|
ਜੰਗਬੰਦੀ ਤੇ ਇਜ਼ਰਾਈਲੀ PM ਨੇ ਜਤਾਈ ਅਸਹਿਮਤੀ, ਕਿਹਾ-ਇਹ ਹਮਾਸ ਅੱਗੇ ਆਤਮਸਮਰਪਣ ਕਰਨ ਵਾਂਗ |
|
|
ਇੰਟਰਨੈਸ਼ਨਲ ਡੈਸਕ: -31ਅਕਤੂਬਰ-(MDP)- ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ ਕਈ
ਦਿਨਾਂ ਤੋਂ ਜੰਗ ਜਾਰੀ ਹੈ, ਜਿਸ 'ਚ ਹੁਣ ਤੱਕ 9 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਜੰਗਬੰਦੀ ਨੂੰ ਲੈ ਕੇ ਦੇਸ਼ ਦੀ ਸਥਿਤੀ
ਸਪੱਸ਼ਟ ਕੀਤੀ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੇ 9/11
ਹਮਲੇ ਵਾਂਗ ਜੰਗਬੰਦੀ ਲਈ ਸਹਿਮਤ ਨਹੀਂ ਹੋਣਗੇ ਕਿਉਂਕਿ ਇਹ ਆਤਮ ਸਮਰਪਣ ਕਰਨ
ਵਾਂਗ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ
ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਜੰਗਬੰਦੀ ਨੂੰ ਲੈ ਕੇ ਇਜ਼ਰਾਈਲ ਦੀ ਸਥਿਤੀ
ਸਪੱਸ਼ਟ ਕਰਨਾ ਚਾਹੁੰਦਾ ਹਾਂ। ਇਜ਼ਰਾਈਲ 7 ਅਕਤੂਬਰ ਨੂੰ ਸ਼ੁਰੂ ਹੋਏ ਯੁੱਧ ਵਿੱਚ
ਜੰਗਬੰਦੀ ਦਾ ਐਲਾਨ ਨਹੀਂ ਕਰ ਸਕਦਾ। ਜੰਗਬੰਦੀ ਦੀ ਮੰਗ ਕਰਨਾ ਇਜ਼ਰਾਈਲ ਲਈ ਹਮਾਸ ਅੱਗੇ
ਸਮਰਪਣ ਕਰਨ ਦੇ ਬਰਾਬਰ ਹੈ। ਇਹ ਦਹਿਸ਼ਤ ਦੇ ਅੱਗੇ ਆਤਮ ਸਮਰਪਣ ਕਰਨ ਵਾਂਗ ਹੈ। ਇਹ
ਬੇਰਹਿਮੀ ਸਾਹਮਣੇ ਸਮਰਪਣ ਕਰਨ ਵਰਗਾ ਹੈ। ਬਾਈਬਲ ਕਹਿੰਦੀ ਹੈ ਕਿ ਇਹ ਸ਼ਾਂਤੀ ਦਾ ਸਮਾਂ
ਵੀ ਹੈ ਅਤੇ ਯੁੱਧ ਦਾ ਸਮਾਂ ਵੀ ਹੈ।
ਨੇਤਨਯਾਹੂ ਬੋਲੇ- ਅੱਤਵਾਦੀਆਂ ਦਾ ਨਿਸ਼ਾਨਾ ਤੈਅ ਹੈ
ਨੇਤਨਯਾਹੂ ਨੇ ਅੱਗੇ ਕਿਹਾ ਕਿ ਹੁਣ ਲੋਕਾਂ ਲਈ ਇਹ ਫ਼ੈਸਲਾ ਕਰਨ ਦਾ ਸਮਾਂ ਹੈ ਕਿ ਉਹ
ਭਵਿੱਖ ਲਈ ਲੜਨ ਲਈ ਤਿਆਰ ਹਨ ਜਾਂ ਜ਼ੁਲਮ ਅਤੇ ਦਹਿਸ਼ਤ ਦੇ ਅੱਗੇ ਸਮਰਪਣ ਕਰਨ ਲਈ ਤਿਆਰ
ਹਨ। ਹਮਾਸ ਨੇ 7 ਅਕਤੂਬਰ ਨੂੰ ਜੋ ਕੀਤਾ, ਉਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਤੱਕ
ਅਸੀਂ ਜਾਲਮਾਂ ਨਾਲ ਨਹੀਂ ਲੜਦੇ, ਅਸੀਂ ਬਿਹਤਰ ਭਵਿੱਖ ਨਹੀਂ ਬਚਾ ਸਕਦੇ। ਜਾਲਮਾਂ ਦਾ
ਉਦੇਸ਼ ਸਪੱਸ਼ਟ ਹੈ-ਸਾਡੇ ਭਵਿੱਖ ਨੂੰ ਤਬਾਹ ਕਰਨਾ। ਸਾਡੇ ਸੁਪਨਿਆਂ ਨੂੰ ਚਕਨਾਚੂਰ ਕਰ
ਦੇਣਾ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਜੰਗ ਸ਼ੁਰੂ ਨਹੀਂ ਕੀਤੀ। ਅਸੀਂ ਜੰਗ ਨਹੀਂ
ਚਾਹੁੰਦੇ। ਪਰ ਅਸੀਂ ਇਹ ਜੰਗ ਜਿੱਤਾਂਗੇ।
ਹਮਾਸ ਦੇ ਅੱਤਵਾਦੀਆਂ ਨੇ ਤਬਾਹੀ ਮਚਾਈ
ਇਜ਼ਰਾਇਲੀ ਪੀ.ਐੱਮ ਨੇ ਕਿਹਾ ਕਿ ਹਮਾਸ ਨੂੰ ਫੰਡ ਦੇਣ ਵਿੱਚ ਈਰਾਨ ਦੀ ਅਹਿਮ ਭੂਮਿਕਾ
ਹੈ। ਹਮਾਸ ਨੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਤੋਂ ਖੋਹ ਲਿਆ। ਹਮਾਸ ਦੇ
ਅੱਤਵਾਦੀਆਂ ਨੇ ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ। ਔਰਤਾਂ ਨਾਲ ਬਲਾਤਕਾਰ ਕੀਤਾ। ਬੰਦਿਆਂ
ਦਾ ਸਿਰ ਕਲਮ ਕਰ ਦਿੱਤਾ। ਯਹੂਦੀਆਂ ਦੀ ਨਸਲਕੁਸ਼ੀ ਕੀਤੀ। ਬੱਚੇ ਅਗਵਾ ਕੀਤੇ ਗਏ।
ਇਜ਼ਰਾਈਲ ਖੁਦ ਸਭਿਅਤਾ ਦੇ ਦੁਸ਼ਮਣਾਂ ਨਾਲ ਲੜ ਰਿਹਾ ਹੈ। ਇਹ ਚੰਗਿਆਈ ਅਤੇ ਬੁਰਾਈ ਦੀ
ਜੰਗ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸੋਮਵਾਰ ਨੂੰ ਕੈਬਨਿਟ ਦੀ ਬੈਠਕ
ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਇਜ਼ਰਾਈਲ ਦੀ ਫੌਜ ਅਤੇ ਸ਼ਾਸਨ ਸਮਰੱਥਾ ਨੂੰ
ਤਬਾਹ ਕਰ ਦੇਵਾਂਗੇ ਅਤੇ ਇਜ਼ਰਾਈਲ ਇਹ ਯੋਜਨਾਬੱਧ ਤਰੀਕੇ ਨਾਲ ਕਰ ਰਿਹਾ ਹੈ। ਉਹ ਕਹਿੰਦੇ
ਹਨ ਕਿ ਅਸੀਂ ਯੁੱਧ ਦੇ ਵਿਚਕਾਰ ਹਾਂ। ਅਸੀਂ ਹਮਾਸ ਦੀ ਫੌਜ ਅਤੇ ਸ਼ਾਸਨ ਸਮਰੱਥਾ ਨੂੰ
ਤਬਾਹ ਕਰ ਦੇਵਾਂਗੇ।
ਸੰਯੁਕਤ ਰਾਸ਼ਟਰ ਵਿਚ ਹਮਾਸ 'ਤੇ ਨਿਸ਼ਾਨਾ
ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਸਥਾਈ ਪ੍ਰਤੀਨਿਧੀ ਗਿਲਾਡ ਏਰਡਨ ਨੇ ਹਮਾਸ ਨੂੰ
ਆਧੁਨਿਕ ਨਾਜ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨ ਸੰਘਰਸ਼ ਦਾ ਹੱਲ ਨਹੀਂ
ਚਾਹੁੰਦੇ ਹਨ। ਹਮਾਸ ਗੱਲਬਾਤ ਵਿੱਚ ਦਿਲਚਸਪੀ ਨਹੀਂ ਰੱਖਦਾ ਹੈ। ਹਮਾਸ ਦਾ ਇੱਕੋ ਇੱਕ
ਹਿੱਤ ਯਹੂਦੀਆਂ ਨੂੰ ਤਬਾਹ ਕਰਨਾ ਹੈ। ਹਮਾਸ ਪਿਛਲੇ 16 ਸਾਲਾਂ ਤੋਂ ਫਲਸਤੀਨੀਆਂ 'ਤੇ
ਜ਼ੁਲਮ ਕਰ ਰਿਹਾ ਹੈ। ਜਦੋਂ ਇਸਨੇ 2007 ਵਿੱਚ ਗਾਜ਼ਾ ਵਿੱਚ ਸੱਤਾ ਸੰਭਾਲੀ ਸੀ, ਸੈਂਕੜੇ
ਫਲਸਤੀਨੀ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਹਮਾਸ ਫਲਸਤੀਨੀ ਨਾਗਰਿਕਾਂ ਨੂੰ ਮਾਰ
ਰਿਹਾ ਹੈ।
|
|