ਬਨੀ ਦੀ ਪਤਨੀ ਪਿੰਡ-ਪਿੰਡ ਪਹੁੰਚੀ |
|
|
ਸੋਹਾਣਾ/28 ਜੁਲਾਈ
ਅਕਾਲੀ-ਭਾਜਪਾ ਉਮੀਦਵਾਰ ਜਸਜੀਤ ਬਨੀ ਦੀ ਸੁਪਤਨੀ ਸੰਜੀਤ ਕੌਰ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਮੱਛਲੀ ਕਲਾਂ, ਪਵਾਲਾ, ਗੜੋਲੀਆਂ,
ਬੀਰੋ ਮਾਜਰੀ, ਨਰੈਣਾ, ਤਸੌਲੀ, ਅਬਰਾਵਾਂ ਤੇ ਮਾਣਕਪੁਰ ਵਿਖੇ ਚੋਣ ਇਕੱਠਾਂ ਨੂੰ ਸੰਬੋਧਨ ਕਰਦਿਆਂ ਬਨੀ ਨੂੰ ਜਿਤਾਉਣ ਦੀ ਅਪੀਲ ਕੀਤੀ। ਨੇੜਲੇ ਪਿੰਡ ਮਾਣਕਪੁਰ ਵਿਖੇ ਪੰਚ ਪੋਖਰ ਦਾਸ, ਪੰਚ ਅਮਰਜੀਤ ਸਿੰਘ, ਸਾਬਕਾ ਪੰਚ ਸ਼ੇਰ ਸਿੰਘ ਦੀ ਅਗਵਾਈ ਵਿਚ ਕੀਤੇ ਭਰਵੇਂ ਚੋਣ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਵ. ਸਹੁਰੇ ਕੈਪਟਨ ਕੰਵਲਜੀਤ ਸਿੰਘ ਨੇ ਇਸ ਇਲਾਕੇ ਦੇ ਵਿਕਾਸ ਲਈ ਬਹੁਤ ਮਿਹਨਤ ਕੀਤੀ ਹੈ। ਅੱਜ ਕੋਈ ਵੀ ਵਿਅਕਤੀ ਉਠ ਕੇ ਉਨ੍ਹਾਂ ਦੁਆਰਾ ਕੀਤੇ ਵਿਕਾਸ ਕਾਰਜਾਂ ‘ਤੇ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ।
ਇੱਥੋਂ ਤੱਕ ਕਿ ਵਿਰੋਧੀ ਧਿਰ ਦੇ ਆਗੂ ਵੀ ਉਨ੍ਹਾਂ ਦੀ ਸ਼ਖ਼ਸੀਅਤ ਦੀ ਸਰਾਹਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦੇ ਇਸ ਇਲਾਕੇ ਦਾ ਹੋਰ ਵਿਕਾਸ ਕਰਨ ਦੇ ਬਹੁਤ ਸੁਪਨੇ ਸਨ ਪਰ ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਬਹੁਤ ਸਾਰੇ ਵਿਕਾਸ ਕਾਰਜ ਵਿਚਾਲੇ ਅਟਕ ਗਏ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਸੋ ਇਸ ਇਲਾਕੇ ਦੇ ਵਿਕਾਸ ਤੇ ਦੁੱਖ ਤਕਲੀਫਾਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਪਤੀ ਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਉਨ੍ਹਾਂ ਦੇ ਪਤੀ ਨੂੰ ਇਕ ਵਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੇ ਇਸ ਇਲਾਕੇ ਲਈ ਅਣਥੱਕ ਕਾਰਜਾਂ ਦੇ ਆਧਾਰ ‘ਤੇ ਕਾਮਯਾਬ ਕਰੋ ਬਾਕੀ ਜ਼ਿੰਮੇਵਾਰੀ ਸਾਡੀ, ਤੁਸੀਂ ਜਦ ਮਰਜ਼ੀ ਦਿਨ-ਰਾਤ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਆਓ ਅਸੀਂ ਤੁਹਾਡੀ ਸੇਵਾ ਲਈ 24 ਘੰਟੇ ਹਾਜ਼ਰ ਰਹਾਂਗੇ।
|