ਪਸ਼ੂਪਤੀਨਾਥ ਮੰਦਰ ਦੇ ਅੰਦਰ ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ਤੇ ਲੱਗੇਗਾ 2,000 ਰੁਪਏ ਤੱਕ ਦਾ ਜੁਰਮਾਨਾ |
|
|
 ਕਾਠਮੰਡੂ -17ਸਤੰਬਰ-(MDP)- ਨੇਪਾਲ ਵਿਚ ਪਸ਼ੂਪਤੀਨਾਥ ਮੰਦਰ ਦੇ ਅਧਿਕਾਰੀਆਂ ਨੇ ਮੰਦਰ ਵਿਚ
ਆਉਣ ਵਾਲੇ ਲੋਕਾਂ ਅਤੇ ਸ਼ਰਧਾਲੂਆਂ ਨੂੰ ਮੁੱਖ ਮੰਦਰ ਕੰਪਲੈਕਸ ਦੇ ਅੰਦਰ ਫੋਟੋਆਂ ਖਿੱਚਣ
ਅਤੇ ਵੀਡੀਓ ਬਣਾਉਣ ਤੋਂ ਸੁਚੇਤ ਕਰਦੇ ਹੋਏ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ 2,000
ਰੁਪਏ ਤੱਕ ਦਾ ਜੁਰਮਾਨਾ ਜਾਂ ਉਨ੍ਹਾਂ ਵਿਰੁੱਧ ਸਾਈਬਰ ਅਪਰਾਧ ਕਾਨੂੰਨਾਂ ਤਹਿਤ ਕਾਰਵਾਈ
ਕੀਤੀ ਜਾ ਸਕਦੀ ਹੈ। ਕਾਠਮੰਡੂ ਵਿੱਚ ਸਥਿਤ ਪਸ਼ੂਪਤੀਨਾਥ ਮੰਦਰ ਇਕ ਵਿਸ਼ਵ ਪ੍ਰਸਿੱਧ ਹਿੰਦੂ
ਮੰਦਰ ਹੈ, ਜੋ ਭਗਵਾਨ ਪਸ਼ੂਪਤੀ (ਮਹਾਦੇਵ) ਨੂੰ ਸਮਰਪਿਤ ਹੈ।
ਇਹ ਮੰਦਰ ਬਾਗਮਤੀ ਨਦੀ ਦੇ ਕਿਨਾਰੇ ਸਥਿਤ ਹੈ। ਭਾਰਤ ਅਤੇ ਦੁਨੀਆ ਭਰ ਤੋਂ ਹਜ਼ਾਰਾਂ
ਸ਼ਰਧਾਲੂ ਹਰ ਰੋਜ਼ ਇਸ ਮੰਦਰ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਪਸ਼ੂਪਤੀਨਾਥ ਮੰਦਰ ਨਾਲ
ਸਬੰਧਤ ਮਾਮਲਿਆਂ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਗਵਰਨਿੰਗ ਬਾਡੀ ਪਸ਼ੂਪਤੀ ਖੇਤਰ
ਵਿਕਾਸ ਟਰੱਸਟ (ਪੀ.ਏ.ਡੀ.ਟੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਸ਼ੂਪਤੀਨਾਥ ਮੰਦਰ
ਕੰਪਲੈਕਸ ਦੇ ਅੰਦਰ ਤਸਵੀਰਾਂ ਖਿੱਚਣਾ ਜਾਂ ਵੀਡੀਓ ਬਣਾਉਣ ਦੀ ਪਹਿਲਾਂ ਹੀ ਮਨਾਹੀ ਹੈ।
ਉਨ੍ਹਾਂ ਕਿਹਾ ਕਿ ਹਿੰਦੂ ਤਿਉਹਾਰ ਤੀਜ ਤੋਂ ਪਹਿਲਾਂ ਤਾਜ਼ਾ ਚੇਤਾਵਨੀ ਜਾਰੀ ਕੀਤੀ ਗਈ
ਹੈ। ਇਸ ਸਾਲ ਇਹ ਤਿੰਨ ਦਿਨਾਂ ਤਿਉਹਾਰ ਐਤਵਾਰ ਤੋਂ ਸ਼ੁਰੂ ਹੋਵੇਗਾ। ਤੀਜ ਇੱਕ
ਮਹੱਤਵਪੂਰਨ ਹਿੰਦੂ ਤਿਉਹਾਰ ਹੈ। ਇਸ ਮੌਕੇ 'ਤੇ, ਨੇਪਾਲ ਭਰ ਦੀਆਂ ਹਜ਼ਾਰਾਂ ਔਰਤਾਂ
ਭਗਵਾਨ ਸ਼ਿਵ ਅਤੇ ਉਨ੍ਹਾਂ ਦੀ ਪਤਨੀ ਪਾਰਵਤੀ ਦੀ ਪੂਜਾ ਕਰਨ ਲਈ ਪਸ਼ੂਪਤੀਨਾਥ ਮੰਦਰ ਵਿੱਚ
ਇਕੱਠੀਆਂ ਹੁੰਦੀਆਂ ਹਨ ਅਤੇ ਆਪਣੇ ਪਰਿਵਾਰਾਂ ਦੀ ਭਲਾਈ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ
ਕਰਦੀਆਂ ਹਨ।
|