ਐਫਸੀਆਈ ਦਫ਼ਤਰ ‘ਤੇ ਛਾਪਾ
ਜਲੰਧਰ :
ਫੂਡ ਕਾਰਪੋਰੇਸ਼ਨ ਆਫ਼ ਇੰਡੀਆ ‘ਚ ਵਾਪਰੇ ਰਿਸ਼ਵਤਕਾਂਡ ਦੀ ਮੁੜ ਜਾਂਚ ਲਈ ਸੀਬੀਆਈ ਦੀ ਟੀਮ ਨੇ ਫਿਰ ਛਾਪਾ ਮਾਰਿਆ। ਐਫ਼ਸੀਆਈ ਦਾ ਇਕ ਅਧਿਕਾਰੀ ਸਿਹਤ ਵਿਗੜਨ ਕਾਰਨ ਡਿੱਗ
ਪਿਆ ਜਦੋਂ ਉਸ ਤੋਂ ਸੀਬੀਆਈ ਵਾਲੇ ਪੁੱਛਗਿੱਛ ਕਰ ਰਹੇ ਸਨ। ਸੀਬੀਆਈ ਦੀ ਟੀਮ ਕਈ ਘੰਟੇ ਦਫ਼ਤਰ ‘ਚ ਕਾਗਜ਼ਾਂ ਪੱਤਰਾਂ ਦੀ ਪੁਣਛਾਣ ਕਰਦੀ ਰਹੀ ਤੇ ਕਈ ਅਹਿਮ ਦਸਤਾਵੇਜ਼ ਆਪਣੇ ਨਾਲ ਲੈ ਗਈ। ਪੁੱਛਗਿੱਛ ਦੌਰਾਨ ਜਿਸ ਅਧਿਕਾਰੀ ਦੀ ਸਿਹਤ ਵਿਗੜ ਗਈ ਸੀ, ਉਸ ਨੂੰ ਦਿਲ ਦੇ ਰੋਗਾਂ ਦੇ ਮਾਹਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਐਫ਼ਸੀਆਈ ਦੇ ਦਫ਼ਤਰ ‘ਚ ਜਦੋਂ ਸੀਬੀਆਈ ਦੀ ਟੀਮ ਨੇ ਛਾਪਾ ਮਾਰਿਆ ਤਾਂ ਦਫ਼ਤਰ ‘ਚ ਇਕਦਮ ਹੜਕੰਪ ਮਚ ਗਿਆ। ਜ਼ਿਕਰਯੋਗ ਹੈ ਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਸੀ ਬੀ ਆਈ ਦੀ ਟੀਮ ਨੇ ਨਕੋਦਰ ‘ਚ ਐਫ਼ ਸੀ ਆਈ ਦੇ ਦਫ਼ਤਰ ਛਾਪਾ ਮਾਰਿਆ ਸੀ। ਉਦੋਂ ਸੀ ਬੀ ਆਈ ਕੋਲ ਇਹ ਸ਼ਿਕਾਇਤ ਗਈ ਸੀ ਕਿ ਰਾਇਸ ਮਿੱਲਾਂ ਵਾਲਿਆਂ ਤੋਂ ਐਫ਼ ਸੀ ਆਈ ਦੇ ਅਧਿਕਾਰੀ ਰਿਸ਼ਵਤ ਮੰਗਦੇ ਹਨ। ਉਦੋਂ ਟੈਕਨੀਕਲ ਸਹਾਇਕ ਲਖਵਿੰਦਰ ਸਿੰਘ ਮੌਕੇ ‘ਤੇ ਹੀ ਰਿਸ਼ਵਤ ਲੈਂਦੇ ਫੜਿਆ ਗਿਆ ਸੀ। ਉਸ ਦੇ ਬਿਆਨਾਂ ‘ਤੇ ਹੀ ਬੀ ਸੀ ਆਈ ਨੇ ਜਲੰਧਰ ਛਾਪਾ ਮਾਰ ਕੇ ਮੈਨੇਜਰ ਸੁਨੀਲ ਵਰਮਾ ਤੇ ਕੁਆਲਟੀ ਕੰਟਰੋਲਰ ਸੁਮਨ ਸੇਠ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਦੋਂ ਲਖਵਿੰਦਰ ਸਿੰਘ ਸੀ ਬੀ ਆਈ ਦੀ ਟੀਮ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ।
ਸੂਤਰਾਂ ਅਨੁਸਾਰ ਸੀ ਬੀ ਆਈ ਦੀ ਟੀਮ ਇਸ ਮਾਮਲੇ ਦੀ ਹੋਰ ਜਾਂਚ ਲਈ ਵੀਰਵਾਰ ਨੂੰ ਹੀ ਜਲੰਧਰ ਪਹੁੰਚ ਗਈ ਸੀ ਤੇ ਅੱਜ ਉਸ ਨੇ ਦਫ਼ਤਰ ਵਿਚ ਜਾ ਕੇ ਛਾਪਾ ਮਾਰਿਆ। ਉਨ੍ਹਾਂ ਕਈ ਘੰਟੇ ਉਥੇ ਪਏ ਕਾਗਜ਼ਾਂ ਦੀ ਪੁਣਛਾਣ ਕੀਤੀ। ਪਹਿਲਾ ਫੜੇ ਗਏ ਸੁਮਨ ਸੇਠ ਦੀ ਪੁੱਛਗਿੱਛ ਦੌਰਾਨ ਸਿਹਤ ਵਿਗੜ ਗਈ ਸੀ।