ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਕਰੋੜਾਂ ਰੁਪਏ ਦੀ ਆਰਥਿਕ ਸਹਾਇਤਾ |
|
|
ਲਾਹੌਰ, 18ਜੂਨ (ਮੀਡੀਆ ਦੇਸ਼ ਪੰਜਾਬ ਬੀਊਰੋ) ਲਹਿੰਦੇ ਪੰਜਾਬ ਦੀ ਹਕੂਮਤ ਨੇ ਬੀਤੇ ਮਾਲੀ ਸਾਲ ਦੌਰਾਨ ਅਤਿਵਾਦੀ ਜਥੇਬੰਦੀ ਜਮਾਤ-ਉਦ-ਦਾਵਾ ਅਤੇ ਇਸ ਨਾਲ ਜੁੜੇ ਹੋਰ ਅਦਾਰਿਆਂ ਨੂੰ 8.27 ਕਰੋੜ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਹੈ। ਇਹ ਜਾਣਕਾਰੀ ਸਰਕਾਰ ਵੱਲੋਂ ਸੂਬਾਈ ਅਸੈਂਬਲੀ ਵਿਚ ਪੇਸ਼ ਜਿਮਨੀ ਬਜਟ ਵਿਚ ਦਿੱਤੀ ਗਈ ਹੈ। ਜਮਾਤ ਨੂੰ ਇਹ ਗਰਾਂਟਾਂ ਉਦੋਂ ਦਿੱਤੀਆਂ ਗਈਆਂ ਜਦੋਂ ਉਸ 'ਤੇ 'ਪਾਬੰਦੀ' ਲਾਈ ਜਾ ਚੁੱਕੀ ਸੀ।ਬਜਟ ਤੋਂ ਪਤਾ ਲੱਗਿਆ ਹੈ ਕਿ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਪੰਜਾਬ ਸਰਕਾਰ ਨੇ ਲਾਹੌਰ ਲਾਗੇ ਮੁਰੀਦਕੇ ਸਥਿਤ ਜਮਾਤ-ਉਦ-ਦਾਵਾ ਦੇ ਮੁੱਖ ਦਫਤਰ ਮਰਕਜ਼-ਏ-ਤੱਯਬਾ ਨੂੰ 7.9 ਕਰੋੜ ਰੁਪਏ ਦੀ ਇਕ ਗਰਾਂਟ ਦਿੱਤੀ। ਇਸ ਤੋਂ ਬਿਨਾਂ 30 ਲੱਖ ਰੁਪਏ ਜਮਾਤ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਚਲਾਏ ਜਾਂਦੇ ਸਕੂਲਾਂ ਲਈ ਦਿੱਤੇ ਗਏ।ਪਹਿਲਾਂ ਹੀ ਇਕ ਹੋਰ ਸੁੰਨੀ ਅਤਿਵਾਦੀ ਜਥੇਬੰਦੀ ਸਿਪਾਹ-ਏ-ਸਹਾਬਾ ਨਾਲ ਸਬੰਧਾਂ ਕਾਰਨ ਨੁਕਤਾਚੀਨੀ ਦਾ ਸਾਹਮਣਾ ਕਰ ਰਹੇ ਸੂਬੇ ਦੇ ਕਾਨੂੰਨ ਮੰਤਰੀ ਰਾਣਾ ਸਨਾਉੱਲਾ ਨੇ ਮੰਨਿਆ ਹੈ ਕਿ ਇਹ ਪੈਸੇ ਜਮਾਤ ਉਦ-ਦਾਵਾ ਨੂੰ ਦਿੱਤੇ ਗਏ ਹਨ। ਉਨ੍ਹਾਂ ਮੰਗਲਵਾਰ ਨੂੰ ਟੀ.ਵੀ. ਚੈਨਲਾਂ ਨੂੰ ਦੱਸਿਆ ਕਿ ਜਮਾਤ ਨੂੰ ਇਹ ਗਰਾਂਟਾਂ ਉਦੋਂ ਦਿੱਤੀਆਂ ਗਈਆਂ ਜਦੋਂ ਉਸ ਉਤੇ ਪਾਬੰਦੀ ਲੱਗੀ ਹੋਈ ਸੀ। ਗੌਰਤਲਬ ਹੈ ਕਿ ਪਾਕਿਸਤਾਨ ਸਰਕਾਰ ਨੇ ਨਵੰਬਰ, 2008 ਦੇ ਸੂਬਾਈ ਹਮਲਿਆਂ ਪਿੱਛੋਂ ਜਮਾਤ ਉਤੇ ਪਾਬੰਦੀ ਲਾ ਦਿੱਤੀ ਸੀ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਨੇ ਵੀ ਜਮਾਤ ਉਤੇ ਪਾਬੰਦੀ ਲਾ ਦਿੱਤੀ ਸੀ।ਸ੍ਰੀ ਸਨਾਉੱਲਾ ਨੇ ਦਾਅਵਾ ਕੀਤਾ ਕਿ ਇਹ ਗਰਾਂਟਾਂ ਦੇਣ ਦਾ ਮਕਸਦ ਜਮਾਤ ਦੇ ਸਕੂਲਾਂ, ਡਿਸਪੈਂਸਰੀਆਂ ਅਤੇ ਹਸਪਤਾਲਾਂ ਰਾਹੀਂ ਕੀਤੇ ਜਾਂਦੇ ਭਲਾਈ ਕੰਮਾਂ ਨੂੰ ਜਾਰੀ ਰੱਖਣਾ ਸੀ। ਪੰਜਾਬ ਸਰਕਾਰ ਦੇ ਇਕ ਤਰਜਮਾਨ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਇਹ ਗਰਾਂਟਾਂ ਜਮਾਤ ਦੇ ਭਲਾਈ ਕੰਮਾਂ ਨੂੰ ਜਾਰੀ ਰੱਖਣ ਲਈ ਲਾਏ ਗਏ ਪ੍ਰਬੰਧਕ ਨੂੰ ਦਿੱਤੀਆਂ ਗਈਆਂ ਹਨ।
|