G20 Summit : ਅੱਤਵਾਦ ਦਾ ਕੋਈ ਵੀ ਰੂਪ ਪ੍ਰਵਾਨ ਨਹੀਂ |
|
|
ਨਵੀਂ ਦਿੱਲੀ, -10ਸਤੰਬਰ-(MDP)- ਭਾਰਤ ਦੀ ਪ੍ਰਧਾਨਗੀ ’ਚ ਜੀ-20
ਸਮੂਹ ਨੇ ਅੱਤਵਾਦ ਦੇ ਸਾਰੇ ਰੂਪਾਂ ਦੀ ਨਿੰਦਾ ਕੀਤੀ ਅਤੇ ਅੱਤਵਾਦੀ ਸਮੂਹਾਂ ਨੂੰ
ਸੁਰੱਖਿਅਤ ਪਨਾਹਗਾਹ ਅਤੇ ਭੌਤਿਕ ਜਾਂ ਸਿਆਸੀ ਸਮਰਥਨ ਤੋਂ ਵਾਂਝੇ ਕਰਨ ਦੇ ਲਈ ਕੌਮਾਂਤਰੀ
ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਐਲਾਨ ਪੱਤਰ ’ਚ ਕਿਹਾ ਗਿਆ ਹੈ ਕਿ ਅੱਤਵਾਦ ਦੀ ਕੋਈ ਵੀ
ਕਾਰਵਾਈ ਅਪਰਾਧਿਕ ਅਤੇ ਅਣਉਚਿਤ ਹੈ, ਭਾਵੇਂ ਅਜਿਹੀ ਕਾਰਵਾਈ ਕਿੱਤੇ ਵੀ ਵਾਪਰੀ ਹੋਵੇ
ਅਤੇ ਕਿਸੇ ਨੇ ਵੀ ਕੀਤੀ ਹੋਵੇ।
ਏ.ਆਈ. ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚਾ
ਜੀ-20 ਦੇ ਨੇਤਾਵਾਂ ਨੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ
ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਲਈ ਅੰਤਰਰਾਸ਼ਟਰੀ ਪ੍ਰਸ਼ਾਸਨ ’ਤੇ ਹੋਰ ਚਰਚਾ ਕਰਨ
ਅਤੇ ਸੇਵਾ ਮੁਹੱਈਆ ਕਰਨ ਅਤੇ ਨਵੀਨਤਾ ਲਈ ਇਕ ਸੁਰੱਖਿਅਤ, ਭਰੋਸੇਮੰਦ, ਜਵਾਬਦੇਹ ਅਤੇ
ਸਮਾਵੇਸ਼ੀ ਡਿਜੀਟਲ ਜਨਤਕ ਬੁਨਿਆਦੀ ਢਾਂਚੇ (ਡੀ.ਪੀ.ਆਈ.) ਨੂੰ ਉਤਸ਼ਾਹਿਤ ਕਰਨ ਦਾ ਸੱਦਾ
ਦਿੱਤਾ।
ਪਵਿੱਤਰ ਗ੍ਰੰਥਾਂ ਵਿਰੁੱਧ ਧਾਰਮਿਕ ਨਫ਼ਰਤ ਦੀ ਨਿੰਦਾ
ਜੀ-20 ਸਮੂਹ ਨੇ ਵਿਅਕਤੀਆਂ, ਧਾਰਮਿਕ ਚਿੰਨ੍ਹਾਂ ਅਤੇ ਪਵਿੱਤਰ ਗ੍ਰੰਥਾਂ ਵਿਰੁੱਧ
ਧਾਰਮਿਕ ਨਫ਼ਰਤ ਦੀਆਂ ਸਾਰੀਆਂ ਕਾਰਵਾਈਆਂ ਦੀ ਸਖ਼ਤ ਨਿੰਦਾ ਕੀਤੀ ਹੈ। ਭਾਰਤ ਦੀ
ਪ੍ਰਧਾਨਗੀ ਹੇਠ ਇੱਥੇ ਹੋਈ ਇਸ ਸਮੂਹ ਦੇ ਆਗੂਆਂ ਦੀ ਮੀਟਿੰਗ ਵਿਚ ਦਿੱਲੀ ਐਲਾਨਨਾਮੇ ਨੂੰ
ਅਪਣਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਧਰਮ ਜਾਂ ਵਿਸ਼ਵਾਸ ਦੀ ਆਜ਼ਾਦੀ, ਪ੍ਰਗਟਾਵੇ ਦੀ
ਆਜ਼ਾਦੀ ਅਤੇ ਸ਼ਾਂਤੀਪੂਰਨ ਇਕੱਠ ਕਰਨ ਦੇ ਅਧਿਕਾਰ ’ਤੇ ਜ਼ੋਰ ਦਿੱਤਾ।
ਜਲਵਾਯੂ ਅਤੇ ਸਾਫ਼ ਊਰਜਾ ਤਕਨਾਲੋਜੀਆਂ ਲਈ ਟੀਚਾ
ਜੀ-20 ਨੇਤਾਵਾਂ ਨੇ ਵਿਸ਼ਵ ਭਰ ਵਿਚ ਅਸਮਾਨ ਆਰਥਿਕ ਰਿਕਵਰੀ ਨਾਲ ਨਜਿੱਠਣ ਲਈ
ਮਜ਼ਬੂਤ, ਟਿਕਾਊ ਅਤੇ ਸਮਾਵੇਸ਼ੀ ਵਿਕਾਸ ਦੀ ਮੰਗ ਕੀਤੀ। ਗਲੋਬਲ ਨੇਤਾਵਾਂ ਨੇ ਦੇਸ਼ਾਂ
ਨੂੰ ਆਪਣੇ ਜਲਵਾਯੂ ਟੀਚਿਆਂ ਅਤੇ ਸਵੱਛ ਊਰਜਾ ਤਕਨਾਲੋਜੀਆਂ ਨੂੰ ਪੂਰਾ ਕਰਨ ਲਈ ਹਰ ਸਾਲ 4
ਹਜ਼ਾਰ ਅਰਬ ਡਾਲਰ ਦੀ ਲੋੜ ਦੀ ਪਛਾਣ ਕੀਤੀ।
ਖੇਤੀ, ਭੋਜਨ, ਖਾਦਾਂ ਲਈ ਮੁਕਤ ਵਪਾਰ
ਜੀ-20 ਦੇ ਨੇਤਾਵਾਂ ਨੇ ਕਿਹਾ ਕਿ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਜੀਵਨ ਗੁਜ਼ਾਰਨ ਦੀ
ਲਾਗਤ ’ਤੇ ਦਬਾਅ ਪਾ ਰਹੀਆਂ ਹਨ ਅਤੇ ਉਨ੍ਹਾਂ ਦੀ ਖੇਤੀ, ਭੋਜਨ ਅਤੇ ਖਾਦ ਖੇਤਰਾਂ ’ਚ
ਖੁੱਲ੍ਹੇ, ਨਿਰਪੱਖ, ਭਵਿੱਖਬਾਣੀ ਅਤੇ ਨਿਯਮਾਂ ਆਧਾਰਿਤ ਵਪਾਰ ਨੂੰ ਸਹੂਲਤ ਅਨੁਸਾਰ ਬਣਾਉਣ
ਤੇ ਡਬਲਿਊ .ਟੀ.ਓ. ਨਿਯਮਾਂ ਅਨੁਸਾਰ ਨਿਰਯਾਤ ’ਤੇ ਪਾਬੰਦੀ ਨਾ ਲਾਉਣ ਦੀ ਪ੍ਰਤੀਬੱਧਤਾ
ਪ੍ਰਗਟਾਈ।
|