CBI ਨੇ ਗ੍ਰਿਫ਼ਤਾਰ ਰੇਲਵੇ ਅਧਿਕਾਰੀ ਦੇ ਘਰੋਂ 2.61 ਕਰੋੜ ਰੁਪਏ ਕੀਤੇ ਜ਼ਬਤ |
|
|
 ਨਵੀਂ ਦਿੱਲੀ -13ਸਤੰਬਰ-(MDP)- ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਨੇ ਭ੍ਰਿਸ਼ਟਾਚਾਰ ਦੇ ਦੋਸ਼
'ਚ ਗ੍ਰਿਫ਼ਤਾਰ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਦੇ ਘਰੋਂ 2.61 ਕਰੋੜ ਰੁਪਏ ਨਕਦ
ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ
ਕਿ ਪੂਰਬ-ਉੱਤਰ ਰੇਲਵੇ, ਗੋਰਖਪੁਰ ਦੇ ਪ੍ਰਧਾਨ ਮੁੱਖ ਸਮੱਗਰੀ ਅਧਿਕਾਰੀ ਕੇ.ਸੀ. ਜੋਸ਼ੀ
ਨੂੰ ਮੰਗਲਵਾਰ ਸ਼ਾਮ ਇਕ ਠੇਕੇਦਾਰ ਤੋਂ ਤਿੰਨ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ
ਕੀਤਾ ਗਿਆ।
ਠੇਕੇਦਾਰ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨਾਲ ਸੰਪਰਕ ਕਰ ਕੇ
ਸ਼ਿਕਾਇਤ ਕੀਤੀ ਸੀ ਕਿ ਉਸ ਦੀ ਕੰਪਨੀ ਪੂਰਬ-ਉੱਤਰ ਰੇਲਵੇ (ਐੱਨ.ਈ.ਆਰ.) ਨੂੰ ਉਤਪਾਦ ਅਤੇ
ਸੇਵਾਵਾਂ ਪ੍ਰਦਾਨ ਕਰਦੀ ਹੈ ਅਤੇ ਉਸ ਨੂੰ ਠੇਕੇ ਦੇ ਆਧਾਰ 'ਤੇ 3 ਟਰੱਕਾਂ ਦੀ ਸਪਲਾਈ ਦਾ
ਠੇਕਾ ਮਿਲਿਆ ਸੀ, ਜਿਸ ਲਈ ਉਸ ਨੂੰ ਪ੍ਰਤੀ ਟਰੱਕ ਹਰ ਮਹੀਨੇ 80 ਹਜ਼ਾਰ ਰੁਪਏ ਮਿਲਣੇ ਸਨ।
ਅਧਿਕਾਰੀਆਂ ਅਨੁਸਾਰ, ਉਸ ਨੇ (ਠੇਕੇਦਾਰ ਨੇ) ਦੋਸ਼ ਲਗਾਇਆ ਕਿ ਜੋਸ਼ੀ ਸਰਕਾਰੀ
ਈ-ਮਾਰਕੀਟਪਲੇਸ (ਜੀ.ਈ.ਐੱਮ.) ਵੈੱਬਸਾਈਟ ਤੋਂ ਉਨ੍ਹਾਂ ਦੀ ਫਰਮ ਦਾ ਰਜਿਸਟਰੇਸ਼ਨ ਰੱਦ ਕਰਨ
ਅਤੇ ਉਨ੍ਹਾਂ ਦਾ ਠੇਕਾ ਖ਼ਤਮ ਕਰਨ ਦੀ ਧਮਕੀ ਦੇ ਕੇ 7 ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ
ਸਨ। ਉਨ੍ਹਾਂ ਕਿਹਾ ਕਿ ਕੇਂਦਰ ਜਾਂਚ ਬਿਊਰੋ ਨੇ ਦੋਸ਼ ਦਾ ਵੈਰੀਫਿਕੇਸ਼ਨ ਕੀਤਾ ਅਤੇ ਇਕ ਜਾਲ
ਵਿਛਾਇਆ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ 'ਚ ਜੋਸ਼ੀ ਨੂੰ ਫੜ ਲਿਆ ਗਿਆ, ਜਿਸ ਤੋਂ
ਬਾਅਦ ਗੋਰਖਪੁਰ ਅਤੇ ਨੋਇਡਾ 'ਚ ਉਨ੍ਹਾਂ ਦੇ ਰਿਹਾਇਸ਼ੀ ਕੰਪਲੈਕਸਾਂ ਦੀ ਤਲਾਸ਼ੀ ਲਈ ਗਈ,
ਜਿੱਥੇ 2.61 ਕਰੋੜ ਰੁਪਏ ਨਕਦ ਜ਼ਬਤ ਕੀਤੇ ਗਏ।
|