ਆਟਾ-ਦਾਲ ਸਕੀਮ ਲਈ ਬਣੇ ਜਾਅਲੀ ਕਾਰਡਾਂ ਦੀ ਜਾਂਚ ਸ਼ੁਰ |
ਚੰਡੀਗੜ੍ਹ :
ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਟਾ-ਦਾਲ ਸਕੀਮ ਦੇ ਸੂਬੇ ਭਰ ਵਿੱਚ ਕੁੱਲ 14.41 ਲੱਖ ਲਾਭਪਾਤਰੀ ਹਨ। ਹਰ ਸਾਲ ਸਰਕਾਰ ਵੱਲੋਂ ਲਾਭਪਾਤਰੀਆਂ ਦੀ ਸ਼ਨਾਖਤ ਲਈ ਹਰੇਕ ਜ਼ਿਲ੍ਹੇ ‘ਚ 30 ਹਜ਼ਾਰ ਰੁਪਏ ਖ਼ਰਚੇ ਜਾ ਰਹੇ
ਹਨ, ਪ੍ਰੰਤੂ ਇਸ ਦੇ ਬਾਵਜੂਦ ਵੀ ਇਸ ਸਕੀਮ ‘ਚ ਵੱਡੀ ਪੱਧਰ ‘ਤੇ ਅਕਸਰ ਧਾਂਦਲੀਆਂ ਦੇ ਦੋਸ਼ ਲੱਗਦੇ ਰਹੇ ਹਨ ਕਿ ਰੱਜੇ-ਪੁੱਜੇ ਜਿਮੀਂਦਾਰਾਂ ਤੇ ਅਮੀਰ ਲੋਕਾਂ ਨੇ ਵੀ ਆਟਾ-ਦਾਲ ਸਕੀਮ ਤਹਿਤ ਆਪਣੇ ਕਾਰਡ ਬਣਾਏ ਹੋਏ ਹਨ। ਫੂਡ ਐਂਡ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਨੇ ਅਜਿਹੇ ਕਈ ਮਾਮਲਿਆਂ ਸਬੰਧੀ ਸ਼ਿਕਾਇਤਾਂ ਆਉਣ ਤੋਂ ਬਾਅਦ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਤਹਿਤ ਜ਼ਿਲ੍ਹਾ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਵੱਖ-ਵੱਖ ਜ਼ਿਲ੍ਹਿਆਂ ‘ਚ ਜਾ ਕੇ ਕਾਰਡਾਂ ਦੇ ਰਿਕਾਰਡ ਚੈਕ ਕਰਕੇ ਜਾਂਚ ਕਰਕੇ ਆਪਣੀਆਂ ਰਿਪੋਰਟਾਂ ਦੇਣਗੀਆਂ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹੁਕਮ ਫੂਡ ਐਂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਆਟਾ-ਦਾਲ ਸਕੀਮ ਦੇ ਲਾਭਪਾਤਰਾਂ ਦਾ 2 ਵਾਰ ਸਰਵੇਖਣ ਹੋ ਚੁੱਕਿਆ ਹੈ।
ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਫਰਵਰੀ ‘ਚ ਕਰਵਾਏ ਸਰਵੇਖਣ ਅਨੁਸਾਰ ਰਾਜ ਦੇ 21 ਜ਼ਿਲ੍ਹਿਆਂ ਵਿੱਚ ਕੁੱਲ 1440970 ਲੱਖ ਆਟਾ-ਦਾਲ ਸਕੀਮ ਦੇ ਲਾਭਪਾਤਰੀ ਹਨ, ਜਿਨ੍ਹਾਂ ਵਿੱਚੋਂ ਅੰਮ੍ਰਿਤਸਰ ‘ਚ 103675, ਤਰਨ ਤਾਰਨ ‘ਚ 71805, ਗੁਰਦਾਸਪੁਰ ‘ਚ 14.1436, ਕਪੂਰਥਲਾ ‘ਚ 39301, ਜਲੰਧਰ ‘ਚ 85039, ਹੁਸ਼ਿਆਰਪੁਰ ‘ਚ 80116, ਸ਼ਹੀਦ ਭਗਤ ਸਿੰਘ ਨਗਰ ‘ਚ 33098, ਪਟਿਆਲਾ ‘ਚ 91290, ਸੰਗਰੂਰ ‘ਚ 80325, ਬਰਨਾਲਾ ‘ਚ 24154, ਲੁਧਿਆਣਾ ‘ਚ 147972, ਫਤਿਹਗੜ੍ਹ ਸਾਹਿਬ ‘ਚ 33649, ਐਸਏਐਸ ਨਗਰ ‘ਚ 31510, ਰੋਪੜ ‘ਚ 38358, ਫਿਰੋਜ਼ਪੁਰ ‘ਚ 123699, ਮੋਗਾ ‘ਚ 31047, ਫਰੀਦਕੋਟ ‘ਚ 51765, ਮੁਕਤਸਰ ‘ਚ 89242, ਬਠਿੰਡਾ ‘ਚ 93740 ਅਤੇ ਮਾਨਸਾ ‘ਚ 49749 ਲਾਭਪਾਤਰੀ ਹਨ। ਅੰਕੜਿਆਂ ਮੁਤਾਬਕ ਆਟਾ-ਦਾਲ ਸਕੀਮ ਤਹਿਤ ਸਭ ਤੋਂ ਵੱਧ ਕਾਰਡ ਲੁਧਿਆਣਾ ‘ਚ, ਗੁਰਦਾਸਪੁਰ ‘ਚ, ਫਿਰੋਜ਼ਪਰ ‘ਚ, ਅੰਮ੍ਰਿਤਸਰ ‘ਚ ਅਤੇ ਪੰਜਵੇਂ ਨੰਬਰ ‘ਤੇ ਬਠਿੰਡਾ ਦਾ ਸਥਾਨ ਹੈ। ਇਸ ਤੋਂ ਬਾਅਦ ਪਟਿਆਲਾ ‘ਚ, ਮੁਕਤਸਰ ‘ਚ ਅਤੇ ਜਲੰਧਰ ‘ਚ ਹਨ। ਦੂਜੇ ਸ਼ਬਦਾਂ ‘ਚ ਅਸੀਂ ਕਹਿ ਸਕਦੇ ਹਾਂ ਕਿ ਮਾਝੇ ਤੇ ਦੋਆਬੇ ‘ਚ ਸਭ ਤੋਂ ਵੱਧ ਲਾਭਪਾਤਰੀ ਹਨ ਅਤੇ ਮਾਲਵਾ ਸਭ ਤੋਂ ਪਿੱਛੇ ਹੈ। |