ਵਾਤਾਵਰਣ ਸ਼ੁੱਧ ਰੱਖਣ ਤੇ ਪਾਣੀ ਦੀ ਸੰਭਾਲ ਕਰਨ ਦੀ ਅਪੀਲ |
|
|
ਕਪੂਰਥਲਾ, ਸੁਲਤਾਨਪੁਰ
ਸੰਸਾਰ ਭਰ ‘ਚ ਜਿੱਥੇ ਵੀ ਸਿੱਖ ਵਸਦੇ ਹਨ ਉਹ ਵਾਤਾਵਰਣ ਨੂੰ
ਸ਼ੁੱਧ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਉਣ। ਇਹ ਸੁਨੇਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਦੀ 9ਵੀਂ ਵਰ੍ਹੇਗੰਢ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਿੱਤਾ। ਉਨ੍ਹਾਂ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਿਆਂ ਦੀਆਂ ਆਲੀਸ਼ਾਨ ਇਮਾਰਤਾਂ ਬਣਾਉਣ ਨਾਲੋਂ ਪਾਣੀ ਦੇ ਕੁਦਰਤੀ ਸਰੋਤਾਂ ਨਦੀਆਂ-ਨਾਲਿਆਂ ਨੂੰ ਸੰਭਾਲਣ ਵੱਲ ਧਿਆਨ ਦੇਣ।
ਜਥੇਦਾਰ ਗੁਰਬਚਨ ਸਿੰਘ ਨੇ ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਕਰਵਾ ਰਹੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਜੋ ਰਸਤਾ ਗੁਰਬਾਣੀ ਦੇ ਮਾਧਿਅਮ ਰਾਹੀਂ ਦਿਖਾਇਆ ਹੈ ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ। ਇਸ ਦੀ ਸੇਵਾ ‘ਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਦੀ ਮੁਹਿੰਮ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੇ ਮੁਹੱਲੇ ਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫਿਰ ਹੀ ਸਾਡਾ ਸੂਬਾ ਤੇ ਦੇਸ਼ ਸਾਫ-ਸੁਥਰਾ ਰਹਿ ਸਕਦਾ ਹੈ। ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਚੇਅਰਪਰਸਨ ਇੰਦਰਜੀਤ ਕੌਰ ਨੇ ਕਿਹਾ ਕਿ ਮਨੁੱਖ ਦੇ ਸਵਾਰਥੀਪੁਣੇ ਨੇ ਹੀ ਵਾਤਾਵਰਣ ਨੂੰ ਗੰਧਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਵਾ, ਪਾਣੀ ਤੋਂ ਬਿਨ੍ਹਾਂ ਮਨੁੱਖ ਦਾ ਜੀਵਨ ਸੰਭਵ ਹੀ ਨਹੀਂ।
ਉਨ੍ਹਾਂ ਕਿਹਾ ਕਿ ਗੁਰੂਆਂ, ਪੀਰਾਂ ਦੀ ਧਰਤੀ ਪੰਜਾਬ ਦੇ ਹਰ ਪਾਸੇ ਜ਼ਹਿਰਾਂ ਖਿਲਾਰ ਕੇ ਖੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਕੁਦਰਤ ਨਾਲ ਬੜਾ ਪਿਆਰ ਕਰਦੇ ਸਨ, ਉਹ ਹਮੇਸ਼ਾਂ ਕਹਿੰਦੇ ਸਨ ਕਿ ਰੁੱਖਾਂ ਤੋਂ ਬਿਨ੍ਹਾਂ ਮਨੁੱਖੀੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹੋਰਾਂ ਵਾਂਗ ਭੋਰੇ ਅੰਦਰ ਵੜ ਕੇ ਜਪ-ਤਪ ਕਰਨ ਨਾਲੋਂ ਹੱਥੀ ਕੰਮ ਕਰਨ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਤੇ ਸੰਤ ਸੀਚੇਵਾਲ ਲੋਕਾਂ ਲਈ ਪ੍ਰੇਰਨਾ ਸ੍ਰੋਤ ਬਣੇ ਰਹਿਣਗੇ। ਇਸ ਮੌਕੇ ‘ਤੇ ਕੀਰਤਨੀਆਂ ਜਥਿਆਂ ‘ਚ ਸੰਤ ਅਨੂਪ ਸਿੰਘ ਊਨਾ ਵਾਲੇ, ਪ੍ਰੋ. ਹਰਗੁਣ ਸਿੰਘ ਸੀਚੇਵਾਲ, ਨਿਰਮਲ ਕੁਟੀਆਂ ਸੀਚੇਵਾਲ ਕਾਲਜ ਦੇ ਬੱਚੇ, ਭਾਈ ਅਮਨਦੀਪ ਸਿੰਘ ਬੁੱਟਰ, ਭਾਈ ਕੁਲਵੰਤ ਸਿੰਘ, ਭਾਈ ਸੋਹਣ ਸਿੰਘ ਸਲਾਣਾ ਅਤੇ ਸੰਤ ਜਸਵੰਤ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜਥੇ ਨੇ ਕੀਰਤਨ ਕਰਕੇ ਸੰਗਤ ਨੂੰ ਬਾਣੀ ਨਾਲ ਜੋੜਿਆ।
|