ਅੰਤਰ-ਆਤਮੇ ਵਿਚਾਰ-ਮੰਥਨ ਹੀ ਕਰ ਰਹੇ ਸਨ ਕਿ ਟੀ.ਵੀ. ਪ੍ਰਚਾਰਕ ਨੇ ‘ਉਦਮ ਕਰਕੇ’ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੁੱਜਦਾ ਕਰ ਦਿੱਤਾ। ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਈ। ਸਿੱਖ ਪੰਥ ਦੀਆਂ ਕੇਂਦਰੀ ਸੰਸਥਾਵਾਂ ਉੱਪਰ ਮਜ਼ਬੂਤ ਪਕੜ ਬਣਾਈ ਬੈਠੀ ਧਿਰ, ਪਹਿਲੋਂ ਹੀ ਪ੍ਰੋਫੈਸਰ ਸਾਹਿਬ ਤੋਂ ਖਫਾ ਹੋਈ ਬੈਠੀ ਸੀ। ਕਿਉਂਕਿ ਪ੍ਰੋਫੈਸਰ ਸਾਹਿਬ, ਦਿੱਲੀ ਵਾਲੇ ਜਥੇਦਾਰ ਸਰਨਾ ਸਾਹਿਬ ਦੇ ਨਿਕਟ ਸਨੇਹੀ ਹਨ। ਜਥੇਦਾਰ ਸਰਨਾ, ਬਾਦਲਸ਼ਾਹੀ ਨੂੰ ਫੁੱਟੀ ਅੱਖ ਨਹੀਂ ਭਾਉਂਦਾ। ਸੋ, ਪ੍ਰੋ. ਦਰਸ਼ਨ ਸਿੰਘ ਵਲੋਂ ਕੀਤੇ ਗਏ ਉਕਤ ਕੀਰਤਨ ਸਮਾਗਮ ਦੀ ਸਹੀ ਅਤੇ ਪੂਰੀ ਸੀ.ਡੀ. ਚੁੱਕੀ ਫਿਰਦੇ ਸਿੱਖ ਪਤਵੰਤਿਆਂ ਦੀ ਕਿਸੇ ਨੇ ਇਕ ਨਹੀਂ ਸੁਣੀ! ਬੜੀ ਸਖ਼ਤ ਭਾਸ਼ਾ ਵਾਲਾ ਹੁਕਮਨਾਮਾ ਜਾਰੀ ਹੋ ਗਿਆ। ਦੂਜੇ ਸ਼ਬਦਾਂ ਵਿਚ ਕਹਿ ਲਓ-ਪ੍ਰੋ. ਦਰਸ਼ਨ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰ ਲਿਆ ਗਿਆ।
ਯਾਦ ਰਹੇ ਇਸ ਤੋਂ ਪਹਿਲਾਂ ਵੀ ਇਕ ਪ੍ਰੋਫੈਸਰ, ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਇਕ, ਪ੍ਰੋ. ਗੁਰਮੁਖ ਸਿੰਘ ਨੂੰ ਹੁਕਮਨਾਮੇ ਦੁਆਰਾ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ। ਕਈ ਦਹਾਕਿਆਂ ਬਾਅਦ ਵਿਸ਼ਵ ਸਿੱਖ ਸੰਮੇਲਨ ਮੌਕੇ ‘ਭੁੱਲ’ ਸਵੀਕਾਰਦਿਆਂ ਇਸ ਪ੍ਰੋਫੈਸਰ ਨੂੰ ਤਾਂ ਪੰਥ ਵਿਚ ਮੁੜ ਸ਼ਾਮਲ ਕਰ ਲਿਆ ਗਿਆ ਸੀ। ਪ੍ਰੰਤੂ ਹੁਣ ਵਾਲੇ ‘ਪ੍ਰੋਫੈਸਰ’ ਨਾਲ ਕੀ, ਕਿਵੇਂ ਅਤੇ ਕਿੱਦਾਂ ਬੀਤਦੀ ਹੈ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਸ ਐਪੀਸੋਡ ’ਤੇ ਸਰਸਰੀ ਨਜ਼ਰ ਮਾਰਿਆਂ ਇਹ ਸਪਸ਼ਟ ਭਾਸਰਦਾ ਹੈ ਕਿ ਸੀ.ਡੀ. ਮਸਲੇ ਨੂੰ ਤੀਲ੍ਹੀ ਲਾ ਕੇ ‘ਲਾਂਬੂ ਲਾਉਣ’ ਵਾਲੀ ਧਿਰ ਦੇ ਮਨ ਵਿਚ ਕਿਤੇ ਨਾ ਕਿਤੇ ‘ਵਿਦਵਤਾ ਦੀ ਹਉਮੈ’ ਝਲਕਦੀ ਹੈ। ਕੀ ਕੋਈ ਆਪਣੀਆਂ ਧੀਆਂ-ਭੈਣਾਂ ਜਾਂ ਆਪਣੇ ਪਰਿਵਾਰ ਦੀ ਇੱਜ਼ਤ ਦੀਆਂ ਰਾਜ਼ ਵਾਲੀਆਂ ਗੱਲਾਂ ਨੂੰ ਟੀ.ਵੀ. ’ਤੇ ਨਸ਼ਰ ਕਰੇਗਾ? ਜੇ ਅਜਿਹਾ ਹਰਗਿਜ਼ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਸਾਡੇ ਦੀਨ ਦੁਨੀ ਦੇ ਵਾਲੀ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਅਦਬ-ਅਦਾਬ ਬਾਰੇ ਜੱਗ-ਹਸਾਈ ਕਿਉਂ ਕੀਤੀ ਗਈ? ਸਿੱਖਾਂ ਦੀ ਕਿਸ਼ਤੀ ਤਾਂ ਪਹਿਲਾਂ ਹੀ ਬਾਹਰੀ ਤੂਫਾਨਾਂ ਨਾਲ ਘਿਰੀ ਹੋਈ ਹੈ, ਹੁਣ ਇਸਦੀ ਹਾਲਤ ਇਸ ਸ਼ਿਅਰ ਵਰਗੀ ਕਿਉਂ ਬਣਾਈ ਜਾ ਰਹੀ ਹੈ;
ਗ਼ਰ ਤੂਫ਼ਾਂ ਹੋ ਦਰੀਆ ਮੇਂ
ਤੋ ਬਨ ਜਾਤੀ ਹੈਂ ਤਦਬੀਰੇਂ।
ਗ਼ਰ ਤੂਫ਼ਾਂ ਹੋ ਕਸ਼ਤੀ ਮੇਂ
ਤੋ ਮਿਟ ਜਾਤੀ ਹੈਂ ਤਕਦੀਰੇਂ!
ਹੋਰਨਾਂ ਨੂੰ ਸਹਿਣਸ਼ੀਲਤਾ, ਪਰਸਪਰ ਪਿਆਰ ਅਤੇ ਏਕਤਾ ਦੇ ਉਪਦੇਸ਼ ਦੇਣ ਵਾਲੇ ਬੁੱਧੀਜੀਵੀ ਪ੍ਰਚਾਰਕ, ਖੁਦ ਇਸ ਹੱਦ ਤੱਕ ਚਲੇ ਜਾਂਦੇ ਹਨ ਕਿ ਉਨ੍ਹਾਂ ਦੇ ਪ੍ਰਸੰਸਕ ਜਾਂ ਸ਼ੁਭਚਿੰਤਕ ਮੂੰਹ ’ਚ ਉਂਗਲਾਂ ਦੇ ਕੇ ਹੈਰਤ ਨਾਲ ਤੱਕਦੇ ਰਹਿ ਜਾਂਦੇ ਹਨ। ਜਦ ਅੱਗੇ ਹਨੇਰੀ ਰਾਤ ਆ ਰਹੀ ਹੋਵੇ ਤਾਂ ਬੀਤੇ ਦਿਨ ਦੇ ਚਾਨਣ ਵੇਲੇ ਦੀਆਂ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਹਨ। ਇੱਥੇ ਮੈਂ ਆਪਣੇ ਇਲਾਕੇ ਦੇ ਤਿੰਨ ਵੱਖ-ਵੱਖ ਭੇਖਾਂ ਦੇ ਸਾਧੂਆਂ ਦੇ ਵਿਹਾਰ ਸਬੰਧੀ ਲਿਖ ਰਿਹਾ ਹਾਂ ਜੋ ਕਿ ਆਪੋ ਵਿਚੀਂ ਵਿਚਾਰਾਂ ਦੀ ਅਸਮਾਨਤਾ ਦੇ ਹੁੰਦਿਆਂ ਵੀ, ਕਦੇ ਲੜ-ਲੜਾਈ ਵਿਚ ਨਹੀਂ ਸਨ ਫਸੇ। ਸਾਡੇ ਲਾਗਲੇ ਪਿੰਡ ਅਸਮਾਨਪੁਰ ਦੇ ਉਦਾਸੀ ਸਾਧੂ ਸਨ ਸੰਤ ਜਵਾਹਰ ਦਾਸ। ਚਾਰ ਕੁ ਮੀਲਾਂ ਦੀ ਵਿੱਥ ’ਤੇ ਸਥਿੱਤ ਪਿੰਡ ਰਾਮ ਰਾਇਪੁਰ ਦੇ ਨਿਰਮਲੇ ਸੰਤ ਸਨ ਬਾਬਾ ਹਰੀ ਸਿੰਘ। ਤੀਜੇ ਸਨ ਪਿੰਡ ਅਲਾਚੌਰ ਦੇ ਸੰਤ ਬਾਬਾ ਖੇਮ ਸਿੰਘ ਜੋ ਅੰਮ੍ਰਿਤਧਾਰੀ ਰਹਿਤ-ਬਹਿਤ ਵਿਚ ਪੂਰਨ ਪਰਪੱਕ ਜੀਵਨ ਵਾਲੇ ਸਾਧੂ ਸਨ। ਇਨ੍ਹਾਂ ਤਿੰਨਾਂ ਦਾ ਸਾਡੇ ਇਲਾਕੇ ਵਿਚ ਬਹੁਤ ਮਾਣ ਸਤਿਕਾਰ ਸੀ। ਆਲੇ-ਦੁਆਲੇ ਦੇ ਹੋਰਨਾਂ ਪਿੰਡਾਂ ਵਾਂਗ ਇਹ ਸਾਡੇ ਪਿੰਡ ਵਿਚ ਵੀ ਅਕਸਰ ਦੀਵਾਨ ਸਜਾਇਆ ਕਰਦੇ ਸਨ। ਇਸ ਤੋਂ ਇਲਾਵਾ ਇਹ ਸਾਡੇ ਪਿੰਡ ਵਿਚ ਹੁੰਦੇ ਅਖੰਡ ਪਾਠ ਜਾਂ ਸਹਿਜ ਪਾਠ ਦੇ ਭੋਗਾਂ ’ਤੇ ਪਹੁੰਚ ਕੇ ਕਥਾ-ਵਿਖਿਆਨ ਕਰਦੇ ਹੁੰਦੇ ਸਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸੰਤ ਜਵਾਹਰ ਦਾਸ ਤਾਂ ਪੈਦਲ ਤੁਰ ਕੇ ਹੀ ਸਾਡੇ ਪਿੰਡ ਆ ਜਾਂਦੇ ਸਨ। ਜਦਕਿ ਬਾਬਾ ਹਰੀ ਸਿੰਘ ਹਰੇ ਰੰਗ ਦੇ ‘ਐਟਲਸ ਸਾਈਕਲ’ ਤੇ। ਅਲਾਚੌਰੀਏ ਸੰਤ ਪਾਠੀ ਸਿੰਘਾਂ ਦੇ ਸਾਈਕਲਾਂ ਪਿੱਛੇ ਬਹਿ ਕੇ ਇੱਧਰ-ਉਧਰ ਆਇਆ-ਜਾਇਆ ਕਰਦੇ ਸਨ। ਗੇਰੂਏ ਰੰਗ ਦੀ ਪੱਗ, ਚੋਲਾ ਅਤੇ ਧੋਤੀ ਪਹਿਨ ਕੇ ਰੱਖਦੇ ਸੰਤ ਜਵਾਹਰ ਦਾਸ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਹਿ ਕੇ ‘ਹਰੀਓਮ’ ਆਖਦਿਆਂ ਕਥਾ ਅਰੰਭ ਕਰਦੇ। ਉਹ ਬਾਣੀ ਪੜ੍ਹਨ ਲੱਗਿਆਂ ਹਮੇਸ਼ਾ ‘ਇਕ ਓਂਕਾਰ’ ਕਹਿਣ ਦੀ ਥਾਂ ਪੰਡਤਾਊ ਅੰਦਾਜ਼ ਨਾਲ ‘ਇਕ ਓਮ’ ਹੀ ਕਹਿੰਦੇ ਹੁੰਦੇ ਸਨ। ਇਸ ਤੋਂ ਇਲਾਵਾ ਉਹ ਵਖਿਆਨ ਕਰਦਿਆਂ ਸਦਾ ਹੀ ਮਹਾਂਭਾਰਤ ਜਾਂ ਰਾਮਾਇਣ ਦੀਆਂ ਕਥਾਵਾਂ ਸੁਣਾਉਂਦੇ ਰਹਿੰਦੇ। ਕਦੇ ਕਦਾਈਂ ਕੋਈ ਸਿੱਖ ਇਤਿਹਾਸ ਦੀ ਨਾਂ-ਮਾਤਰ ਗੱਲ ਵੀ ਕਰ ਜਾਂਦੇ। ਕੌਰਵਾਂ-ਪਾਂਡਵਾਂ ਅਤੇ ਹਿੰਦੂ ਮੱਤ ਦੇ ਹੋਰ ਦੇਵੀ ਦੇਵਤਿਆਂ ਦੇ ਨਾਂ ਲੈ ਲੈ ਕੇ, ਉਹ ਕੰਨਰਸ ਭਰਪੂਰ ਕਥਾ ਕਰਦੇ ਹੁੰਦੇ ਸਨ। ਇਸਦੇ ਉਲਟ ਸੰਤ ਹਰੀ ਸਿੰਘ ਰਲਵੀਂ-ਮਿਲਵੀਂ ਜਿਹੀ ਕਥਾ ਕਰਕੇ ਸਰੋਤਿਆਂ ਨੂੰ ਪ੍ਰਸੰਨ ਕਰਦੇ ਸਨ। ਉਹ ਭਗਵੀਂ ਦਸਤਾਰ ਨਾਲ ਕੁੜਤਾ ਪਜ਼ਾਮਾ ਪਹਿਨ ਕੇ ਰੱਖਦੇ ਸਨ। ਕਥਾ ਇਹ ਵੀ ਗੁਰ ਸ਼ਬਦ ਦੀ ਹੀ ਬੜੇ ਰਸਿਕ ਲਹਿਜ਼ੇ ਵਿਚ ਕਰਦੇ ਹੁੰਦੇ ਸਨ। ਅਲਾਚੌਰ ਵਾਲੇ ਸੰਤ ਖੇਮ ਸਿੰਘ ਹੁਣੀਂ ਬਹੁਤ ਹੀ ਪ੍ਰੇਮ ਭਾਵਨਾ ਨਾਲ ਦਸ ਗੁਰੂ ਸਾਹਿਬਾਨ ਅਤੇ ਹੋਰ ਸਮੂਹ ਸਿੱਖ ਸ਼ਹੀਦਾਂ ਦੀਆਂ ਗਾਥਾਵਾਂ, ਕਥਾ ਦੌਰਾਨ ਸੁਣਾਇਆ ਕਰਦੇ ਸਨ। ਇਹ ਬਾਬਾ ਜੀ ਗੂੜ੍ਹੀ ਨੀਲੀ ਦਸਤਾਰ, ਲੰਬਾ ਚੋਲਾ ਤੇ ਉੱਪਰੋਂ ਦੀ ਸ੍ਰੀ ਸਾਹਿਬ ਪਹਿਨ ਕੇ ਰੱਖਦੇ ਸਨ। ਮੈਨੂੰ ਚੇਤਾ ਹੈ, ਜਦੋਂ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੁਣਾਇਆ ਕਰਦੇ ਸਨ ਤਾਂ ਇਨ੍ਹਾਂ ਦਾ ਆਪਣਾ ਵੀ ਗੱਚ ਭਰ ਆਉਂਦਾ ਸੀ ਤੇ ਅੱਗੇ ਬੈਠੀ ਸੰਗਤ ਵਿਚ ਵੀ ਬਹੁਤੇ ਜਣੇ ਅੱਖਾਂ ਪੂੰਝਦੇ ਹੁੰਦੇ ਸਨ। ਕਥਾ ਦੀ ਸਮਾਪਤੀ ‘ਤੇ ਗਲ ਵਿਚ ਪੱਲਾ ਪਾ ਕੇ ਬੜੇ ਹੀ ਮਾਰਮਿਕ ਸ਼ਬਦਾਂ ਰਾਹੀਂ ਸਰੋਤਿਆਂ ਨੂੰ ਅੰਮ੍ਰਿਤਪਾਨ ਕਰਨ ਲਈ ਪ੍ਰੇਰਦੇ ਹੁੰਦੇ ਸਨ। ਪੂਰੇ ਇਲਾਕੇ ਵਾਂਗ ਹੀ ਸਾਡੇ ਪਿੰਡ ਵਿਚ ਵੀ ਇਨ੍ਹਾਂ ਤਿੰਨਾਂ ਦੀ ਮਹਾਨਤਾ ਲੱਗਭਗ ਬਰਾਬਰ ਹੀ ਹੁੰਦੀ ਸੀ। ਪਿੰਡ ਦੇ ਬਜ਼ੁਰਗ ਗੱਲਾਂ ਕਰਦੇ ਹੁੰਦੇ ਸਨ ਕਿ ਸੰਨ 63-64 ਵਿਚ ਸਾਡੇ ਲਾਗਲੇ ਪਿੰਡ ਸਹਾਬਪੁਰ ਵਿਖੇ ਅਲਾਚੌਰੀਏ ਸੰਤਾਂ ਨੇ ਹੋਰ ਪੰਥਕ ਸਾਧੂਆਂ ਸਮੇਤ, ਉਦਾਸੀ ਸੰਤ ਜਵਾਹਰ ਦਾਸ ਨਾਲ ਕਈ ਦਿਨ ਲੰਬੀ ਵਿਚਾਰ-ਗੋਸ਼ਟੀ ਕੀਤੀ ਸੀ ਕਿ ‘ਇੱਕ ਓਮ’ ਉਚਾਰਣ ਗਲਤ ਹੈ। ਸਹੀ ਉਚਾਰਣ ‘ਇੱਕ ਓਅੰਕਾਰ’ ਹੀ ਹੈ। ਲੇਕਿਨ ਸੰਤ ਜਵਾਹਰ ਦਾਸ, ਪੰਥਕ ਸਾਧੂਆਂ ਨਾਲ ਸਹਿਮਤ ਨਹੀਂ ਸਨ ਹੋਏ। ਉਹ ਅਖੀਰ ਵੇਲੇ ਤੱਕ ‘ਇੱਕ ਓਮ’ ਹੀ ਕਹਿੰਦੇ ਰਹੇ। ਇਸਦੇ ਬਾਵਜੂਦ ਇਨ੍ਹਾਂ ਤਿੰਨਾਂ ਬਾਬਿਆਂ ਨੇ ਕਦੇ ਆਪਸੀ ਖਹਿਬਾਜੀ ਦੀ ਗੱਲ ਨਹੀਂ ਸੀ ਕੀਤੀ। ਨਾ ਹੀ ਕਥਾਵਾਰਤਾ ਕਰਦਿਆਂ ਇਨ੍ਹਾਂ ਕਦੇ ਇਕ ਦੂਜੇ ਦਾ ਖੰਡਨ-ਮੰਡਨ ਹੀ ਕੀਤਾ ਸੀ। ਕੱਟੜ ਸਿੰਘਸਭੀਏ ਵਿਚਾਰਾਂ ਵਾਲੇ ਮੇਰੇ ਪਿਤਾ ਜੀ ਨੇ ਇੱਕ ਦਫਾ ਸਾਡੇ ਗਵਾਂਢ ’ਚ ਹੋਏ ਸਮਾਗਮ ਮੌਕੇ, ਕਥਾ ਸਮਾਪਤ ਕਰ ਹਟੇ ਅੰਮ੍ਰਿਤਧਾਰੀ ਸੰਤ ਖੇਮ ਸਿੰਘ ਅਲਾਚੌਰ ਵਾਲਿਆਂ ਨੂੰ ਆਖਿਆ- ਜਬਾਬਾ ਜੀ ਤੁਸੀਂ ਹਮੇਸ਼ਾ ਗੁਰਮਤਿ ਦੇ ਅਸੂਲਾਂ ਦੀ ਕਥਾ-ਵਿਆਖਿਆ ਹੀ ਕਰਦੇ ਹੋ। ਪਰ ਸੰਤ ਜਵਾਹਰ ਦਾਸ, ਗੁਰਮਤਿ ਘੱਟ ’ਤੇ ਹਿੰਦੂ ਮਤਿ ਜ਼ਿਆਦਾ ਸੁਣਾਉਂਦੇ ਰਹਿੰਦੇ ਹਨ। ‘‘ਇਹ ਗੱਲ ਸੁਣ ਕੇ ਬਾਬਾ ਖੇਮ ਸਿੰਘ ਨੇ ਅਤਿ-ਹਲੀਮੀ ਨਾਲ ਜਿਹੜਾ ਉੱਤਰ ਦਿੱਤਾ ਉਹ ਮੇਰੇ ਦਿਲ ’ਤੇ ਉੱਕਰਿਆ ਪਿਆ ਹੈ! ਮੇਰੇ ਬਾਪ ਦੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਲੈ ਕੇ ਉਹ ਆਜਜ਼ੀ ਨਾਲ ਬੋਲੇ- ਜਗਿਆਨੀ ਜੀ, ਉਹ ਮਹਾਂ-ਪੁਰਖ ਜਿੰਨੀ ਕੁ ਵੀ ਗੁਰਮਤਿ ਦੀ ਗੱਲ ਕਰਨ, ਉਹ ਪੱਲੇ ਬੰਨ੍ਹ ਲਿਆ ਕਰੋ, ਬਾਕੀ ਦੀ ਭਾਈ ਉਥੇ ਹੀ ਛੱਡ ਦਿਆ ਕਰੋ!’’ ਸੀਨੇ ਵਿਚ ਸਾਂਭੀ ਪਈ ਇਸ ਅਰਥ-ਭਰਪੂਰ ਵਾਰਤਾ ਨੂੰ ਜਦ ਮੈਂ ਅੱਜ ਦੇ ਪ੍ਰਸੰਗ ਵਿਚ ਕਿਆਸਦਾ ਹਾਂ, ਤਾਂ ਮੈਂ ਸੋਚਦਾਂ ਕਿ ਜੇ ਬਾਬਾ ਖੇਮ ਸਿੰਘ ਹੁਣ ਦੇ ਸੰਤਾਂ-ਪ੍ਰਚਾਰਕਾਂ ਜਿਹੇ ਹੁੰਦੇ ਤਾਂ ਮੇਰੇ ਬਾਪ ਨੂੰ ਜਰੂਰ ਇੰਜ ਕਹਿੰਦੇ- ਜਗਿਆਨੀ, ਮੈਨੂੰ ਉਸ ਪਖੰਡੀ ਸਾਧ ਦੀ ਕਥਾ ਦੀ ਕੋਈ ਸੀ.ਡੀ. ਲਿਆ ਦੇ, ਬੱਸ ਫਿਰ ਮੈਂ ਜਾਣਾ ਮੇਰੇ ਕੰਮ ਜਾਣੇ! ...ਉਹਦਾ ਤਾਂ ਐਸਾ ‘ਮੱਕੂ ਠੱਪਾਂਗਾ ਕਿ ਤੁਹਾਡੇ ਪਿੰਡ ਵਲ ਨੂੰ ਮੂੰਹ ਨਹੀਂ ਕਰ ਸਕੇਗਾ!!’’ ...ਜ਼ਿਕਰ ਆਉਂਦੈ ਕਿ ਇਕ ਪੰਜਾਬੀ ਕਿੱਸੇ ਦੀ ਨਾਇਕਾ ‘ਸਾਹਿਬਾਂ’ ਨੇ ਕਿਸੇ ਪੀਰ ਪਾਸੋਂ ਮੰਗ ਮੰਗੀ ਸੀ, ਅਖੇ ਗਲੀਆਂ ਹੋਵਣ ਸੁੰਨੀਆਂ ਵਿਚ ਮਿਰਜ਼ਾ ਯਾਰ ਫਿਰੇ! ‘ਵੈਸੇ ਤਾਂ ਸਮੇਂ ਦੀ ’ਵਾ ਹੀ ਐਸੀ ਵਗ ਰਹੀ ਹੈ ਕਿ ਹਰ ਕੋਈ ਈਰਖਾ ਸਾੜੇ ਨਾਲ ਗ੍ਰਸਿਆ ਫਿਰਦਾ ਹੈ। ਪਰ ਸਿੱਖ ਵਿਦਵਾਨਾਂ, ਲੇਖਕਾਂ ਪ੍ਰਚਾਰਕਾਂ ਅਤੇ ਰਾਗੀਆਂ ਦੀ ਸ਼੍ਰੇਣੀ, ਹਉਮੈ ਅਤੇ ਖੁਦਗਰਜ਼ੀ ਨਾਲ ਵਧੇਰੇ ਹੀ ਮਦਮਸਤ ਹੋਈ ਪਈ ਹੈ। ਕਿਸੇ ਬਾਹਰਲੇ ਦੁਸ਼ਮਣ ਦੀ ਕੋਈ ਲੋੜ ਹੀ ਨਹੀਂ ਪੈਂਦੀ, ਅਸੀਂ ਆਪੇ ਹੀ ਇਕ ਦੂਸਰੇ ਵਲ ਤੀਰ ਚਿਲੇ ਚਾੜ੍ਹੇ ਹੋਏ ਹਨ। ਹੁਣ ਦੀ ਪ੍ਰੋ. ਦਰਸ਼ਨ ਸਿੰਘ ਵਾਲੀ ਮਿਸਾਲ ਹੀ ਲੈ ਲਉ, ਉਨ੍ਹਾਂ ਦੀ ਜ਼ੁਬਾਨਬੰਦੀ ਕਰਾਉਣ ਲਈ, ਅੱਡੀ ਚੋਟੀ ਦਾ ਜੋਰ ਲਾਉਣ ਵਾਲੇ, ਕੋਈ ਬੋਧੀ, ਮੁਸਲਮਾਨ ਜਾਂ ਇਸਾਈ ਨਹੀਂ ਹਨ, ਸਗੋਂ ਸਾਡੇ ‘ਆਪਣੇ’ ਹੀ ਕਿਸੇ ਦੇ ਹੱਥ-ਠੋਕੇ ਬਣ ਕੇ ਸਿੱਖ ਕੌਮ ਦੀਆਂ ਗਲੀਆਂ ਸੁੰਨੀਆਂ ਕਰਨ ਦੀ ‘ਸੇਵਾ’ ਵਿਚ ਜੁਟੇ ਹੋਏ ਹਨ। ਅਕਸਰ ਬਜ਼ੁਰਗ ਕਿਹਾ ਕਰਦੇ ਨੇ-‘ਸਿੱਖ ਨੂੰ ਸਿੱਖ ਮਾਰੇ, ਯਾ ਮਾਰੇ ਕਰਤਾਰ!’ ਸਾਡੇ ਕਾਰੇ ਦੇਖ ਕੇ ਕਰਤਾਰ ਵੀ ਰੁੱਸ ਗਿਆ ਜਾਪਦਾ ਹੈ!!
 
< Prev   Next >

Advertisements

Advertisement
Advertisement
Advertisement
Advertisement
Advertisement