ਸਿੱਖ ਚੈਨਲ ਨੂੰ ਗੁਰਦੁਆਰਾ ਸਿੰਘ ਸਭਾ ਫਲੋਰੋ ਵੱਲੋਂ 500 ਯੂਰੋ ਦੀ ਮਾਇਕ ਸਹਾਇਤਾ
ਜਦੋਂ ਤੱਕ ਸਿੱਖ ਕੌਮ ਦੀ ਆਵਾਜ਼ ਘਰ-ਘਰ ਪਹੁੰਚਾਉਣ ਵਾਲਾ ਕੋਈ ਚੈਨਲ ਨਹੀਂ ਹੋਵੇਗਾ, ਉਨਾਂ ਚਿਰ ਸੰਗਮਰਮਰੀ ਆਲੀਸ਼ਾਨ ਗੁਰੂ ਘਰ ਉਸਾਰਨ ਦਾ ਸਾਡੀ ਕੌਮ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਸਿੱਖ ਕੌਮ ਦੇ ਦਿਲਾਂ ਦੀ ਤਰਜਮਾਨੀ ਕਰਦਾ ਇੱਕੋ-ਇਕ ਸਿੱਖ ਚੈਨਲ, ਜਿਸ ਦਾ ਖਰਚਾ ਹਰੇਕ ਮਹੀਨੇ ਲੱਖਾਂ ਪੌਂਡ ਵਿਚ ਹੈ, ਇਸ ਦੀ ਆਰਥਿਕ ਮਦਦ ਹਰ ਇੱਕ ਸਿੱਖ ਸੰਸਥਾ, ਹਰ ਇੱਕ ਸਿੱਖ ਫੈਡਰੇਸ਼ਨ ‘ਤੇ ਸਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਕਰਨੀ ਚਾਹੀਦੀ ਹੈ, ਤਾਂ ਜੋ ਅੱਜ ਦੇ ਕੂੜ ਦੇ ਪ੍ਰਚਾਰ ਵਿਚ ਵੀ ਸਿੱਖ ਚੈਨਲ ਆਪਣੀ ਮਹਿਕ ਬਿਖੇਰਦਾ ਰਹੇ।
ਇਹ ਵਿਚਾਰ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ) ਦੇ ਖਜ਼ਾਨਚੀ ਭਾਈ ਪਰਮਜੀਤ ਸਿੰਘ ਕਰਮੋਨਾ ਨੇ ਪਰਗਟ ਕਰਦਿਆਂ ਕਹੇ। ਉਨ੍ਹਾਂ ਕਿਹਾ ਅੱਜ ਕੂੜ ਦਾ, ਸੱਭਿਆਚਾਰ ਸਿੱਖੀ ਨੂੰ ਖੋਰਨ ਲਈ ਹਜ਼ਾਰਾਂ ਕਿਸਮ ਦਾ ਮੀਡੀਆ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ, ਪਰ ਸਿੱਖੀ ਨੂੰ ਪ੍ਰਫੁੱਲਿਤ ਕਰਨ ਵਾਲੇ ਇਸ ਇੱਕੋ-ਇਕ ਚੈਨਲ ਨੂੰ ਅਸੀਂ ਬੰਦ ਨਹੀਂ ਹੋਣ ਦੇਵਾਂਗੇ ਤੇ ਸੰਗਤਾਂ ਦੇ ਚੜ੍ਹਾਵੇ ਵਿਚੋਂ ਇਸ ਚੈਨਲ ਦੀ ਮੱਦਦ ਕਰਨਾਂ ਸੰਗਤਾਂ ਦਾ ਇਕ ਇਕ ਸੈਂਟ ਨੂੰ ਗੁਰੂ ਲੇਖੇ ਲਾਉਣ ਵਾਲੀ ਗੱਲ ਹੋਵੇਗੀ। ਪਰਮਜੀਤ ਸਿੰਘ ਕਰਮੋਨਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੀ ਗੁਰੂ ਘਰ ਦੀ ਕਮੇਟੀ ਵੱਲੋਂ 500 ਯੂਰੋ ਦੀ ਮਾਇਕ ਸਹਾਇਤਾ ਕੀਤੀ ਹੈ ਤੇ ਹਰੇਕ ਮਹੀਨੇ 200 ਯੂਰੋ ਦੇਣ ਦਾ ਵੀ ਐਲਾਨ ਕੀਤਾ ਹੈ। ਕਰਮੋਨਾ ਨੇ ਦੱਸਿਆ ਕਿ ਪੰਜਾਬ ਦੇ ਨੇਤਰਹੀਣ ਪਰਿਵਾਰ ਦੇ ਵਸਣ ਲਈ ਇਕ ਛੋਟਾ ਘਰ ਉਸਾਰ ਕੇ ਦੇਣਾ ਵੀ ਸਾਡੇ ਏਜੰਡੇ ‘ਤੇ ਹੈ।