ਮਾਨਸਾ ‘ਚ ਘਟਨਾਕ੍ਰਮ ਤੋਂ ਉਠੇ ਸਵਾਲ
ਬਠਿੰਡਾ : 30 ਜੁਲਾਈ
ਚੌਵੀ ਘੰਟਿਆਂ ਵਿੱਚ ਮਾਨਸਾ ਵਿਖੇ ਭੰਨਤੋੜ ਦੇ ਹੋਏ ਤਾਂਡਵ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਤਹਿਸ-ਨਹਿਸ ਹੋ ਚੁੱਕੀ ਹੈ, ਨੇ ਪ੍ਰਸ਼ਾਸਨ ਦੀ ਕਾਰਵਾਈ ‘ਤੇ ਵੀ ਕਈ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ।

ਸਥਾਪਤ ਕਾਇਦਾ ਕਾਨੂੰਨ ਇਹ ਹੈ ਕਿ ਕਤਲ ਵਰਗੀ ਘਟਨਾ ਦੀ ਇਤਲਾਹ ਮਿਲਦਿਆਂ ਹੀ ਮੁਕੱਦਮਾ ਦਰਜ ਕਰਨ ਲਈ ਸਬੰਧਤ ਥਾਨੇ ਦਾ ਮੁੱਖ ਅਫਸਰ ਪਾਬੰਦ ਹੁੰਦਾ ਹੈ, ਪਰੰਤੂ ਲਿੱਲੀ ਕੁਮਾਰ ਦਾ ਕਤਲ 28 ਜੁਲਾਈ ਦੇ ਦੁਪਹਿਰ ਕਰੀਬ ਤਿੰਨ ਕੁ ਵਜੇ ਹੋਇਆ ਸੀ, ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਜੇਕਰ ਵਕਤ ਸਿਰ ਐਫਆਈਆਰ ਦਰਜ ਹੋ ਜਾਂਦੀ ਤਾਂ ਨਿਸਚੇ ਹੀ ਲਿੱਲੀ ਕੁਮਾਰ ਦਾ ਪੋਸਟ ਮਾਰਟਮ 28 ਜੁਲਾਈ ਦੀ ਸ਼ਾਮ ਤੱਕ ਹੋ ਜਾਂਦਾ, ਇਸ ਕਤਲ ਸਬੰਧੀ ਹੋਣ ਵਾਲੇ ਲਾਜ਼ਮੀ ਪ੍ਰਤੀਕਰਮ ਨੂੰ ਧਿਆਨ ਵਿੱਚ ਰਖਦਿਆਂ ਅਧਿਕਾਰੀ ਉਸਦਾ ਅੰਤਿਮ ਸਸਕਾਰ ਵੀ ਉਸੇ ਸ਼ਾਮ ਦੇਰ ਤੱਕ ਕਰਵਾ ਸਕਦੇ ਸਨ ਪ੍ਰੰਤੂ ਅਜਿਹਾ ਨਾ ਹੋਣਾ ਕਈ ਕਿਸਮ ਦੇ ਸੰਕਿਆਂ ਨੂੰ ਜਨਮ ਦਿੰਦਾ ਹੈ। ਜਿਹਨਾਂ ਦੇ ਚਲਦਿਆਂ 29 ਜੁਲਾਈ ਦੀ ਦੁਪਹਿਰ ਤੱਕ ਹਜ਼ਾਰਾਂ ਪ੍ਰੇਮੀਆਂ ਦਾ ਹਜ਼ੂਮ ਮਾਨਸਾ ਵਿਖੇ ਇੱਕਤਰ ਹੋਣ ਵਿੱਚ ਸਫਲ ਹੋ ਗਿਆ।
ਸਵਾਲ ਇਹ ਵੀ ਉਠਦਾ ਹੈ ਕਿ ਪੋਸਟ ਮਾਰਟਮ ਹੋਣ ਤੋਂ ਬਾਅਦ ਹਜ਼ਾਰਾਂ ਪ੍ਰੇਮੀਆਂ ਨੂੰ ਲਿੱਲੀ ਕੁਮਾਰ ਦੀ ਲਾਸ਼ ਲੈ ਕੇ ਸ਼ਹਿਰ ਵਿੱਚ ਮਾਰਚ ਕਰਨ ਦੀ ਇਜਾਜ਼ਤ ਕਿਉਂ ਤੇ ਕਿਨ੍ਹਾਂ ਹਾਲਾਤ ਵਿੱਚ ਦਿੱਤੀ? ਇਸ ਰੋਸ ਮਾਰਚ ਦੌਰਾਨ ਬੱਸ ਅੱਡੇ ਦੇ ਬਾਹਰ ਬਣੀ ਟਰੈਫਿਕ ਪੁਲਿਸ ਚੌਕੀ ਨੇ ਕੀ ਕੀਤਾ ਜਿੱਥੇ ਡੇਢ ਦਰਜਨ ਦੇ ਕਰੀਬ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਦੀ ਭੰਨਤੋੜ ਤੇ ਸਾੜਫੂਕ ਕੀਤੀ ਗਈ, ਇੱਥੇ ਹੀ ਬੱਸ ਨਹੀਂ ਹਿੰਸਕ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਚਲਾਈ ਗੋਲੀ ਦੀ ਵਜ੍ਹਾ ਕਾਰਨ ਜਾਖਲ ਮੰਡੀ ਦਾ ਰਹਿਣ ਵਾਲਾ ਇੱਕ ਅਜਿਹਾ ਨੌਜਵਾਨ ਮਾਰਿਆ ਗਿਆ, ਜਿਸਦਾ ਡੇਰੇ ਨਾਲ ਬਹੁਤਾ ਲਗਾਅ ਵੀ ਨਹੀਂ ਸੀ।
ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਬਾਦਲ ਪਰਿਵਾਰ ਨਾਲ ਸਬੰਧਤ ਔਰਬਿਟ ਤੇ ਹੋਰ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਸਵੇਰੇ ਹੀ ਸੜਕਾਂ ਤੋਂ ਗਾਇਬ ਹੋ ਗਈਆਂ ਸਨ, ਜਦ ਕਿ ਸਰਕਾਰੀ ਤੇ ਛੋਟੇ ਟਰਾਂਸਪੋਰਟਰਾਂ ਦੀਆਂ ਬੱਸਾਂ ਦੀ ਭੰਨਤੋੜ ਹੁੰਦੀ ਰਹੀ। ਹੁਣ ਸੁਆਲ ਇਹ ਹੈ ਕਿ ਅਜਿਹੀਆਂ ਅਣਸੁਖਾਵੀਆਂ ਪ੍ਰਸਥਿਤੀਆਂ ਤੋਂ ਮੁੱਖ ਮੰਤਰੀ ਪਰਿਵਾਰ ਦੀਆਂ ਬੱਸਾਂ ਦੇ ਪ੍ਰਬੰਧਕਾਂ ਨੂੰ ਕੀ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਸੀ, ਜੇਕਰ ਉਤਰ ਹਾਂ ਵਿੱਚ ਹੈ ਤਾਂ ਸਰਕਾਰੀ ਤੇ ਹੋਰ ਨਿੱਜੀ ਟਰਾਂਸਪੋਰਟਰਾਂ ਨਾਲ ਅਜਿਹਾ ਭਾਣਾ ਕਿਉਂ ਵਰਤਣ ਦਿੱਤਾ ਗਿਆ। ਮਿੰਨੀ ਬੱਸ ਓਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਬਲਤੇਜ ਸਿੰਘ ਅਨੁਸਾਰ ਇਸਦਾ ਮੁੱਖ ਕਾਰਨ ਗੈਰਸਮਾਜੀ ਤੱਤਾਂ ਨੂੰ ਹਾਸਲ ਸਰਕਾਰੀ ਸਰਪ੍ਰਸਤੀ ਹੈ। ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਡੇਰਾ ਪ੍ਰੇਮੀਆਂ ਅਤੇ ਡੇਰਾ ਮੁਖੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਰਜ਼ ‘ਤੇ ਛਕਾਏ ਜਾਮ ਏ ਇੰਸਾਂ ਤੋਂ ਬਾਅਦ ਬਠਿੰਡਾ ਦੇ ਪੈਦਾ ਹੋਏ ਹਾਲਾਤ, ਜਿਨ੍ਹਾਂ ਨੂੰ ਰੋਕਣ ਵਿੱਚ ਪ੍ਰਸ਼ਾਸਨ ਵੀ ਸਫ਼ਲ ਨਹੀਂ ਹੋਇਆ ਸੀ, ਤੋਂ ਵੀ ਪ੍ਰਸ਼ਾਸਨ ਨੇ ਸਬਕ ਨਹੀਂ ਲਿਆ।
ਸਭ ਤੋਂ ਵੱਡਾ ਸੁਆਲ ਇਹ ਉਠਦੈ ਕਿ ਜਿਨ੍ਹਾਂ ਡੇਰਾ ਪ੍ਰਬੰਧਕਾਂ ਨੇ ਕੁਲ 15 ਕੁ ਮਿੰਟ ਦੇ ਭਾਸ਼ਣਾਂ ਰਾਹੀਂ ਆਪਣੇ ਪੈਰੋਕਾਰਾਂ ਨੂੰ ਲਿੱਲੀ ਕੁਮਾਰ ਦੀ ਲਾਸ਼ ਦਾ ਅੰਤਿਮ ਸਸਕਾਰ ਕਰਨ ਲਈ ਮਨਾ ਲਿਆ, ਉਨ੍ਹਾਂ ਪੈਰੋਕਾਰਾਂ ਨੇ ਡੇਰਾ ਪ੍ਰੇਮੀਆਂ ਨੂੰ ਪਹਿਲਾਂ ਭੰਨਤੋੜ ਕਰਨ ਤੋਂ ਰੋਕਿਆ ਕਿਉਂ ਨਾ? ਮਾਮਲਾ ਸਾਂਤ ਹੋਣ ਤੋਂ ਬਾਅਦ ਸ਼ਾਂਤੀ ਬਣਾਏ ਰੱਖਣ ਲਈ ਮੁੱਖ ਮੰਤਰੀ ਸ੍ਰ: ਬਾਦਲ ਵੱਲੋਂ ਕੀਤੀ ਅਪੀਲ ਵੀ ਡੂੰਘੇ ਅਰਥ ਰਖਦੀ ਹੈ। ਕੁਲ ਮਿਲਾ ਕੇ ਸਿੱਟਾ ਇਹ ਹੈ ਕਿ ਆਪਣੇ ਪੈਰੋਕਾਰਾਂ ਵਿੱਚ ਭੱਲ ਬਣਾਉਣ ਲਈ ਡੇਰਾ ਪ੍ਰਬੰਧਕਾਂ ਨੂੰ ਵੀ ਪੂਰਾ ਮੌਕਾ ਦਿੱਤਾ ਗਿਆ, ਉਨ੍ਹਾਂ ਦਾ ਮਸਲਾ ਹੱਲ ਹੋਣ ਤੋਂ ਬਾਅਦ ਸਥਿਤੀ ਨੂੰ ਕਾਬੂ ਵੀ ਕਰ ਲਿਆ।