Weather
Patiala
|
|
Amritsar
|
|
New Delhi
|
|
|
ਪੀ.ਜੀ. ਕਿਰਾਏਦਾਰ ਤੇ ਨੌਕਰ ਰੱਖਣ ਵਾਲਿਆਂ 'ਤੇ ਸ਼ਿਕੰਜਾ ਕੱਸਿਆ |
|
|
ਚੰਡੀਗੜ੍ਹ,18 ਜੁਲਾਈ : ਚੰਡੀਗੜ੍ਹ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਪੇਇੰਗ ਗੈਸਟ ਪੀ ਜੀ ਕਿਰਾਏਦਾਰ ਅਤੇ ਨੌਕਰ ਰੱਖਣ ਵਾਲਿਆਂ ਉਪਰ ਸ਼ਿਕੰਜਾ ਕਸਣ ਲਈ ਸ਼ਹਿਰ ਭਰ ਵਿਚ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਵੱਡੇ ਪੱਧਰ 'ਤੇ ਮਕਾਨ ਮਾਲਕਾਂ ਵੱਲੋਂ ਡਿਪਟੀ ਕਮਿਸ਼ਨਰ ਕਮ ਡਿਸਕ੍ਰਿਕਟ ਮੈਜਸਟ੍ਰੇਟ ਦੇ ਹੁਕਮਾਂ ਨੂੰ ਉਲੰਘ ਕੇ ਆਪਣੇ ਨੌਕਰਾਂ ਅਤੇ ਕਿਰਾਏਦਾਰਾਂ ਦੀ ਜਾਣਕਾਰੀ ਸਬੰਧਿਤ ਪੁਲਿਸ ਥਾਣਿਆਂ ਵਿਚ ਨਾ ਦੇਣ ਦੇ ਮੁੱਦੇ ਨੂੰ ਪੁਲਿਸ ਗੰਭੀਰਤਾ ਨਾਲ ਲੈ ਰਹੀ ਹੈ। ਇਸ ਸਬੰਧੀ ਅੱਜ ਐਸ ਐਸ ਪੀ ਚੰਡੀਗੜ੍ਹ ਐਸ ਐਸ ਸ੍ਰੀਵਾਸਤਵ ਵੱਲੋਂ ਸਮੂਹ ਡੀ ਐਸ ਪੀਜ ਅਤੇ ਐਸ ਐਚ ਓਜ਼ ਨਾਲ ਕੀਤੀ ਮੀਟਿੰਗ ਦੌਰਾਨ ਰਣਨੀਤੀ ਘੜੀ ਗਈਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿਚ ਦਰਜਨਾਂ ਪੀ ਜੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਮਨਜ਼ੂਰੀ ਲਏ ਬਿਨਾਂ ਚਲਾਏ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਪੀ ਜੀ ਖੋਲ੍ਹਣ ਤੋਂ ਪਹਿਲਾਂ ਇਸ ਬਾਬਤ ਬਕਾਇਦਾ ਮਿਲਖ ਦਫਤਰ ਤੋ ਮਨਜ਼ੂਰੀ ਲੈਣ ਦੀ ਨੀਤੀ ਬਣਾਈ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਸ਼ਹਿਰ ਵਿਚ ਦਰਜਨਾਂ ਅਜਿਹੇ ਪੀ ਜੀ ਚੱਲ ਰਹੇ ਹਨ ਜਿਨ੍ਹਾਂ ਦੇ
ਮਾਲਕਾਂ ਨੇ ਪ੍ਰਸ਼ਾਸਨ ਦੀ ਮਨਜ਼ੂਰੀ ਲਏ ਬਿਨਾਂ ਹੀ ਆਪਣੇ ਮਕਾਨਾਂ ਵਿਚ ਪੀ ਜੀ ਸਮਰੱਥਾ ਤੋਂ ਵੀ ਵੱਧ ਰੱਖੇ ਹਨ। ਅਜਿਹਾ ਕਰਕੇ ਇਹ ਲੋਕ ਜਿੱਥੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵਿੱਤੀ ਚੂਨਾ ਲਾ ਰਹੇ ਹਨ, ਉਥੇ ਲੱਖਾਂ ਕਰੋੜਾ ਰੁਪਏ ਦੀ ਆਮਦਨ ਕਰ ਦੀ ਵੀ ਚੋਰੀ ਕਰ ਰਹੇ ਹਨ। ਕਿਉਂਕਿ ਬਿਨਾਂ ਮਨਜ਼ੂਰੀ ਤੋਂ ਪੀ ਜੀ ਖੋਲ੍ਹਣ ਕਾਰਨ ਇਨ੍ਹਾਂ ਦੀ ਆਮਦਨ ਕਿਸੇ ਰਿਕਾਰਡ 'ਤੇ ਹੀ ਨਹੀਂ ਆਉਂਦੀ। ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਮਿਲਖ ਦਫਤਰ ਨੇ ਪੀ ਜੀ ਬਾਬਤ ਨੀਤੀ ਬਣਾਈ ਹੈ, ਜਿਸ ਤਹਿਤ ਜਿੱਥੇ ਪੀ ਜੀ ਨੂੰ ਅਰਾਮਦਾਇਕ ਢੰਗ ਨਾਲ ਰਹਿਣ ਦੀ ਸਹੂਲਤ ਦਿੱਤੀ ਗਈ ਹੈ, ਉਥੇ ਆਂਢ-ਗੁਆਂਢ ਨੂੰ ਵੀ ਪੀ ਜੀ ਮੁੰਡੇ ਕੁੜੀਆਂ ਦੇ ਘੜਮੱਸ ਤੋਂ ਬਚਾਉਣ ਦੀਆਂ ਮੱਦਾਂ ਵੀ ਜੋੜੀਆਂ ਗਈਆਂ ਹਨ। ਮਿਲਖ ਦਫਤਰ ਦੇ ਸੂਤਰਾਂ ਅਨੁਸਾਰ ਉਨ੍ਹਾਂ ਦੇ ਅਧਿਕਾਰੀ ਸਭ ਤੋਂ ਪਹਿਲਾਂ ਪੀ ਜੀ ਖੋਲ੍ਹਣ ਵਾਲੀ ਇਮਾਰਤ ਦਾ ਸਰਵੇ ਕਰਦੇ ਹਨ। ਸਬੰਧਿਤ ਇਮਾਰਤ ਦੇ ਕਵਰਡ ਏਰੀਏ ਮੁਤਾਬਕ ਹੀ ਪੀ ਜੀ ਰੱਖਣ ਦੀ ਗਿਣਤੀ ਨਿਰਧਾਰਿਤ ਕੀਤੀ ਜਾਂਦੀ ਹੈ ਤਾਂ ਜੋ ਕੋਈ ਮਾਲਕ ਵਿੱਤੀ ਲਾਲਚ ਖਾਤਰ ਜ਼ਿਆਦਾ ਪੀ ਜੀ ਨਾ ਰੱਖਣ। ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਪੀ ਜੀ ਦੀ ਪੂਰੀ ਸੂਚਨਾ ਸਬੰਧਿਤ ਥਾਣੇ ਨੂੰ ਦਿੱਤੀ ਜਾਵੇ। ਇਸ ਤੋਂ ਇਲਾਵਾ ਪੀ ਜੀ ਮਾਲਕ ਨੂੰ ਸਬੰਧਿਤ ਇਮਾਰਤ ਵਿਚ ਖੁਦ ਰਹਿਣ ਦੀ ਹਦਾਇਤ ਕੀਤੀ ਜਾਂਦੀ ਹੈ ਅਤੇ ਆਂਢ-ਗੁਆਂਢ ਨੂੰ ਪੀ ਜੀ ਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਦਿਵਾਉਣ ਦੀ ਜ਼ਿੰਮੇਵਾਰੀ ਵੀ ਸਬੰਧਤ ਮਾਲਕ ਦੀ ਹੁੰਦੀ ਹੈ। ਮਾਲਕ ਨੂੰ ਪੀ ਜੀ ਦੀ ਸੂਚੀ ਬਕਾਇਦਾ ਮੁੱਖ ਗੇਟ 'ਤੇ ਲਟਕਾਉਣ ਲਈ ਪਾਬੰਦ ਕੀਤਾ ਜਾਂਦਾ ਹੈ। ਪੁਲਿਸ ਅਨੁਸਾਰ ਵੱਡੀ ਗਿਣਤੀ ਵਿਚ ਮਕਾਨ ਮਾਲਕ ਬੜੀ ਚਲਾਕੀ ਨਾਲ ਪੀ ਜੀ ਨੂੰ ਕਿਰਾਏਦਾਰਾਂ ਦੇ ਰੂਪ ਵਿਚ ਰੱਖ ਕੇ ਪ੍ਰਸ਼ਾਸਨ ਨੂੰ ਜਿੱਥੇ ਵਿੱਤੀ ਚੂਨਾ ਲਾ ਰਹੇ ਹਨ, ਉਥੇ ਅਮਨ ਕਾਨੂੰਨ ਲਈ ਵੀ ਖਤਰਾ ਬਣ ਰਹੇ ਹਨ। ਅਧਿਕਾਰਤ ਤੌਰ 'ਤੇ ਪੀ ਜੀ ਚਲਾਉਣ ਵੇਲੇ ਸਬੰਧਿਤ ਮਾਲਕਾਂ ਨੂੰ ਬਿਜਲੀ ਪਾਣੀ ਦੇ ਬਿਲ ਕਮਰਸ਼ੀਅਲ ਅਧਾਰ 'ਤੇ ਅਦਾ ਕਰਨੇ ਪੈਂਦੇ ਹਨ। ਦੂਸਰਾ ਪੀ ਜੀ ਦੇ ਘੜਮੱਸ ਕਾਰਨ ਪੁਲਿਸ ਨੂੰ ਵੱਡਾ ਸਮਾਂ ਇਨ੍ਹਾਂ ਦੇ ਰੌਲੇ ਰੱਪੇ ਨੂੰ ਸਮੇਟਣ ਲਈ ਹੀ ਦੇਣਾ ਪੈਂਦਾ ਹੈ। ਪੁਲਿਸ ਮੰਨਦੀ ਹੈ ਕਿ ਵਿਸ਼ੇਸ਼ ਕਰਕੇ ਜਿੱਥੇ ਲੜਕੀਆਂ ਦੇ ਪੀ ਜੀ ਚਲਦੇ ਹਨ, ਉਨ੍ਹਾਂ ਖੇਤਰਾਂ ਵਿਚ ਮੁੰਡਿਆਂ ਦੀਆਂ ਡਾਰਾਂ ਦਿਨ ਰਾਤ ਭੜਥੂ ਪਾਈ ਰੱਖਦੀਆਂ ਹਨ।
ਐਸ ਐਸ ਸ੍ਰੀਵਾਸਤਵ ਦੱਸਿਆ ਕਿ ਨਾਜਾਇਜ਼ ਢੰਗ ਨਾਲ ਪੀ ਜੀ ਚਲਾਉਣ ਅਤੇ ਨੌਕਰਾਂ ਤੇ ਕਿਰਾਏਦਾਰਾਂ ਦੀ ਪੁਲੀਸ ਨੂੰ ਸੂਚਨਾ ਨਾ ਦੇਣ ਵਾਲੇ ਮਾਲਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਹਰੇਕ ਥਾਣੇ ਦੇ ਐਸ ਐਚ ਓ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਆਪੋ ਆਪਣੇ ਖੇਤਰ ਵਿਚ ਅਜਿਹੀ ਕੁਤਾਹੀ ਕਰਨ ਵਾਲਿਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਕਾਰਵਾਈ ਕਰਕੇ ਉਨ੍ਹਾਂ ਨੂੰ ਹਵਾਲਾਤ ਵਿਚ ਬੰਦ ਕੀਤਾ ਜਾਵੇ।
ਇਸੇ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਲੰਘੀ ਰਾਤ ਇਕ ਕੁਇੰਟਲ ਭੁੱਕੀ ਤੇ 125 ਗ੍ਰਾਮ ਅਫੀਮ ਸਮੇਤ ਫੜੇ ਗਏ ਪਿੰਡ ਛੱਜੂਮਾਜਰਾ ਦੇ ਕੁਲਵੰਤ ਸਿੰਘ ਸੈਕਟਰ 51 ਸਥਿਤ ਡੀ ਐਸ ਪੀ ਸੰਚਾਰ ਰੋਸ਼ਨ ਲਾਲ ਦੇ ਪੁਲਿਸ ਕਾਲੋਨੀ ਵਿਚਲੇ ਮਕਾਨ 'ਚ ਕਿਰਾਏਦਾਰ ਸੀ। ਇਸ ਨਾਲ ਗੰਗਾ ਨਗਰ ਦਾ ਹਰਪਾਲ ਸਿੰਘ ਤੇ ਅਹਿਮਦਗੜ੍ਹ ਦਾ ਲਖਬੀਰ ਸਿੰਘ ਉਰਫ ਲੱਖਾ ਵੀ ਫੜੇ ਗਏ ਹਨ। ਪੁਲੀਸ ਵੱਲੋਂ ਫੜ੍ਹੇ ਗਏ ਹਾਈਵੇਅ ਡਕੈਤ ਗਰੋਹ ਦਾ ਇਕ ਮੈਂਬਰ ਟੀਨੂੰ ਚੰਡੀਗੜ੍ਹ ਪੁਲੀਸ ਦੇ ਇੰਸਪੈਕਟਰ ਤਰਸੇਮ ਰਾਣਾ ਦਾ ਪੁੱਤਰ ਹੈ।
|
|